Share on Facebook

Main News Page

ਡੇਰਿਆਂ ਨੂੰ ਰਿਆਸਤਾਂ, ਮੁਤਵਾਜ਼ੀ ਨਿਜ਼ਾਮ ਤੇ ਅੰਡਰ ਵਰਲਡ ਬਣਨ ਤੋਂ ਰੋਕਣ ਵਾਸਤੇ ਨੱਥ ਪਾਉਣੀ ਜ਼ਰੂਰੀ ਹੈ
-
ਡਾ. ਹਰਜਿੰਦਰ ਸਿੰਘ ਦਿਲਗੀਰ

ਬਿਆਸ ਨੇੜੇ ਪਿੰਡ ਵੜੈਚ ਵਿਚ ਰਾਧਾਸੁਆਮੀਆਂ ਵੱਲੋਂ ਗੁਰਦੁਆਰੇ ਨੂੰ ਢਾਹ ਕੇ ਕਬਜ਼ੇ ਵਿਚ ਕਰਨ ਨਾਲ ਜੋ ਤੂਫ਼ਾਨ ਉਠਿਆ ਹੈ ਉਹ ਅਚਾਣਕ ਪੈਦਾ ਹੋਇਆ ਮਸਲਾ ਨਹੀਂ। ਇਹ ਪਹਿਲਾਂ ਵੀ ਕਈ ਪਿੰਡਾਂ ਨੂੰ ਕਬਜ਼ੇ ਵਿਚ ਕਰ ਚੁਕੇ ਹਨ। ਅਜਿਹਾ ਕਰਨ ਵਾਸਤੇ ਇਹ ਨੇੜੇ ਦੇ ਕਿਸੇ ਪਿੰਡ ਦੇ ਕਿਸੇ ਬੰਦੇ ਤੋਂ ਕੁਝ ਵਧ ਰਕਮ ਦੇ ਕੇ ਜ਼ਮੀਨ ਖ਼ਰੀਦ ਲੈਂਦੇ ਹਨ ਤੇ ਉਸ ਮਗਰੋਂ ਉਸ ਵਿਚ ਵੱਡੇ ਵੱਡੇ ਟੋਏ ਪੁੱਟ ਦੇਂਦੇ ਹਨ ਜਾਂ ਰਸਤਾ ਬੰਦ ਕਰ ਦੇਂਦੇ ਹਨ ਜਾਂ ਬਿਆਸ ਦਰਿਆ ਦੀ ਮਾਰ ਹੇਠ ਕਰ ਦੇਂਦੇ ਹਨ ਜਾਂ ਕੋਈ ਹੋਰ ਅਜਿਹੀ ਹਰਕਤ ਕਰ ਦੇਂਦੇ ਹਨ ਜਿਸ ਨਾਲ ਬਾਕੀ ਕਿਸਾਨਾਂ ਤੇ ਹੋਰ ਲੋਕਾਂ ਨੂੰ ਬਹੁਤ-ਬਹੁਤ ਮੁਸ਼ਕਿਲਾਂ ਆ ਜਾਣ, ਅਤੇ ਕਿਉਂ ਕਿ ਸਰਕਾਰ ਤੇ ਪੁਲਸ ਡੇਰੇ ਦੀ ਪਿੱਠ ‘ਤੇ ਹੁੰਦੀ ਹੈ, ਇਸ ਕਰ ਕੇ ਕਿਸਾਨਾਂ ਤੇ ਹੋਰ ਲੋਕਾਂ ਦੀ ਕੋਈ ਬਾਂਹ ਨਹੀਂ ਫੜਦਾ। ਅਖ਼ੀਰ ਉਹ ਬੇਬਸ ਹੋ ਕੇ ਇਨ੍ਹਾਂ ਅੱਗੇ ਹਥਿਆਰ ਸੁਟ ਦੇਂਦੇ ਹਨ ਤੇ ਇਨ੍ਹਾਂ ਨੂੰ ਜ਼ਮੀਨ ਮੁਫ਼ਤ ਦੇ ਭਾਅ ਮਿਲ ਜਾਂਦੀ ਹੈ। ਇਸ ਤਰੀਕੇ ਨਾਲ ਬਿਆਸ ਡੇਰੇ ਵਾਲੇ ਇਕ ਨਹੀਂ ਕਿੰਨੇ ਹੀ ਪਿੰਡਾਂ ਦਾ ਨਾਮੋ-ਨਿਸ਼ਾਂ ਮਿਟਾ ਚੁਕੇ ਹਨ।

