ਸੰਤ
ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਆਲੋਚਨਾ ਕਰਨ ਵਾਲੇ ਅਕਸਰ ਹੀ ਉਨ੍ਹਾਂ ਵਿਰੁੱਧ ਇਹ ਸ਼ਿਕਾਇਤਾਂ
ਕਰਦੇ ਹਨ-"ਸੰਤਾਂ ਨੇ ਇੱਕ ਵਾਰੀ ਪੰਜ ਹਜ਼ਾਰ ਹਿੰਦੂਆਂ ਨੂੰ ਇਕ ਘੰਟੇ ਵਿੱਚ ਵੱਢਣ ਦਾ ਐਲਾਨ
ਕੀਤਾ ਸੀ... ਸੰਤਾਂ ਨੇ ਹਰ ਪਿੰਡ ਵਿੱਚ ਇੱਕ ਮੋਟਰ ਸਾਇਕਲ ਤੇ ਤਿੰਨ ਤਿੰਨ ਰਿਵਾਲਵਰਾਂ ਵਾਲੇ
ਨੌਜਵਾਨ ਤਿਆਰ ਕਰਨ ਦਾ ਸੱਦਾ ਦਿੱਤਾ ਸੀ... ਸੰਤਾਂ ਨੇ ਆਖਿਆ ਸੀ ਕਿ ਇੱਕ ਇੱਕ ਸਿੱਖ ਦੇ ਹਿੱਸੇ
੩੫-੩੫ ਹਿੰਦੂ ਆਉਂਦੇ ਨੇ।"
ਇਉਂ ਸੰਤਾਂ ਨੂੰ ਅਤੇ ਸਿੱਖ ਸੰਘਰਸ਼ ਨੂੰ ਹਿੰਦੂ ਸਮਾਜ ਦਾ ਦੁਸ਼ਮਣ ਕਹਿਣ ਵਾਲੇ ਲੋਕ ਆਖਦੇ ਹਨ,
"ਦੇਖੋ ਜੀ ਸਿੱਖ ਧਰਮ ਤਾਂ 'ਸਰਬੱਤ ਦਾ ਭਲਾ' ਮੰਗਦਾ ਹੈ... ਸਿੱਖ ਇਤਿਹਾਸ ਵਿਚ ਲਿਖਿਆ ਹੈ ਕਿ
ਭਾਈ ਘਨਈਆ ਜੀ ਤਾਂ ਜੰਗ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਰਹੇ ਨੇ... ਨੌਵੇਂ ਪਾਤਸ਼ਾਹ
ਨੇ ਤਿਲਕ ਜੰਝੂ ਦੀ ਰਾਖੀ ਲਈ ਸੀਸ ਕਟਾਇਆ... ਤਾਂਹੀਓਂ ਤਾਂ ਸਿੰਘ ਸੂਰਮੇ ਗਊ ਹੱਤਿਆ ਰੋਕਦੇ
ਰਹੇ ਤੇ ਮੁਸਲਮਾਨਾਂ ਕੋਲੋਂ ਹਿੰਦੂਆਂ ਦੀਆਂ ਧੀਆਂ ਛੁਡਾਉਂਦੇ ਰਹੇ... ਸਿੱਖ ਤੇ ਹਿੰਦੂਆਂ ਦਾ
ਤਾਂ ਨਹੁੰ-ਮਾਸ ਦਾ ਰਿਸ਼ਤਾ ਹੈ....ਤੇ ਸੰਤ ਜੀ ਕੁਝ ਹੋਰ ਈ...???"
