Share on Facebook

Main News Page

ਕੀ ਦੇਸ਼ ਦੀ ਸਰਕਾਰ ਸਿੱਖਾਂ ਨੂੰ ਇਸ ਦੇਸ਼ ਦਾ ਅੰਗ ਨਹੀਂ ਮੰਨਦੀ…?
-
ਜਸਪਾਲ ਸਿੰਘ ਹੇਰਾਂ , Editor: Daily Pehredar

ਦੇਸ਼ ਦੀ ਹਕੂਮਤ ਸਿੱਖਾਂ ਦੇ ਅੱਲ੍ਹੇ ਜਖ਼ਮਾਂ ਤੇ ਮੱਲ੍ਹਮ ਲਾਉਣ ਦੀ ਥਾਂ, ਉਨ੍ਹਾਂ ਤੇ ਵਾਰ-ਵਾਰ ਲੂਣ ਛਿੜਕ ਕੇ, ਸਿੱਖ ਹਿਰਦਿਆਂ ਨੂੰ ਵਲੂੰਧਰ ਰਹੀ ਹੈ। ਆਖ਼ਰ ਇਸ ਪਿੱਛੇ ਕਾਰਣ ਕੀ ਹਨ? ਕੀ ਸਿੱਖਾਂ ’ਚ ਸਿੱਖੀ ਭਾਵਨਾ, ਸਿੱਖ ਜਜ਼ਬਾ, ਸਿੱਖੀ ਸਵੈਮਾਣ ਤੇ ਜਿਊਂਦੀ ਜ਼ਮੀਰ ਤੇ ਅਣਖ ਨੂੰ ਵਾਰ-ਵਾਰ ਇਹ ਪਰਖਣ ਦਾ ਯਤਨ ਕੀਤਾ ਜਾਂਦਾ ਹੈ ਕਿ ਅੱਜ ਦੇ ਸਿੱਖਾਂ ’ਚ ਸਿੱਖੀ ਦੇ ਇਹ ਪੁਰਾਤਨ ਗੁਣ ਹਾਲੇਂ ਕਿੰਨੇ ਕੁ ਬਾਕੀ ਹਨ ਜਾਂ ਫਿਰ ਦੇਸ਼ ਦੀ ਬਹੁਗਿਣਤੀ ਜਾਣ-ਬੁੱਝ ਕੇ ਸਿੱਖਾਂ ਨੂੰ ਵਾਰ-ਵਾਰ ਚਿੜ੍ਹਾਉਣ ਦਾ ਯਤਨ ਕਰ ਰਹੀ ਹੈ?

ਇਹ ਸੁਆਲ ਬੇਹੱਦ ਗੰਭੀਰ ਹਨ ਅਤੇ ਸਿੱਖ ਕੌਮ ਨੂੰ ਇਨ੍ਹਾਂ ਦੇ ਜਵਾਬ ਜ਼ਰੂਰ ਤਲਾਸ਼ ਲੈਣੇ ਚਾਹੀਦੇ ਹਨ ਅਤੇ ਉਨ੍ਹਾਂ ਜਵਾਬਾਂ ਦੀ ਰੋਸ਼ਨੀ ’ਚ ਹੀ ਦੇਸ਼ ਦੀ ਹਕੂਮਤ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਹਮਲਿਆਂ ਦਾ ਜਵਾਬ ਦੇਣਾ ਚਾਹੀਦਾ ਹੈ। ਸਿੱਖ ਕਤਲੇਆਮ, ਸਿੱਖ ਕੌਮ ਲਈ ਉਹ ਨਾਸੂਰ ਹੈ, ਜਿਸਨੇ ਸਦੀਆਂ ਤੱਕ ਕੌਮ ਦੇ ਹਿਰਦਿਆਂ ’ਚ ਪੀੜ੍ਹ ਪੈਦਾ ਕਰਦੇ ਰਹਿਣਾ ਹੈ ਅਤੇ ਸਿੱਖ ਕਤਲੇਆਮ ਦਾ ਇਨਸਾਫ਼ 28 ਵਰ੍ਹੇ ਬੀਤ ਜਾਣ ਤੱਕ ਨਾ ਮਿਲਣਾ ਇਸ ਚੀਸ ਨੂੰ ਹੋਰ ਦੁੱਖਦਾਈ ਤੇ ਪੀੜ੍ਹਾਂ ਦਾਇਕ ਬਣਾਉਂਦਾ ਹੈ, ਪ੍ਰੰਤੂ ਜਦੋਂ ਕਾਂਗਰਸ ਜਮਾਤ, ਸਿੱਖਾਂ ਦੇ ਇਸ ਰਿਸਦੇ ਨਾਸੂਰ ਨੂੰ ਵਾਰ-ਵਾਰ ਛਿੱਲਦੀ ਹੈ ਤਾਂ ਇਹ ਪੀੜ੍ਹਾਂ ਸਹਿਣੀ, ਬਰਦਾਸ਼ਤ ਤੋਂ ਬਾਹਰੀ ਹੋ ਜਾਂਦੀ ਹੈ ਅਤੇ ਹਰ ਸਿੱਖ ਇਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਇਹ ਦੇਸ਼ ਸਾਨੂੰ ਆਪਣੇ ਦੇਸ਼ ਦੇ ਸ਼ਹਿਰੀ ਹੀ ਨਹੀਂ ਮੰਨਦਾ? ਕਿਸੇ ਕੌਮ ਦੀਆਂ ਜਖ਼ਮੀ ਭਾਵਨਾਵਾਂ ਨੂੰ ਦੇਸ਼ ਦੀ ਹਕੂਮਤ ਹਮੇਸ਼ਾ ਮੱਲ੍ਹਮ ਲਾਉਣ ਅਤੇ ਉਨ੍ਹਾਂ ਜ਼ਖਮ ਦੇ ਫ਼ੱਟਾਂ ਦੇ ਨਿਸ਼ਾਨ ਮਿਟਾਉਣ ਦਾ ਯਤਨ ਕਰਦੀ ਹੈ, ਪ੍ਰੰਤੂ ਇਸ ਦੇਸ਼ ਦੀ ਸਰਕਾਰ ਵਾਰ-ਵਾਰ ਉਨ੍ਹਾਂ ਜਖ਼ਮਾਂ ਨੂੰ ਉਧੇੜ ਕੇ ਉਨ੍ਹਾਂ ਦੀ ਪੀੜ੍ਹ ਤੇ ਨਿਸ਼ਾਨੀ ਬਣਾਈ ਰੱਖਣਾ ਚਾਹੁੰਦੀ ਹੈ। ਦਿੱਲੀ ’ਚ ਹੋਏ 84 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ’ਚ ਜਗਦੀਸ਼ ਟਾਇਟਲਰ ਦਾ ਨਾਮ ਬੋਲਦਾ ਹੈ, ਭਾਵੇਂ ਕਾਨੂੰਨੀ ਘੁੰਢੀਆਂ ਤੇ ਸਰਕਾਰ ਦੇ ਥਾਪੜੇ ਕਾਰਣ ਉਸ ਨੂੰ ਕਾਨੂੰਨੀ ਰਾਹਤ ਮਿਲ ਹੋਈ ਹੈ।

ਪ੍ਰੰਤੂ ਇਹ ਸਾਰਾ ਜੱਗ ਜਾਣਦਾ ਹੈ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਸੂਚੀ ’ਚੋਂ ਉਸਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਦੇਸ਼ ਦੀ ਇਕ ਘੱਟ-ਗਿਣਤੀ ਦੇ ਖੂਨ ਨਾਲ ਜਿਸ ਵਿਅਕਤੀ ਦੇ ਹੱਥ ਰੰਗੇ ਹੋਣ, ਕੀ ਉਹ ਵਿਅਕਤੀ ਦੇਸ਼ ਦੀ ਪ੍ਰਤੀਨਿਧਤਾ ਕਰ ਸਕਦਾ ਹੈ? ਜਿਸ ਦੇਸ਼ ਦੀ ਉਸ ਨੇ ਪ੍ਰਤੀਨਿਧਤਾ ਕਰਨੀ ਹੈ, ਉਸ ਦੇਸ਼ ਦੀ ਉਹ ਘੱਟ-ਗਿਣਤੀ ਵੀ ਨਾਗਰਿਕ ਹੈ, ਜਿਹੜੀ ਘੱਟ-ਗਿਣਤੀ ਟਾਇਟਲਰ ਨੂੰ ਆਪਣਾ ਕਾਤਲ ਮੰਨਦੀ ਹੈ, ਫਿਰ ਇਹ ਵਿਅਕਤੀ ਉਨ੍ਹਾਂ ਦਾ ਪ੍ਰਤੀਨਿਧ ਕਿਵੇਂ ਮੰਨਿਆ ਜਾ ਸਕੇਗਾ? ਕੀ ਇਹ ਫੈਸਲਾ ਕਰਨ ਵਾਲਿਆਂ ਨੂੰ ਇਸ ‘ਹਕੀਕਤ’ ਦਾ ਗਿਆਨ ਨਹੀਂ ਹੈ ਜਾਂ ਫਿਰ ਉਹ ਸਿੱਖਾਂ ਨੂੰ ਇਸ ਦੇਸ਼ ਦੇ ਨਾਗਰਿਕ ਹੀ ਨਹੀਂ ਮੰਨਦੇ? ਇਸ ਤੋਂ ਪਹਿਲਾ ਵੀ ਕਾਂਗਰਸ ਨੇ ਸਿੱਖ ਕਤਲੇਆਮ ਦੇ ਦੋਸ਼ੀ ਮੰਨੇ ਜਾਂਦੇ ਸਾਰੇ ਵੱਡੇ ਕਾਂਗਰਸੀ ਆਗੂਆਂ ਨੂੰ ਅੱਜ ਤੱਕ ਆਪਣੇ ਤੋਂ ਦੂਰ ਨਹੀਂ ਕੀਤਾ, ਸਗੋਂ ਕਈ ਵਾਰ ਇਨ੍ਹਾਂ ਨੂੰ ਉ¤ਚ ਅਹੁਦਿਆਂ ਨਾਲ ਨਿਵਾਜਣ ਦਾ ਕੋਝਾ ਯਤਨ ਕਰਕੇ ਸਿੱਖ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ।

ਉਪਰੋਂ ਇਹ ਆਖਿਆ ਜਾਂਦਾ ਹੈ ਕਿ ‘‘ਸਿੱਖਾਂ ਨੂੰ 1984 ਨੂੰ ਹੁਣ ਭੁੱਲ ਜਾਣਾ ਚਾਹੀਦਾ ਹੈ’’। ਦਰਬਾਰ ਸਾਹਿਬ ਸਾਕੇ ਦੇ ਸ਼ਹੀਦਾਂ ਦੀ ਯਾਦਗਾਰ ਦਾ ਪੰਜਾਬ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾ ਰਿਹਾ, ਤਿੱਖਾ ਵਿਰੋਧ ਵੀ ਹੁਣ ਸਮਝ ਆ ਰਿਹਾ ਹੈ ਕਿ ਕਾਂਗਰਸ ਵੱਲੋਂ ਇਕ ਗਿਣੀ-ਮਿਥੀ ਸਾਜ਼ਿਸ ਅਧੀਨ 1984 ਦੇ ਤੀਜੇ ਘੱਲੂਘਾਰੇ ਨੂੰ ਉਭਾਰਨਾ ਦਾ ਯਤਨ ਕੀਤਾ ਜਾ ਰਿਹਾ ਹੈ, ਮੁੜ ਤੋਂ ਇਸਨੂੰ ਫਿਰਕੂ ਪੱਤੇ ਦੇ ਰੂਪ ’ਚ ਵਰਤਣ ਦੀ ਸਾਜ਼ਿਸ ਗੁੰਦੀ ਜਾ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੀ ਸਰਕਾਰ, ਜਿਸਦਾ ਪ੍ਰਧਾਨ ਮੰਤਰੀ ਸਿੱਖ ਹੈ, ਉਸਨੂੰ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਣਾ, ਬੰਦ ਕਰ ਦੇਣਾ ਚਾਹੀਦਾ ਹੈ। ਅੱਗ ਨਾਲ ਖੇਡਣਾ ਹਮੇਸ਼ਾ ਖ਼ਤਰਨਾਕ ਹੁੰਦਾ ਹੈ। ਇਸ ਲਈ ਸਮਾਂ ਰਹਿੰਦੇ ਜਗਦੀਸ਼ ਟਾਇਟਲਰ ਨੂੰ ਸੌਂਪੀ ਜੁੰਮੇਵਾਰੀ ਵਾਪਿਸ ਲੈਣੀ ਚਾਹੀਦੀ ਹੈ, ਅੱਜ ਸਿੱਖ ਪੂਰੇ ਵਿਸ਼ਵ ’ਚ ਫੈਲੇ ਹੋਏ ਹਨ, ਜੇ ਕੇਂਦਰ ਸਰਕਾਰ ਆਪਣੀ ਜ਼ਿੱਦ ਤੇ ਅੜ੍ਹੀ ਰਹੀ ਤਾਂ ਮਜ਼ਬੂਰਨ ਸਿੱਖਾਂ ਨੂੰ ਉਲੰਪਿਕ ਦੀਆਂ ਖੇਡਾਂ ਸਮੇਂ ਲੰਡਨ ’ਚ ਜਗਦੀਸ਼ ਟਾਇਟਲਰ ਤੇ ਭਾਰਤ ਸਰਕਾਰ ਵਿਰੁੱਧ ਰੋਸ ਵਿਖਾਵੇ ਕਰਨੇ ਪੈਣਗੇ। ਅਸੀਂ ਇਹ ਵੀ ਸਮਝਦੇ ਹਾਂ ਕਿ ਸਿੱਖਾਂ ਦੇ ਸਬੰਧਾਂ ਤੇ ਅਕਸ ਨੂੰ ਵਿਦੇਸ਼ੀ ਸਰਕਾਰਾਂ ਨਾਲ ਵਿਗਾੜਨ ਦੀ ਵੀ ਇਹ ਸਾਜ਼ਿਸ ਹੋ ਸਕਦੀ ਹੈ। ਇਸ ਲਈ ਵਿਦੇਸ਼ਾਂ ਤੇ ਖ਼ਾਸ ਕਰਕੇ ਇੰਗਲੈਂਡ ਬੈਠੇ ਸਿੱਖਾਂ ਨੂੰ ਵੀ ਇਸ ਸਬੰਧੀ ਆਪਣੇ ਰੋਸ ਨੂੰ ਅਗਾਊ ਹੀ ਉਥੋਂ ਦੀ ਸਰਕਾਰ, ਉਲੰਪਿਕ ਦੀ ਖੇਡ ਕਮੇਟੀ ਅਤੇ ਯੂ. ਐਨ. ਓ. ਤੱਕ ਪਹੁੰਚਾ ਦੇਣਾ ਚਾਹੀਦਾ ਹੈ ਅਤੇ ਵਿਸ਼ਵ ਦੀਆਂ ਸਾਰੀਆਂ ਮਨੁੱਖੀ ਅਧਿਕਾਰਾਂ ਦੀਆਂ ਰਖ਼ਵਾਲੀਆਂ ਸੰਸਥਾਵਾਂ ਨੂੰ ਇਹ ਅਪੀਲ ਕਰਨੀ ਚਾਹੀਦੀ ਹੈ ਕਿ ਉਹ ਸਿੱਖ ਕਤਲੇਆਮ ਦੇ ਦੋਸ਼ੀ ਨੂੰ ਵਿਸ਼ਵ ਖੇਡਾਂ, ਜਿਹੜੀਆਂ ਸ਼ਾਂਤੀ ਦੀ ਸੁਨੇਹਾ ਦੇਣ ਲਈ ਹੁੰਦੀਆਂ ਹਨ, ਉਨ੍ਹਾਂ ਤੋਂ ਦੂਰ ਰੱਖੇ। ਹਾਲੇਂ ਉਲੰਪਿਕ ਖੇਡਾਂ ਸ਼ੁਰੂ ਹੋਣ ’ਚ ਸਮਾਂ ਬਾਕੀ ਹੈ, ਇਸ ਲਈ ਸਿੱਖਾਂ ਨੂੰ ਉਨ੍ਹਾਂ ਨਾਲ ਹੋ ਰਹੇ ਇਸ ਘਿਨਾਉਣੀ ਬੇਇਨਸਾਫ਼ੀ ਦਾ ਮੁੱਦਾ ਹਰ ਪੱਧਰ ਤੇ ਚੁੱਕਣਾ ਚਾਹੀਦਾ ਹੈ ਅਤੇ ਦੇਸ਼ ਦੀ ਸਰਕਾਰ ਨੂੰ ਇਹ ਸਾਫ਼ ਕਰਨ ਲਈ ਮਜ਼ਬੂਰ ਕਰ ਦੇਣਾ ਚਾਹੀਦਾ ਹੈ ਕਿ ਉਹ ਸਿੱਖਾਂ ਨੂੰ ਇਸ ਦੇਸ਼ ਦੇ ਅੰਗ ਮੰਨਦੀ ਹੈ ਜਾਂ ਨਹੀਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top