Share on Facebook

Main News Page

ਸੁੱਚਵਾਦ ਸਿੱਖਾਂ ਵਿਚ ਪਾਇਆ ਜਾਣ ਵਾਲਾ ਵਹਿਮ
-
ਜਸਬੀਰ ਸਿੰਘ

ਸੁੱਚਵਾਦ ਸਿੱਖਾਂ ਵਿਚ ਪਾਇਆ ਜਾਣ ਵਾਲਾ ਵਹਿਮ ਹੈ। ਜਿਹੜਾ ਕਿ ਅਕਸਰ ਸ਼ਰਧਾ ਨਾਲ ਬੱਝਾ ਹੁੰਦਾ ਹੈ। ਗੁਰਬਾਣੀ ਵਾਰ ਵਾਰ ਇਸਦਾ ਖੰਡਣ ਕਰਦੀ ਹੈ। ਗੁਰਬਾਣੀ ਮਨ ਦੀ ਸੁੱਚ ਦੀ ਗਲ ਕਰਦੀ ਹੈ। ਸਿਖ ਨੇ ਸੁੱਚ ਦੀ ਜਗਾ ਸਫਾਈ ਦਾ ਖਿਆਲ ਰਖਣਾ ਹੈ। ਹਰ ਤਰੀਕੇ ਨਾਲ, ਖਾਸ ਕਰਕੇ ਜਦੋਂ ਗੁਰਬਾਣੀ ਦੀਆਂ ਪੋਥੀਆਂ ਜਾਂ ਲੰਗਰ ਜਾਂ ਕੜਾਹ ਪਰਸ਼ਾਦ ਵਰਤਾਉਣਾ ਹੈ। ਉਂਝ ਗੁਰਬਾਣੀ ਵਿਚ ਸਾਨੂੰ ਸੁੱਚੇ ਰਹਿਣ ਦਾ ਉਪਦੇਸ਼ ਦਿਤਾ ਹੈ ਤੇ ਇਸਦਾ ਤਰੀਕਾ ਵੀ ਦਸਿਆ ਹੈ।

ਕਈ ਵਿਅਕਤੀ ਸੁੱਚਵਾਦ ਵਰਗੀ ਮਰਜ਼ ਦੇ ਕੁਝ ਜਿਆਦਾ ਹੀ ਮਰੀਜ਼ ਹੁੰਦੇ ਹਨ। ਐਸੀ ਇਕ ਉਦਾਹਰਨ ਪੰਜਾਬੀ ਲੇਖਕ ਜਸਵੰਤ ਸਿੰਘ ਕੰਵਲ ਨੇ ਦਿਤੀ ਹੈ ਜਿਸ ਵਿਚ ਇਕ ਆਦਮੀ ਜਦੋਂ ਵੀ ਨਹਿਰ ਵਿਚੋਂ ਨਹਾ ਕੇ ਬਾਹਰ ਨਿਕਲ ਅਉਂਦਾ ਤਾਂ ਦੂਜਾ ਉਸਨੂੰ ਹੱਥ ਲਾ ਦਿੰਦਾ ਤੇ ਉਹ ਫਿਰ ਨਹਿਰ ਵਿਚ ਚਲਾ ਜਾਂਦਾ ਪਰ ਆਖਰ ਕਰਦਾ ਕਦ ਤਕ। ਅਖੀਰ ਵਿਚ ਹਥਿਆਰ ਸੁੱਟ ਗਿਆ। ਖੈਰ ਅਜਕਲ ਨਹਿਰ ਦਾ ਪਾਣੀ ਤਾਂ ਅਕਸਰ ਗੰਦਾ ਹੁੰਦਾ ਹੈ, ਸਫਾਈ ਲਈ ਵੀ ਠੀਕ ਨਹੀਂ ਸਮਝਿਆ ਜਾਂਦਾ।

ਇਕ ਵਾਰੀ ਸੁੱਚੇ ਨੇ ਕੋਈ ਗਲਤੀ ਕਰਕੇ, ਆਪਣੇ ਚੰਗੀ ਤਰਾਂ ਨਾਲ ਸਾਫ ਨ ਕੀਤੇ ਹਥ ਖਾਣੇ ਨੂੰ ਲਾ ਦਿਤੇ ਤੇ ਤੁਰ ਪਿਆ ਬਾਬਾ ਜੀ ਵਲ। ਭਜਨੋ ਬੜੀ ਸੁੱਚ ਭਿਟ ਵਿਚ ਵਿਸ਼ਵਾਸ਼ ਰੱਖਣ ਵਾਲੀ ਬੀਬੀ ਸੀ। ਉਹ ਸੁੱਚੇ ਦੇ ਪਿਛੇ ਪੈ ਗਈ, ਬਹੁਤ ਗੁੱਸੇ ਹੋਈ, ਅਖੇ ਸੁੱਚਾ ਸਾਰੇ ਪਰਿਵਾਰ ਵਿਚ ਮਾਫੀ ਮੰਗੇ, ਕਲ ਨੁੰ ਕੋਈ ਹੋਰ ਇੰਝ ਕਰੇਗਾ। ਸੁੱਚਾ ਵੀ ਅੜ ਖਲੋਤਾ, ਕਹਿੰਦਾ ਮੈਂ ਤਾਂ ਗਲਤੀ ਕੀਤੀ ਹੈ ਪਰ ਸੁੱਚੀ ਇਹਵੀ ਨਹੀ, ਬਲਕਿ ਮੈਂ ਸਬੂਤ ਦੇ ਦੇਵਾਂਗਾ ਕਿ ਇਹ ਜੂਠੀ ਹੈ। ਭਜਨੋ ਦੇ ਸੱਤੀਂ ਕਪੜੀ ਅਗ ਲੱਗ ਗਈ। ਗੁੱਸੇ ਵਿਚ ਲਾਲ ਪੀਲੀ ਹੋਈ ਨੂੰ ਵੇਖ ਕੇ ਸੁਚਾ ਬੋਲਿਆ, ਬਈ ਠੰਡ ਰਖ, ਗੁਰੂ ਬਾਬੇ ਦੀ ਬਾਣੀ ਕਹਿ ਰਹੀ ਹੈ,