ਹੁਣ ਜੇਕਰ ਇਨ੍ਹਾਂ ਉਪਰੋਕਤ ਦੋਸ਼ਾਂ ਬਾਰੇ ਸਚਾਈ ਜਾਣਨੀ ਹੋਵੇ ਤਾਂ ਤੱਥ ਸਪੱਸ਼ਟ ਹਨ ਕਿ ਸੰਤਾਂ
ਦੀਆਂ ਕੈਸਟਾਂ ਵਿੱਚ ਤਾਂ ਥਾਂ-ਥਾਂ ਹਰ ਹਿੰਦੂ ਨੂੰ ਪੱਕਾ ਹਿੰਦੂ, ਹਰ ਮੁਸਲਮਾਨ ਨੂੰ ਪੱਕਾ
ਮੁਸਲਮਾਨ ਤੇ ਹਰ ਸਿੱਖ ਨੂੰ ਪੱਕਾ ਸਿੱਖ ਬਣਨ ਦੀ ਪ੍ਰੇਰਨਾ ਮਿਲਦੀ ਹੈ, ਫਿਰ ਤੱਥਾਂ ਅਤੇ
ਘਟਨਾਵਾਂ ਨੂੰ ਪ੍ਰਸੰਗ ਨਾਲੋਂ ਤੋੜ ਕੇ ਆਪਣੀ ਮਨ-ਮਰਜ਼ੀ ਦੀ ਵਿਆਖਿਆ ਕਰਨ ਵਾਲੇ ਇਨ੍ਹਾਂ ਆਲੋਚਕਾਂ
ਦਾ ਕੀ ਕਰੀਏ?
ਗੁਰਮਤਿ ਅਨੁਸਾਰ ਸਿੱਖ ਕਿਸੇ ਵੀ ਧਰਮੀ ਦੇ ਦੁਸ਼ਮਣ ਹੋ ਹੀ ਨਹੀਂ ਸਕਦੇ। ਹਾਂ, ਸਗੋਂ ਗ਼ਲਤ ਬੰਦਾ
ਚਾਹੇ ਕਿਸੇ ਵੀ ਮਤ ਦਾ ਹੋਵੇ, ਸਿੱਖ ਉਸਦੀ ਵਿਰੋਧਤਾ ਹਰ ਹੀਲੇ ਕਰਦੇ ਹਨ। ਇਤਿਹਾਸ ਗਵਾਹ ਹੈ
ਕਿ ਚੰਦੂ, ਗੰਗੂ, ਲਖਪਤਿ ਰਾਏ, ਜਸਪਤ ਰਾਏ, ਤੇਜਾ ਸਿਹੁੰ, ਲਾਲ ਸਿਹੁੰ, ਸ਼ਰਧਾ ਰਾਮ ਫਿਲੌਰੀ,
ਅਖੌਤੀ ਸਵਾਮੀ ਦਯਾ ਅਨੰਦ, ਗਾਂਧੀ ਵਰਗਿਆਂ ਹਿੰਦੂਆਂ ਨੂੰ ਸਿੱਖਾਂ ਨੇ ਉਨ੍ਹਾਂ ਦੀਆਂ ਕਾਰਵਾਈਆਂ
ਦੇ ਹਿਸਾਬ ਨਾਲ ਮਾੜਾ ਮੰਨਿਆ ਅਤੇ ਦੀਵਾਨ ਟੋਡਰ ਮੱਲ, ਦੀਵਾਨ ਕੌੜਾ ਮੱਲ ਵਰਗਿਆਂ ਨਾਲ ਮੁਹੱਬਤ
ਵੀ ਕੀਤੀ। ਔਰੰਗਜ਼ੇਬ, ਵਜ਼ੀਰ ਖਾਂ ਤੇ ਮੱਸੇ ਰੰਘੜ ਵਰਗੇ ਮੁਸਲਮਾਨਾਂ ਨਾਲ ਜੇ ਸਿੱਖਾਂ ਨੇ ਟੱਕਰ
ਲਈ ਤਾਂ ਪੀਰ ਬੁੱਧੂ ਸ਼ਾਹ ਸਾਂਈਂ ਮੀਆਂ ਮੀਰ, ਸਾਂਈਂ ਭੀਖਨ ਖਾਂ, ਗਨੀ ਖ਼ਾਂ-ਨਬੀ ਖ਼ਾਂ, ਜੋਗੀ
