Share on Facebook

Main News Page

ਇਸ ਵਕਤ ਗੁਰਦੁਆਰਿਆਂ ਵਿੱਚ ਟਾਇਲਾਂ ਤੇ ਸੋਨਾ ਚੜ੍ਹਾਉਣ ਦੀ ਲੋੜ ਨਹੀਂ, ਬਲਕਿ ਗਰੀਬ ਬੱਚਿਆਂ ਦੀ ਜਿੰਦਗੀ ਬਣਾਉਣ ਦੀ ਲੋੜ ਹੈ

* ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਜਿਹੜੀ ਅਲਵਰ ਵਿਖੇ ਸਿੱਖ ਕੌਮ ਦੇ ਪਛੜੇ ਵਰਗ ਸਿਕਲੀਗਰ, ਮਜ਼ਬੀ, ਲੁਬਾਣੇ ਪ੍ਰਵਾਰਾਂ ਦੇ ਤਕਰੀਬਨ ੨੫੦ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕਰ ਰਹੀ ਹੈ ਨੂੰ ਆਪਣਾ ਦਸਵੰਧ ਭੇਜ ਕੇ ਕ੍ਰਿਤਾਰਥ ਕਰੋ ਜੀ: ਭਾਈ ਤਾਰੀਫ ਸਿੰਘ

ਬਠਿੰਡਾ, ੯ ਜੁਲਾਈ (ਕਿਰਪਾਲ ਸਿੰਘ): ਇਸ ਵਕਤ ਗੁਰਦੁਆਰਿਆਂ ਵਿੱਚ ਟਾਇਲਾਂ ਤੇ ਸੋਨਾ ਚੜ੍ਹਾਉਣ ਦੀ ਲੋੜ ਨਹੀਂ ਬਲਕਿ ਗਰੀਬ ਬੱਚਿਆਂ ਦੀ ਜਿੰਦਗੀ ਬਣਾਉਣ ਦੀ ਲੋੜ ਹੈ। ਇਸ ਲਈ ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਜਿਹੜੀ ਅਲਵਰ ਵਿਖੇ ਵੱਖ ਵੱਖ ੮ ਗੁਰਦੁਆਰਿਆਂ ਵਿੱਚ ਹਰ ਰੋਜ਼ ਲੱਗ ਰਹੀਆਂ ਧਾਰਮਿਕ ਕਲਾਸਾਂ ਵਿੱਚ ਸਿੱਖ ਕੌਮ ਦੇ ਪਛੜੇ ਵਰਗ ਸਿਕਲੀਗਰ, ਮਜ਼ਬੀ, ਲੁਬਾਣੇ ਪ੍ਰਵਾਰਾਂ ਦੇ ਤਕਰੀਬਨ ੨੫੦ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕਰ ਰਹੀ ਹੈ, ਨੂੰ ਆਪਣਾ ਦਸਵੰਧ ਭੇਜ ਕੇ ਕ੍ਰਿਤਾਰਥ ਕਰੋ ਜੀ। ਇਹ ਸ਼ਬਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਅਲਵਰ ਦੇ ਪ੍ਰਧਾਨ ਭਾਈ ਤਾਰੀਫ ਸਿੰਘ ਨੇ ਇਸ ਲੇਖਕ ਨਾਲ ਗੱਲ ਕਰਦੇ ਹੋਏ ਕਹੇ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਕੀਰਤਨ, ਤਬਲਾ, ਗਤਕਾ ਦੀ ਸਿਖਲਾਈ ਦੇ ਨਾਲ ਨਾਲ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ, ਸ਼ਬਦ ਵੀਚਾਰ, ਗੁਰਇਤਿਹਾਸ, ਸਿੱਖ ਇਤਿਹਾਸ ਅਤੇ ਦੇਸ਼ ਵਿਦੇਸ਼ ਵਿੱਚ ਹੋ ਰਹੀਆਂ ਸਿੱਖ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਵਕਤ ਸੰਸਥਾ ਵੱਲੋਂ ਰਾਜਸਥਾਨ ਦੇ ਅਲਵਰ ਸ਼ਹਿਰ ਵਿਖੇ ਚੱਲ ਰਹੀਆਂ ਕਲਾਸਾਂ ਵਿੱਚ ੧੨੫ ਬੱਚੇ ਬੱਚੀਆਂ ਦੀ ਗਤਕਾ ਟੀਮ ਤਿਆਰ ਹੈ। ਬੱਚਿਆਂ ਦੇ ਗਰੁੱਪਵਾਈਜ਼ ੮ ਕੀਰਤਨੀਏ ਜਥੇ ਅਤੇ ੭ ਤਬਲਾ ਵਾਦਕ ਬੱਚੇ ਤਿਆਰ ਹਨ। ਬਾਕੀ ਬੱਚੇ ਲੈਕਚਰ ਕਰਨ ਅਤੇ ਕਵਿਤਾਵਾਂ ਪੜ੍ਹਨ ਵਿੱਚ ਨਿਪੁੰਨ ਹਨ। ਭਾਈ ਤਾਰੀਫ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਸ਼ਹਿਰ ਵਿੱਚ ਹੋ ਰਹੀਆਂ ਸਾਰੀਆਂ ਧਾਰਮਿਕ ਪ੍ਰੀਖਿਆਵਾਂ ਵਿੱਚ ਅਤੇ ਰਾਜਸਥਾਨ ਵਿੱਚ ਹੋਣ ਵਾਲੇ ਨਗਰ ਕੀਰਤਨਾਂ, ਗੁਰਮਤਿ ਸਮਾਗਮਾਂ, ਸੈਮੀਨਾਰਾਂ ਵਿੱਚ ਭਾਗ ਲੈਣ ਲਈ ਤਿਆਰ ਕਰ ਕੇ ਭੇਜਿਆ ਜਾਂਦਾ ਹੈ।

