Share on Facebook

Main News Page

12 ਸਾਲ ਪਹਿਲਾਂ ਭਾਰਤੀ ਹਾਕਮਾਂ ਵਲੋਂ ਕਸ਼ਮੀਰ ਵਾਦੀ ਵਿੱਚ ਵਰਤਾਇਆ ਗਿਆ ਕਹਿਰ – ‘ਪੱਥਰੀਬਲ ਬਨਾਮ ਚਿੱਠੀ ਸਿੰਘਪੁਰਾ’

ਪੱਥਰੀਬਲ (ਕਸ਼ਮੀਰ) ਵਿੱਚ 12 ਸਾਲ ਪਹਿਲਾਂ ਮਾਰੇ ਗਏ 5 ਬੇਗੁਨਾਹ ਕਸ਼ਮੀਰੀ ਨੌਜਵਾਨਾਂ ਦੇ ਕਾਤਲ, ਪੰਜ ਫੌਜੀ ਅਫਸਰਾਂ ’ਤੇ ‘ਫੌਜੀ ਅਦਾਲਤ’ ਵਲੋਂ ਮੁਕੱਦਮਾ ਚਲਾਏ ਜਾਣ ਸਬੰਧੀ ਹੈ। ਇਸ ਖਬਰ ’ਤੇ ਜੰਮੂ-ਕਸ਼ਮੀਰ ਵਿੱਚ ਰਾਜ ਕਰ ਰਹੀ ਨੈਸ਼ਨਲ ਕਾਨਫਰੰਸ ਪਾਰਟੀ ਵਲੋਂ ‘ਖੁਸ਼ੀ’ ਦਾ ਇਜ਼ਹਾਰ ਕੀਤਾ ਗਿਆ ਹੈ ਅਤੇ ਭਾਰਤੀ ਮੀਡੀਏ ਨੇ ਵੀ ਇਸ ’ਤੇ ਅਸ਼-ਅਸ਼ ਕੀਤਾ ਹੈ।

ਅਫਸੋਸ! 28 ਮਿਲੀਅਨ ਸਿੱਖ ਕੌਮ ਨੇ ਇਸ ਨੂੰ ਅਣਗੌਲਿਆਂ ਕੀਤਾ ਹੈ ਅਤੇ ਸਿੱਖ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਏ ਵਿੱਚ ਵੀ ਇਸ ਦਾ ਸਿਰਫ ਸਰਸਰੀ ਜਿਹਾ ਜ਼ਿਕਰ ਹੀ ਹੋਇਆ ਹੈ। ਚਾਹੀਦਾ ਤਾਂ ਇਹ ਸੀ ਕਿ ਇਸ ਫੈਸਲੇ ਦੀ ਤਹਿ ਵਿੱਚ ਜਾ ਕੇ 20 ਮਾਰਚ, 2000 ਨੂੰ, ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਪਿੰਡ ਚਿੱਠੀ ਸਿੰਘਪੁਰਾ ਵਿੱਚ ਮਾਰੇ ਗਏ 35 ਸਿੱਖਾਂ ਦੇ ਅਸਲ ਕਾਤਲਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਜ਼ੋਰਦਾਰ ਲਾਮਬੰਦੀ ਕੀਤੀ ਜਾਂਦੀ, ਪਰ ਮਦਹੋਸ਼ੀ ਵਿੱਚ ਪਇਆਂ ਲਈ ਸੰਜੀਵਨੀ ਬੂਟੀ ਕਿੱਥੋਂ ਲਿਆਂਦੀ ਜਾਵੇ?

ਇਹ ਪੱਥਰੀਬਲ ਕਾਂਡ ਕਿਸ ਬਲਾ ਦਾ ਨਾਂ ਹੈ ਅਤੇ ਇਸ ਦਾ 35 ਸਿੱਖਾਂ ਦੇ ਕਤਲੇਆਮ ਨਾਲ ਕੀ ਸਬੰਧ ਹੈ?