ਅੱਲ੍ਹਾ ਯਾਰ ਖ਼ਾਂ, ਸ਼ਾਹ ਮੁਹੰਮਦ ਵਰਗਿਆਂ ਦਾ ਪੂਰਨ ਸਤਿਕਾਰ ਵੀ ਕੀਤਾ। ਤੇ ਸਿੱਖਾਂ ਵਿੱਚੋਂ
ਹੀ ਜਿਹੜੇ ਸਿੱਖੀ ਸਿਦਕ ਨਿਭਾਉਂਦੇ ਹੋਏ ਜਾਨਾਂ ਵਾਰ ਗਏ ਉਨ੍ਹਾਂ ਦਾ ਸਤਿਕਾਰ ਕੀਤਾ ਜਦਕਿ
ਸਿੱਖ ਅਖਵਾਉਣ ਵਾਲੇ ਮੁੱਖ ਮੰਤਰੀ ਬੇਅੰਤ ਸਿਹੁੰ, ਐਸ.ਐਸ.ਪੀ. ਅਜੀਤ ਸਿਹੁੰ ਸੰਧੂ ਤੇ
ਕੇ.ਪੀ.ਐਸ. ਗਿੱਲ ਵਰਗਿਆਂ ਨੂੰ ਦੁਰਕਾਰਿਆ। ਸਪੱਸ਼ਟ ਹੈ ਕਿ ਜਿਹੜਾ ਵੀ ਸ਼ਖ਼ਸ ਸਿੱਖ ਧਰਮ ਤੇ
ਮਨੁੱਖਤਾ ਦੇ ਖ਼ਿਲਾਫ਼ ਕਾਰਵਾਈ ਕਰੇਗਾ ਉਸਦਾ ਮਤ ਚਾਹੇ ਕੋਈ ਵੀ ਹੋਵੇ ਸਿੱਖ ਉਸਨੂੰ ਬਰਦਾਸ਼ਤ ਨਹੀਂ
ਕਰਨਗੇ।
੫੦੦੦ ਹਜ਼ਾਰ ਹਿੰਦੂਆਂ ਨੂੰ ਵੱਢਣ ਦੀ ਧਮਕੀ ਸੰਤਾਂ ਨੂੰ ੧੫-੮-੧੯੮੩ ਨੂੰ ਮਜ਼ਬੂਰੀ ਦੇਣੀ ਪਈ,
ਦਰਅਸਲ ਉਸ ਦਿਨ ਮੁਕਤਸਰ ਵਿੱਚ ਬੁੱਚੜ ਪੁਲਿਸ ਅਫਸਰ ਗੁਰਚਰਨ ਸਿਹੁੰ ਸਾਂਹਸੀ ਨੂੰ ਦੁਪਿਹਰੇ
੧.੧੫ 'ਤੇ ਸਿੰਘਾਂ ਨੇ ਗੱਡੀ ਚਾੜ੍ਹਿਆ ਸੀ। ੧.੩੦ ਕੁ ਵਜੇ ਸੰਤਾਂ ਨੇ ਇੱਕ ਬੱਸ ਅੰਮ੍ਰਿਤਸਰ
ਤੋਂ ਝੀਂਡ ਵਾਲੇ (ਮੁਕਤਸਰ) ਨੂੰ ਭੇਜੀ ਸੀ, ਜੋ ਸ਼ਾਮੀ ੬ ਵਜੇ ਮੁਕਤਸਰ ਪਹੁੰਚੀ। ਇਸ ਬੱਸ ਵਿੱਚ
ਦਮਦਮੀ ਟਕਸਾਲ ਦੇ ਸਿੰਘ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੀ ਮਾਤਾ ਲਾਭ ਕੌਰ ਨੂੰ
