Share on Facebook

Main News Page

ਸੱਜਣ ਕੁਮਾਰ ਖਿਲਾਫ ਚੱਲਦੇ ਮੁਕਦਮੇਂ ਦੀ ਕਾਰਵਾਈ ਉਤੇ ਭਾਰਤੀ ਸੁਪਰੀਮ ਕੋਰਟ ਨੇ ਰੋਕ ਲਾਈ

* ਪੀੜਤਾਂ ਵੱਲੋਂ ਭਾਰਤੀ ਸੰਸਦ ਅੱਗੇ ਮੁਜ਼ਾਹਰਾ 17 ਨੂੰ

ਸਿੱਖ ਨਸਲਕੁਸ਼ੀ ਦੌਰਾਨ ਸਿੱਖ ਖਿਲਾਫ ਕਤਲੇਆਮ ਭੜਕਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਦਿੱਲੀ ਵਿਚ ਚੱਲ ਰਹੇ ਇਹ ਮੁਕਦਮੇਂ ਦੀ ਸੁਣਵਾਈ ਤੇ ਭਾਰਤ ਦੀ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ।

ਇਸ ਕਾਰਵਾਈ ਵਿਰੁਧ ਰੋਸ ਪਰਗਟ ਕਰਨ ਲਈ ਮਨੁੱਖੀ ਹੱਕਾਂ ਦੀਆਂ ਸੰਸਥਾਵਾਂ ਅਤੇ 1984 ਦੀਆਂ ਵਿਧਵਾਵਾਂ ਤੇ ਹੋਰਨਾਂ ਪੀੜਤਾਂ ਨੇ ਭਾਰਤ ਦੀ ਸੰਸਦ ਦੇ ਅੱਗੇ 17 ਜੁਲਾਈ ਨੂੰ ਇਨਸਾਫ ਰੈਲੀ ਕਰਨ ਦਾ ਐਲਾਨ ਕੀਤਾ ਹੈ। ਸਿੱਖ ਸਿਆਸਤ ਨੂੰ ਮਿਲੀ ਜਾਣਕਾਰੀ ਅਨੁਸਾਰ ਫੈਡਰੇਸ਼ਨ (ਪੀਰ ਮੁਹੰਮਦ), ਸਿੱਖਸ ਫਾਰ ਜਸਟਿਸ ਤੇ 1984 ਕਤਲੇਆਮ ਦੇ ਪੀੜਤਾਂ ਵੱਲੋਂ ਬਣਾਈ ਗਈ ਜਥੇਬੰਦੀ 1984 ਵਿਕਟਮ ਵੈਲਫੇਅਰ ਐਂਡ ਜਸਟਿਸ ਸੁਸਾਇਟੀ ਨੇ ਇਸ ਰੋਸ ਪ੍ਰਦਰਸ਼ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ ਹੈ।

ਫੈਡਰੇਸ਼ਨ (ਪੀਰ ਮੁਹੰਮਦ) ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਵਾਲੇ ਸੱਜਣ ਕੁਮਾਰ ਨੂੰ ਸਰਕਾਰ ਵਲੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਦੂਜੇ ਪਾਸੇ ਪ੍ਰੋਫੈਸਰ ਭੁੱਲਰ ਜਿਸ ਨੂੰ ਤਸ਼ੱਦਦ ਦੁਆਰਾ ਲਏ ਗਏ ਇਕਬਾਲੀਆ ਬਿਆਨ ਦੇ ਆਧਾਰ ਤੇ ਦੋਸ਼ੀ ਠਹਿਰਾਇਆ ਗਿਆ ਹੈ, ਫਾਂਸੀ ਦੀ ਸਜ਼ਾ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਵੰਬਰ 1984 ਦੇ ਬਾਅਦ ਕੁਝ ਸਾਲਾਂ ਵਿਚ ਹੀ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਤੇ ਮੁਕੱਦਮਾ ਚਲਾਇਆ ਗਿਆ, ਦੋਸ਼ੀ ਠਹਿਰਾਇਆ ਗਿਆ ਤੇ ਫਾਂਸੀ ਲਾ ਦਿੱਤੀ ਗਈ ਸੀ। ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਦੀਆਂ ਸੜਕਾਂ ਤੇ ਦਿਨ ਦਿਹਾੜੇ ਸਿਖਾਂ ਦਾ ਕਤਲ ਕਰਨ ਵਾਲੇ ਕਾਤਲਾਂ ਦੀ ਅਗਵਾਈ ਕਰਨ ਵਾਲੇ ਕਾਂਗਰਸੀ ਆਗੂ ਦੇ ਖਿਲਾਫ ਜੇਕਰ 26 ਸਾਲਾਂ ਦੇ ਲੰਮੇ ਅਰਸੇ ਤੋਂ ਬਾਅਦ ਦੋਸ਼ ਲਗਾਏ ਜਾਂਦੇ ਹਨ ਤਾਂ ਦੇਸ਼ ਦੀ ਸਰਬਉਚ ਅਦਾਲਤ ਵਲੋਂ ਇਸ ਤੇ ਰੋਕ ਲਾ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਆਦੇਸ਼ ਨਾਲ ਇਹ ਸਾਬਤ ਹੁੰਦਾ ਹੈ ਕਿ ਭਾਰਤ ਵਿਚ ਸਿੱਖਾਂ ਨੂੰ ਕਦੀ ਇਨਸਾਫ ਨਹੀਂ ਮਿਲੇਗਾ।

