Share on Facebook

Main News Page

ਦੁਰਗਾ ਪਾਠ ਨੂੰ ਸਿੱਖਾਂ ਦੀ ਪੰਥਕ ਅਰਦਾਸ ਦਾ ਮੁਖੜਾ ਬਣਾਉਣ ਪਿੱਛੇ ਗੁਰੂ ਸਾਹਿਬਾਨਾਂ ਨੂੰ ਹਿੰਦੂ ਦੇਵੀ ਦੇਵਤਾ ਵਾਂਗ ਕਰਾਮਾਤੀ ਦਰਸਾਉਣਾ
-
ਉਪਕਾਰ ਸਿੰਘ ਫਰੀਦਾਬਾਦ

(13 ਜੁਲਾਈ 2012; ਸਤਨਾਮ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਾਲਾ ਦਿਵਸ ਮੌਕੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਹਰ ਸਿੱਖ ਪੰਥਕ ਅਰਦਾਸ ਦੇ ਰੂਪ ਵਿਚ ਦੁਰਗਾ ਪਾਠ ਕਰ ਰਿਹਾ ਹੈ। ਕਿਉਂਕਿ ਪੰਥਕ ਅਰਦਾਸ ਦੀ ਅਰੰਭਲੀਆਂ ਪੰਗਤੀਆਂ ਜਿਸ ਵਿਚ ਗੁਰੂ ਸਾਹਿਬਾਨ ਦੇ ਨਾਂ ਦਰਜ਼ ਹਨ ਅਸਲ ਵਿਚ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੀ ਰਚਨਾ ਵਾਰ ਭਗੌਤੀ ਕੀ ਵਿਚ ਦਰਜ਼ ਹੈ। ਇੰਨ੍ਹਾਂ ਪੰਗਤੀਆਂ ਵਿਚ ਵੱਖ ਵੱਖ ਗੁਰੂ ਸਾਹਿਬਾਨਾਂ ਨੂੰ ਹਿੰਦੂ ਦੇਵੀ-ਦੇਵਤਾਵਾਂ ਵਾਂਗ ਵੱਖ ਵੱਖ ਦਾਤਾਂ ਦੇਣ ਵਾਲਾ ਜਿਵੇਂ ਗੁਰੂ ਹਰਿ ਕਿਰਸ਼ਨ ਨੂੰ ਧਿਆਉਣ ਨਾਲ ਦੁਖ ਦੂਰ ਹੁੰਦੇ ਹਨ , ਗੁਰੂ ਤੇਗ ਬਹਾਦਰ ਸਾਹਿਬ ਨੂੰ ਧਿਆਉਣ ਨਾਲ ਨਉਨਿਧੀਆਂ ਮਿਲਦੀਆਂ ਹਨ ੳਵੇਂ ਹੀ ਹੈ ਜਿਵੇਂ ਹਿੰਦੂ ਦੇਵੀ ਦੇਵਤਿਆਂ ਵਿਚ ਲਖਮੀ ਧਨ ਦੇਂਦੀ ਹੈ, ਇੰਦਰ ਵਰਖਾ ਕਰਦਾ ਹੈ ਆਦਿ । ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ ਦੇ ਲਿਖਾਰੀ ਨੇ ਸਿੱਖਾਂ ਨੂੰ ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ ਦੇ ਉਪਦੇਸ਼ ਤੋਂ ਦੂਰ ਕਰਨ ਦੀ ਗਹਿਰੀ ਸਾਜਸ਼ ਖੇਡੀ ਹੈ। ਸ. ਉਪਕਾਰ ਸਿੰਘ ਨੇ ਦਸਿਆ ਕਿ ਆਉਣ ਵਾਲੇ ਦਿਨਾਂ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੂਰਬ ਆ ਰਿਹਾ ਹੈ ਅਤੇ ਹਰ ਥਾਂ ਤੇ ਸਿੱਖ ਜਗਤ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਪੰਗਤੀਆ ਪੜ੍ਹਦਾ ਹੈ ਜਦਕਿ ਇਹ ਪੰਗਤੀਆਂ ਭਗੌਤੀ ਕੀ ਵਾਰ ਵਿਚੋਂ ਹਨ ਜਿਸ ਦਾ ਕਵੀ ਸਿਆਮ ਇਸ ਸਾਰੀ ਰਚਨਾ ਦੀ 55 ਪਉੜੀਆਂ ਵਿਚ ਆਪਣੇ ਇਸ਼ਟ ਕਾਲਕਾ/ਦੁਰਗਾ ਦੀ ਉਸਤਤਿ ਕਰਦਾ ਹੈ ਤੇ ਦਸਦਾ ਹੈ ਕਿ ਇਹ ਸਭ ਦੁਰਗਾ ਪਾਠ ਦੀਆਂ ਪਉੜੀਆਂ ਹਨ ਅਤੇ ਜੋ ਕੋਈ ਇਸਨੂੰ ਗਾਵੇਗਾ ਉਹ ਜੂਨਾਂ ਵਿਚ ਨਹੀਂ ਆਵੇਗਾ।