ਅੰਮ੍ਰਿਤਸਰ ਲਿਜਾਣ ਲਈ ਆਏ ਸਨ। ਪੁਲਿਸ ਵਾਲਿਆਂ ਨੂੰ ਸਾਂਹਸੀ ਦੇ ਗੋਲੀਆਂ ਮਾਰਨ ਵਾਲਿਆਂ ਦੇ
ਬਚ ਕੇ ਨਿਕਲਣ ਦੀ ਨਮੋਸ਼ੀ ਬੜੀ ਸੀ, ਉਨ੍ਹਾਂ ਝੱਟ ਬੱਸ ਵਾਲੇ ਸਿੰਘਾਂ ਨੂੰ ਨਾਜਾਇਜ਼ ਗ੍ਰਿਫਤਾਰ
ਕਰ ਲਿਆ। ਇਉਂ ਬੱਸ ਅਤੇ ਸਿੰਘਾਂ ਦੀ ਨਾਜਾਇਜ਼ ਗ੍ਰਿਫਤਾਰੀ ਨੇ ਸੰਤਾਂ ਅਤੇ ਹੋਰ ਸਿੱਖ ਸੰਗਤਾਂ
ਨੂੰ ਬੜਾ ਰੋਹ ਚਾੜ੍ਹਿਆ। ਉਦੋਂ ਹੀ ਸੰਤਾਂ ਨੇ ੫੦੦੦ ਹਜ਼ਾਰ ਹਿੰਦੂਆਂ ਨੂੰ ੧ ਘੰਟੇ ਵਿੱਚ ਵੱਢਣ
ਦੀ ਧਮਕੀ ਦਿੱਤੀ ਸੀ ਤੇ ਇਸਦਾ ਤੁਰੰਤ ਅਸਰ ਹੋਇਆ।ਖਿਆਲ ਰਹੇ ਕਿ ਇਹ ਸਿਰਫ ਧਮਕੀ ਸੀ ਤੇ ਇਸਤੋਂ
ਵੱਧ ਕੁਝ ਨਹੀ ਪਰ ਇਸਦਾ ਜੋ ਅਸਰ ਹੋਇਆਂ ਉਸਨੇ ਹਰ ਇਕ ਨੂੰ ਸਮਝਾ ਦਿਤਾ ਕਿ ਸਰਕਾਰ ਲਈ ਹਿੰਦੂ
ਹੀ ਸਭ ਕੁਝ ਹਨ,ਤੇ ਸਿੱਖਾਂ ਦੀ ਕੋਈ ਕੀਮਤ ਨਹੀ।
ਇਸੇ ਤਰ੍ਹਾਂ ਹੀ ਜਦੋਂ ਬੀਬੀ ਇੰਦਰਾ ਨੇ ਪੰਜਾਬ ਦੇ ਸਿੱਖਾਂ ਨੂੰ ਧਮਕੀ ਦਿੱਤੀ ਕਿ "ਬਾਹਰਲੇ
ਸਿੱਖਾਂ ਦਾ ਸੋਚ ਲਉ ਕੀ ਬਣੇਗਾ?" ਤਾਂ ਸੰਤਾਂ ਨੇ ਜਵਾਬ ਦਿੱਤਾ, "ਬੀਬੀ ਜੇ ਤੇਰੀ ਇਹੀ ਮਰਜ਼ੀ
ਹੈ ਤਾਂ ਗਿਣਤੀ ਅਸੀਂ ਵੀ ਕਰੀ ਬੈਠੇ ਹਾਂ। ਇੱਕ ਇੱਕ ਸਿੱਖ ਦੇ ਹਿੱਸੇ ੩੫-੩੫ ਹਿੰਦੂ ਆਉਂਦੇ
ਨੇ।"
ਇਹ ਸਹੀ ਹੈ ਕਿ ਸੰਤਾਂ ਨੇ ਹਰ ਪਿੰਡ ਵਿੱਚ ੩-੩ ਨੌਜਵਾਨ ਮੋਟਰ ਸਾਈਕਲ ਅਤੇ ਰਿਵਾਲਵਰਾਂ ਵਾਲੇ