ਰਾਧਾ ਸੁਆਮੀ ਡੇਰੇ ਦਾ ਪਿਛੋਕੜ: ਰਾਧਾ ਸੁਆਮੀ ਡੇਰਾ ਇਕ ਹਿੰਦੂ ਸਾਧੂ ਸ਼ਿਵ ਦਿਆਲ ਨੇ ਆਗਰੇ ਵਿਚ ਸ਼ੁਰੂ ਕੀਤਾ ਸੀ। ਉਹ 1878 ਵਿਚ ਮਰ ਗਿਆ। ਉਸ ਦਾ ਇਕ ਚੇਲਾ ਜੈਮਲ ਸਿੰਘ ਸੀ (ਜੋ ਪਹਿਲਾਂ ਇਕ ਵੇਦਾਂਤੀ ਸਾਧੂ ਖੇਮ ਸਿੰਘ ਦਾ ਚੇਲਾ ਰਿਹਾ ਸੀ), ਜੋ ਬ੍ਰਿਟਿਸ਼ ਆਰਮੀ ਵਿਚ ਸੀ; ਜਿਥੋਂ ਉਹ 1899 ਵਿਚ ਫ਼ਾਰਗ ਹੋਇਆ। ਉਧਰ ਆਗਰੇ ਵਿਚ ਇਸ ਗਰੁਪ ਦਾ ਦਾਲ ਫੁਲਕਾ ਮਸਾਂ ਚਲਦਾ ਸੀ ਇਸ ਕਰ ਕੇ ਜੈਮਲ ਸਿੰਘ ਬਿਆਸ ਕੋਲ ਪਿੰਡ ਬਾਲਾ ਸਰਾਂ ਵਿਚ ਆ ਗਿਆ ਅਤੇ ਪਿੰਡ ਦੇ ਗੁਰਦੁਆਰੇ ਦੀ ਜ਼ਮੀਨ ‘ਤੇ ਕਬਜ਼ਾ ਕਰ ਲਿਆ ਤੇ ਝੁੱਗੀ ਕਾਇਮ ਕਰ ਲਈ ਤੇ ਫਿਰ ਨਿੱਕਾ ਜਿਹਾ ਡੇਰਾ ਕਾਇਮ ਕਰ ਲਿਆ। 1903 ਵਿਚ ਉਸ ਦੇ ਮਰਨ ‘ਤੇ ਉਸ ਦੇ ਇਕ ਫ਼ੌਜੀ ਦੋਸਤ ਦੇ ਪੁੱਤਰ ਸਾਵਨ ਸਿੰਘ ਗਰੇਵਾਲ ਨੇ ਇਸ ਨਿੱਕੇ ਜਿਹੇ ਡੇਰੇ ਨੂੰ ਸੰਭਾਲ ਲਿਆ; 1948 ਵਿਚ ਉਹ ਵੀ ਮਰ ਗਿਆ। ਉਸ ਦਾ ਅਗਲਾ ਵਾਰਿਸ (ਅੰਗਰੇਜ਼ਾਂ ਦਾ ਸਰਦਾਰ ਬਹਾਦਰ) ਜਗਤ ਸਿੰਘ ਵੀ 1951 ਵਿਚ ਮਰ ਗਿਆ ਤੇ ਹੁਣ ਇਹ ਡੇਰਾ ਚਰਨ ਸਿੰਘ ਦੇ ਹੱਥ ਆ ਗਿਆ।

1990 ਵਿਚ ਚਰਨ ਸਿੰਘ ਦੇ ਮਰਨ ‘ਤੇ ਗੁਰਿੰਦਰ ਸਿੰਘ ਢਿੱਲੋਂ ਇਸ ਦਾ ਮੁਖੀ ਬਣਿਆ। ਬਿਆਸ ਡੇਰੇ ਦਾ ਵਾਧਾ ਚਰਨ ਸਿੰਘ ਦੇ ਵੇਲੇ ਸ਼ੁਰੂ ਹੋਇਆ ਸੀ ਕਿਉਂਕਿ ਇਸ ਨੂੰ ਪ੍ਰਤਾਪ ਸਿੰਘ ਕੈਰੋਂ ਨੇ ਅਕਾਲੀਆਂ ਦੇ ਮੁਕਬਾਲੇ ਵਿਚ ਖੜ੍ਹਾ ਕਰਨ ਵਾਸਤੇ ਸਿਆਸੀ ਸ੍ਰਪਰਸਤੀ ਦਿੱਤੀ ਸੀ। ਇਸ ਕਰ ਕੇ ਰਾਧਾ ਸੁਆਮੀਆਂ ਦੇ ਸਾਰੇ ਚੇਲੇ 100% ਕਾਂਗਰਸ ਨੂੰ ਹੀ ਵੋਟਾਂ ਪਾਉਂਦੇ ਸਨ। ਕੈਰੋਂ ਦੀ ਮਦਦ ਨਾਲ ਚਰਨ ਸਿੰਘ ਨੇ ਡੇਰੇ ਦੇ ਦੁਆਲੇ ਕਾਫ਼ੀ ਜ਼ਮੀਨ ਖ਼ਰੀਦ ਲਈ ਸੀ। ਪਰ ਇਸ ਦਾ ਅਸਲ ਫੈਲਾਅ ਗੁਰਿੰਦਰ ਸਿੰਘ ਢਿੱਲੋਂ ਦੇ ਮੁਖੀ ਬਣਨ ਮਗਰੋਂ ਸ਼ੁਰੂ ਹੋਇਆ। 1978 ਤੋਂ ਮਗਰੋਂ ਪੰਜਾਬ ਵਿਚ ਖਾੜਕੂ ਦੌਰ ਸ਼ੁਰੂ ਹੋ ਗਿਆ। ਇਸ ਦੋਰਾਨ ਬਿਆਸ ਡੇਰਾ ਪੂਰੀ ਤਰ੍ਹਾਂ ਕਾਂਗਰਸ ਨੂੰ ਸਮਰਪਿਤ ਰਿਹਾ। 1992 ਵਿਚ ਬੇਅੰਤ ਸਿੰਘ ਚੀਫ਼ ਮਨਿਸਟਰ ਬਣਿਆ। ਗੁਰਿੰਦਰ ਸਿੰਘ ਨੇ ਬੇਅੰਤ ਸਿੰਘ ਨਾਲ ਯਾਰੀ ਪਾਈ ਅਤੇ ਖਾੜਕੂਆਂ ਦੇ ਖ਼ਿਲਾਫ਼ ਪੂਰਾ ਪੂਰਾ ਸਾਥ ਦਿੱਤਾ। ਇਸ ਦੇ ਨਾਲ ਹੀ ਖਾੜਕੂਆਂ ਦਾ ਜ਼ਵਾਲ ਹੋਣਾ ਸ਼ੁਰੂ ਹੋ ਗਿਆ ਅਤੇ ਇਸ ਦਾ ਫ਼ਾਇਦਾ ਉਠਾਂਦਿਆਂ ਉਸ ਨੇ 1993 ਤੋਂ ਮਗਰੋਂ ਬਿਆਸ ਡੇਰੇ ਦੇ ਆਲੇ ਦੁਆਲੇ ਦੀ ਜ਼ਮੀਨ ‘ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ।

1997 ਵਿਚ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਚੀਫ਼ ਮਨਿਸਟਰ ਬਣਿਆ। ਹੁਣ ਬਿਆਸ ਡੇਰੇ ਨੂੰ ਅਹਿਸਾਸ ਹੋਇਆ ਕਿ ਪੰਜਾਬ ਦਾ ਸਿੱਖ ਕਾਂਗਰਸ ਨਾਲ ਨਫ਼ਰਤ ਕਰਨ ਲਗ ਪਿਆ ਹੈ ਅਤੇ ਇੱਥੇ ਅਕਾਲੀਆਂ ਦੀ ਸਰਕਾਰ ਹੀ ਬਣਿਆ ਕਰਨੀ ਹੈ। ਇਹ ਸੋਚ ਕੇ ਬਿਆਸ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਪੱਤੇ ਬਦਲ ਲਏ। ਬਾਦਲ ਨੇ ਵੀ ਇਸ ਡੇਰੇ ਦੀਆਂ ਵੋਟਾਂ ਦੀ ਆਸ ਨਾਲ ਗੁਰਿੰਦਰ ਸਿੰਘ ਨਾਲ ਨੇੜਤਾ ਕਾਇਮ ਕਰਨ ਦਾ ਫ਼ੈਸਲਾ ਕੀਤਾ। ਇਸੇ ਪਲਾਨਿੰਗ ਹੇਠ 2002 ਦੀਆਂ ਚੋਣਾਂ ਤੋਂ ਕੁਝ ਚਿਰ ਪਹਿਲਾਂ ਬਾਦਲ ਨੇ ਮੋਹਾਲੀ ਵਿਚ 23 ਟੁਕੜਿਆਂ ਵਿਚ ਰਾਧਾਸੁਆਮੀ ਜ਼ਮੀਨ ਨੂੰ 200 ਏਕੜ ਵਿਚ ਇਕੱਠਾ ਕਰ ਕੇ, ਸੈਕਟਰ 76 ਪੂਰਾ ਹੀ, ਉਨ੍ਹਾਂ ਨੂੰ ਦੇ ਦਿੱਤਾ ਸੀ। ਉਨ੍ਹਾਂ ਫਿਰ ਹੋਰ 34.2 ਏਕੜ ਜ਼ਮੀਨ (1650 ਕਰੋੜ ਦੀ ਕੀਮਤ ਵਾਲੀ) ਤੇ ਕਬਜ਼ਾ ਵੀ ਕਰ ਲਿਆ ਸੀ ਜੋ 6 ਸਾਲ ਮਗਰੋਂ ਖਾਲੀ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਇਸ ਡੇਰੇ ਕੋਲ 7 ਫ਼ੇਜ਼ ਵਿਚ, ਮੇਨ ਮਾਰਕੀਟ ਵਿਚ, 1.75 ਏਕੜ ਥਾਂ ਹੋਰ ਵੀ ਹੈ।

ਇਸ ਡੇਰੇ ਵੱਲੋਂ ਬਿਆਸ ਦੇ ਆਲੇ ਦੁਆਲੇ ਬਹੁਤ ਸਾਰੇ ਪਿੰਡਾਂ ਅਤੇ ਨਾਲ ਲਗਦੇ ਕਈ ਹੋਰ ਪਿੰਡਾਂ ਵਿਚ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਧੱਕੇ, ਡਰ ਅਤੇ ਸਰਕਾਰ ਅਤੇ ਪੁਲਸ ਵਿਚ ਬੈਠੇ ਆਪਣੇ ‘ਦਲਾਲਾਂ’ ਰਾਹੀਂ ਕਬਜ਼ੇ ਵਿਚ ਕਰ ਲਿਆ ਹੈ। ਇਹ ਕਾਰਵਾਈ ਪਿਛਲੇ 40 ਸਾਲ ਤੋਂ ਬ-ਦਸਤੂਰ ਚਲ ਰਹੀ ਹੈ ਪਰ 1992 ਵਿਚ ਬੇਅੰਤ ਸਰਕਾਰ ਦੇ ਵੇਲੇ ਤੋਂ ਤਾਂ ਇਨ੍ਹਾਂ ਨੇ ਸਾਰੀਆਂ ਹੱਦਾਂ ਪਾਰ ਕਰ ਲਈਆਂ ਹਨ। ਅਜ ਇਸ ਡੇਰੇ ਕੋਲ ਬਿਆਸ ਵਿਚ 3000 ਏਕੜ ਜ਼ਮੀਨ ਹੈ। ਇਸ ਤੋਂ ਇਲਾਵਾ ਇਨ੍ਹਾਂ ਕੋਲ ਬਿਆਸ ਸ਼ਹਿਰ ਵਿਚ ਹਸਪਤਾਲ ਵਾਲੀ ਜ਼ਮੀਨ ਵੀ ਹੈ। ਮੁਹਾਲੀ ਦੇ ਸੈਕਟਰ 76 ਵਿਚ 200 ਏਕੜ, ਫ਼ੇਜ਼ 7 ਵਿਚ ਪੌਣੇ 2 ਏਕੜ ਤੋਂ ਇਲਾਵਾ ਹਰ ਨਗਰ ਹਰ ਪਿੰਡ ਵਿਚ ਪ੍ਰਾਈਮ ਜਗਹ ‘ਤੇ ਡੇਰੇ ਦੀਆਂ ਜ਼ਮੀਨਾਂ ਜੋ 2000 ਏਕੜ ਦੇ ਕਰੀਬ ਹਨ (ਸ਼ਾਇਦ ਵਧ ਹੀ ਹੋਣ); ਯਾਨਿ ਪੰਜਾਬ ਵਿਚ ਇਨ੍ਹਾਂ ਦੇ ਕਬਜ਼ੇ ਹੇਠ ਘਟ ਤੋਂ ਘਟ 6000 ਏਕੜ ਜ਼ਮੀਨ ਹੈ ਏਨੀ ਜ਼ਮੀਨ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੇਠਲੇ ਸਾਰੇ ਗੁਰਦੁਆਰਿਆਂ ਕੋਲ ਵੀ ਨਹੀਂ ਹੋਣੀ। ਸਵਾਲ ਇਹ ਹੈ ਕਿ ਇਸ ਡੇਰੇ ਨੇ 3000 ਏਕੜ ਜ਼ਮੀਨ ‘ਤੇ ਕਾਬਜ਼ ਹੋਣ ਮਗਰੋਂ ਹੋਰ ਜ਼ਮੀਨ ਕੀ ਕਰਨੀ ਹੈ?