ਸੱਜਣ ਕੁਮਾਰ ਖਿਲਾਫ ਅਹਿਮ ਗਵਾਹ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਸਿੱਖਾਂ ਦੇ ਕਤਲੇਆਮ ਵਿਚ ਸੱਜਣ ਦੀ ਭੂਮਿਕਾ ਦੀ ਮੈਂ ਗਵਾਹੀ ਦੇ ਰਹੀ ਹਾਂ ਤੇ ਸਰਕਾਰ ਕਾਤਲ ਨੂੰ ਬਚਾਉਣ ਲਈ ਤੁਲੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਸਰਬਉਚ ਅਦਾਲਤ ਦਾ ਇਹ ਫੈਸਲਾ ਮੰਦਭਾਗਾ ਹੈ ਤੇ ਇਹ ਨਵੰਬਰ 1984 ਦੀਆਂ ਵਿਧਵਾਵਾਂ ਲਈ ਇਕ ਹੋਰ ਕਾਲਾ ਦਿਨ ਹੈ।

ਨਵੰਬਰ 1984 ਦੇ ਪੀੜਤਾਂ ਨੂੰ ਭਾਰਤੀ ਅਦਾਲਤਾਂ ਵਲੋਂ ਇਨਸਾਫ ਤੋਂ ਲਗਾਤਾਰ ਕੀਤੇ ਜਾ ਰਹੇ ਇਨਕਾਰ ਦੇ ਕਾਰਨ ਹੀ ਸ੍ਰੀ ਅਕਾਲ ਤਖਤ ਸਾਹਿਬ ਨੇ ਸਿੱਖ ਮੱਨੁਖੀ ਅਧਿਕਾਰ ਸੰਸਥਾਵਾਂ ਨੂੰ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਸਯੁੰਕਤ ਰਾਸ਼ਟਰ ਅੱਗੇ ਸਿੱਖ ਨਸਲਕੁਸ਼ੀ ਪਟੀਸ਼ਨ ਦਾਇਰ ਕੀਤੀ ਜਾਵੇ। ਨਵੰਬਰ 2012 ਵਿਚ ਸਯੁੰਕਤ ਰਾਸ਼ਟਰ ਅੱਗੇ ਦਾਇਰ ਕੀਤੀ ਜਾਣ ਵਾਲੀ ਉਕਤ ਸਿਖ ਨਸਲਕੁਸ਼ੀ ਪਟੀਸ਼ਨ ਦੇ ਸਮਰਥਨ ਵਿਚ 10 ਲੱਖ ਦਸਤਖਤ ਇਕੱਠੇ ਕਰਨ ਲਈ ਸਿੱਖਸ ਫਾਰ ਜਸਟਿਸ ਨੇ ਪਹਿਲਾਂ ਹੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ।

ਪੀਰ ਮੁਹੰਮਦ ਨੇ ਐਲਾਨ ਕੀਤਾ ਹੈ ਕਿ ਇਨਸਾਫ ਰੈਲੀ ਵਿਚ ਹੇਠ ਲਿਖੀਆਂ ਗਲਾਂ ਨੂੰ ਉਜਾਗਰ ਕੀਤਾ ਜਾਵੇਗਾ-

* ਨਵੰਬਰ 1984 ਸਿਖ ਨਸਲਕੁਸ਼ੀ ਦੇ ਦੋਸ਼ੀਆਂ ਪ੍ਰਤੀ ਸਰਕਾਰ ਦਾ ਬਚਾਉਣ ਦਾ ਰਵਈਆ
* ਸਰਬਜੀਤ ਸਿੰਘ ਦੀ ਸਜ਼ਾ ਮੁਆਫੀ ਦੀ ਮੰਗ ਤੇ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦੀ ਸਿਫਾਰਿਸ਼ ਕਰਕੇ ਮੌਤ ਦੀ ਸਜ਼ਾ ਦੇ ਮੁੱਦੇ ਤੇ ਸਰਕਾਰ ਵਲੋਂ ਅਪਣਾਇਆ ਜਾ ਰਿਹਾ ਦੋਹਰਾ ਮਾਪਦੰਡ

ਇਸੇ ਦੌਰਾਨ ਕੁਲਦੀਪ ਨਈਅਰ ਵਲੋਂ ਆਪਣੀ ਹਾਲੀਆ ਕਿਤਾਬ ਬਿਯੋਂਡ ਦੀ ਲਾਈਨਸ-ਇਕ ਆਤਮਕਥਾ ਵਿਚ ਸ਼ਹੀਦ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਤੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਸੰਬਧੀ ਕੀਤੀਆਂ ਗਈਆਂ ਸ਼ਰਾਰਤੀ ਤੇ ਬਦਨਾਮ ਕਰਨ ਵਾਲੀਆਂ ਗੱਲਾਂ ਤੇ ਸੱਖਤ ਇਤਰਾਜ਼ ਪ੍ਰਗਟ ਕਰਦਿਆਂ ਫੈਡਰੇਸ਼ਨ (ਪੀਰ ਮੁਹੰਮਦ) ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਦਿੱਲੀ ਸਥਿਤ ਨਈਅਰ ਦੀ ਰਿਹਾਇਸ਼ ਦੇ ਸਾਹਮਣੇ 17 ਜੁਲਾਈ ਨੂੰ ਕਿਤਾਬ ਸਾੜਣ ਦੀ ਮੁਹਿੰਮ ਸ਼ੁਰੂ ਕਰਨਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top