ਤਿਆਰ ਕਰਨ ਦਾ ਸੱਦਾ ਦਿੱਤਾ ਸੀ। ਪਰ ਇਹ ਨੌਜਵਾਨ ਹਿੰਦੂਆਂ ਦਾ ਕਤਲੇਆਮ ਕਰਨ ਲਈ ਨਹੀਂ ਸਗੋਂ
ਸਿੱਖੀ ਅਣਖਦਾ ਮੁਜ਼ਾਹਰਾ ਕਰਨ ਲਈ ਅਤੇ ਸ਼ਹੀਦਾਂ ਦੇ ਡੁੱਲ੍ਹੇ ਖੂਨ ਦਾ ਹੱਕ ਲੈਣ ਲਈ ਨਿੱਤਰਨੇ
ਸਨ, ਇਨ੍ਹਾਂ ਸਿੰਘਾਂ ਨੇ ਕਿਸੇ ਨਾਲ ਵਧੀਕੀ ਨਹੀਂ ਸੀ ਕਰਨੀ, ਸਗੋਂ ਹਰ ਇੱਕ ਨੂੰ ਇਨਸਾਫ਼
ਦਿਵਾਉਣਾ ਸੀ। ਤਾਂਹੀਓਂ ਤਾਂ ਢਾਡੀ ਗਾਉਂਦੇ ਸਨ, "ਮੋਟਰ ਸਾਈਕਲ ਵਾਲੇ ਯੋਧੇ, ਫਿਰਦੇ ਧਰਮ
ਕਮਾਉਂਦੇ ਨੇ।"
੧. ਜੇ ਸੰਤ ਹਿੰਦੂਆਂ ਦੇ ਦੋਖੀ ਸਨ ਤਾਂ ਭਾਈ ਠਾਰਾ ਸਿੰਘ ਦੇ ਆਖਣ 'ਤੇ ਉਨ੍ਹਾਂ ਨੇ
ਗੁਰਦਾਸਪੁਰ ਦੀ ਜੇਲ੍ਹ ਅੰਦਰ ਗੁਰਦੁਆਰੇ ਦੇ ਨਾਲ ਨਾਲ ਮੰਦਰ ਕਿਉਂ ਬਣਵਾਇਆ ਤੇ ਉਸ ਮੰਦਰ ਵਿਚ
ਛੇ ਹਜ਼ਾਰ ਰੁਪਏ ਦੀ ਮੂਰਤੀ ਕਿਉਂ ਲਗਵਾ ਕੇ ਦਿੱਤੀ?
੨. ਜਲਾਲਾਬਾਦ ਭਰੇ ਦੀਵਾਨ ਵਿੱਚ ਹੁਕਮ ਚੰਦ ਨਾਮੀ ਹਿੰਦੂ ਸੱਜਣ ਨੇ ਆ ਕੇ ਚੀਕ ਪੁਕਾਰ ਕੀਤੀ
ਕਿ "ਮੇਰੀ ਜਵਾਨ ਕੁਆਰੀ ਧੀ ਨੂੰ ਲਾਲ ਚੰਦ ਚੁੱਕ ਕੇ ਲੈ ਗਿਆ ਏ, ਮੇਰੀ ਧੀ ਛੁਡਵਾਉ।" ਸੰਤਾਂ
ਨੇ ਝੱਟ ਹੀ ਮਹਿੰਦਰ ਸਿੰਘ ਸਾਈਂਆਂ ਵਾਲੇ ਦੀ ਡਿਊਟੀ ਲਗਾਈ ਤੇ ਉਸ ਹਿੰਦੂ ਸੱਜਣ ਦੀ ਧੀ
ਛੁਡਵਾਈ। ਜੇ ਸੰਤ ਹਿੰਦੂਆਂ ਦੇ ਦੁਸ਼ਮਣ ਸਨ ਤਾਂ ਫਿਰ ਪੁਰਾਤਨ ਸਿੰਘਾਂ ਵਾਂਗ ਹਿੰਦੂ ਦੀ ਧੀ
ਕਿਉਂ ਛੁਡਵਾਈ? ਇਹ ਗੱਲ ਹੁਕਮ ਚੰਦ ਤੇ ਉਸਦੀ ਧੀ ਨੂੰ ਪੁੱਛੋ।