ਪਾਠਕਾਂ ਦੀ ਯਾਦਦਹਾਨੀ ਲਈ ਦੱਸ ਦਈਏ ਕਿ 20 ਮਾਰਚ, 2000 ਨੂੰ, ਅਮਰੀਕਾ ਦੇ ਪ੍ਰਧਾਨ ਮੰਤਰੀ ਕ¦ਿਟਨ ਨੇ ਆਪਣੇ ਭਾਰਤ ਦੌਰੇ ਲਈ ਜਿਉਂ ਹੀ ਨਵੀਂ ਦਿੱਲੀ ਵਿੱਚ ਪੈਰ ਰੱਖਿਆ, ਇਸੇ ਰਾਤ ਚਿੱਠੀ ਸਿੰਘਪੁਰਾ ਦੇ ਘਰਾਂ ਵਿੱਚੋਂ 35 ਸਿੱਖ ਮਰਦਾਂ ਨੂੰ ਘਰਾਂ ’ਚੋਂ ਕੱਢ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਖੜ੍ਹੇ ਕਰਕੇ ਗੋਲੀਆਂ ਨਾਲ ਉਡਾ ਦਿੱਤਾ ਗਿਆ ਸੀ। ਭਾਰਤੀ ਗ੍ਰਹਿ ਮੰਤਰਾਲੇ ਨੇ ਅਗਲੀ ਸਵੇਰ ਇਹ ਬਿਆਨ ਦਿੱਤਾ ਕਿ ਇਹ ਕਾਰਾ ਪਾਕਿਸਤਾਨ ਵਿੱਚ ਸਥਿਤ ਦਹਿਸ਼ਤਗਰਦ ਜਥੇਬੰਦੀ ਲਸ਼ਕਰ ਏ-ਤੋਇਬਾ ਦਾ ਹੈ। ਇਸ ਵੇਲੇ ਅਟਲ ਬਿਹਾਰੀ ਵਾਜਪਾਈ, ਭਾਰਤ ਦਾ ਪ੍ਰਧਾਨ ਮੰਤਰੀ ਸੀ ਅਤੇ ਲਾਲ ਕ੍ਰਿਸ਼ਨ ਅਡਵਾਨੀ ਗ੍ਰਹਿ ਮੰਤਰੀ ਸੀ।

25 ਮਾਰਚ, 2000 ਨੂੰ ਫੌਜ ਦੇ ਬੁਲਾਰੇ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਬੁਲਾਰੇ ਨੇ ਇੱਕ ਸਾਂਝੀ ਪ੍ਰੈ¤ਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ 20 ਮਾਰਚ ਨੂੰ, 35 ਸਿੱਖਾਂ ਦਾ ਕਤਲੇਆਮ ਕਰਨ ਵਾਲੇ, ਲਸ਼ਕਰ-ਏ-ਤੋਇਬਾ ਦੇ ਪੰਜਾਂ ਵਿਦੇਸ਼ੀ ਦਹਿਸ਼ਤਗਰਦਾਂ ਨੂੰ ਪੱਥਰੀਬਲ ਨੇੜੇ, ਇੱਕ ਫੌਜੀ ਮੁਕਾਬਲੇ ਵਿੱਚ ਮਾਰ ਮੁਕਾਇਆ ਗਿਆ ਹੈ। ਇਲਾਕੇ ਦੇ ਲੋਕਾਂ ਨੇ ਵਿਰੋਧੀ ਸੁਰ ਵਿੱਚ ਕਿਹਾ ਕਿ ਮਾਰੇ ਗਏ ਪੰਜੇ ਨੌਜਵਾਨ ਸਥਾਨਕ ਹਨ ਅਤੇ ਇਨ੍ਹਾਂ ਨੂੰ ਘਰੋਂ ਚੁੱਕ ਕੇ ਝੂਠੇ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਲੋਕਾਂ ਦੇ ਭਾਰੀ ਦਬਾਅ ਸਾਹਮਣੇ, ਕਬਰਾਂ ਵਿੱਚ ਦੱਬੇ ਗਏ ਇਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਦੀ, ‘ਫੌਰੈਂਸਿਕ ਲੈਬੋਟਰੀ’ ਰਾਹੀਂ ਜਾਂਚ ਤੋਂ ਇਹ ਤੱਥ ਸਾਬਤ ਹੋਇਆ ਕਿ ਇਹ ਨੌਜਵਾਨ ਸਥਾਨਕ ਹੀ ਹਨ, ਵਿਦੇਸ਼ੀ ਨਹੀਂ। ਇਸ ਰਿਪੋਰਟ ਤੋਂ ਬਾਅਦ ਇਹ ਕੇਸ ਸੀ. ਬੀ. ਆਈ. ਦੇ ਹਵਾਲੇ ਕਰ ਦਿੱਤਾ ਗਿਆ। ਫਰਵਰੀ, 2003 ਵਿੱਚ ਸੀ. ਬੀ. ਆਈ. ਨੇ, 7-ਰਾਸ਼ਟਰੀ ਰਾਈਫਲਜ਼ ਨਾਲ ਸਬੰਧਿਤ ਪੰਜ ਫੌਜੀ ਅਫਸਰਾਂ ਦੇ ਖਿਲਾਫ ਅਗਵਾ, ਕਤਲ, ਅਪਰਾਧਕ ਸਾਜ਼ਿਸ਼ ਅਤੇ ਸਬੂਤਾਂ ਨੂੰ ਨਸ਼ਟ ਕਰਨ ਦਾ ਯਤਨ ਆਦਿ ਧਾਰਾਵਾਂ ’ਤੇ ਅਧਾਰਿਤ ਕੇਸ ਰਜਿਸਟਰ ਕੀਤਾ। ਇਨ੍ਹਾਂ ਅਫਸਰਾਂ ਵਿੱਚ ਬ੍ਰਿਗੇਡੀਅਰ ਅਜੈ ਸਕਸੈਨਾ, ਲੈਫਟੀਨੈਂਟ ਕਰਨਲ ਬਰਜਿੰਦਰ ਪ੍ਰਤਾਪ ਸਿੰਘ, ਮੇਜਰ ਸੌਰਵ ਸ਼ਰਮਾ, ਮੇਜਰ ਅਮਿਤ ਸਕਸੈਨਾ ਅਤੇ ਸੂਬੇਦਾਰ ਇੰਦਰੀਸ ਖਾਨ ਸ਼ਾਮਲ ਸਨ। ਇਨ੍ਹਾਂ ਫੌਜੀ ਅਫਸਰਾਂ ਨੂੰ ਜੰਮੂ-ਕਸ਼ਮੀਰ ਤੋਂ ਬਾਹਰ ਪੋਸਟ ਕੀਤਾ ਗਿਆ।

