Share on Facebook

Main News Page

ਅਪਣੇ ਛੇਕੇ ਗਿਆਨੀ ਧਰਮ ਸਿੰਘ ਨਿਹੰਗ ਦੇ ਹੁਕਮਨਾਮੇ ਨੂੰ ਖ਼ੁਦ ਹੀ ਠੰਢੇ ਬਸਤੇ ਵਿਚ ਪਾਇਆ

ਅੰਮ੍ਰਿਤਸਰ, 12 ਜੁਲਾਈ (ਚਰਨਜੀਤ ਸਿੰਘ) : ਤਖ਼ਤਾਂ ਦੇ ਜਥੇਦਾਰਾਂ ਨੇ ਇਕ ਵਾਰ ਮੁੜ ਤੋਂ ਨਿਵੇਕਲਾ ਇਤਿਹਾਸ ਸਿਰਜਦਿਆਂ ਪਿਛਲੇ ਮਹੀਨੇ ਦੀ 15 ਤਰੀਕ ਨੂੰ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਚ ਬੈਠ ਕੇ ਅਪਣੇ ਛੇਕੇ ਗਿਆਨੀ ਧਰਮ ਸਿੰਘ ਨਿਹੰਗ ਦੇ ਹੁਕਮਨਾਮੇ ਨੂੰ ਖ਼ੁਦ ਹੀ ਠੰਢੇ ਬਸਤੇ ਵਿਚ ਪਾਉਂਦਿਆਂ ਭਾਈ ਧਰਮ ਸਿੰਘ ਦਾ ਕੇਸ ਅਦਾਲਤ ਵਿਚ ਚਲਣ ਤਕ ਇਸ ਕੇਸ ਦੀ ਸੁਣਵਾਈ ਅਦਾਲਤੀ ਫ਼ੈਸਲਾ ਹੋਣ ਤਕ ਅੱਗੇ ਪਾ ਦਿਤੀ ਹੈ। ਅੱਜ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਕਰੀਬ 4 ਘੰਟੇ ਚਲੀ ਜਥੇਦਾਰਾਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦਸਿਆ ਕਿ ਭਾਈ ਧਰਮ ਸਿੰਘ ਨਿਹੰਗ ਦਾ ਮਾਮਲਾ ਇਸ ਵਕਤ ਅਦਾਲਤ ਵਿਚ ਚਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਦ ਤਕ ਇਸ ਮਾਮਲੇ ਬਾਰੇ ਅਦਾਲਤ ਦਾ ਫ਼ੈਸਲਾ ਨਹੀਂ ਆ ਜਾਂਦਾ, ਉਦੋਂ ਤਕ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਫ਼ੈਸਲੇ ਤੇ ਰੋਕ ਰਹੇਗੀ। ਅਦਾਲਤ ਵਾਲੇ ਮਾਮਲੇ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਜਥੇਦਾਰ ਨੇ ਕਿਹਾ ਕਿ ਸਾਨੂੰ ਪਹਿਲਾਂ ਪਤਾ ਨਹੀਂ ਸੀ ਕਿ ਗਿਆਨੀ ਧਰਮ ਸਿੰਘ ਨਿਹੰਗ ਦਾ ਕੋਈ ਮਾਮਲਾ ਅਦਾਲਤ ਵਿਚ ਚਲ ਰਿਹਾ ਹੈ। ਉਨ੍ਹਾਂ ਦਸਿਆ ਕਿ ਸਾਡੇ ਕੋਲ ਭਾਈ ਧਰਮ ਸਿੰਘ ਨਿਹੰਗ ਦਾ ਪੁਰਾਣਾ ਪਤਾ ਮੌਜੂਦ ਸੀ ਜਿਸ ਤੇ ਅਸੀ ਚਿੱਠੀਆਂ ਭੇਜਦੇ ਰਹੇ ਪਰ ਗਿਆਨੀ ਧਰਮ ਸਿੰਘ ਨੂੰ ਸਾਡੀ ਭੇਜੀ ਕੋਈ ਚਿੱਠੀ ਮਿਲੀ ਹੀ ਨਹੀਂ। ਇਸ ਕਾਰਨ ਪਿਛਲੇ ਫ਼ੈਸਲੇ ਤੇ ਰੋਕ ਲਾਈ ਜਾਂਦੀ ਹੈ ਤੇ ਗਿਆਨੀ ਧਰਮ ਸਿੰਘ ਨਿਹੰਗ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਅਪਣੇ ਕੇਸ ਦੇ ਸਾਰੇ ਕਾਗ਼ਜ਼-ਪੱਤਰ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ। ਤਮਾਕੂ ਦੀ ਪੁੜੀ ਤੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਲਗਾ ਕੇ ਗਿਆਨੀ ਛਾਪ ਗੁਟਖਾ ਬਣਾਉਣ ਵਾਲੀ ਰਾਜਾਪੁਰ ਦੀ ਫ਼ਰਮ ਕੁਮਾਰ ਇੰਟਰਪ੍ਰਾਈਜ਼ਿਜ਼ ਦੇ ਮਾਲਕ ਸਤਿਆ ਨਾਰਾਇਣ ਕੇਸਰਵਾਣ੍ਯੀ ਵਲੋਂ ਭੇਜੇ ਮੁਆਫ਼ੀਨਾਮੇ ਤੇ ਫ਼ਰਾਖ਼-ਦਿਲੀ ਵਿਖਾਉਂਦਿਆਂ ਜਥੇਦਾਰ ਨੇ ਕੁਮਾਰ ਇੰਟਰਪ੍ਰਾਈਜ਼ਿਜ਼ ਨੂੰ ਇਸ ਬੱਜਰ ਗੁਨਾਹ ਕਰਨ ਤੇ ਮੁਆਫ਼ ਕਰ ਦਿਤਾ। ਜਥੇਦਾਰ ਨੇ ਕਿਹਾ, ਸਾਨੂੰ ਫ਼ਰਮ ਨੇ ਵਿਸ਼ਵਾਸ ਦਿਵਾਇਆ ਹੈ ਕਿ ਛਪੀ ਫ਼ੋਟੋ ਗ਼ਲਤੀ ਨਾਲ ਛਪ ਗਈ ਹੈ ਤੇ ਅਸੀ ਸਾਰਾ ਮਾਲ ਜ਼ਬਤ ਕਰ ਲਿਆ ਹੈ।

