Share on Facebook

Main News Page

ੴਸਤਿਗੁਰਪ੍ਰਸਾਦਿ ॥
ਪਾਪ ਕੀ ਜੰਝ (ਕਿਸ਼ਤ ਛੇਵੀਂ)

ਲੜੀ ਜੋੜਨ ਲਈ ਪੰਜਵੀਂ ਕਿਸ਼ਤ ਪੜੋ...

ਅਸਲ ਵਿੱਚ ਉਥੋਂ ਨਿਕਲ ਕੇ ਹਰਭਜਨ ਥੋੜੀ ਦੇਰ ਤਾਂ ਦਰਵਾਜ਼ੇ ਦੇ ਬਾਹਰ ਉਡੀਕਦਾ ਰਿਹਾ ਕਿ ਸ਼ਾਇਦ ਮਾਂ ਦਰਵਾਜ਼ਾ ਖੋਲ੍ਹੇ ਪਰ ਜਦੋਂ ਬਹੁਤ ਦੇਰ ਦਰਵਾਜ਼ਾ ਨਾ ਖੁੱਲਿਆ ਤਾਂ ਉਹ ਸਮਝ ਗਿਆ ਕਿ ਇਹ ਦਰਵਾਜ਼ਾ ਹੁਣ ਉਸ ਦੇ ਵਾਸਤੇ ਸੌਖਾ ਨਹੀਂ ਖੁੱਲਣਾ। ਭਾਵੇਂ ਉਸ ਨੂੰ ਆਪਣੇ ਪਿਤਾ ਦੇ ਦ੍ਰਿੜ ਇਰਾਦੇ ਦਾ ਪਤਾ ਸੀ ਪਰ ਉਹ ਸੋਚ ਕੇ ਆਇਆ ਸੀ ਕਿ ਮਾਂ ਦਾ ਦਿਲ ਹੈ, ਕੁੱਝ ਗੁੱਸਾ ਗਿਲਾ ਕਰਕੇ ਪਸੀਜ ਜਾਵੇਗਾ ਤੇ ਕੁੱਝ ਦਿਨਾਂ ਵਿੱਚ ਸਭ ਕੁੱਝ ਆਮ ਵਰਗਾ ਹੋ ਜਾਵੇਗਾ। ਆਪੇ ਮਾਂ ਪਿਤਾ ਨੂੰ ਵੀ ਮਨਾ ਲਵੇਗੀ, ਆਖਿਰ ਉਹ ਉਨ੍ਹਾਂ ਦਾ ਇਕਲੌਤਾ ਪੁੱਤਰ ਹੈ। ਉਸ ਨੂੰ ਯਾਦ ਸੀ ਕਿਵੇਂ ਉਸ ਦੀ ਥੋੜ੍ਹੀ ਜਿਹੀ ਤਕਲੀਫ ਤੇ ਮਾਂ ਆਪਾ ਵਾਰਨ ਨੂੰ ਤਿਆਰ ਹੋ ਜਾਂਦੀ ਸੀ ਪਰ ਜੋ ਦ੍ਰਿੜਤਾ ਅੱਜ ਉਸ ਆਪਣੀ ਮਾਂ ਅੰਦਰ ਵੇਖੀ ਸੀ ਉਸ ਤੋਂ ਉਹ ਹੈਰਾਨ ਸੀ। ਉਸ ਥੋੜ੍ਹੀ ਦੇਰ ਸੋਚਿਆ ਤੇ ਸਮਾਨ ਚੁੱਕ ਕੇ ਭੂਆ ਦੇ ਘਰ ਵੱਲ ਹੋ ਤੁਰਿਆ।

ਘੰਟੀ ਦੀ ਅਵਾਜ਼ ਸੁਣ ਕੇ ਹਰਨਾਮ ਕੌਰ ਨੇ ਦਰਵਾਜ਼ਾ ਖੋਲਿਆ ਤਾਂ ਹੈਰਾਨ ਰਹਿ ਗਈ, ਇਸ ਤੋਂ ਪਹਿਲਾਂ ਕਿ ਉਹ ਕੁੱਝ ਸਮਝ ਸਕਦੀ, ਹਰਭਜਨ ਨੇ ਪੈਰੀਂ ਹੱਥ ਲਾ ਕੇ ਭੂਆ ਜੀ... ਕਹਿੰਦੇ ਜੱਫੀ ਪਾ ਲਈ ਤੇ ਭੂਆ ਦੇ ਸੰਭਲਣ ਤੋਂ ਪਹਿਲਾਂ ਅੰਦਰ ਆ ਗਿਆ।

ਹਰਨਾਮ ਕੌਰ ਹੈਰਾਨ ਪ੍ਰੇਸ਼ਾਨ ਰਹਿ ਗਈ। ਅਸਲ ਵਿੱਚ ਪਹਿਲਾਂ ਨਾ ਤਾਂ ਉਹ ਹਰਭਜਨ ਨੂੰ ਪਛਾਣ ਸਕੀ ਤੇ ਨਾ ਹੀ ਕੁੱਝ ਸਮਝ ਸਕੀ ਕਿ ਕੀ ਹੋ ਰਿਹੈ। ਉਸ ਦੇ ਭੂਆ ਜੀ ਬੁਲਾਉਣ ਤੇ ਉਸ ਦੀ ਅਵਾਜ਼ ਤੋਂ ਉਹ ਪਛਾਣ ਤਾਂ ਗਈ, ਨਾਲੇ ਫੇਰ ਉਸ ਸ਼ਕਲ ਵੀ ਵੇਖ ਲਈ ਸੀ ਪਰ ਜਿਨੇਂ ਨੂੰ ਉਹ ਸੰਭਲਦੀ ਹਰਭਜਨ ਅੰਦਰ ਆ ਚੁੱਕਾ ਸੀ। ਉਸ ਨਾ ਤਾਂ ਉਸ ਦੇ ਸਿਰ ਤੇ ਜਾਂ ਪਿੱਠ ਤੇ ਹੱਥ ਫੇਰ ਕੇ ਪਿਆਰ ਦਿੱਤਾ ਤੇ ਨਾ ਹੀ ਮੂੰਹੋਂ ਕੁੱਝ ਬੋਲੀ। ਹਰਭਜਨ ਆਪੇ ਅੰਦਰ ਆ ਕੇ ਸੋਫੇ ਤੇ ਬੈਠ ਗਿਆ, ਉਸ ਵਾਸਤੇ ਕੁੱਝ ਵੀ ਨਵਾਂ ਨਹੀਂ ਸੀ ਇਸੇ ਘਰ ਵਿੱਚ ਉਹ ਆਪਣੇ ਘਰ ਵਾਂਗ ਖੇਡਦਾ ਰਿਹਾ ਸੀ। ਹਰਨਾਮ ਕੌਰ ਕੁੱਝ ਪੱਲ ਤਾਂ ਦਰਵਾਜ਼ੇ ਕੋਲ ਹੀ ਖਲੋ ਕੇ ਕੁੱਝ ਸੋਚਦੀ ਰਹੀ। ਫੇਰ ਰਸੋਈ ਵਿੱਚ ਜਾ ਕੇ ਪਾਣੀ ਦਾ ਗਲਾਸ ਲਿਆ ਕੇ ਹਰਭਜਨ ਅਗੇ ਰੱਖ ਦਿੱਤਾ ਤੇ ਉਥੋ ਜਾਣ ਲਗੀ ਸੀ ਕਿ ਹਰਭਜਨ ਬੋਲ ਪਿਆ, ਹੋਰ ਭੂਆ ਜੀ ਕੀ ਹਾਲ ਏ?