ਜਦੋਂ ਸੀ. ਬੀ. ਆਈ. ਨੇ ਇਸ ਕੇਸ ਦੀ ਪੈਰਵਾਈ ਕੀਤੀ ਉਦੋਂ ਅੱਡ-ਅੱਡ ਸਿਵਲੀਅਨ ਅਦਾਲਤਾਂ ਵਿੱਚ ਫੌਜ ਨੇ ਇਸ ਮੁਕੱਦਮੇ ਨੂੰ ਅੱਗੇ ਵਧਣ ਤੋਂ ਰੋਕਣ ਦਾ ਯਤਨ ਕੀਤਾ। ਫੌਜ ਦੀ ਦਲੀਲ ਇਹ ਸੀ ਕਿ ਜੰਮੂ ਕਸ਼ਮੀਰ ਵਿੱਚ ਤਾਇਨਾਤ ‘ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ’ ਥੱਲੇ, ਉਸ ਨੂੰ ‘ਇਮਿਊਨਿਟੀ’ ਹਾਸਲ ਹੈ, ਭਾਵ ਕਿਸੇ ਫੌਜੀ ’ਤੇ ਕਤਲ ਦਾ ਕੋਈ ਮੁਕੱਦਮਾ ਨਹੀਂ ਚੱਲ ਸਕਦਾ। ਫੌਜ ਅਨੁਸਾਰ, ਸਿਰਫ ਇੱਕੋ ਹਾਲਤ ਵਿੱਚ ਮੁਕੱਦਮਾ ਚਲ ਸਕਦਾ ਹੈ ਜੇ ਕੇਂਦਰ ਸਰਕਾਰ ਇਸ ਦੀ ਮਨਜ਼ੂਰੀ ਦੇਵੇ। ਸੀ. ਬੀ. ਆਈ. ਨੇ ਫੌਜ ਦੇ ਇਸ ਸਟੈਂਡ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ। ਪਹਿਲੀ ਮਈ, 2012 ਨੂੰ ਭਾਰਤੀ ਸੁਪਰੀਮ ਕੋਰਟ ਨੇ ਇਸ ਅਪੀਲ ’ਤੇ ਫੈਸਲਾ ਸੁਣਾਉਂਦਿਆਂ, ਫੌਜ ਨੂੰ 8 ਹਫਤਿਆਂ ਦਾ ਸਮਾਂ ਦਿੰਦਿਆਂ ਕਿਹਾ ਕਿ ਇਸ ਸਮੇਂ ਦੌਰਾਨ ਜਾਂ ਤਾਂ ਫੌਜ ਆਪਣੇ ‘ਮਿਲਟਰੀ ਕੋਰਟ’ ਰਾਹੀਂ ਇਸ ਕੇਸ ਦਾ ਨਿਪਟਾਰਾ ਕਰੇ ਨਹੀਂ ਤਾਂ ਫੌਜੀ ਅਫਸਰਾਂ ਦੇ ਖਿਲਾਫ, ਸਿਵਲ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾਵੇ।