੩. ਇੱਕ ਹਿੰਦੂ ਕੁੜੀ ਨੂੰ ਉਸਦੇ ਸਹੁਰੇ ਦਾਜ ਲਈ ਤੰਗ ਕਰਦੇ ਸਨ ਉਹ ਸੰਤਾਂ ਦੇ ਪੇਸ਼ ਹੋਈ,
ਸੰਤਾਂ ਨੇ ਸਹੁਰੇ ਪਰਿਵਾਰ ਨੂੰ ਸੱਦ ਭੇਜਿਆ। ਕੇਹਰ ਸਿੰਘ ਪੁੱਤਰ ਗੁਰਬਖਸ਼ ਸਿੰਘ, ਵਾਸੀ ਟਾਂਡਾ
ਬਸਤੀ, ਹੁਸ਼ਿਆਰਪੁਰ ਝੱਟ ਜਾ ਕੇ ਕੁੜੀ ਦੇ ਸਹੁਰੇ ਪਰਿਵਾਰ ਨੂੰ ਬੁਲਾ ਲਿਆਇਆ। ਸੰਤਾਂ ਨੇ ਨੋਟਾਂ
ਨਾਲ ਭਰਿਆ ਥਾਲ ਉਸ ਕੁੜੀ ਦੇ ਸਹੁਰਿਆਂ ਨੂੰ ਪੇਸ਼ ਕਰਕੇ ਆਖਿਆ ਕਿ ਇਹ ਹੁਣ ਮੇਰੀ ਧੀ ਹੈ ਤੇ ਜੋ
ਕੁਝ ਚਾਹੀਦਾ ਹੈ ਮੈਥੋਂ ਮੰਗੋ। ਕੁੜੀ ਦੇ ਸਹੁਰੇ ਮਾਫ਼ੀਆਂ ਮੰਗਣ ਲੱਗੇ। ਮੁੜ ਕੇ ਕੁੜੀ ਨੂੰ
ਕੋਈ ਤਕਲੀਫ਼ ਨਾ ਹੋਈ। ਕੀ ਉਹ ਕੁੜੀ ਆਖੇਗੀ ਕਿ ਸੰਤ ਹਿੰਦੂਆਂ ਦੇ ਦੁਸ਼ਮਣ ਸਨ?
੪. ਅੰਮ੍ਰਿਤਸਰ ਵਿਚ ਕੈਲਾਸ਼ ਚੰਦਰ ਨਾਮੀ ਹਿੰਦੂ ਦੀ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਗਈ।
ਉਸਨੂੰ ਸੰਤਾਂ ਦੇ ਦੋਖੀ ਆਖਣ ਲੱਗੇ ਕਿ ਪੁਲਿਸ ਕੋਲ ਭਿੰਡਰਾਂਵਾਲੇ ਦਾ ਨਾਂ ਲੈ ਦੇ। ਪਰ ਉਹ
ਸਚਾਈ 'ਤੇ ਰਿਹਾ। ਸੰਤਾਂ ਕੋਲ ਆਇਆ ਤੇ ਆਖਣ ਲੱਗਾ ਕਿ ਜੇ ਮੈਨੂੰ ਤੁਸੀਂ ੧੦੦ ਰੁਪਿਆ ਦੇ ਦੇਵੋ
ਤਾਂ ਮੈਂ ਬਾਕੀਆਂ ਤੋਂ ਵੀ ਉਗਰਾਹੀ ਕਰ ਲਵਾਂਗਾ। ਸੰਤਾਂ ਨੇ ਉਸਨੂੰ ੧੦੦ ਦੀ ਬਜਾਏ ੫੦੦ ਰੁਪਿਆ
ਦਿੱਤਾ। ਕੈਲਾਸ਼ ਚੰਦਰ ਨੂੰ ਪੁੱਛੋ ਕਿ ਕੀ ਸੰਤ ਹਿੰਦੂਆਂ ਦੇ ਵੈਰੀ ਸਨ?