ਠੀਕ ਏ ਕਾਕਾ ! ਤੂੰ ਬੈਠ, ਮੈਂ ਆਈ ਕਹਿਕੇ ਉਹ ਤੁਰਨ ਹੀ ਲੱਗੀ ਸੀ ਕਿ ਅਵਾਜ਼ ਸੁਣ ਕੇ ਪੰਮੀ ਤੇ ਗੁੱਡੀ ਬਾਹਰ ਆ ਗਈਆਂ, ਤੇ ਓਪਰੇ ਜਿਹੇ ਬੰਦੇ ਨੂੰ ਬੈਠਾ ਵੇਖ ਕੇ ਮਾਂ ਵੱਲ ਸੁਆਲੀਆ ਨਜ਼ਰਾਂ ਨਾਲ ਵੇਖਣ ਲੱਗੀਆਂ, ਜਿਵੇਂ ਪੁੱਛ ਰਹੀਆਂ ਹੋਣ ਕਿ ਇਹ ਕੌਣ ਹੈ? ਇਸ ਤੋਂ ਪਹਿਲਾਂ ਕਿ ਉਹ ਕੁੱਝ ਬੋਲਦੀ ਹਰਭਜਨ ਨੇ ਉਠ ਕੇ ਪੰਮੀ... ਗੁੱਡੀ... ਕਹਿੰਦੇ ਹੋਏ, ਦੋਹਾਂ ਨੂੰ ਗਲਵੱਕੜੀ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਹੁਣ ਤੱਕ ਉਨ੍ਹਾਂ ਦੋਹਾਂ ਨੇ ਵੀ ਹਰਭਜਨ ਨੂੰ ਪਛਾਣ ਲਿਆ ਸੀ ਤੇ ਹੈਰਾਨ ਹੋ ਕੇ ਉਸ ਦੀ ਸ਼ਕਲ ਵੱਲ ਵੇਖ ਰਹੀਆਂ ਸਨ ਕਿ ਹਰਨਾਮ ਕੌਰ ਦੀ ਕੜਕਦੀ ਅਵਾਜ਼ ਸੁਣਾਈ ਦਿੱਤੀ, ਪੰਮੀ, ਗੁੱਡੀ ਤੁਸੀਂ ਅੰਦਰ ਚਲੋ। ਉਹ ਦੋਵੇਂ ਮਾਂ ਦੀ ਅਵਾਜ਼ ਤੋਂ ਮਸਲੇ ਦੀ ਗੰਭੀਰਤਾ ਦਾ ਅੰਦਾਜ਼ਾ ਲਾ ਚੁੱਕੀਆਂ ਸਨ। ਹਰਭਜਨ ਵੀ ਉਥੇ ਹੀ ਠਠੰਬਰ ਗਿਆ ਤੇ ਪੰਮੀ, ਗੁੱਡੀ ਵੀ ਅੰਦਰ ਚਲੀਆਂ ਗਈਆਂ। ਹਰਭਜਨ ਸਮਝ ਚੁੱਕਾ ਸੀ ਕਿ ਇਥੇ ਵੀ ਹਾਲਾਤ ਬਹੁਤ ਸੁਖਾਵੇਂ ਨਹੀਂ ਪਰ ਉਸ ਨੂੰ ਇਹ ਤਸਲੀ ਸੀ ਕਿ ਉਹ ਅੰਦਰ ਆ ਗਿਐ ਤੇ ਉਸ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲ ਜਾਵੇਗਾ। ਉਹ ਵਾਪਸ ਸੋਫੇ ਤੇ ਬੈਠ ਗਿਆ ਤੇ ਹਰਨਾਮ ਕੌਰ ਨੇ ਅੰਦਰ ਜਾਕੇ ਪਤੀ ਨੂੰ ਟੈਲੀਫੋਨ ਮਿਲਾਇਆ ਤੇ ਸਾਰੀ ਗੱਲ ਦੱਸੀ। ਅਮੋਲਕ ਸਿੰਘ ਨੇ ਨਾਮੀ ਨੂੰ ਉਸ ਨੂੰ ਬਿਠਾਉਣ ਲਈ ਕਿਹਾ ਤੇ ਨਾਲ ਹੀ ਹਿਦਾਇਤ ਕੀਤੀ ਕਿ ਉਹ ਬੱਚਿਆਂ ਨੂੰ ਉਸ ਦੇ ਨੇੜੇ ਨਾ ਆਉਣ ਦੇਵੇ। ਫੇਰ ਅਮੋਲਕ ਸਿੰਘ ਨੇ ਗੁਲਾਬ ਸਿੰਘ ਨੂੰ ਟੈਲੀਫੋਨ ਕਰਕੇ ਹਰਭਜਨ ਦੇ ਆਉਣ ਬਾਰੇ ਦੱਸਿਆ, ਉਹ ਨਹੀਂ ਸੀ ਚਾਹੂੰਦਾ ਕਿ ਗੁਲਾਬ ਹੋਰਾਂ ਨੂੰ ਇਹ ਮਹਿਸੂਸ ਹੋਵੇ ਕਿ ਉਨ੍ਹਾਂ ਹਰਭਜਨ ਨਾਲ ਕੋਈ ਨਰਮਾਈ ਵਰਤੀ ਏ। ਬੱਲੂ ਹੁਣ ਪੜ੍ਹਾਈ ਖਤਮ ਕਰ ਚੁੱਕਾ ਸੀ ਤੇ ਦੁਕਾਨ ਤੇ ਪਿਤਾ ਦੇ ਨਾਲ ਬੈਠਦਾ ਸੀ, ਅਮੋਲਕ ਸਿੰਘ ਨੇ ਉਸ ਨੂੰ ਦੁਕਾਨ ਸੰਭਾਲਣ ਲਈ ਕਿਹਾ ਤੇ ਆਪ ਘਰ ਜਾਣ ਲਈ ਜੁੱਤੀ ਪਾਉਣ ਲੱਗਾ। ਬਲਦੇਵ ਪਿਤਾ ਦੇ ਇਕ ਦਮ ਬਦਲੇ ਮਿਜ਼ਾਜ਼ ਤੋਂ ਹੈਰਾਨ ਸੀ, ਪੁੱਛਣ ਲੱਗਾ, ਦਾਰ ਜੀ ! ਹੋਇਆ ਕੀ ਏ, ਕਿਸ ਦਾ ਟੈਲੀਫੋਨ ਸੀ?

ਕੁੱਝ ਨਹੀਂ ਬੇਟਾ ! ਰਾਤੀ ਘਰ ਗੱਲ ਕਰਾਂਗੇ। ਇਸ ਤੋਂ ਪਹਿਲਾਂ ਕਿ ਬੱਲੂ ਹੋਰ ਕੁੱਝ ਬੋਲਦਾ ਜਾਂ ਪੁੱਛਦਾ ਅਮੋਲਕ ਸਿੰਘ ਬਾਹਰ ਨਿਕਲ ਗਿਆ।

ਅਸਲ ਵਿੱਚ ਉਨ੍ਹਾਂ ਅਜੇ ਤੱਕ ਆਪਣੇ ਬੱਚਿਆਂ ਨੂੰ ਇਸ ਮੱਦਭਾਗੀ ਘਟਨਾ ਬਾਰੇ ਕੁੱਝ ਨਹੀਂ ਸੀ ਦੱਸਿਆ। ਉਹ ਤਰੀਕੇ ਨਾਲ ਗੱਲ ਕਰਨ ਦਾ ਮੌਕਾ ਹੀ ਲੱਭ ਰਹੇ ਸਨ ਕਿ ਉਸ ਤੋਂ ਪਹਿਲਾਂ ਹੀ ਹਰਭਜਨ ਆਣ ਪੁੱਜਾ ਸੀ।

ਟੈਲੀਫੋਨ ਕਰਕੇ ਹਰਨਾਮ ਕੌਰ ਰਸੋਈ ਵਿੱਚ ਲੰਘ ਗਈ। ਅਸਲ ਵਿੱਚ ਅਮੋਲਕ ਸਿੰਘ ਦੇ ਘਰ ਆਉਣ ਤੱਕ ਉਹ ਹਰਭਜਨ ਨਾਲ ਕੋਈ ਗੱਲ ਨਹੀਂ ਸੀ ਕਰਨਾ ਚਾਹੁੰਦੀ ਤੇ ਆਪਣੇ ਆਪ ਨੂੰ ਰੁਝਾ ਵਿਖਾਉਣ ਦਾ ਬਹਾਨਾ ਲੱਭ ਰਹੀ ਸੀ। ਹਰਭਜਨ ਨੇ ਥੋੜੀ ਦੇਰ ਉਡੀਕਿਆ ਤੇ ਉਠ ਕੇ ਰਸੋਈ ਵੱਲ ਹੀ ਆ ਗਿਆ। ਦਰਵਾਜੇ ਵਿੱਚ ਖਲੋਕੇ ਹੀ ਬੋਲਿਆ, ਭੂਆ ਜੀ ! ਤੁਸੀਂ ਮੇਰੇ ਨਾਲ ਕੁੱਝ ਨਰਾਜ਼ ਜਾਪਦੇ ਓ?

ਹੋਰ ਤੂੰ ਕਰਤੂਤ ਖੁਸ਼ ਕਰਨ ਵਾਲੀ ਕੀਤੀ ਏ? ਹਰਨਾਮ ਕੌਰ ਨੇ ਤਿੱਖੇ ਲਹਿਜ਼ੇ ਵਿੱਚ ਵਾਪਸੀ ਸੁਆਲ ਕੀਤਾ।

ਭੂਆ ਜੀ ! ਤੁਸੀਂ ਆਓ, ਮੇਰੇ ਕੋਲ ਬੈਠੋ ਤਾਂ ਸਹੀ ਮੈਂ ਤੁਹਾਨੂੰ ਦਸਾਂ, ਬਾਹਰ ਵਿਦੇਸ਼ਾਂ ਵਿੱਚ ਆਪਣੇ ਆਪ ਨੂੰ ਸਥਾਪਤ ਕਰਨਾ ਕਿੱਡਾ ਔਖੈ। ਹਰਭਜਨ ਨੇ ਕੋਸ਼ਿਸ਼ ਕੀਤੀ ਕਿ ਕੁੱਝ ਗਲਬਾਤ ਸ਼ੁਰੂ ਹੋਵੇ ਤੇ ਆਪਣੀਆਂ ਦਲੀਲਾਂ ਨਾਲ ਉਹ ਭੂਆ ਨੂੰ ਪਤਿਆਉਣ ਦੀ ਕੋਸ਼ਿਸ਼ ਕਰੇ। ਉਹ ਇਹ ਵੀ ਸਮਝਦਾ ਸੀ ਕਿ ਹੁਣ ਭੂਆ ਹੀ ਉਸ ਦਾ ਆਖਰੀ ਸਹਾਰਾ ਹੈ, ਕਿਉਂਕਿ ਉਹ ਉਸਦੀ ਮਾਂ ਤੇ ਪਿਤਾ ਨੂੰ ਵੀ ਮਨਾ ਸਕਦੀ ਹੈ, ਉਸ ਨੂੰ ਪਤਾ ਸੀ ਕਿ ਗੁਲਾਬ ਸਿੰਘ ਭੈਣ ਦਾ ਕਿਹਾ ਸੌਖਾ ਨਹੀਂ ਮੋੜਦਾ।

ਬੈਠਕ ਵਿੱਚ ਬਹਿ ਜਾ ਕਾਕਾ ! ਆ ਰਹੇ ਨੇ ਤੇਰੇ ਭਾਈਆ ਜੀ, ਉਨ੍ਹਾਂ ਨੂੰ ਦੱਸੀਂ ਹਰਨਾਮ ਕੌਰ ਨੇ ਖਹਿੜਾ ਛੁਡਾਉਣ ਦੇ ਅੰਦਾਜ਼ ਵਿੱਚ ਕਿਹਾ ਤੇ ਰਸੋਈ ਚੋਂ ਨਿਕਲ ਕੇ ਆਪਣੇ ਕਮਰੇ ਵੱਲ ਲੰਘ ਗਈ। ਕਿਉਂਕਿ ਗੁਲਾਬ ਸਿੰਘ ਹੋਰੀਂ ਅਮੋਲਕ ਸਿੰਘ ਨੂੰ ਭਾਈਆ ਜੀ ਬੁਲਾਉਂਦੇ ਸਨ ਉਨ੍ਹਾਂ ਦੇ ਵੇਖਾ ਵੇਖੀ ਉਨ੍ਹਾਂ ਦੇ ਬੱਚੇ ਵੀ ਭਾਈਆਂ ਜੀ ਹੀ ਬੁਲਾਉਂਦੇ ਸਨ।

ਹਰਭਜਨ ਸਿਰ ਸੁੱਟ ਕੇ ਸੋਫੇ ਤੇ ਆ ਬੈਠਾ, ਉਸ ਨੂੰ ਇਹ ਆਖਰੀ ਉਮੀਦ ਵੀ ਟੁਟਦੀ ਨਜ਼ਰ ਆਈ। ਏਨੇ ਨੂੰ ਸਾਈਕਲ ਦੀ ਘੰਟੀ ਵਜੀ ਤੇ ਫੇਰ ਦਰਵਾਜ਼ਾ ਖੜਕਣ ਦੀ ਅਵਾਜ਼ ਆਈ। ਹਰਨਾਮ ਕੌਰ ਦਾ ਤਾਂ ਧਿਆਨ ਹੀ ਦਰਵਾਜ਼ੇ ਵੱਲ ਲੱਗਾ ਹੋਇਆ ਸੀ। ਉਸ ਸਾਈਕਲ ਦੀ ਘੰਟੀ ਦੀ ਅਵਾਜ਼ ਪਛਾਣ ਲਈ ਤੇ ਦੌੜ ਕੇ ਜਾਕੇ ਦਰਵਾਜ਼ਾ ਖੋਲਿਆ।