29 ਜੂਨ ਨੂੰ ਫੌਜੀ ਹਾਈ ਕਮਾਂਡ ਨੇ ਫੈਸਲਾ ਲਿਆ ਹੈ ਕਿ ਉਪਰੋਕਤ ਪੰਜਾਂ ਫੌਜੀ ਅਫਸਰਾਂ ਦੇ ਖਿਲਾਫ ਮਿਲਟਰੀ ਕੋਰਟ ਵਿੱਚ ਮੁਕੱਦਮਾ ਚਲਾਇਆ ਜਾਵੇਗਾ। ਜੰਮੂ-ਕਸ਼ਮੀਰ ਵਿੱਚ ਰਾਜ ਕਰ ਰਹੀ ਨੈਸ਼ਨਲ ਕਾਨਫਰੰਸ ਨੇ ਭਾਵੇਂ ਇਸ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਪਰ ਨਾਲ ਹੀ ਕਿਹਾ ਹੈ ਕਿ ‘ਮੁਕੱਦਮੇ ਦੀ ਕਾਰਵਾਈ ਨੂੰ ਪਾਰਦਰਸ਼ੀ ਰੱਖਿਆ ਜਾਵੇ ਅਤੇ ਨਤੀਜੇ ਨੂੰ ਜੱਗ-ਜ਼ਾਹਰ ਕੀਤਾ ਜਾਵੇ ਤਾਂਕਿ ਕਿਸੇ ਕਵਰ-ਅੱਪ ਦਾ ਇਲਜ਼ਾਮ ਨਾ ਲੱਗੇ।’ ਪੰਜ ਮਾਰੇ ਗਏ ਕਸ਼ਮੀਰੀ ਨੌਜਵਾਨਾਂ ’ਚੋਂ ਇੱਕ ਜਮਨਾ ਖਾਨ ਦੇ ਪੱਤਰ ਰਸ਼ੀਦ ਖਾਨ ਨੇ ਨਿਰਾਸ਼ਤਾ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ‘ਸਿਵਲ ਕੋਰਟ ਵਿੱਚ ਤਾਂ ਇਨਸਾਫ ਦੀ ਕੋਈ ਆਸ ਹੋ ਸਕਦੀ ਸੀ ਪਰ ਫੌਜੀ ਕੋਰਟ ਤੋਂ ਸਾਨੂੰ ਇਨਸਾਫ ਦੀ ਕੋਈ ਆਸ ਨਹੀਂ…।’

ਪਾਠਕਜਨ! ਉਪਰੋਕਤ ਖਬਰ ਦਾ ਵੇਰਵਾ ਇੱਕ ਗੱਲ ਦੀ ਸਪੱਸ਼ਟਤਾ ਨਾਲ ਨਿਸ਼ਾਨਦੇਹੀ ਕਰਦਾ ਹੈ ਕਿ ਪੰਜ ਕਸਮੀਰੀ ਨੌਜਵਾਨਾਂ ਨੂੰ ਲਸ਼ਕਰ-ਏ-ਤੋਇਬਾ ਨਾਲ ਜੋੜ ਕੇ ਉਨ੍ਹਾਂ ਦਾ ‘ਮੁਕਾਬਲਾ’ ਬਣਾਉਣ ਵਿੱਚ ਭਾਰਤੀ ਫੌਜ ਦੇ ਬ੍ਰਿਗੇਡੀਅਰ, ਕਰਨਲ ਅਤੇ ਮੇਜਰ ਰੈਂਕਾਂ ਦੇ ਅਫਸਰ ਸ਼ਾਮਲ ਸਨ। ਇਹ ਘਟਨਾ ਤਾਂ 20 ਮਾਰਚ ਦੇ ਸਿੱਖ ਕਤਲੇਆਮ ਲਈ ਕੀਤਾ ਗਿਆ ‘ਕਵਰ-ਅੱਪ’ ਸੀ ਤਾਂਕਿ 35 ਸਿੱਖਾਂ ਦੇ ਕਤਲ ਨੂੰ, ਪਾਕਿਸਤਾਨ ਦੇ ਖਾਤੇ ਵਿੱਚ ਪਾਇਆ ਜਾਵੇ। ਜੇ ਹੁਣ 25 ਮਾਰਚ ਨੂੰ ਕੀਤਾ ਗਿਆ ਪੰਜ ਕਸ਼ਮੀਰੀ ਨੌਜਵਾਨਾਂ ਦਾ ਕਤਲ, ਕਾਤਲਾਂ ਦੀ ਸਪੱਸ਼ਟ ਨਿਸ਼ਾਨਦੇਹੀ ਕਰਦਾ ਹੈ ਤਾਂ 20 ਮਾਰਚ ਨੂੰ 35 ਸਿੱਖਾਂ ਦੇ ਕਤਲ ਲਈ ਕੌਣ ਜ਼ਿੰਮੇਵਾਰ ਹੋਇਆ? ਇਹ ਸਾਬਤ ਹੋ ਗਿਆ ਹੈ ਕਿ ਪੰਜ ਕਸ਼ਮੀਰੀ ਨੌਜਵਾਨ ਨਿਰਦੋਸ਼ ਸਨ, ਜਿਨ੍ਹਾਂ ’ਤੇ ਸਿੱਖਾਂ ਦੇ ਕਤਲ ਦਾ ਝੂਠਾ ਇਲਜ਼ਾਮ ਲਗਾ ਕੇ, ਇਨ੍ਹਾਂ ਨੂੰ ਝੂਠੇ ਮੁਕਾਬਲੇ ’ਚ ਮਾਰ ਦਿੱਤਾ ਗਿਆ। ਫਿਰ 35 ਸਿੱਖ ਕਿਸ ਨੇ ਮਾਰੇ? ਕੀ ਇਸ ਸਿੱਖ ਕਤਲੇਆਮ ਨੂੰ ਸਿਰੇ ਚਾੜ੍ਹਨ ਵਿੱਚ ਵੀ ਬ੍ਰਿਗੇਡੀਅਰ ਅਜੇ ਸਕਸੈਨਾ, ਲੈਫਟੀਨੈਂਟ ਕਰਨਲ ਬਰਜਿੰਦਰ ਪ੍ਰਤਾਪ ਸਿੰਘ, ਮੇਜਰ ਸੌਰਵ ਸ਼ਰਮਾ, ਮੇਜਰ ਅਮਿਤ ਸਕਸੈਨਾ ਅਤੇ ਸੂਬੇਦਾਰ ਇੰਦਰੀਸ ਖਾਨ ਦਾ ਰੋਲ ਨਹੀਂ ਹੈ? ਜੇ ਫੌਜ ਦੇ ਇੰਨੇ ਆਲ੍ਹਾ-ਅਫਸਰਾਂ ਵਲੋਂ ਇਹ ਕਾਰਵਾਈ ਕੀਤੀ ਗਈ ਤਾਂ ਉਨ੍ਹਾਂ ਨੂੰ ਇਸ ਦਾ ‘ਹੁਕਮ’ ਕਿੱਥੋਂ ਆਇਆ? ਕੀ ਅਡਵਾਨੀ ਦਾ ਗ੍ਰਹਿ ਮੰਤਰਾਲਾ ਇਸ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਨਹੀਂ ਹੈ? ਕਸ਼ਮੀਰੀਆਂ ਨੇ ਤਾਂ ਆਪਣੇ ਪੰਜ ਨੌਜਵਾਨਾਂ ਦੀਆਂ ‘ਲਾਸ਼ਾਂ’ ਦਾ ਹਿਸਾਬ ਲੈਣ ਲਈ ਦਿਨ-ਰਾਤ ਇੱਕ ਕਰ ਦਿੱਤਾ ਪਰ 28 ਮਿਲੀਅਨ ਸਿੱਖ ਕੌਮ ਨੂੰ ਆਪਣੇ 35 ਕਸ਼ਮੀਰੀ ਸਿੱਖ ਭਰਾ ਕਿਉਂ ਵਿਸਰ ਗਏ ਹਨ? ਯਾਦ ਰਹੇ, ਅਮਰੀਕੀ ਪ੍ਰਧਾਨ ਕ¦ਿਟਨ ਨੇ ਵੀ ਆਪਣੀ ਇੱਕ ਲਿਖਤ ਵਿੱਚ, 35 ਸਿੱਖਾਂ ਦੇ ਕਤਲੇਆਮ ਲਈ ‘ਹਿੰਦੂ ਦਹਿਸ਼ਤਗਰਦਾਂ’ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਨ੍ਹਾਂ ‘ਹਿੰਦੂ ਦਹਿਸ਼ਤਗਰਦਾਂ’ (ਫੌਜ ਦੀ ਟੁਕੜੀ) ਨੇ ਇਹ ਕਾਰਾ ਆਪਣੇ ਆਕਾ ਹਿੰਦੂਤਵੀ ਅਡਵਾਨੀ ਦੇ ਕਹਿਣ ’ਤੇ ਤਾਂ ਨਹੀਂ ਸੀ ਕੀਤਾ?