ਜੋ ਮਾਲ ਬਾਜ਼ਾਰ ਵਿਚ ਹੈ, ਉਸ ਨੂੰ ਵਾਪਸ ਮੰਗਵਾ ਰਹੇ ਹਾਂ ਅਤੇ ਫ਼ੈਕਟਰੀ ਬੰਦ ਕਰ ਰਹੇ ਹਾਂ। ਉਨ੍ਹਾਂ ਦਸਿਆ ਕਿ ਕੰਪਨੀ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ ਕਿ ਭਵਿੱਖ ਵਿਚ ਅਜਿਹੀ ਗ਼ਲਤੀ ਨਾ ਹੋਵੇ। ਬਿਆਸ ਦੇ ਇਕ ਪਿੰਡ ਦੀ ਪੱਤੀ ਵੜੈਚ ਦਾ ਗੁਰਦਵਾਰਾ ਰਾਧਾ ਸਵਾਮੀਆਂ ਵਲੋਂ ਢਾਹੇ ਜਾਣ ਦੇ ਮਾਮਲੇ ਨੂੰ ਵੀ ਠੰਢੇ ਬਸਤੇ ਵਿਚ ਪਾਉਂਦਿਆਂ ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੂੰ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀ ਭੇਜ ਕੇ ਸਾਰੇ ਮਾਮਲੇ ਦੀ 5 ਦਿਨਾਂ ਵਿਚ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਅਕਾਲ ਤਖ਼ਤ ਸਾਹਿਬ ਤੇ ਲਿਖ ਕੇ ਦੇ ਗਈ ਹੈ ਕਿ ਸਾਰੀ ਪ੍ਰਕਿਰਿਆ ਸਹੀ ਢੰਗ ਨਾਲ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਮਾਮਲਾ ਗੁਰੂ ਘਰ ਦੇ ਢਾਹੁਣ ਨਾਲ ਸਬੰਧਤ ਹੈ, ਇਸ ਲਈ ਸਾਰੇ ਮਾਮਲੇ ਦੀ ਤਹਿ ਤਕ ਜਾਣਾ ਬੇਹੱਦ ਜ਼ਰੂਰੀ ਹੈ।