ਅਮੋਲਕ ਸਿੰਘ ਨੇ ਸਾਈਕਲ ਡਿਉਡੀ ਦੇ ਵਿੱਚ ਖੜ੍ਹੀ ਕੀਤੀ ਤੇ ਬੈਠਕ ਵੱਲ ਵਧਿਆ ਤਾਂ ਹਰਭਜਨ ਛੇਤੀ ਨਾਲ ਉਠ ਕੇ ਸਤਿ ਸ੍ਰੀ ਅਕਾਲ ਭਾਈਆ ਜੀ ਕਹਿੰਦਾ ਹੋਇਆ ਪੈਰੀਂ ਹੱਥ ਲਾਉਣ ਲਈ ਅਗੇ ਆਇਆ। ਅਮੋਲਕ ਸਿੰਘ ਨੇ ਉਥੋਂ ਹੀ ਹੱਥ ਦਾ ਇਸ਼ਾਰਾ ਕਰਕੇ ਰੋਕਦੇ ਹੋਏ ਕਿਹਾ, ਬੈਠ ਕਾਕਾ ! ਬੈਠ। ਤੇ ਆਪ ਸਾਹਮਣੇ ਸੋਫੇ ਦੀ ਕੁਰਸੀ ਤੇ ਬੈਠ ਗਿਆ। ਉਸ ਨੇ ਪੱਲ ਭਰ ਸੋਚਿਆ ਕਿ ਗੱਲ ਕਿਥੋਂ ਸ਼ੁਰੂ ਕਰੇ ਤੇ ਬੋਲਿਆ, ਕਦੋਂ ਆਇਐ?

ਜੀ ਰਾਤ ਦਿੱਲੀ ਉਤਰਿਆ ਸੀ, ਦੁਪਹਿਰ ਤੋਂ ਬਾਅਦ ਹੀ ਕਾਨਪੁਰ ਪੁੱਜਾਂ। ਹਰਭਜਨ ਨੇ ਵੀ ਛੋਟਾ ਜਿਹਾ ਜੁਆਬ ਦਿੱਤਾ ਤੇ ਉਂਝ ਹੀ ਸਿਰ ਨੀਵਾਂ ਕਰਕੇ ਬੈਠਾ ਰਿਹਾ। ਉਹ ਸਮਝ ਰਿਹਾ ਸੀ ਕਿ ਇਸ ਵੇਲੇ ਉਹ ਇਕ ਗੁਨਾਹਗਾਰ ਦੀ ਸਥਿਤੀ ਵਿੱਚ ਹੈ।

ਥੋੜੀ ਦੇਰ ਦੋਵੇਂ ਪਾਸਿਓ ਚੁੱਪ ਰਹੀ ਤੇ ਫੇਰ ਅਮੋਲਕ ਸਿੰਘ ਨੇ ਪੁੱਛਿਆ, ਕਾਕਾ ! ਤੂੰ ਇਹ ਕੀ ਕਰਮ ਕੀਤਾ ਹੈ?

ਭਾਈਆ ਜੀ ! ਤੁਸੀਂ ਕੀ ਸਮਝਦੇ ਹੋ, ਮੇਰੇ ਵਾਸਤੇ ਇਹ ਫੈਸਲਾ ਸੌਖਾ ਸੀ?, ਮੈਨੂੰ ਦੁੱਖ ਨਹੀਂ ਲੱਗਾ? ਪਰ ਉਥੇ ਵਿਦੇਸ਼ ਵਿੱਚ ਜਾ ਕੇ ਵੱਡੀਆਂ ਮਜਬੂਰੀਆਂ ਬਣ ਜਾਂਦੀਆਂ ਨੇ। ਪਹਿਲਾਂ ਤਾਂ ਪੜ੍ਹਾਈ ਕਰਨ ਵਾਸਤੇ ਨਾਲ ਨੌਕਰੀ ਕਰਨੀ ਜ਼ਰੂਰੀ ਏ, ਤੇ ਦਾਹੜੀ ਕੇਸਾਂ ਵਾਲੇ ਨੂੰ ਉਥੇ ਕੋਈ ਸੌਖਾ ਨੌਕਰੀ ਨਹੀਂ ਦੇਂਦਾ...। ਹਰਭਜਨ ਆਪਣੇ ਲਫਜ਼ਾਂ ਨੂੰ ਭਾਵੁਕ ਬਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਪਹਿਲਾਂ ਤਾਂ ਤੂੰ ਕੋਰਾ ਝੂਠ ਬੋਲ ਰਿਹੈਂ, ਉਥੇ ਬਥੇਰੇ ਸਾਬ੍ਹਤ ਸੂਰਤ ਸਿੱਖ ਨੇ, ਤੇ ਚੰਗੇ ਅਹੁਦਿਆਂ ਤੇ ਸਥਾਪਤ ਨੇ, ਹੋਰ ਵੱਡੇ ਕਾਰੋਬਾਰ ਵੀ ਕਰ ਰਹੇ ਨੇ, ਬਲਕਿ ਉਥੇ ਦੇ ਲੋਕ, ਉਨ੍ਹਾਂ ਦੇ ਆਪਣੇ ਧਰਮ ਤੇ ਪੱਕੇ ਹੋਣ ਕਰ ਕੇ, ਉਨ੍ਹਾਂ ਅੰਦਰ ਗੁਰਮਤਿ ਦੇ ਲਾਸਾਨੀ ਗੁਣਾਂ ਦੀ ਖੁਸ਼ਬੋ ਹੋਣ ਕਰਕੇ, ਉਨ੍ਹਾਂ ਦਾ ਵਧੇਰੇ ਸਤਿਕਾਰ ਕਰਦੇ ਨੇ। ਇਹ ਠੀਕ ਹੈ ਕਿ ਮੈਂ ਆਪ ਵਲੈਤ ਨਹੀਂ ਗਿਆ ਪਰ ਉਥੇ ਦੇ ਹਾਲਾਤ ਬਾਰੇ ਕਾਫੀ ਜਾਣਦਾ ਹਾਂ। ਫੇਰ ਜੇ ਐਸੀ ਕੋਈ ਮਜਬੂਰੀ ਸੀ, ਤਾਂ ਵਾਪਸ ਆ ਜਾਂਦੋਂ। ਇਥੇ ਕਿਸ ਚੀਜ ਦੀ ਕਮੀ ਹੈ? ਅਸੀਂ ਤਾਂ ਤੇਰੇ ਸ਼ੌਕ ਕਾਰਨ ਤੈਨੂੰ ਭੇਜਿਆ ਸੀ ਨਾ ਕਿ ਇਸ ਵਾਸਤੇ ਕਿ ਤੂੰ ਉਥੋਂ ਕਮਾ ਕੇ ਭੇਜੇਂਗਾ ਤੇ ਇਥੇ ਰੋਟੀ ਦਾ ਡੰਗ ਚਲੇਗਾ। ਦਸ ਅੱਜ ਤੱਕ ਤੈਥੌਂ ਕਿਸੇ ਕੁੱਝ ਮੰਗਿਐ? ਸਦਾ ਭੇਜਿਆ ਹੀ ਹੈ। ਭੇਜਿਆ ਤਾਂ ਤੈਨੂੰ ਤਰੱਕੀ ਕਰਨ ਸੀ ਤੇ ਤਰੱਟੀ ਕਰ ਕੇ ਆ ਗਿਐਂ? ਹਰਭਜਨ ਗੱਲ ਕਰਦਾ ਜ਼ਰਾ ਜਿਹਾ ਰੁਕਿਆ ਹੀ ਸੀ ਕਿ ਅਮੋਲਕ ਸਿੰਘ ਵਿੱਚੋਂ ਹੀ ਬੋਲ ਪਿਆ।

ਨਹੀਂ ਭਾਈਆ ਜੀ ! ਇਹ ਸਾਰਾ ਸੱਚ ਨਹੀਂ ਹੈ। ਇਹ ਠੀਕ ਹੈ ਕਿ ਉਥੇ ਕਾਫੀ ਸਾਬ੍ਹਤ ਸੂਰਤ ਸਿੱਖ ਨੇ, ਪਰ ਨਵੇਂ ਬੰਦੇ ਨੂੰ ਸੰਘਰਸ਼ ਕਰਨ ਲਈ ਬਹੁਤ ਸਮਝੌਤੇ ਕਰਨੇ ਪੈਂਦੇ ਨੇ। ਉਥੇ ਦੀ ਜ਼ਿੰਦਗੀ ਹੀ ਇਤਨੀ ਰੁਝੇਵਿਆਂ ਭਰੀ ਹੈ ਕਿ ਕਈ ਵਾਰੀ ਰੋਟੀ ਖਾਣ ਦਾ ਸਮਾਂ ਵੀ ਨਹੀਂ ਮਿਲਦਾ। ਨਾਲੇ ਪੜ੍ਹਾਈ ਕਰਨੀ ਤੇ ਨਾਲ ਨੌਕਰੀ ਕਰਨੀ, ਬਸ ਹਰ ਵੇਲੇ ਨੱਠ-ਭੱਜ ਹੁੰਦੀ ਹੈ। ਫਿਰ ਐਸੇ ਹਾਲਾਤ ਵਿੱਚ ਕੇਸਾਂ ਦਾਹੜੀ ਦੀ ਸੰਭਾਲ ਲਈ ਸਮਾਂ ਹੀ ਕਿੱਥੇ ਮਿਲਦੈ....? ਹਰਭਜਨ ਨੇ ਦੂਜਾ ਪੈਂਤਰਾ ਸੁੱਟਿਆ

ਕੀ ਬਕਵਾਸ ਕਰ ਰਿਹੈਂ? ਅਮੋਲਕ ਸਿੰਘ ਦੇ ਚਿਹਰੇ ਤੇ ਇਕ ਦੱਮ ਰੋਹ ਭਰ ਆਇਆ, ਰੋਜ਼ ਦਾੜ੍ਹੀ ਮੁੰਨਣ ਤੇ, ਦਾੜ੍ਹੀ ਕੇਸਾਂ ਦੀ ਸੰਭਾਲ ਨਾਲੋਂ ਕਿਤੇ ਵੱਧ ਸਮਾਂ ਲਗਦੈ। ਇਹ ਅਕਾਲ-ਪੁਰਖ ਦਾ ਬਖਸ਼ਿਆ ਸਰੂਪ ਤਾਂ ਇਤਨਾ ਸਹਜ ਹੈ ਕਿ ਕੇਸਾਂ ਦਾੜ੍ਹੀ ਤੇ ਕੰਘਾ ਫੇਰਿਆ ਉਤੇ ਦਸਤਾਰ ਸਜਾਈ ਤੇ ਸਿੰਘ ਤਿਆਰ।....ਕਿਉਂ ਤੂੰ ਆਪਣੀ ਗਲਤੀ ਨੂੰ ਮੰਨਣ ਦੀ ਬਜਾਏ ਹੋਰ ਬਹਾਨੇ ਬਾਜੀਆਂ ਕਰ ਰਿਹੈਂ? ......ਸਿੱਖ ਸਿਰ ਤਾਂ ਕਟਾ ਲੈਂਦੈ ਪਰ ਕੇਸ ਨਹੀਂ ਕਟਾਉਂਦਾ...... ਆਪਣੇ ਸਿਰ ਦੀ ਖੋਪਰੀ ਲੁਹਾ ਲੈਂਦੇ, ਪੜ੍ਹਿਆ ਨਹੀਂ ਤੂੰ ਭਾਈ ਤਾਰੂ ਸਿੰਘ ਦਾ ਇਤਹਾਸ?....... ਸਦਾ ਸਿਰਫ ਗੁਰੂ ਗ੍ਰੰਥ ਸਾਹਿਬ ਅੱਗੇ ਨਿਊਣ ਵਾਲੇ ਸਿਰ ਨੂੰ ਕਿਸੇ ਨਾਈ ਅੱਗੇ ਨਿਵਾਉਂਦਿਆ ਤੈਨੂੰ ਸ਼ਰਮ ਨਾ ਆਈ? ਤੂੰ ਮਰ ਨਾ ਗਿਉਂ ਸ਼ਰਮ ਨਾਲ......ਕਿਥੇ ਗਈ ਸੀ ਤੇਰੀ ਗੈਰਤ? ਗੁਰੂ ਤੋਂ ਬੇਮੁੱਖ ਹੁੰਦਿਆਂ ਤੈਨੂੰ ਇਹ ਵੀ ਧਿਆਨ ਨਹੀਂ ਆਇਆ ਕਿ ਮਾਤਾ ਪਿਤਾ ਦੀ ਕੀ ਹਾਲਤ ਹੋਵੇਗੀ?... ਉਹ ਜਿਊਂਦੇ ਮਰ ਜਾਣਗੇ। ਦੇਸ਼ ਦੀ ਵੰਡ ਸਮੇਂ ਸਾਡੇ ਸਮੇਤ ਲੱਖਾਂ ਸਿੱਖ ਪਰਿਵਾਰ ਆਪਣਾ ਧਰਮ ਬਚਾਉਣ ਲਈ ਆਪਣਾ ਜਨਮ ਦਾ ਦੇਸ਼, ਆਪਣੇ ਵਸਦੇ ਰਸਦੇ ਘਰ ਬਾਰ ਛੱਡ ਆਏ ਸਨ, ਹਜ਼ਾਰਾਂ ਸ਼ਹੀਦ ਹੋ ਗਏ ਸਨ ਕਿ ਆਪਣਾ ਧਰਮ ਨਹੀਂ ਛਡਣਾ। ਗਲ ਤਾਂ ਇਤਨੀ ਸੀ ਕਿ ਆਪਣਾ ਧਰਮ ਛੱਡ ਕੇ ਮੁਸਲਮਾਨ ਬਣ ਜਾਂਦੇ, ਬਾਕੀ ਸਭ ਕੁੱਝ ਉਂਝੇ ਦਾ ਉਂਝੇ ਰਹਿਣਾ ਸੀ। ਕੋਈ ਸੰਤਾਪ ਨਹੀਂ ਸੀ ਭੋਗਣਾ ਪੈਣਾ। ਬੜੇ ਦੁੱਖ ਦੀ ਗੱਲ ਹੈ ਤੂੰ ਆਪਣੀ ਗਲਤੀ ਮਹਿਸੂਸ ਕਰਨ ਦੀ ਬਜਾਏ ਢੁਚਕਰਾਂ ਲੱਭ ਰਿਹੈਂ। ਅਮੋਲਕ ਸਿੰਘ ਨੇ ਠੰਡਾ ਹਉਕਾ ਲੈਂਦੇ ਹੋਏ ਕਿਹਾ, ਬੋਲਦੇ ਬੋਲਦੇ ਉਸ ਦਾ ਗਲਾ ਤੇ ਅੱਖਾਂ ਭਰ ਆਏ ਸਨ। ਜਾਪਦਾ ਸੀ ਹਰਭਜਨ ਦੇ ਇਸ ਜੁਆਬ ਨੇ ਉਸ ਨੂੰ ਕਾਫੀ ਪ੍ਰੇਸ਼ਾਨ ਕਰ ਦਿੱਤਾ ਸੀ। ਪੰਮੀ ਤੇ ਗੁੱਡੀ ਵੀ ਦਰਵਾਜ਼ੇ ਵਿੱਚ ਖੜ੍ਹੀਆਂ ਸਭ ਸੁਣ ਰਹੀਆਂ ਸਨ। ਹਰਨਾਮ ਕੌਰ ਚੁੱਪ ਕਰ ਕੇ ਕੋਲ ਬੈਠੀ ਸੀ।

ਭਾਈਆ ਜੀ ! ਤੁਸੀਂ ਇਹ ਕਿਵੇਂ ਆਖਿਐ ਕਿ ਮੈਂ ਗੁਰੂ ਤੋਂ ਬੇਮੁੱਖ ਹੋ ਗਿਆਂ? ਸਿੱਖੀ ਤਾਂ ਮੇਰੇ ਮਨ ਵਿੱਚ ਹੈ, ਮੈਂ ਅੱਜ ਵੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ। ਤੁਸੀਂ ਕੇਵੱਲ ਕੇਸਾਂ ਨੂੰ ਇਤਨੀ ਮਹੱਤਤਾ ਕਿਉਂ ਦੇ ਰਹੇ ਹੋ? ਕੀ ਕੇਵੱਲ ਲੰਮੇ ਵਾਲ ਰੱਖਣ ਨਾਲ ਹੀ ਸਿੱਖ ਬਣੀਦੈ....? ਹਰਭਜਨ ਨੇ ਵੀ ਕੁੱਝ ਉਚੀ ਅਵਾਜ਼ ਵਿੱਚ, ਭਾਵਕ ਹੋਣ ਦਾ ਡਰਾਮਾ ਕਰਦੇ ਹੋਏ ਕਿਹਾ।

ਅੱਛਾ ! ਮੈਨੂੰ ਵੀ ਵਿਖਾ ਜ਼ਰਾ ਇਹ ਮਨ ਦੀ ਸਿੱਖੀ ! ਗੁਰੂ ਤੋਂ ਬੇਮੁੱਖ ਹੋਣ ਦੀ ਰਸੀਦ ਤਾਂ ਤੇਰੇ ਚਿਹਰੇ ਤੇ ਲੱਗੀ ਹੋਈ ਏ...., ਜੋ ਹਰ ਕਿਸੇ ਨੂੰ ਨਜ਼ਰ ਆ ਰਹੀ ਏ।...... ਕਾਕਾ ! ਪਹਿਲਾਂ ਮਨ ਚੋਂ ਗੁਰੂ ਦਾ ਪਿਆਰ ਤੇ ਸਿੱਖੀ ਦਾ ਸਤਿਕਾਰ ਮੁਕਦੈ ਤਾਂ ਹੀ ਪੈਰ ਨਾਈ ਦੀ ਦੁਕਾਨ ਵੱਲ ਜਾਂਦੇ ਨੇ। ਅਮੋਲਕ ਸਿੰਘ ਦੇ ਬੋਲਾਂ ਚੋਂ ਵਿਅੰਗ ਤੇ ਗੁੱਸਾ ਦੋਵੇਂ ਝਲਕ ਰਹੇ ਸਨ। ਬੇਸ਼ਕ ਸਿੱਖੀ ਸਿਰਫ ਕੇਸ ਰੱਖਣ ਨਾਲ ਹੀ ਨਹੀਂ ਆਉਂਦੀ, ਸਿੱਖੀ ਕਿਰਦਾਰ ਦੇ ਗੁਣ ਧਾਰਨ ਕਰਨੇ ਵੀ ਉਤਨੇ ਹੀ ਜ਼ਰੂਰੀ ਨੇ, ਪਰ, ਕੇਸ ਕਟਾਉਣ ਵਾਲਾ ਵੀ ਸਿੱਖ ਬਿਲਕੁਲ ਨਹੀਂ ਹੋ ਸਕਦਾ ਅਮੋਲਕ ਸਿੰਘ ਨੇ ਉਂਗਲੀ ਚੁੱਕ ਕੇ ਨਿਰਣਾ ਦੇਣ ਦੇ ਤਰੀਕੇ ਨਾਲ ਕਿਹਾ, ਉਸ ਮਾੜਾ ਜਿਆ ਸਾਹ ਲਿਆ ਤੇ ਫੇਰ ਬੋਲਿਆ, ਅਸਲ ਵਿੱਚ ਸਿੱਖੀ ਤਾਂ ਹੈ ਆਪਣੇ ਸਤਿਗੁਰੂ ਦਾ ਆਦੇਸ਼ ਮੰਨਣਾ। ਬੇਸ਼ਕ ਸਤਿਗੁਰੂ ਦੇ ਆਦੇਸ਼ ਅਨੁਸਾਰ ਹੀ ਗੁਰਮਤਿ ਅਨੁਸਾਰ ਜੀਵਨ ਜੀਣਾ ਜ਼ਰੂਰੀ ਹੈ ਪਰ ਜੇ ਸਤਿਗੁਰੂ ਨੇ ਆਦੇਸ਼ ਦਿੱਤਾ ਹੈ ਕਿ ਸਿੱਖ ਨੇ ਵਾਲ ਨਹੀਂ ਕਟਾਉਣੇ, ਸਾਬ੍ਹਤ ਸੂਰਤ ਰਹਿਣਾ ਹੈ ਤਾਂ ਇਸ ਨਾਲ ਬਿਲਕੁਲ ਕੋਈ ਸਮਝੌਤਾ ਨਹੀਂ ਹੋ ਸਕਦਾ, ਬਲਕਿ ਇਹ ਵੀ ਗੁਰਮਤਿ ਅਨੁਸਾਰ ਜੀਵਨ ਜਿਊਣ ਦਾ ਹੀ ਇਕ ਹਿੱਸਾ ਹੈ, ਅਕਾਲ-ਪੁਰਖ ਦੀ ਪੂਰਨ ਰਜ਼ਾ ਵਿੱਚ ਰਹਿਣਾ।........ਮੈਨੂੰ ਇਕ ਗੱਲ ਦੀ ਸਮਝ ਨਹੀਂ ਲੱਗੀ ਕਿ ਤੂੰ ਕਿਸ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹੈਂ?....... ਮੈਨੂੰ ਕਿ ਆਪਣੇ ਆਪ ਨੂੰ? .....ਕਾਕਾ ! ਮੈਨੂੰ ਤਾਂ ਆਸ ਸੀ ਆਪਣੇ ਪਿਤਾ ਦੀ ਚਿੱਠੀ ਤੋਂ ਬਾਅਦ ਤੇਰੇ ਵਿੱਚ ਤਬਦੀਲੀ ਆ ਗਈ ਹੋਵੇਗੀ, ਤੇਰੇ ਅੰਦਰ ਆਪਣੇ ਗਲਤ ਕਰਮਾਂ ਪ੍ਰਤੀ ਪਛਤਾਵਾ ਹੋਵੇਗਾ ਪਰ ਤੂੰ ਤਾਂ ਆਪਣੇ ਗਲਤ ਕਰਮਾਂ ਨੂੰ ਠੀਕ ਠਹਿਰਾਉਣ ਲਈ ਗਲਤ ਦਲੀਲਾਂ ਦੇ ਰਿਹੈਂ?