ਉਪਰੋਕਤ ਸਾਰੇ ਸਵਾਲਾਂ ਦੇ ਜਵਾਬ ਲਈ ਅਤੇ ਚਿੱਠੀ ਸਿੰਘਪੁਰਾ ਵਿੱਚ ਮਾਰੇ ਗਏ 35 ਸਿੱਖਾਂ ਦੇ ਡੁੱਲ੍ਹੇ ਖੂਨ ਦਾ ਹਿਸਾਬ ਲੈਣ ਲਈ ਇਹ ਜ਼ਰੂਰੀ ਹੈ ਕਿ ਸਿੱਖ ਕੌਮ, ਸਮੂਹਿਕ ਤੌਰ ’ਤੇ ਇਸ ਲਈ ਜ਼ੋਰਦਾਰ ਲਾਮਬੰਦੀ ਕਰੇ। ਪੱਥਰੀਬਲ ਘਟਨਾ ਲਈ ਜ਼ਿੰਮੇਵਾਰ ਕਾਤਲਾਂ ਦੇ ਪੋਟਿਆਂ ’ਤੇ, ਚਿੱਠੀ ਸਿੰਘਪੁਰਾ ਦੇ ਮਾਸੂਮ 35 ਸਿੱਖਾਂ ਦੇ ਖੂਨ ਦੇ ਨਿਸ਼ਾਨ ਵੀ ਹਨ। ਪਰ ਕਿਹੜੀ ‘ਫੋਰੈਂਸਿਕ ਲੈਬੋਟਰੀ’ ਇਸ ਦੀ ਜਾਂਚ ਕਰੇਗੀ? 12 ਸਾਲ ਬਾਅਦ, ਕਸ਼ਮੀਰੀਆਂ ਨੇ ਇਸ ਕੇਸ ਦਾ ਪਿੱਛਾ ਕਰਕੇ, ਇਸ ਨੂੰ ‘ਫੌਜੀ ਅਦਾਲਤ’ ਤੱਕ ਤਾਂ ਪਹੁੰਚਾ ਦਿੱਤਾ ਹੈ, ਕੀ ਇਸ ਨੂੰ ਅਧਾਰ ਬਣਾ ਕੇ ਅਸੀਂ ਚਿੱਠੀ ਸਿੰਘਪੁਰਾ ਸਿੱਖ ਕਤਲੇਆਮ ਦੇ ਕੇਸ ਨੂੰ ਅੱਗੇ ਤੋਰਨ ਲਈ, ਯਤਨਸ਼ੀਲ ਹੋਵਾਂਗੇ? 35 ਸਿੱਖਾਂ ਦਾ ਡੁੱਲ੍ਹਿਆ ਖੂਨ ਸਾਡੇ ਤੋਂ ਇਹ ਹੱਕ ਜ਼ਰੂਰ ਮੰਗਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top