ਮਾਫ਼ੀਆ ਨਿਜ਼ਾਮ ਦੀਆਂ ਖ਼ਤਰਨਾਕ ਸਾਜ਼ਸਾਂ: ਵਿਦਾਵਨਾਂ ਵਿਚ ਇਹ ਆਮ ਚਰਚਾ ਚਲ ਰਿਹਾ ਹੈ ਕਿ ਬਿਆਸ ਡੇਰੇ ਵੱਲੋਂ ਏਨੀ ਜ਼ਮੀਨ ‘ਤੇ ਕਬਜ਼ੇ ਕਰਨ ਦਾ ਰਾਜ਼ ਕੀ ਹੈ? ਅੱਜ ਬਿਆਸ ਡੇਰਾ ਇਕ ਪ੍ਰਾਈਵੇਟ ਨਿਜ਼ਾਮ ਕਾਇਮ ਹੋ ਚੁਕਾ ਹੈ। ਇਨ੍ਹਾਂ ਦਾ ਡੇਰਾ ਇਕ ‘ਰਿਆਸਤ’ ਦਾ ਰੂਪ ਧਾਰਨ ਕਰ ਚੁਕਾ ਹੈ। ਇਸ ਡੇਰੇ ਦੀ ਹਦੂਦ ਵਿਚ ਪੁਲਸ ਜਾਂ ਸਰਕਾਰੀ ਨਿਜ਼ਾਮ ਦਾ ਕੋਈ ਅਫ਼ਸਰ ਵੜ ਨਹੀਂ ਸਕਦਾ। ਕੋਈ ਅਫ਼ਸਰ ਇਨ੍ਹਾਂ ਵੱਲ ਅੱਖ ਚੁਕ ਕੇ ਨਹੀਂ ਵੇਖ ਸਕਦਾ। ਸਕਿਊਰਿਟੀ ਦੇ ਨਾਂ ‘ਤੇ ਇਨ੍ਹਾਂ ਦੀ ਆਪਣੀ ਪ੍ਰਾਈਵੇਟ ਫ਼ੌਜ ਹੈ। ਇਹ ਇਕ ‘ਅੰਡਰ ਵਰਲਡ’ ਬਣ ਚੁਕਾ ਹੈ। ਇਹ ਆਪਣੇ ਆਪ ਵਿਚ ਇਕ ‘ਮੁਤਵਾਜ਼ੀ ਨਿਜ਼ਾਮ/ਸਰਕਾਰ’ ਹੈ। ਸਰਕਾਰ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਕਰਨ ਵਾਸਤੇ ਗੁਰਿੰਦਰ ਸਿੰਘ ਨੇ ਹੁਣ ਤਾਂ ਆਪਣੀ ਇਕ ਭਣੇਵੀਂ ਜਾਂ ਭਤੀਜੀ ਪੰਜਾਬ ਦੇ ਸੀਨੀਅਰ ਮਨਿਸਟਰ ਬਿਕਰਮ ਸਿੰਘ ਮਜੀਠਿਆ ਨਾਲ ਵਿਆਹ ਦਿੱਤੀ ਹੈ। ਬਿਕਰਮ ਸਿੰਘ ਨਿੱਕੇ ਬਾਦਲ ਸੁਖਬੀਰ ਸਿੰਘ ਦਾ ਸਾਲਾ ਹੈ। ਇੰਞ ਹੁਣ ਬਿਆਸ ਡੇਰਾ ਇਕ ਤਰ੍ਹਾਂ ਨਾਲ ਪੰਜਾਬ ਦਾ ਅਣ-ਐਲਾਣਿਆ ਦੂਜਾ ਹਾਕਮ ਵੀ ਹੈ। ਉਂਞ ਪੰਜਾਬ ਵਿਚ ਸਿਰਫ਼ ਇਹ ਹੀ ਨਹੀਂ ਬਲਕਿ ਕਈ ਨਿੱਕੇ ਨਿੱਕੇ, ਦੂਜੇ ਦਰਜੇ ਦੇ, ਡੇਰ, ਅੰਡਰ ਵਰਲਡ, ਧਾਰਮਿਕ ਮਾਫ਼ੀਆ, ਮਿੰਨੀ ਸਰਕਾਰਾਂ ਹੋਰ ਵੀ ਮੌਜੂਦ ਹਨ, ਜਿਨ੍ਹਾਂ ਵਿਚ ਭੈਣੀ, ਦੋਦੜਾ, ਕਲੇਰਾਂ, ਰਾੜਾ, ਢੱਡਰੀਆਂ, ਆਸ਼ੂਤੋਸ਼ ਤੇ ਦਰਜਨ ਕੂ ਹੋਰ ਵੀ ਹਨ।