ਭਾਈ ਤਾਰੀਫ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਕੇਵਲ ਧਾਰਮਿਕ ਰਸਮਾਂ ਨਿਭਾਉਣ ਵਾਲਾ ਨਹੀਂ ਬਣਾਇਆ ਸਗੋਂ ਸਭ ਤੋਂ ਪਹਿਲਾ ਉਪਦੇਸ਼ ਕ੍ਰਿਤ ਕਰਨ ਦਾ ਦੇ ਕੇ 'ਕ੍ਰਿਤ ਕਰੋ, ਨਾਮ ਜਪਹੁ, ਵੰਡ ਕੇ ਛਕੋ' ਅਸੂਲ' ਤੇ ਪਹਿਰਾ ਦੇਣ ਲਈ ਫੁਰਮਾਇਆ:

'ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥ ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥ ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥' (ਸਾਰੰਗ ਕੀ ਵਾਰ ਮ: ੧, ਗੁਰੂ ਗ੍ਰੰਥ ਸਾਹਿਬ ਪੰਨਾ ੧੨੪੫)

ਪਰ ਅੱਜ ਸਮੇਂ ਦੀ ਲੋੜ ਹੈ ਕਿ ਕ੍ਰਿਤ ਕਰਨ ਲਈ ਦੁਨਿਆਵੀ ਵਿਦਿਆ ਦੀ ਵੀ ਭਾਰੀ ਲੋੜ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਸਮੇਂ ਦੀ ਲੋੜ ਅਨੁਸਾਰ ਧਾਰਮਿਕ ਵਿਦਿਆ ਦੇ ਨਾਲ ਨਾਲ ਬੱਚਿਆਂ ਨੂੰ ਸੰਸਾਰਿਕ ਵਿਦਿਆ ਵੀ ਦਿੱਤੀ ਜਾਵੇ। ਪਰ ਅੱਜ ਦੇ ਪਦਾਰਥਵਾਦੀ ਅਤੇ ਮੁਕਾਬਲੇ ਦੇ ਯੁਗ ਵਿੱਚ ਆਰਥਕ ਪੱਖੋਂ ਪਛੜੇ ਵਰਗ ਸਿਕਲੀਗਰ ਮਜ਼ਬੀ, ਲੁਬਾਣੇ ਆਦਿ ਪ੍ਰਵਾਰ ਆਪਣੇ ਬੱਚਿਆਂ ਨੂੰ ਵਿਦਿਆ ਦੇਣ ਦੇ ਸਮਰੱਥ ਨਹੀਂ ਹਨ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਗਰੀਬ ਪ੍ਰੀਵਾਰਾਂ, ਜਿਨ੍ਹਾਂ ਸਬੰਧੀ ਗੁਰੂ ਨਾਨਕ ਸਾਹਿਬ ਜੀ ਨੇ ਫ਼ੁਰਮਾਨ ਕੀਤਾ ਸੀ:

'ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥'
(ਸਿਰੀਰਾਗੁ ਮ: ੧, ਗੁਰੂ ਗ੍ਰੰਥ ਸਾਹਿਬ ਪੰਨਾ ੧੫)

ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 'ਰੰਘਰੇਟੇ ਗੁਰੂ ਕੇ ਬੇਟੇ' ਅਤੇ 'ਇਨ ਗਰੀਬ ਸਿੱਖਨ ਕਉ ਦੇਉ ਪਾਤਸ਼ਾਹੀ॥ ਯਾਦ ਕਰਹਿ ਹਮਰੀ ਗੁਰਿਆਈ॥' ਕਹਿ ਕੇ ਨਿਵਾਜਿਆ ਸੀ, ਦੇ ਬੱਚਿਆਂ ਨੂੰ ਵਿਦਿਆ ਦੇ ਕੇ ਉਨ੍ਹਾਂ ਨੂੰ ਰੁਜ਼ਗਾਰ ਕਮਾਉਣ ਦੇ ਯੋਗ ਬਣਾਉਣ ਦੀ ਜਿੰਮੇਵਾਰੀ ਸਮੁੱਚਾ ਪੰਥ ਨਿਭਾਏ। ਭਾਈ ਤਾਰੀਫ ਸਿੰਘ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਗਰੀਬ ਪ੍ਰਵਾਰਾਂ ਦੇ ਬੱਚੇ ਜਿਹੜੇ ਘਰ ਦੀ ਆਰਥਕ ਮਜ਼ਬੂਰੀ ਕਾਰਣ ਪੜ੍ਹਾਈ ਛੱਡ ਕੇ ਲੋਕਾਂ ਦੇ ਘਰਾਂ ਜਾਂ ਹੋਟਲਾਂ ਵਿੱਚ ਬਰਤਨ ਸਾਫ਼ ਕਰਦੇ ਹਨ ਉਨ੍ਹਾਂ ਨੂੰ ਸਕੂਲਾਂ ਵਿੱਚ ਮੁੜ ਦਾਖ਼ਲਾ ਦਿਵਾਈਏ, ਜਾਂ ਰਾਜਸਥਾਨ ਓਪਨ ਸਕੂਲਜ਼ ਤੋਂ ੧੦ਵੀਂ ੧੨ਵੀਂ ਦੀ ਪੜ੍ਹਾਈ ਕਰਵਾਈਏ, ਉਨ੍ਹਾਂ ਲਈ ਟਿਊਸ਼ਨ ਤੇ ਕੰਪਿਊਟਰ ਸੈਂਟਰ ਖੋਲ੍ਹੀਏ ਤੇ ਉਨ੍ਹਾਂ ਲਈ ਪੁਸਤਕਾਂ ਵਰਦੀਆਂ ਦਾ ਪ੍ਰਬੰਧ ਕਰੀਏ। ਇਸ ਸਭ ਕੁਝ ਲਈ ਸੰਸਥਾ ਨੂੰ ੫ ਕੰਪਿਊਟਰ ਤੇ ਇੱਕ ਕੰਪਿਊਟਰ ਟੀਚਰ, ਇੰਗਲਿਸ਼ ਮੈਥ ਅਤੇ ਸਾਇੰਸ ਲਈ ੩ ਟਿਊਸ਼ਨ ਟੀਚਰ, ੨ ਗਤਕਾ ਕਿੱਟਾਂ, ੫ ਹਰਮੋਨੀਅਮ, ੪ ਤਬਲੇ, ਇੱਕ ਸਿਲਾਈ ਟੀਚਰ ਅਤੇ ਬੱਚੇ ਬੱਚੀਆਂ ਲਈ ਪੁਸਤਕਾਂ, ਕਾਪੀਆਂ ਪੈਨਸਿਲਾਂ ਆਦਿ ਚਾਹੀਦੀਆਂ ਹਨ, ਜਿਸ ਲਈ ਸਮੂਹ ਸੰਗਤ ਤੋਂ ਆਰਥਿਕ ਸਹਾਇਤਾ ਦੀ ਭਾਰੀ ਲੋੜ ਹੈ।