ਨਹੀਂ ਭਾਈਆ ਜੀ ! ਇਹ ਠੀਕ ਨਹੀਂ, ਮੈਂ ਆਪਣੀ ਭੁੱਲ ਮੰਨਦਾ ਹਾਂ ਪਰ ਤੁਸੀਂ ਵੀ ਤਾਂ ਮੇਰੀ ਮਜਬੂਰੀ ਸਮਝਣ ਦੀ ਕੋਸ਼ਿਸ਼ ਕਰੋ ਹਰਭਜਨ ਨੇ ਇਕ ਦੱਮ ਨਰਮ ਹੁੰਦੇ ਅਤੇ ਅੱਖਾਂ ਵਿੱਚ ਅਥਰੂ ਭਰਦੇ ਹੋਏ ਕਿਹਾ। ਉਹ ਸਮਝ ਰਿਹਾ ਸੀ ਕਿ ਉਸ ਦੀਆਂ ਦਲੀਲਾਂ ਨੇ ਕੁੱਝ ਫਾਇਦਾ ਕਰਨ ਦੀ ਬਜਾਏ ਨੁਕਸਾਨ ਹੀ ਕੀਤਾ ਸੀ। ਇਸ ਨਾਲ ਅਮੋਲਕ ਸਿੰਘ ਸਗੋਂ ਗੁੱਸੇ ਵਿੱਚ ਆ ਗਿਐ, ਸੋ ਉਸ ਨੇ ਅਗਲਾ ਪੈਂਤਰਾ ਬਦਲਿਆ।

ਕਿਹੜੀ ਮਜਬੂਰੀ ਕਾਕਾ ! ਮੈਨੂੰ ਵੀ ਤਾਂ ਦਸ?...ਮੈਂ ਤਾਂ ਪਹਿਲਾਂ ਆਖਿਐ, ਜੇ ਉਥੇ ਕੋਈ ਮਜਬੂਰੀ ਹੈ ਤਾਂ ਇਥੇ ਘਰ ਵਾਪਸ ਆ ਜਾ। ਨਾਲੇ ਹੁਣ ਤਾਂ ਤੇਰੀ ਪੜ੍ਹਾਈ ਪੂਰੀ ਹੋ ਹੀ ਚੁੱਕੀ ਹੈ....। ਅਮੋਲਕ ਸਿੰਘ ਨੇ ਵੀ ਆਪਣਾ ਰੁੱਖ ਕੁੱਝ ਨਰਮ ਕਰਦੇ ਹੋਏ ਕਿਹਾ।

ਨਹੀਂ ਭਾਈਆ ਜੀ ! ਇਕ ਤਾਂ ਮੈਂ ਅਜੇ ਥੋੜ੍ਹਾ ਹੋਰ ਪੜ੍ਹਨਾ ਚਾਹੁੰਦਾ ਹਾਂ... ਨਾਲੇ ਮੈਂ ਹੁਣ ਉਥੇ ਹੀ ਵਸਣ ਦਾ ਮਨ ਬਣਾ ਲਿਐ। ਉਥੇ ਦੇ ਜੀਵਨ ਤੇ ਇਥੇ ਦੇ ਜੀਵਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਏ। ਹਰਭਜਨ ਨੇ ਸਿਰ ਨੀਵਾਂ ਕਰ ਕੇ ਆਖਿਆ।

ਹਾਂ ! ਇੰਝ ਕਹਿ ਨਾ ਕਿ ਤੈਨੂੰ ਉਥੇ ਦੇ ਭੜਕੀਲੇ ਜੀਵਨ ਦੀ ਚਮਕ-ਦਮਕ ਨੇ ਭਰਮਾ ਲਿਐ ਪਰ ਤੈਨੂੰ ਤਾਂ ਐਸਾ ਸੋਚਣਾ ਹੀ ਨਹੀਂ ਚਾਹੀਦਾ, ਤੂੰ ਇਕੋ-ਇਕ ਤਾਂ ਪੁੱਤਰ ਹੈ, ਗੁਲਾਬ ਸਿੰਘ ਬਲਬੀਰ ਕੌਰ ਦਾ ਜੀਵਨ ਕਿਸ ਦੇ ਸਹਾਰੇ ਬੀਤਣੈ? ਪਰ ਚਲੋ ਜੇ ਤੂੰ ਉਥੇ ਵਸਣਾ ਵੀ ਚਾਹੁੰਦੈ ਤਾਂ ਆਪਣੇ ਧਰਮ ਤੇ ਪੱਕਾ ਰਹਿ, ਸਿੱਖੀ ਸਰੂਪ ਵਿੱਚ ਵਾਪਸ ਆ ਜਾ, ਫੇਰ ਜਿਥੇ ਮਰਜ਼ੀ ਵੱਸ।

ਮੈਂ ਆਪਣੇ ਮਾਤਾ ਪਿਤਾ ਪ੍ਰਤੀ ਆਪਣੇ ਫਰਜ਼ ਤੋਂ ਮੁਨਕਰ ਨਹੀਂ ਹਾਂ, ਜ਼ਰਾ ਚੰਗੀ ਤਰ੍ਹਾਂ ਸਥਾਪਤ ਹੋ ਜਾਵਾਂ, ਮੰਮੀ ਤੇ ਪਿਤਾ ਜੀ ਨੂੰ ਵੀ ਉਥੇ ਹੀ ਲੈ ਜਾਵਾਂਗਾ......।

ਪਰ ਤੂੰ ਇਹ ਸੋਚਿਆ ਵੀ ਕਿਵੇਂ ਹੈ ਕਿ ਜਿਹੜੇ ਤੇਰੀ ਇਹ ਪਤਿਤ ਸੂਰਤ ਵੇਖਣ ਨੂੰ ਵੀ ਤਿਆਰ ਨਹੀਂ, ਉਹ ਇਸ ਤਰ੍ਹਾਂ ਤੇਰੇ ਨਾਲ ਜਾਣ ਨੂੰ ਤਿਆਰ ਹੋ ਜਾਣਗੇ? ਅਮੋਲਕ ਨੇ ਉਸ ਦੀ ਗੱਲ ਵਿੱਚੋਂ ਹੀ ਕਟਦੇ ਹੋਏ ਵਿਅੰਗ ਦੇ ਲਹਿਜ਼ੇ ਵਿੱਚ ਕਿਹਾ।

ਭਾਈਆ ਜੀ, ਤੁਸੀਂ ਉਨ੍ਹਾਂ ਨੂੰ ਸਮਝਾਓ। ਮੈਨੂੰ ਥੋੜਾ ਸੋਚਣ ਦਾ ਸਮਾਂ ਦਿਓ, ਮੈਂ ਹੌਲੀ-ਹੌਲੀ ਫੇਰ ਵਾਲ ਰੱਖ ਲਵਾਂਗਾ। ਅਮੋਲਕ ਸਿੰਘ ਦੇ ਨਰਮ ਰਵਈਏ ਤੋਂ ਹਰਭਜਨ ਨੇ ਸਮਝਿਆ ਕਿ ਸ਼ਾਇਦ ਉਸ ਦੀ ਗੱਡੀ ਕੁੱਝ ਪੱਟੜੀ ਤੇ ਆ ਰਹੀ ਹੈ, ਪਰ ਅਮੋਲਕ ਸਿੰਘ ਤੇ ਇਸ ਦਾ ਉਲਟਾ ਅਸਰ ਹੋਇਆ ਤੇ ਉਹ ਬਹੁਤ ਗੁੱਸੇ ਨਾਲ ਬੋਲਿਆ, ਉਏ ! ਸੋਚਣਾ ਤਾਂ ਗਲਤ ਕੰਮ ਕਰਣ ਲਗੇ ਸੀ, ਉਦੋਂ ਤਾਂ ਤੂੰ ਜ਼ਰਾ ਨਹੀਂ ਸੋਚਿਆ, ਗੁਰੂ ਤੋਂ ਬੇਮੁਖ ਹੋਣ ਲਗੇ, ਕੇਸ ਕਤਲ ਕਰਾਉਣ ਲਗੇ ਤਾਂ ਤੈਨੂੰ ਸ਼ਰਮ ਨਹੀਂ ਆਈ, ਤੇ ਹੁਣ ਠੀਕ ਕੰਮ ਕਰਨ ਲੱਗੇ ਤੈਨੂੰ ਸੋਚਣ ਲਈ ਸਮਾਂ ਚਾਹੀਦੈ? ਹੁਣ ਤੂੰ ਹੌਲੀ-ਹੌਲੀ ਕੇਸ ਰੱਖਣ ਦੀਆਂ ਗੱਲਾਂ ਕਰ ਰਿਹੈਂ?..... ਕਾਕਾ ! ਇਨ੍ਹਾਂ ਢੁੱਚਕਰਾਂ ਨੂੰ ਛੱਡ, ਹੁਣੇ ਚੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਗੇ ਅਰਦਾਸ ਕਰ ਕੇ ਭੁੱਲ ਬਖਸ਼ਾ ਤੇ ਅਗੋਂ ਸੱਚਾ-ਸੁੱਚਾ ਸਿੱਖ ਬਣਨ ਦਾ ਪ੍ਰਣ ਕਰ ਅਮੋਲਕ ਸਿੰਘ ਨੇ ਆਪਣੇ ਬੋਲਾਂ ਨੂੰ ਗੁਸੇ ਤੋਂ ਨਰਮਾਈ ਵੱਲ ਮੋੜਦੇ ਹੋਏ ਸਮਝਾਉਣ ਦੇ ਲਹਿਜੇ ਵਿੱਚ ਕਿਹਾ।