੫. ਚਲੋ ਸੰਤ ਹਿੰਦੂਆਂ ਦੇ ਵੈਰੀ ਹੀ ਸਨ ਤਾਂ ਫਿਰ ਉਨਾਂ
ਨੇ ਕਪੂਰਥਲੇ ਵਿੱਚ ਜਦੋਂ ਰਮਾਇਣ ਨੂੰ ਅੱਗ ਲੱਗ ਗਈ ਸੀ ਤਾਂ ੫੦੦੦ ਹਜ਼ਾਰ ਰੁਪਿਆ ਮੁਕੱਦਮੇ ਉੱਤੇ
ਕਿਉਂ ਖ਼ਰਚ ਦਿੱਤਾ? ੬. ਜਦੋਂ ਸੰਤਾਂ ਦਾ ਜਥਾ ਰਈਏ ਕੋਲ ਜਲਾਲਾਬਾਦ ਪਿੰਡ ਵਿੱਚ ਅੰਮ੍ਰਿਤਸਰ
ਸੰਚਾਰ ਕਰਵਾਉਣ ਗਿਆ ਤਾਂ ਇੱਕ ਹਿੰਦੂ ਪੰਡਿਤ ਜਗਦੀਸ਼ ਰਾਏ ਦਾ ਪੁੱਤਰ ਅਸ਼ੋਕ ਕੁਮਾਰ ਵੀ
ਅੰਮ੍ਰਿਤ ਛਕਣ ਲਈ ਤਿਆਰ ਹੋ ਗਿਆ। ਸਿੰਘਾਂ ਨੇ ਆਖਿਆ- "ਤੈਥੋਂ ਰਹਿਤ ਨਹੀਂ ਰੱਖ ਹੋਣੀ।"
ਪਰ ਉਹ ਜ਼ਿਦ ਕਰ ਬੈਠਾ। ਸਿੰਘਾਂ ਨੇ ਆਖਿਆ:
"ਜੇ ਕੋਈ ਅੰਮ੍ਰਿਤ ਛਕ ਕੇ ਰਹਿਤ ਭੰਗ ਕਰੇ ਤਾਂ ਅਸੀਂ ਮਿੱਟੀ
ਦਾ ਤੇਲ ਪਾਕੇ ਸਾੜ ਦਿੰਦੇ ਹੁੰਦੇ ਆਂ।"
ਅਸ਼ੋਕ ਕੁਮਾਰ ਤੁਰੰਤ ਮਿੱਟੀ ਦੇ ਤੇਲ ਦਾ ਪੀਪਾ ਭਰ ਕੇ
ਗੁਰਦੁਆਰੇ ਲੈ ਆਇਆ ਅਤੇ ਆਖਿਆ "ਜੇ ਮੈਂ ਮਰਿਯਾਦਾ ਨਾ ਨਿਭਾਈ ਤਾਂ ਮੈਨੂੰ ਤੇਲ ਪਾ ਕੇ ਸਾੜ
ਦਿਉ।"
ਇਹ ਅਸ਼ੋਕ ਕੁਮਾਰ ਅੰਮ੍ਰਿਤ ਛਕ ਕੇ ਹਰਦੇਵ ਸਿੰਘ ਬਣ ਗਿਆ ਤੇ ਫਿਰ ਜੂਨ ੧੯੮੪ 'ਚ ਦਰਬਾਰ ਸਾਹਿਬ
ਦੀ ਰਾਖੀ ਲਈ ਸੰਤਾਂ ਦੀ ਕਮਾਂਡ ਹੇਠ ਭਾਰਤੀ ਫ਼ੌਜ ਨਾਲ ਜੂਝਦਾ ਸ਼ਹੀਦ ਹੋ ਗਿਆ।
ਕੀ ਉਸਨੂੰ ਸੰਤਾਂ ਦੀ ਹਿੰਦੂਆਂ ਨਾਲ ਦੁਸ਼ਮਣੀ ਦਾ ਪਤਾ ਨਹੀਂ ਲੱਗਿਆ?