ਇਹ ‘ਅੰਡਰ ਵਰਲਡ’ ਅਤੇ ਇਕ ‘ਮੁਤਵਾਜ਼ੀ ਨਿਜ਼ਾਮ/ਸਰਕਾਰ’ ਇਕੱਲੀ ਬਿਆਸ ਡੇਰੇ ਦੀ ਨਹੀਂ; ਹਰਿਆਣਾ ਵਿਚ ਸਰਸਾ ਡੇਰਾ ਦਾ ਵੀ ਇਹੀ ਹਾਲ ਹੈ; ਦਿੱਲੀ ਵਿਚ ਨਿਰੰਕਾਰੀ ਵੀ ਇਸ ਦਾ ਹੀ ਇਕ ਰੂਪ ਹਨ; ਦੱਖਣ ਵਿਚ ਬਹੁਤ ਸਾਰੇ ਹਿੰਦੂ ਮੰਦਰ ਵੀ ਇਕ ਇਕ ‘ਮੁਤਵਾਜ਼ੀ ਨਿਜ਼ਾਮ/ਸਰਕਾਰ’ ਹਨ। ਪਿੱਛੇ ਜਿਹੇ ਮਰੇ ਸਤਯ ਸਾਂਈ ਬਾਬਾ ਦੀ ਅਰਬਾਂ-ਖਰਬਾਂ ਦੀ ਦੌਲਤ ਦਾ ਰਾਜ਼ ਖੁਲ੍ਹਿਆ ਸੀ; ਇਸ ਮਗਰੋਂ ਇਕ ਹੋਰ ‘ਪ੍ਰਭੂ’ ਦੇ ਮਰਨ ਮਗਰੋਂ ਉਸ ਦੀ ਅਰਬਾਂ ਦੀ ਜਾਇਦਾਦਾ ਸਾਹਹਮਣੇ ਆਈ ਸੀ। ਨਿਰਮਲ ਬਾਬਾ, ਆਸਾ ਰਾਮ, ਰਾਮ ਦੇਵ, ਸ੍ਰੀ ਸ੍ਰੀ ਰਵੀ ਸ਼ੰਕਰ, ਸੁਸ਼ੀਲ ਮੁਨੀ ਵਰਗੇ ਵੀ ਬਹੁਤ ਹਨ। ਇਹ ਸਭ ਧਾਰਮਿਕ ਠੱਗੀ ਅਤੇ ਮਾਫ਼ੀਆ ਦੀ ਦੁਨੀਆਂ ਹੈ। ਇਹ ਧਾਰਮਿਕ ਮਾਫ਼ੀਆ ਇਸ ਮੁਲਕ ਵਿਚ ਬਹੁਤ ਵੱਡੀ ਤਾਕਤ ਬਣੀ ਜਾ ਰਿਹਾ ਹੈ। ਉਂਞ ਇਨ੍ਹਾਂ ਦੀਆਂ ਹਰਕਤਾਂ ਨਾ ਤਾਂ ਧਾਰਮਿਕ ਹਨ ਤੇ ਨਾ ਰੂਹਾਨੀਅਤ ਨਾਲ ਸਬੰਧ ਰੱਖਣ ਵਾਲੀਆਂ। ਇਹ ਤਾਂ ਸਿਆਸੀ ਤਾਕਤ, ਬਿਜ਼ਨਸ ਅਤੇ ਜੁਰਮਾਂ ਦੀ ਦੁਨੀਆਂ ਵਾਲਾ ਤਰੀਕਾ ਹੈ।