ਨਹੀਂ ਭਾਈਆ ਜੀ ! ਮੈਂ ਏਡੀ ਕਾਹਲੀ ਵਿੱਚ ਐਸਾ ਫੈਸਲਾ ਨਹੀਂ ਲੈ ਸਕਦਾ, ਮੈਨੂੰ ਥੋੜ੍ਹਾ ਸਮਾਂ ਦਿਓ, ਮੈਂ ਪੂਰੀ ਕੋਸ਼ਿਸ਼ ਕਰਾਂਗਾ। ਹਰਭਜਨ ਮੰਨਣ ਵਾਲੇ ਪਾਸੇ ਬਿਲਕੁਲ ਨਹੀਂ ਸੀ ਆਉਣਾ ਚਾਹੁੰਦਾ।

ਕਾਕਾ ! ਮੈਂ ਤਾਂ ਸੋਚਿਆ ਸੀ ਬੱਚੇ ਕੋਲੋਂ ਅਣਭੋਲ ਭੁੱਲ ਹੋ ਗਈ ਏ, ਸਮਝਾਉਣ ਨਾਲ ਸਮਝ ਜਾਵੇਂਗਾ, ਪਰ ਲਗਦੈ ਤੂੰ ਤਾਂ ਪੂਰਾ ਬੇਸ਼ਰਮ ਹੋ ਗਿਐਂ ਯਾ ਸ਼ਾਇਦ ਇਹ ਕੁਕਰਮ ਹੁੰਦਾ ਹੀ ਪੂਰੇ ਬੇਸ਼ਰਮ ਹੋਣ ਤੋਂ ਬਾਅਦ ਏ....... ਪਰ ਕਾਕਾ ! ਸ਼ਾਇਦ ਤੈਨੂੰ ਨਹੀਂ ਪਤਾ ਕਿ ਤੂੰ ਪਹਿਲਾਂ ਹੀ ਬਹੁਤ ਵੱਡੀ ਭੁਲ ਕਰ ਚੁੱਕੈਂ ਤੇ ਹੁਣ ਫੇਰ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਕਰ ਰਿਹੈਂ ਅਮੋਲਕ ਸਿੰਘ ਨੇ ਸਮਝਾਉਣ ਦਾ ਅਖਰੀ ਉਪਰਾਲਾ ਕੀਤਾ।

ਹਰਭਜਨ ਤੇ ਜਿਵੇਂ ਕੋਈ ਅਸਰ ਹੀ ਨਾ ਹੋਇਆ ਹੋਵੇ। ਉਹ ਉਂਝ ਹੀ ਅਡੋਲ ਸਿਰ ਨੀਵਾਂ ਕਰ ਕੇ ਬੈਠਾ ਰਿਹਾ।

ਥੋੜ੍ਹੀ ਦੇਰ ਬਿਲਕੁਲ ਚੁੱਪ ਛਾ ਗਈ, ਕੋਈ ਕੁੱਝ ਨਾ ਬੋਲਿਆ, ਸਿਰਫ ਹਰਨਾਮ ਕੌਰ ਕੋਲ ਬੈਠੀ ਡੁਸਕ ਰਹੀ ਸੀ, ਉਸ ਦੀਆਂ ਸਿਸਕੀਆਂ ਦੀ ਮਾੜੀ ਮਾੜੀ ਅਵਾਜ਼ ਆ ਰਹੀ ਸੀ। ਆਖਿਰ ਚੁੱਪ ਅਮੋਲਕ ਸਿੰਘ ਨੇ ਤੋੜੀ, ਉਹ ਹਰਨਾਮ ਕੌਰ ਵੱਲ ਮੂੰਹ ਕਰ ਕੇ ਬੋਲਿਆ, ਤੂੰ ਕਿਉਂ ਰੋਈ ਜਾ ਰਹੀ ਏ ਇਸ ਨਾਲਾਇਕ ਵਾਸਤੇ, ਇਸ ਤੇ ਤੇਰੇ ਰੋਣ-ਧੋਣ ਦਾ ਕੋਈ ਅਸਰ ਨਹੀਂ ਹੋਣਾ। ਜਿਸ ਦੇ ਮਾਂ ਪਿਓ ਮਰਨ ਹਾਕੇ ਹੋਏ ਪਏ ਨੇ ਤੇ ਉਸ ਨੂੰ ਉਨ੍ਹਾਂ ਦੀ ਕੋਈ ਚਿੰਤਾ ਨਹੀਂ, ਉਸ ਤੇ ਤੇਰੇ ਚਾਰ ਅਥਰੂਆਂ ਦਾ ਕੀ ਅਸਰ ਹੈ। ਉਹ ਥੋੜ੍ਹੀ ਦੇਰ ਰੁਕਿਆ ਤੇ ਫੇਰ ਹਰਭਜਨ ਵੱਲ ਮੂੰਹ ਕਰ ਕੇ ਬੋਲਿਆ, ਹੁਣ ਤੇਰਾ ਕੀ ਪ੍ਰੋਗਰਾਮ ਏ, ਕਿਥੇ ਜਾਣਾ ਈ?

ਜੀ ! ਮੈਂ ਥੋੜ੍ਹੇ ਦਿਨਾਂ ਦਾ ਹੀ ਪ੍ਰੋਗਰਾਮ ਬਣਾ ਕੇ ਆਇਆਂ, ਫੇਰ ਵਾਪਸ ਇੰਗਲੈਂਡ ਚਲੇ ਜਾਣੈ।

ਉਹ ਤਾਂ ਠੀਕ ਹੈ ਪਰ ਹੁਣ ਕਿਥੇ ਜਾਣਾ ਈ? ਅਮੋਲਕ ਸਿੰਘ ਨੇ ਫੇਰ ਥੋੜ੍ਹਾ ਤਿੱਖੇ ਹੁੰਦੇ ਹੋਏ ਕਿਹਾ। ਹਰਭਜਨ ਸਮਝ ਗਿਆ ਕਿ ਉਹ ਉਸ ਨੂੰ ਆਪਣੇ ਘਰੋਂ ਚਲੇ ਜਾਣ ਲਈ ਕਹਿ ਰਿਹਾ ਹੈ। ਉਹ ਅਖਾਂ ਵਿੱਚ ਕੁੱਝ ਅਥਰੂ ਭਰਦਾ ਹੋਇਆ ਕਹਿਣ ਲੱਗਾ, ਕਿਥੇ ਜਾਵਾਂ? ਮੰਮੀ ਨੇ ਤਾਂ ਮੈਨੂੰ ਧੱਕੇ ਮਾਰ ਕੇ ਕੱਢ ਦਿਤੈ?

ਇਹ ਤੂੰ ਸੋਚ? ਅਮੋਲਕ ਸਿੰਘ ਨੇ ਉਂਝੇ ਹੀ ਰੁਖੇਪਨ ਨਾਲ ਕਿਹਾ।

ਹਰਭਜਨ ਨੇ ਮਹੌਲ ਨੂੰ ਕੁੱਝ ਭਾਵਕ ਬਨਾਉਣ ਦੀ ਕੋਸ਼ਿਸ਼ ਕੀਤੀ ਤੇ ਰੋਂਦੇ ਹੋਏ, ਉਠ ਕੇ ਭੂਆ ਨੂੰ ਗਲਵੱਕੜੀ ਪਾਉਣ ਦੀ ਕੋਸ਼ਿਸ਼ ਕਰਦਾ ਹੋਇਆ ਬੋਲਿਆ, ਭੂਆ ਜੀ ! ਇਸ ਘਰ ਵਿੱਚ ਮੇਰੇ ਵਾਸਤੇ ਚਾਰ ਦਿਨ ਠਹਿਰਣ ਲਈ ਜਗ੍ਹਾ ਨਹੀਂ ਹੈ? ਉਹ ਸੋਚਦਾ ਸੀ ਜੇ ਉਸ ਨੂੰ ਇਕ ਵਾਰੀ ਘਰ ਵਿੱਚ ਟਿਕਣ ਦਾ ਮੌਕਾ ਮਿਲ ਜਾਵੇ ਤਾਂ ਸ਼ਾਇਦ ਹੌਲੀ-ਹੌਲੀ ਸਭ ਠੀਕ ਹੋ ਜਾਵੇ। ਹਰਨਾਮ ਕੌਰ ਨੇ ਜੁਆਬ ਤਾਂ ਕੋਈ ਨਾ ਦਿੱਤਾ, ਪਰ ਉਸ ਨੂੰ ਪਰ੍ਹਾਂ ਕਰਕੇ ਰੋਂਦੀ ਹੋਈ ਉਥੋਂ ਉਠ ਕੇ ਅੰਦਰ ਚਲੀ ਗਈ। ਜੁਆਬ ਫੇਰ ਅਮੋਲਕ ਸਿੰਘ ਨੇ ਦਿੱਤਾ, ਚਾਰ ਦਿਨਾਂ ਲਈ........? ਕਾਕਾ ! ਇਹ ਦੋਵੇਂ ਘਰ ਤੇਰੇ ਆਪਣੇ ਨੇ, ਜਿਨ੍ਹਾਂ ਚਿਰ ਮਰਜ਼ੀ ਰਹਿ, ਸਦਾ ਸਦਾ ਲਈ ਰਹਿ, ਇਹ ਦੋਵੇਂ ਘਰ ਤਾਂ ਪਤਾ ਨਹੀਂ ਕਦੋ ਦੇ ਤੇਰੀ ਰਾਹ ਪਏ ਤਕਦੇ ਨੇ...........ਪਰ ਪਹਿਲਾਂ ਆਪਣੇ ਸਿੱਖੀ ਸਰੂਪ ਵਿੱਚ ਵਾਪਸ ਆ ਜਾ।.......... ਜੇ ਤੂੰ ਕਹੇਂ ਤੈਨੂੰ ਇੰਝੇ ਪ੍ਰਵਾਨ ਕਰ ਲਈਏ ਤਾਂ ਬਿਲਕੁਲ ਨਹੀਂ, ਇਕ ਪੱਲ ਲਈ ਵੀ ਨਹੀਂ...... ਬਲਕਿ ਸੱਚ ਪੁੱਛੇਂ ਤਾਂ ਮੈਂ ਆਪਣੇ ਬੱਚਿਆਂ ਤੇ ਤੇਰਾ ਇਹ ਭ੍ਰਿਸ਼ਟਿਆ ਹੋਇਆ ਪਰਛਾਵਾਂ ਵੀ ਨਹੀਂ ਪੈਣ ਦੇਣਾ ਚਾਹੁੰਦਾ ਅਮੋਲਕ ਸਿੰਘ ਦੇ ਲਫਜ਼ਾਂ ਵਿੱਚ ਭਾਵਨਾ ਵੀ ਸੀ ਪਰ ਨਾਲ ਪੂਰੀ ਦ੍ਰਿੜਤਾ ਸੀ। ਉਸ ਦਾ ਫੈਸਲਾ ਸਪੱਸ਼ਟ ਸੀ।