ਉਨ੍ਹਾਂ ਕਿਹਾ ਕਿ ਕਵੀ ਸਿਆਮ ਵੱਲੋਂ ਇੰਨ੍ਹਾਂ ਸਪਸ਼ਟ ਲਿਖਣ ਤੇ ਵੀ ਅੱਜ ਤਕ ਅਕਾਲਪੁਰਖ ਦੇ ਉਪਾਸ਼ਕ ਅਖਵਾਉਣ ਵਾਲੇ ਸਿੱਖ ਦੁਰਗਾ ਪਾਠ ਨਾਲ ਜੁੜੇ ਹਨ ਅਤੇ ਨਿਤ ਉਸ ਅੱਗੇ ਅਰਦਾਸ ਵੀ ਕਰ ਰਹੇ ਹਨ। ਜਦ ਕਿ ਭਗੌਤੀ ਦੀ ਵਾਰ ਨੂੰ ਪੜ੍ਹਨ ਤੇ ਕਿਸੇ ਵੀ ਤਰ੍ਹਾਂ ਦਾ ਗੁਰਮਤਿ ਉਪਦੇਸ਼ ਪ੍ਰਾਪਤ ਨਹੀਂ ਹੁੰਦਾ ਸਗੋਂ ਇਸ ਵਿਚ ਦੇਵੀ ਦੁਰਗਾ/ਚੰਡੀ/ਕਾਲਕਾ ਦਾ ਸ਼ੁੰਭ, ਨਿਸ਼ੁੰਭ ਰਾਖਸ਼ਾਂ ਨਾਲ ਜੰਗ ਦਾ ਦ੍ਰਿਸ਼ ਹੈ। ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਬਾਬੇ ਨਾਨਕ ਦੀ ਸਿੱਖੀ ਨੂੰ ਹਰ ਪਾਸੇ ਤੋਂ ਖਤਮ ਕਰ ਰਿਹਾ ਹੈ ਜਿਸ ਵਿਚ ਦੇਵੀ ਦੇਵਤਿਆਂ ਦੀ ਪੂਜਾ, ਨਸ਼ਾਖੋਰੀ, ਅਸ਼ਲੀਲਤਾ ਆਦਿ ਬੁਰਾਈਆਂ ਭਰੀਆਂ ਪਈਆਂ ਹਨ ਅਤੇ ਇਸ ਬੁਰਾਈਆਂ ਨਾਲ ਭਰਪੂਰ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰ ਕੇ ਮੱਥੇ ਟਿਕਵਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਦੱਸਦੇ ਹਨ ਕੀ ਉਹ ਇਹ ਮੰਨਣ ਨੂੰ ਤਿਆਰ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇਵੀ ਪੂਜਕ ਸਨ ? ਉਨ੍ਹਾਂ ਕਿਹਾ ਕਿ ਸੰਗਤਾਂ ਆਪ ਇਸ ਗ੍ਰੰਥ ਨੂੰ ਪੜ੍ਹ ਕੇ ਫੈਸਲਾ ਕਰਣ ਕਿ ਹਿੰਦੂ ਦੇਵੀ ਦੇਵਤਾਵਾਂ ਦੁਰਗਾ, ਭਗੌਤੀ, ਚੰਡੀ, ਕਾਲਕਾ, ਮਹਾਂਕਾਲ, ਸਰਬਲੋਹ ਆਦਿ ਦੀ ਉਸਤਤਿ ਨਾਲ ਭਰਪੂਰ ਰਚਨਾ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰਨਾ ਠੀਕ ਹੈ ? ਇਸ ਮੌਕੇ ਹਰ ਮਹੀਨੇ ਦੀ 13 ਨੂੰ ਛੱਪਣ ਵਾਲਾ ਅਖੌਤੀ ਦਸਮ ਗ੍ਰੰਥ ਦਾ ਪਾਜ਼ ਉਘੇੜਦਾ ਇਸ਼ਤਿਹਾਰ ਸੰਗਤਾਂ ਵਿਚ ਵੰਡਿਆ ਗਿਆ। ਇਸ ਵੇਲੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ, ਖਾਲਸਾ ਨਾਰੀ ਮੰਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਗੁਰਸਿੱਖ ਫੈਮਿਲ਼ੀ ਕਲੱਬ ਫਰੀਦਾਬਾਦ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top