ਯੂਰਪ ਵਿਚ ਵੀ ਅਜਿਹਾ ਹੋਇਆ ਸੀ ਜਦ ਚਰਚ ਨੇ ਪੋਪ ਦੀ ਤਾਕਤ ਦੇ ਨਾਂ ‘ਤੇ ਸਰਕਾਰਾਂ ਨੂੰ ਆਪਣੀ ਧੱਕੇਸ਼ਾਹੀ ਹੁਕਮਾਂ ਦੀ ਮਰਜ਼ੀ ਨਾਲ ਚਲਾਇਆ ਕਰਦੇ ਸਨ। ਕਿੰਨੇ ਹੀ ਰਾਜਿਆਂ ਨੂੰ ਮਨਮਰਜ਼ੀ ਦੇ ਹੁਕਮ ਦੇ ਕੇ ਇਸਾਈ ਧਰਮ ਤੋਂ ਖਾਰਜ ਕਰ ਦੇਂਦੇ ਸਨ ਤੇ ਉਨ੍ਹਾਂ ਤੋਂ ਮਨਮਰਜ਼ੀ ਦੀਆਂ ਗੱਲਾਂ ਮਨਵਾਉਂਦੇ ਸਨ (ਸਿੱਖਾਂ ਵਿਚ ਵੀ, 1986 ਤੋਂ ਮਗਰੋਂ, ਅਕਾਲ ਤਖ਼ਤ ਦਾ ਅਖੋਤੀ ਜਥੇਦਾਰ ਦਾ ਨਵਾਂ ਅਹੁਦਾ ਵੀ ਇਹ ਰੋਲ ਅਦਾ ਕਰ ਰਿਹਾ ਹੈ)। ਪੋਪ/ਚਰਚ ਦੀ ਮਲਕੀਅਤ ਹੇਠ ਅੱਧਾ-ਅੱਧਾ ਮੁਲਕ ਕਬਜ਼ੇ ੁਵਿਚ ਲਿਆ ਹੋਇਆ ਸੀ ਤੇ ਉਨ੍ਹਾਂ ਜ਼ਮੀਨਾਂ ਦੀ ਸਾਰੀ ਪੈਦਾਵਾਰ ਪੋਪ/ਚਰਚ ਰਾਹੀਂ ਵਰਤੀ ਜਾਂਦੀ ਸੀ। ਇਸ ਨਾਲ ਕਈ ਸਰਕਾਰਾਂ ਤਾਂ ਤਕਰੀਬਨ ਕੰਗਾਲ ਹੀ ਹੋ ਚੁਕੀਆਂ ਸਨ। ਪੋਪ ਨੇ ਸਾਰਾ ਜ਼ੋਰ ਚਰਚਾਂ ਦੀਆਂ ਈਮਾਰਤਾਂ ਬਣਾਉਣ ਤੇ ਲਾਇਆ ਹੋਇਆ ਸੀ। ਲੋਕ ਭੁੱਖੇ ਮਰ ਰਹੇ ਸਨ। 1517 ਵਿਚ ਸ਼ੁਰੂ ਹੋਈ ਰਿਫ਼ਰਮੇਸ਼ਨ ਲਹਿਰ ਹੇਠ ਮਾਰਟਿਨ ਲੂਥਰ ਕਿੰਗ ਅਤੇ ਹੋਰਾਂ ਵੱਲੋਂ ਸ਼ੁਰੂ ਕੀਤੇ ਇਨਕਲਾਬ ਨੇ ਇਸ ਧਾਰਮਿਕ ਮਾਫ਼ੀਆ ਦੀ ਦੁਨੀਆਂ ਨੂੰ ਨੱਥ ਪਾਈ ਸੀ।

ਸਿਰਫ਼ ਇਸਾਈ ਪੋਪ ਹੀ ਨਹੀਂ ਪਹਿਲਾਂ ਇਸਲਾਮ ਵਿਚ ਖ਼ਲੀਫ਼ਾ ਵੀ ਅਜਿਹੀ ਤਾਕਤ ਹੁੰਦਾ ਸੀ। ਇਹ ਨਿਜ਼ਾਮ ਅਖ਼ੀਰ ‘ਆਟੋਮਨ ਸਾਮਰਾਜ’ ਵੇਲੇ ਖ਼ਤਮ ਹੋਣਾ ਸ਼ੁਰੂ ਹੋਇਆ ਸੀ। ਭਾਰਤ ਵਿਚ ਧਾਰਮਿਕ ਮਾਫ਼ੀਆ ਪਹਿਲਾਂ ਵੀ ਕਾਇਮ ਸੀ ਪਰ ਉਦੋਂ ਇਹ ਆਪਣੇ ਆਪ ਨੂੰ “ਬਾਬਾ”, “ਭਗਵਾਨ”, “ਮਹਾਰਾਜ” ਨਹੀਂ ਅਖਵਾਉਂਦੇ ਸਨ ਤੇ ਰਾਜਿਆਂ ਦੇ ਪੁਰੋਹਤ ਬਣ ਕੇ ਉਨ੍ਹਾਂ ਕੋਲੋਂ ਉਨ੍ਹਾਂ ਦੇ ਨਾਂ ਹੇਠ ਮਾਲ-ਮੱਤਾ ਇਕੱਠਾ ਕਰਦੇ ਸਨ। ਇਸੇ ਕਰ ਕੇ ਸੋਮਨਾਥ, ਮਥਰਾ, ਗੋਕੁਲ, ਕਾਂਗੜਾ, ਦੱਖਣ ਵਿਚ ਮੰਦਰ ਬਣੇ ਸਨ ਜਿਨ੍ਹਾਂ ‘ਤੇ ਅਰਬਾਂ ਖਰਬਾਂ ਦਾ ਸੋਨਾ ਤੇ ਹੀਰੇ ਲੱਗੇ ਹੋਏ ਸਨ, ਜਿਨ੍ਹਾਂ ਵਿਚ ਕੁਝ ਮਹਿਮੂਦ ਗ਼ਜ਼ਨਵੀ ਤੇ ਕੁਝ ਅਹਿਮਦ ਸਾਹ ਦੁੱਰਾਨੀ ਲੁੱਟ ਕੇ ਲੈ ਗਿਆ।

ਅਨਪੜ੍ਹ ਲੋਕ ਇਸ ਮਾਫ਼ੀਆ ਨੂੰ ਦੌਲਤ ਦੇ ਦੇ ਕੇ ਮਾਲਾ ਮਾਲ ਕਰ ਰਹੇ ਹਨ। ਸਰਕਾਰਾਂ ਵੋਟਾਂ ਦੇ ਲਾਲਚ/ਭਰਮ ਵਿਚ ਇਸ ਮਾਫ਼ੀਆ ਦੁਨੀਆਂ ਨੂੰ ਤਾਕਤ ਦੇ ਰਹੀਆਂ ਹਨ। ਅੱਜ ਇਹ ਨਿਜ਼ਾਮ ਇਸ ਹਾਲਤ ਵਿਚ ਹੈ ਕਿ ਭਾਵੇਂ ਕੈਥੋਲਿਕ ਪੋਪ ਵਾਂਙ ਇਹ ਧਾਰਮਿਕ ਨਿਜ਼ਾਮ ਫ਼ਤਵੇ ਤਾਂ ਜਾਰੀ ਨਹੀਂ ਕਰ ਰਿਹਾ ਪਰ ਇਕ ‘ਮੁਤਵਾਜ਼ੀ ਖ਼ੁਫ਼ੀਆ ਅੰਡਰ ਵਰਲਡ ਸਰਕਾਰ’ ਜ਼ਰੂਰ ਚਲਾ ਰਿਹਾ ਹੈ। ਇਸ ਵੇਲੇ ਇਹ ਇਕ ਵੱਡੀ ਤਾਕਤ ਬਣ ਚੁਕਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਮਾਫ਼ੀਆ ਦੁਨੀਆਂ ਨੂੰ ਨੱਥ ਪਾਵੇ ਵਰਨਾ ਇਸ ਨਾਲ 16ਵੀ ਸਦੀ ਦੀ ਯੂਰਪ ਦੀ ਲਹਿਰ ਜਾਂ ਕਿਸੇ ਖਾੜਕੂ ਲਹਿਰ ਦੇ ਉਠ ਪੈਣ ਦੇ ਪੂਰੇ ਆਸਾਰ ਬਣ ਰਹੇ ਹਨ। ਮੁਲਕ ਦੇ ਵਿਦਵਾਨਾਂ ਅਤੇ ਇਨਸਾਨੀ ਹਕੂਕ ਵਾਲਿਆਂ ਨੂੰ ਇਸ ਮਸਲੇ ਨੂੰ ਪਹਿਲ ਦੇ ਅਧਾਰ ‘ਤੇ ਲੈਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top