ਭਾਈ ਤਾਰੀਫ਼ ਸਿੰਘ ਨੇ ਭਾਈ ਗੁਰਦਾਸ ਜੀ ਦੇ ਕਬਿਤ:

'ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿਖ ਕਉ ਇਕ ਸਬਦ ਸਿਖਾਏ ਕਾ॥੬੭੩॥'

ਦਾ ਹਵਾਲਾ ਦਿੰਦਿਆਂ ਸਮੂਹ ਸਿੱਖ ਜਥੇਬੰਦੀਆਂ, ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਇਸ ਵਕਤ ਗੁਰਦੁਆਰਿਆਂ ਵਿੱਚ ਟਾਇਲਾਂ ਤੇ ਸੋਨਾ ਚੜ੍ਹਾਉਣ ਦੀ ਲੋੜ ਨਹੀਂ ਬਲਕਿ ਗਰੀਬ ਬੱਚਿਆਂ ਦੀ ਜਿੰਦਗੀ ਬਣਾਉਣ ਦੀ ਲੋੜ ਹੈ ਕਿਉਂਕਿ ਇੱਕ ਸਿੱਖ ਨੂੰ ਇੱਕ ਸ਼ਬਦ ਸਿਖਾਉਣ ਦਾ ਫ਼ਲ ਸੋਨੇ ਦੇ ਸਤ ਮੰਦਰ ਉਸਾਰਨ ਦੇ ਬਰਾਬਰ ਹੈ ਇਸ ਲਈ ਉਹ ਖ਼ੁਦ ਅਲਵਰ ਵਿਖੇ ਪਹੁੰਚ ਕੇ ਇਨ੍ਹਾਂ ਬੱਚਿਆਂ ਨੂੰ ਮਿਲਣ ਸਾਡੇ ਵੱਲੋਂ ਚਲਾਏ ਜਾ ਰਹੇ ਕਾਰਜਾਂ ਦੀ ਪੜਤਾਲ ਕਰਨ ਤੇ ਸਾਨੂੰ ਆਰਥਿਕ ਸਹਾਇਤਾ ਦੇ ਕੇ ਇਸ ਯੋਗ ਬਣਾਉਣ ਕਿ ਅਸੀਂ ਆਪਣੇ ਮਿਥੇ ਗਏ ਟੀਚੇ ਗੁਰੂ ਕ੍ਰਿਪਾ ਦੁਆਰਾ ਸਿਰੇ ਚਾੜ੍ਹ ਸਕੀਏ। ਭਾਈ ਤਾਰੀਫ਼ ਸਿੰਘ ਨੇ ਕਿਹਾ ਕਿ ਆਪਣੇ ਦਸਵੰਧ ਵਿੱਚੋਂ ਸੇਵਾ ਕਰਨ ਵਾਲੇ ਹਰ ਵੀਰ ਭੈਣ ਨੂੰ ਸੰਸਥਾ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਬੱਚਿਆਂ ਦੀ ਮਹੀਨਾਵਾਰ ਰੀਪੋਰਟਾਂ ਭੇਜੀਆਂ ਜਾਇਆ ਕਰਨਗੀਆਂ ਤੇ ਇੰਟਰਨੈੱਟ 'ਤੇ ਸਕਾਇਪੀ ਰਾਹੀਂ ਸਮੇਂ ਸਮੇਂ ਸਿਰ ਬੱਚਿਆਂ ਨੂੰ ਰੁਬਰੂ ਕਰਵਾਇਆ ਜਾਵੇਗਾ। ਹੋਰ ਜਾਣਕਾਰੀ ਲਈ ਭਾਈ ਤਾਰੀਫ਼ ਸਿੰਘ ਨੂੰ ਮੋਬ: ਫ਼ੋਨ ਨੰਬਰ ੦੭੭੪੨੫੯੭੪੭੮ ਅਤੇ ੦੮੫੬੦੮੫੨੧੨੬ 'ਤੇ ਸੰਪਰਕ ਕੀਤਾ ਜਾ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top