ਹਰਭਜਨ ਥੋੜ੍ਹੀ ਦੇਰ ਉਂਝ ਹੀ ਸਿਰ ਸੁਟ ਕੇ ਬੈਠਾ ਰਿਹਾ ਜਿਵੇਂ ਬਹੁਤ ਗਹਿਰਾਈ ਵਿੱਚ ਸੋਚ ਰਿਹਾ ਹੋਵੇ। ਅਮੋਲਕ ਸਿੰਘ ਬੜੇ ਧਿਆਨ ਨਾਲ ਉਸ ਦੇ ਬਦਲਦੇ ਹਾਵ ਭਾਵ ਵੇਖ ਰਿਹਾ ਸੀ। ਉਸ ਨੇ ਉਠ ਕੇ ਹਰਭਜਨ ਦੇ ਕੋਲ ਬੈਠਦੇ ਹੋਏ, ਉਸ ਦੀ ਪਿਠ ਤੇ ਹੱਥ ਫੇਰਦੇ ਹੋਏ ਕਿਹਾ, ਕਾਕਾ ! ਸੰਭਾਲ ਆਪਣੇ ਆਪ ਨੂੰ, ਸਿਆਣਪ ਤੋਂ ਕੰਮ ਲੈ, ਗੁਰੂ ਤੋਂ ਬੇਮੁਖ ਹੋਇਆਂ ਕੀ ਜੀਵਨ ਹੈ? ਉਧਰੋਂ ਤੇਰੇ ਮਾਤਾ ਪਿਤਾ ਦੀ ਰੋ-ਰੋ ਕੇ ਉਹ ਹਾਲਤ ਹੈ ਕਿ ਬਿਆਨ ਨਹੀਂ ਕੀਤੀ ਜਾ ਸਕਦੀ। ਅਮੋਲਕ ਸਿੰਘ ਦੇ ਹਾਵ-ਭਾਵ ਚੋਂ ਗਹਿਰਾ ਪਿਆਰ ਛਲਕ ਰਿਹਾ ਸੀ।

ਹਰਭਜਨ ਥੋੜੀ ਦੇਰ ਉਂਝੇ ਅਡੋਲ ਬੈਠਾ ਰਿਹਾ, ਫਿਰ ਜਿਵੇਂ ਕੋਈ ਫੈਸਲਾ ਕਰ ਲਿਆ ਹੋਵੇ, ਉਠਿਆ ਤੇ ਬਗੈਰ ਕੁੱਝ ਕਹੇ ਆਪਣਾ ਬੈਗ ਆਪਣੀ ਪਿੱਠ ਤੇ ਲਦਣਾ ਸ਼ੁਰੂ ਕਰ ਦਿੱਤਾ ਤੇ ਬੈਗ ਚੁੱਕ ਕੇ ਬਾਹਰ ਵੱਲ ਨੂੰ ਹੋ ਤੁਰਿਆ। ਅਮੋਲਕ ਸਿੰਘ ਹੈਰਾਨ ਰਹਿ ਗਿਆ, ਉਹ ਸਮਝ ਰਿਹਾ ਸੀ ਸ਼ਾਇਦ ਹਰਭਜਨ ਦੀ ਸੋਚ ਵਿੱਚ ਕੁੱਝ ਤਬਦੀਲੀ ਆ ਰਹੀ ਹੈ ਪਰ ਇਥੇ ਤਾਂ ਪਰਨਾਲਾ ਉਥੇ ਦਾ ਉਥੇ ਸੀ। ਹਰਭਜਨ ਬਗੈਰ ਕੁੱਝ ਕਹੇ, ਸਿਰ ਨਿਵਾਏ ਹੌਲੀ-ਹੌਲੀ ਬਾਹਰ ਵੱਲ ਹੋ ਤੁਰਿਆ, ਹਰ ਕਦਮ ਨਾਲ ਉਹ ਸੋਚ ਰਿਹਾ ਸੀ ਸ਼ਾਇਦ ਹੁਣ ਵੀ ਕੋਈ ਉਸ ਨੂੰ ਰੋਕ ਲਵੇ ਪਰ ਕਿਸੇ ਨਾ ਰੋਕਿਆ, ਉਸ ਨੂੰ ਬਾਹਰ ਜਾਂਦੇ ਅਮੋਲਕ ਸਿੰਘ ਦੇ ਇਹ ਲਫਜ਼ ਸੁਣਾਈ ਦਿੱਤੇ, ਕਾਕਾ ! ਤੂੰ ਆਪਣੇ ਮਾਂ ਪਿਓ ਨੂੰ ਮਾਰ ਕੇ ਜਾ ਰਿਹੈਂ। ਜੇ ਕਦੇ ਵਾਹਿਗੁਰੂ ਤੈਨੂੰ ਸੁਮਤਿ ਬਖਸ਼ ਦੇਵੇ, ਤੈਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਜਾਵੇ ਤਾਂ ਇਨ੍ਹਾਂ ਦੋਹਾਂ ਘਰਾਂ ਦੇ ਦਰਵਾਜ਼ੇ ਤੈਨੂੰ ਤੇਰੀ ਇੰਤਜ਼ਾਰ ਕਰਦੇ ਮਿਲਣਗੇ.........ਪਰ ਇਸ ਰੂਪ ਵਿੱਚ ਫੇਰ ਸ਼ਕਲ ਨਾ ਵਿਖਾਵੀਂ।

ਹਰਭਜਨ ਜਾ ਚੁੱਕਾ ਸੀ, ਅਮੋਲਕ ਸਿੰਘ ਥੋੜੀ ਦੇਰ ਖੜ੍ਹਾ ਸੱਖਣੇ ਦਰਵਾਜ਼ੇ ਵੱਲ ਵੇਖਦਾ ਰਿਹਾ ਤੇ ਫੇਰ ਧਾਂ ਕਰਦਾ ਸੋਫੇ ਤੇ ਬੈਠ ਗਿਆ। ਪੰਮੀ ਤੇ ਗੁੱਡੀ ਜਿਹੜੀਆਂ ਦਰਵਾਜ਼ੇ ਵਿੱਚ ਖੜ੍ਹੀਆਂ ਸਭ ਕੁੱਝ ਵੇਖ ਸੁਣ ਰਹੀਆਂ ਸਨ, ਦੌੜ ਕੇ ਆਈਆਂ ਤੇ ਪਿਓ ਨੂੰ ਘੁੱਟ ਕੇ ਗਲਵੱਕੜੀ ਪਾ ਲਈ ਤੇ ਰੋਣ ਲਗੀਆਂ, ਜਿਵੇਂ ਉਹ ਪਿਤਾ ਦੇ ਦੁਖ ਨੂੰ ਕੁੱਝ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹੋਣ। ਉਨ੍ਹਾਂ ਦੇ ਅਥਰੂ ਜ਼ਾਰ ਜ਼ਾਰ ਵਗ ਰਹੇ ਸਨ ਤੇ ਇੰਝ ਜਾਪ ਰਿਹਾ ਸੀ ਜਿਵੇਂ ਉਨ੍ਹਾਂ ਦੇ ਦੋ ਭਰਾਵਾਂ ਵਿੱਚੋਂ ਅੱਜ ਇਕ ਸਦੀਵੀ ਵਿੱਚੋੜਾ ਦੇ ਗਿਆ ਹੋਵੇ, ਕਿਉਂਕਿ ਦੋਹਾਂ ਪ੍ਰਵਾਰਾਂ ਵਿੱਚ ਪਿਆਰ ਹੀ ਇਤਨਾ ਸੀ ਕਿ ਬੱਚੇ ਵੀ ਇਕ ਦੂਜੇ ਨੂੰ ਸਕੇ ਭੈਣ ਭਰਾਵਾਂ ਵਾਲਾ ਪਿਆਰ ਕਰਦੇ ਸਨ। ਅਮੋਲਕ ਸਿੰਘ ਨੇ ਉਨ੍ਹਾਂ ਦੇ ਸਿਰ ਤੇ ਹੱਥ ਫੇਰਿਆ, ਮਥਾ ਚੁੰਮ ਕੇ ਪਿਆਰ ਦਿੱਤਾ ਤੇ ਗਲਵੱਕੜੀ ਵਿੱਚ ਹੋਰ ਘੁਟ ਲਿਆ, ਜਿਵੇਂ ਆਪਣੇ ਪਿਆਰ ਦੇ ਨਿੱਘ ਨਾਲ ਉਸ ਭਰਾ ਦੇ ਪਿਆਰ ਦੀ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਅੰਦਰੋਂ ਹਰਨਾਮ ਕੌਰ ਦੇ ਰੋਣ ਦੀ ਅਵਾਜ਼ ਵੀ ਤੇਜ਼ ਹੋ ਗਈ ਸੀ।

ਥੋੜੀ ਦੇਰ ਮਹੌਲ ਇੰਝ ਹੀ ਬਣਿਆ ਰਿਹਾ ਕਿ ਬੱਲੂ ਘਰ ਪਹੁੰਚ ਗਿਆ। ਪਹਿਲਾਂ ਤਾਂ ਉਹ ਘਰ ਦਾ ਦਰਵਾਜ਼ਾ ਖੁਲ੍ਹਾ ਵੇਖ ਹੈਰਾਨ ਹੋਇਆ, ਅੰਦਰ ਆਕੇ ਜਦੋਂ ਉਸ ਪੰਮੀ ਤੇ ਗੁੱਡੀ ਨੂੰ ਪਿਤਾ ਦੇ ਗਲ ਲੱਗ ਡੁਸਕਦਿਆਂ ਵੇਖਿਆ ਤਾਂ ਹੋਰ ਵੀ ਪ੍ਰੇਸ਼ਾਨ ਹੋ ਗਿਆ ਤੇ ਕਾਹਲੀ ਨਾਲ ਪੁੱਛਿਆ, ਦਾਰ ਜੀ ! ਕੀ ਹੋਇਐ ਇਨ੍ਹਾਂ ਨੂੰ?

ਪੰਮੀ ਤੇ ਗੁੱਡੀ ਸਿਧੀਆਂ ਹੋ ਕੇ ਬੈਠ ਗਈਆਂ ਤੇ ਆਪਣੇ ਮੂੰਹ ਸਾਫ ਕਰਨ ਲਗੀਆਂ। ਅਵਾਜ਼ ਸੁਣ ਕੇ ਹਰਨਾਮ ਕੌਰ ਵੀ ਬਾਹਰ ਆ ਗਈ, ਬੱਲੂ ਨੇ ਵੇਖਿਆ ਉਸ ਦੀਆਂ ਅੱਖਾਂ ਵੀ ਰੋ ਰੋ ਕੇ ਸੁੱਜੀਆਂ ਹੋਈਆਂ ਸਨ। ਇਸ ਤੋਂ ਪਹਿਲਾਂ ਕਿ ਉਹ ਦੁਬਾਰਾ ਕੋਈ ਸੁਆਲ ਕਰਦਾ, ਅਮੋਲਕ ਸਿੰਘ ਨੇ ਰੁਮਾਲ ਨਾਲ ਆਪਣਾ ਮੂੰਹ ਸਾਫ ਕੀਤਾ ਤੇ ਬੱਲੂ ਨੂੰ ਕਿਹਾ, ਬੈਠ ਦਸਦਾ ਹਾਂ, ਤੇ ਸਾਰੀ ਗੱਲ ਖੋਲ ਕੇ ਸੁਣਾਈ। ਸੁਣ ਕੇ ਬਲਦੇਵ ਵੀ ਹੈਰਾਨ ਪ੍ਰੇਸ਼ਾਨ ਹੋ ਗਿਆ। ਉਸ ਨੂੰ ਕੁੱਝ ਸੁਝ ਨਹੀਂ ਸੀ ਰਿਹਾ ਕਿ ਕੀ ਆਖੇ, ਸੁਭਾਵਕ ਹੀ ਉਸ ਦੇ ਮੂੰਹੋਂ ਨਿਕਲਿਆ, ਮਾਮਾ ਜੀ ਮਾਮੀ ਜੀ ਦੀ ਤਾਂ ਬਹੁਤ ਮਾੜੀ ਹਾਲਤ ਹੋਵੇਗੀ।

ਮੈਂ ਵੀ ਇਹੀ ਸੋਚ ਰਿਹਾਂ, ਉਨ੍ਹਾਂ ਨੂੰ ਕੀ ਦਸਾਂ? ਉਨ੍ਹਾਂ ਤੇ ਤਾਂ ਦੁੱਖਾਂ ਦਾ ਪਹਾੜ ਟੁਟ ਪਿਐ। ਉਨ੍ਹਾਂ ਦਾ ਸਾਰਾ ਧਿਆਨ ਅਤੇ ਆਸ ਇਥੇ ਮੇਰੇ ਨਾਲ ਹੋਈ ਗੱਲ ਬਾਤ ਵੱਲ ਹੀ ਲੱਗੀ ਹੋਵੇਗੀ ਕਹਿੰਦੇ ਹੋਏ ਅਨਮੋਲ ਸਿੰਘ ਟੈਲੀਫੋਨ ਵੱਲ ਵਧਿਆ। ਕੋਲ ਬੈਠੀ ਹਰਨਾਮ ਕੌਰ ਬੋਲੀ, ਮੈਂ ਕਿਹਾ, ਰਹਿਣ ਦਿਓ ਟੈਲੀਫੋਨ, ਇਸ ਵੇਲੇ ਉਨ੍ਹਾਂ ਨੂੰ ਸਾਡੀ ਡਾਢੀ ਲੋੜ ਏ, ਆਪ ਹੀ ਚਲਦੇ ਹਾਂ। ਫੇਰ ਜਿਵੇਂ ਆਪਣੇ ਆਪ ਵਿੱਚ ਬੁੜਬੜਾਈ ਹੋਵੇ, ਵਿੱਚਾਰੀ ਭਰਜਾਈ ਦੀ ਬਹੁਤ ਮਾੜੀ ਹਾਲਤ ਹੋਵੇਗੀ, ਕਹਿੰਦੀ ਹੋਈ ਉਠ ਕੇ ਆਪਣੇ ਕਮਰੇ ਵੱਲ ਲੰਘ ਗਈ ਤੇ ਪੱਲ ਵਿੱਚ ਹੀ ਚੱਪਲ ਬਦਲ ਕੇ ਬਾਹਰ ਆ ਗਈ। ਅਮੋਲਕ ਸਿੰਘ ਵੀ ਉਠ ਖੜੋਤਾ ਤੇ ਦੋਵੇਂ ਘਰੋਂ ਬਾਹਰ ਨਿਕਲ ਗਏ। ਬੱਚੇ ਆਪਸ ਵਿੱਚ ਇਸੇ ਬਾਰੇ ਗੱਲਾਂ ਵਿੱਚ ਲੱਗ ਪਏ।

ਗੁਲਾਬ ਸਿੰਘ ਨੇ ਬਲਬੀਰ ਕੌਰ ਨੂੰ ਕਾਫੀ ਸੰਭਾਲ ਲਿਆ ਸੀ ਤੇ ਆਪਣੇ ਨਾਲ ਉਸ ਨੂੰ ਵੀ ਮਾਨਸਿਕ ਤੌਰ ਤੇ ਹਰ ਹਾਲਤ ਵਾਸਤੇ ਤਿਆਰ ਕਰ ਲਿਆ ਸੀ ਪਰ ਨਿਨਾਣ ਨੂੰ ਵੇਖ ਕੇ ਉਹ ਫੇਰ ਫਿਸ ਪਈ। ਦੋਵੇਂ ਨਿਨਾਣ ਭਰਜਾਈ ਗਲੇ ਲੱਗ ਕੇ ਰੋਣ ਲੱਗ ਪਈਆਂ। ਗੁਲਾਬ ਸਿੰਘ ਨੇ ਦੋਹਾਂ ਨੂੰ ਹੌਂਸਲਾ ਦੇ ਕੇ ਬੈਠਣ ਵਾਸਤੇ ਕਿਹਾ। ਹਾਲਾਂਕਿ ਉਨ੍ਹਾਂ ਦੇ ਇਕਲੇ ਆਉਣ ਨਾਲ ਉਹ ਬਹੁਤ ਕੁੱਝ ਸਮਝ ਚੁੱਕਾ ਸੀ ਪਰ ਫੇਰ ਵੀ ਜੀਜੇ ਦੇ ਮੂੰਹ ਵੱਲ ਵੇਖਣ ਲੱਗ ਪਿਆ ਜਿਵੇਂ ਪੁੱਛ ਰਿਹਾ ਹੋਵੇ ਕਿ ਦਸੋ ਭਾਈਆ ਜੀ ਕੀ ਖ਼ਬਰ ਲਿਆਏ ਹੋ? ਅਮੋਲਕ ਸਿੰਘ ਨੇ ਸਾਰੀ ਗੱਲ ਇਨ ਬਿਨ ਦਸੀ। ਸੁਣਦੇ ਹੋਏ ਬਲਬੀਰ ਕੌਰ ਤਾਂ ਵਿੱਚੋਂ ਕਈ ਵਾਰੀ ਰੋਈ ਪਰ ਗੁਲਾਬ ਸਿੰਘ ਹੌਂਸਲਾ ਕਰ ਕੇ ਸਭ ਸੁਣਦਾ ਰਿਹਾ। ਉਸ ਆਪਣੇ ਆਪ ਨੂੰ ਬੜਾ ਮਜਬੂਤ ਬਣਾਇਆ ਹੋਇਆ ਸੀ ਕਿਉਂਕਿ ਜਾਣਦਾ ਸੀ ਉਸ ਦੀ ਥੋੜ੍ਹੀ ਜਿਹੀ ਕਮਜ਼ੋਰੀ ਬਲਬੀਰ ਕੌਰ ਲਈ ਬਹੁਤ ਨੁਕਸਾਨ-ਦੇਹ ਹੋ ਸਕਦੀ ਹੈ। ਇਸ ਤੋਂ ਪਹਿਲਾਂ ਕਿ ਅਮੋਲਕ ਸਿੰਘ ਉਸ ਦਾ ਕੌਈ ਹੌਂਸਲਾ ਬਨ੍ਹਾਉਣ ਵਾਲੀਆਂ ਗੱਲਾਂ ਕਰਦਾ, ਸਾਰੀ ਗੱਲ ਸੁਣ ਕੇ ਉਹ ਬੜੀ ਗੰਭੀਰਤਾ ਨਾਲ ਬੋਲਿਆ, ਠੀਕ ਹੈ ਭਾਈਆ ਜੀ ! ਜੇ ਮਰ ਜਾਂਦਾ ਤਾਂ ਵੀ ਤਾਂ ਕੁੱਝ ਦਿਨ ਰੋ ਪਿੱਟ ਕੇ ਸਬਰ ਕਰ ਲੈਣਾ ਸੀ, ਹੁਣ ਵੀ ਇੰਝ ਹੀ ਸਮਝ ਲਵਾਂਗੇ। ਤੁਸੀ ਜੋ ਕੀਤੈ ਬਿਲਕੁਲ ਠੀਕ ਕੀਤੈ। ਗੁਰੂ ਤੋਂ ਬੇਮੁਖ ਹੋਏ ਨੂੰ ਅਸੀਂ ਬਿਲਕੁਲ ਪ੍ਰਵਾਨ ਨਹੀਂ ਕਰਨਾ। ਅਸੀ ਤਾਂ ਪਹਿਲੇ ਹੀ ਸਤਿਗੁਰੂ ਦੇ ਓਟ ਆਸਰੇ ਜਿਉਂਦੇ ਪਏ ਹਾਂ, ਜਿਨ੍ਹਾਂ ਦੇ ਨਹੀਂ ਹੁੰਦੇ ਉਹ ਵੀ ਤਾਂ ਜੀਵਨ ਜਿਉਂਦੇ ਹੀ ਹਨ।

ਚਲਦਾ..........

(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੇ ਜਾ ਰਹੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ ਪੇਸ਼ ਕੀਤਾ ਜਾ ਰਿਹਾ ਹੈ। ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁਝ ਗਲਤ ਜਾਪੇ ਜਾਂ ਇਸ ਦੇ ਬਾਰੇ ਕੋਈ ਹੋਰ ਉਸਾਰੂ ਸੁਝਾ ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)

ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ
ਟੈਲੀਫੋਨ +91 98761 04726


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top