੭. ਪੰਡਿਤ ਮੋਹਰ ਚੰਦ ਤੋਂ ਮੋਹਰ ਸਿੰਘ ਬਣੇ ਸੱਚ ਨੂੰ ਪਛਾਣਨ ਵਾਲੇ ਮਨੁੱਖ ਤੇ ਉਨ੍ਹਾਂ ਦੀ
ਧਰਮ ਪਤਨੀ ਆਪਣੀਆਂ ਦੋ ਧੀਆਂ (ਵਾਹਿਗੁਰੂ ਕੌਰ, ਸਤਿਨਾਮ ਕੌਰ) ਸਮੇਤ ਸੰਤਾਂ ਦੇ ਇਸ਼ਾਰੇ ਉਤੇ
ਆਪਣੀ ਜਾਨ ਸਿੱਖੀ ਦੇ ਲੇਖੇ ਕਿਉਂ ਲਾ ਗਏ? ੧੯੮੪ ਤੋਂ ਬਾਅਦ ਪੰਡਿਤ ਮੋਹਰ ਸਿੰਘ ਦੇ ਭਾਣਜੇ
ਬਖ਼ਸ਼ੀਸ਼ ਸਿੰਘ ਨੇ ਵੀ ਸਿੱਖ ਸੰਘਰਸ਼ ਵਿੱਚ ਸ਼ਾਨਦਾਰ ਕੰਮ ਕੀਤਾ।
੮. ਧਰਮ ਯੁੱਧ ਮੋਰਚੇ ਮੌਕੇ ਅਕਸਰ ਹੀ ਸ਼ਹਿਰੀ ਹਿੰਦੂ ਸੰਤਾਂ ਕੋਲ ਆਉਂਦੇ ਰਹਿੰਦੇ ਸਨ। ਜਦੋਂ
ਸੰਤਾਂ ਦੇ ਨਾਂ ਹੇਠ ਧਮਕੀ ਭਰੀਆਂ ਚਿੱਠੀਆਂ ਇਨ੍ਹਾਂ ਹਿੰਦੂਆਂ ਨੂੰ ਲਿਖੀਆਂ ਗਈਆਂ ਤਾਂ ਵੀ ਉਹ
ਸੰਤਾਂ ਕੋਲ ਆਏ। ਸਵਾਲ ਤਾਂ ਇਹ ਹੈ ਕਿ ਇਨ੍ਹਾਂ ਹਿੰਦੂਆਂ ਨੂੰ ਸੰਤਾਂ ਤੋਂ ਡਰ ਕਿਉਂ ਨਹੀਂ ਸੀ
ਲੱਗਦਾ?
ਅਸਲੀ ਗੱਲ ਇਹੀ ਹੈ ਕਿ ਸੰਤ ਸਿੱਖੀ ਨੂੰ ਰੱਜ ਕੇ ਪਿਆਰ ਕਰਦੇ ਸਨ ਉਹ ਧਰਮ ਦੇ ਖ਼ਿਲਾਫ਼ ਜਾਣ ਵਾਲੇ
ਹਰ ਸ਼ਖ਼ਸ ਦੀ ਡਟ ਕੇ ਵਿਰੋਧਤਾ ਕਰਦੇ ਸਨ।ਉਹ ਹਿੰਦੂ-ਸਿੱਖ ਏਕਤਾ ਦੇ ਦੰਭੀ ਨਾਅਰੇ ਲਾਉਣ ਵਾਲੇ
ਸਿਆਸੀ ਕਲਾਬਾਜ਼ਾਂ ਨੂੰ ਲੰਮੇ ਹੱਥੀਂ ਲੈਂਦੇ ਸਨ। ਸਿੱਖਾਂ ਦੀ ਅੱਡਰੀ ਅਤੇ ਵਿਲੱਖਣ ਹੋਂਦ ਹਸਤੀ
ਨੂੰ ਰੱਦ ਕਰਕੇ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦੱਸਣ ਵਾਲਿਆਂ ਨੂੰ ਉਹ ਸਖ਼ਤੀ ਨਾਲ ਵਰਜਦੇ ਸਨ।
ਅਸਲੀਅਤ ਨੂੰ ਜਾਨਣ ਵਾਲੇ ਹਿੰਦੂ ਸੰਤਾਂ ਤੋਂ ਕਿਉਂ ਡਰਦੇ? ਉਨ੍ਹਾਂ ਨੂੰ ਪਤਾ ਸੀ ਕਿ ਸੰਤਾਂ
ਦੀ ਵਿਰੋਧਤਾ ਸਿਰਫ਼ ਮਾੜੇ ਤੱਤਾਂ ਨਾਲ ਹੈ।