ਜਥੇਦਾਰ ਨੇ ਦਸਿਆ ਕਿ ਅੱਜ ਦੀ ਮੀਟਿੰਗ ਵਿਚ ਰਾਜਸਥਾਨ ਦੇ ਸ਼ਹੀਦ ਨਗਰ ਬੁੱਢਾ ਜੋਹੜ ਅਤੇ ਗੰਗਾਨਗਰ ਦੇ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਵਾਦ ਬਾਰੇ ਮੀਟਿੰਗ ਵਿਚ ਵਿਚਾਰ ਕੀਤੀ ਗਈ ਜਿਸ ਵਿਚ ਗੁਰਦਵਾਰਾ ਬੁੱਢਾ ਜੋਹੜ ਟਰੱਸਟ ਦੇ ਕਾਫ਼ੀ ਸਮੇਂ ਤੋਂ ਚਲ ਰਹੇ ਵਿਵਾਦ ਸਬੰਧੀ ਟਰੱਸਟ ਦਾ ਵਿਧਾਨ ਮੰਗਵਾਇਆ ਜਾ ਰਿਹਾ ਹੈ ਤੇ ਇਸ ਮਾਮਲੇ ਤੇ ਅਗਲੀ ਮੀਟਿੰਗ ਵਿਚ ਵਿਚਾਰ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਗੰਗਾਨਗਰ ਦੇ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਸਾਰੇ ਪ੍ਰਬੰਧਕਾਂ ਦੇ ਅਸਤੀਫ਼ੇ ਮੰਗਵਾਏ ਸਨ, ਕੁੱਝ ਪ੍ਰਬੰਧਕਾਂ ਨੂੰ ਛੱਡ ਕੇ ਬਾਕੀ ਸਾਰੇ ਪ੍ਰਬੰਧਕਾਂ ਨੇ ਅਸਤੀਫ਼ੇ ਭੇਜ ਦਿਤੇ ਹਨ, ਬਾਕੀ ਸਾਰੇ ਪ੍ਰਬੰਧਕਾਂ ਨੇ ਅਸਤੀਫ਼ੇ ਭੇਜ ਦਿਤੇ ਹਨ। ਉਨ੍ਹਾਂ ਕਿਹਾ ਕਿ ਬਾਕੀ ਪ੍ਰਬੰਧਕਾਂ ਨੂੰ 7 ਦਿਨ ਦਾ ਸਮਾਂ ਦਿਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਅਪਣੇ ਅਸਤੀਫ਼ੇ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਦੀ ਹਦਾਇਤ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਦੀ ਆਪਸੀ ਖਿੱਚੋਤਾਣ ਕਰ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਰਧਾਰਤ ਸਮੇਂ ਵਿਚ ਅਸਤੀਫ਼ੇ ਨਾ ਭੇਜਣ ਦੀ ਸੂਰਤ ਵਿਚ ਅਕਾਲ ਤਖ਼ਤ ਸਾਹਿਬ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਿੰਡਾਂ ਅਤੇ ਸ਼ਹਿਰਾਂ ਵਿਚ ਜਾਤਾਂ ਦੇ ਨਾਮ ਤੇ ਬਣ ਰਹੇ ਜਾਂ ਪਹਿਲਾਂ ਤੋਂ ਬਣ ਚੁੱਕੇ ਗੁਰਦਵਾਰਿਆਂ ਨੂੰ ਮੰਦਭਾਗਾ ਦਸਦਿਆਂ ਜਥੇਦਾਰ ਨੇ ਕਿਹਾ ਕਿ ਜਾਤਾਂ ਦੇ ਆਧਾਰਤ ਬਣੇ ਗੁਰਦਵਾਰੇ ਆਪਸੀ ਭਾਈਚਾਰੇ ਨੂੰ ਵੀ ਢਾਹ ਲਾਉਂਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਜਾਂ ਸ਼ਹਿਰਾਂ ਵਿਚ ਦੋ ਤੋਂ ਵੱਧ ਗੁਰਦਵਾਰੇ ਛੱਡ ਕੇ ਬਾਕੀ ਗੁਰਦਵਾਰਿਆਂ ਦੀਆਂ ਇਮਾਰਤਾਂ ਨੂੰ ਸਮਾਜ ਭਲਾਈ ਦੇ ਕਾਰਜਾਂ ਵਿਚ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਪਿੰਡ ਵਿਚ ਇਕ ਗੁਰਦਵਾਰਾ ਹੋਵੇਗਾ, ਉਸ ਪਿੰਡ ਨੂੰ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਸ਼ੰਸਾ ਪੱਤਰ ਦਿਤਾ ਜਾਵੇਗਾ। ਮਾਨਸਾ ਦੇ ਪਿੰਡ ਝੁਨੀਰ ਦੇ ਇਕ ਆਦਰਸ਼ ਸਕੂਲ ਦੀ ਪ੍ਰਿੰਸੀਪਲ ਵਲੋਂ ਸਕੂਲ ਦੇ ਬੱਚਿਆਂ ਨੂੰ ਸੌਦਾ ਸਾਧ ਦੇ ਡੇਰੇ ਲਿਜਾਣ ਅਤੇ ਉਥੋਂ ਜਾਮ-ਇ-ਇੰਸਾਂ ਪਿਲਾਉਣ ਦੇ ਮਾਮਲੇ ਬਾਰੇ ਪੁਛੇ ਇਕ ਸਵਾਲ ਦੇ ਜਵਾਬ ਵਿਚ ਜਥੇਦਾਰ ਨੇ ਕਿਹਾ ਕਿ ਇਸ ਮਾਮਲੇ ਤੇ ਬਣਾਈ ਜਾਂਚ ਕਮੇਟੀ ਦੀ ਰੀਪੋਰਟ ਨੂੰ ਉਡੀਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਰੀਪੋਰਟ ਦੇ ਆਉਂਦੇ ਸਾਰ ਹੀ ਦੋਸ਼ੀ ਪਾਏ ਗਏ ਵਿਅਕਤੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਅੱਜ ਦੀ ਮੀਟਿੰਗ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਮੱਲ ਸਿੰਘ ਸ਼ਾਮਲ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top