ਸੋ ਸੂਚਾ ਜਿ ਕ੍ਰੋਧੁ ਨਿਵਾਰੈ ॥ ਸਬਦੈ ਬੂਝੈ ਆਪਿ ਸਵਾਰੈ ॥ ਆਪੇ ਕਰੇ ਕਰਾਏ ਕਰਤਾ ਆਪੇ ਮੰਨ ਵਸਾਇਦਾ ॥ (ਪੰਨਾ ੧੦੫੯)

ਤੇ ਤੂੰ ਪੂਰੇ ਗੁੱਸੇ ਵਿਚ ਹੈ ਤਾਂ ਫਿਰ ਹੋਈ ਨ ਜੂਠੀ।

ਮੈਂ ਗੁਰੂ ਕੇ ਲੰਗਰ ਵਿਚ ਕੰਮ ਕਰਨ ਵੇਲੇ ਸਫਾਈ ਦਾ ਖਾਸ ਖਿਆਲ ਰਖਦਾ ਹਾਂ, ਪਰ ਇਕ ਦਿਨ ਕੀ ਹੋਇਆ, ਪਤਾ ਨਹੀਂ ਮੇਰੇ ਖਿਆਲ ਵਿਚ ਕੀ ਆਇਆ ਕਿ ਮੈਂ ਹਥ ਧੋਣ ਦੀ ਜਗਾ ਮਾੜੇ ਮੋਟੇ ਸਾਫ ਕਰਕੇ ਕੇਤਲੀ ਨੂੰ ਕੁੰਡੇ ਤੋਂ ਫੜ ਕੇ ਚਾਹ ਕਪ ਵਿੱਚ ਪਉਣ ਲਗਾ। ਬਸ ਇੰਨੇ ਨੂੰ ਇਕ ਭਦਰਪੁਰਸ਼ ਦੀ ਨਜਰ ਪੈ ਗਈ, ਜਨਾਬ ਹੁਰੀਂ ਝਟ ਆ ਗਏ ਤੇ ਮੈਨੂੰ ਕਹਿਣ ਲਗੇ, ਕਿ ਤੁੰ ਜੂਠੇ ਹਥਾਂ ਨਾਲ ਕੇਤਲੀ ਫੜ ਕੇ ਚਾਹ ਪਉਣ ਲਗਾ ਹੈ। ਮੈਂ ਕਿਹਾ ਜੀ ਗਲਤੀ ਹੋ ਗਈ ਪਰ ਸੁਚੇ ਕਿਵੇਂ ਹੋਣਗੇ, ਕਹਿੰਦਾ ਪਾਣੀ ਨਾਲ ਧੋ ਲੈਣੇ ਸੀ, ਮੈਂ ਕਿਹਾ ਜੀ ਧੰਨਵਾਦ ਤੁਹਾਡਾ ਪਰ ਮੈਂ ਤਾਂ ਪੀਤਾ ਹੀ ਪਾਣੀ ਹੈ, ਫਿਰ ਮੈਂ ਤਾਂ ਅੰਦਰ ਹੀ ਧੋ ਲਿਆ ਹੈ, ਹਥ ਧੋਣ ਦੀ ਗੁੰਜਾਇਸ਼ ਹੀ ਕਿਥੇ।

ਗੁਰਬਾਣੀ ਸਾਨੂੰ ਵਾਰ ਵਾਰ ਮਨ ਦੀ ਮੈਲ ਧੋਣ ਲਈ ਕਹਿ ਰਹੀ ਹੈ ਤੇ ਇਹ ਵੀ ਕਹਿ ਰਹੀ ਹੈ ਕਿ ਵਾਰ ਵਾਰ ਨਹਾਤਿਆਂ ਧੋਤਿਆਂ ਮਨ ਦੀ ਮੈਲ ਨਹੀਂ ਜਾਂਦੀ ਬਲਕਿ ਨਾਮ ਹੀ ਅੰਦਰ ਧੋਣ ਇਕੋ ਇਕ ਵਸੀਲਾ ਹੈ। ਸੱਚੇ ਬੰਦੇ ਅਣਨਾਤੇ ਵੀ ਪਰਵਾਨ ਹਨ ਪਰ ਚੋਰ ਜਿੰਨਾ ਮਰਜੀ ਨਹਾ ਲੇਣ, ਚੋਰ ਹੀ ਰਹਿਣਗੇ। ਜੇ ਪਾਣੀ ਨਾਲ ਨਾਤਿਆਂ ਹੀ ਸੁਚ ਮਿਲਦੀ ਹੋਵੇ ਤਾਂ ਡਡੀਆਂ, ਮਛੀਆਂ ਆਦਿ ਪੂਰੇ ਸੁਚੇ ਹੁੰਦੇ ਤੇ ਇਥੇ ਗੁਰੂ ਸਾਹਿਬ ਕਹਿ ਰਹੇ ਕਿ ਦੁੱਧ ਵੱਛੇ ਨੇ ਜੂਠਾ ਕਰ ਦਿਤਾ ਹੈ, ਫੁਲ ਭੰਵਰ ਨੇ ਜੂਠਾ ਕੀਤਾ ਹੈ ਤੇ ਜਲ ਮੱਛੀ ਨੇ, ਫਿਰ ਜਦੋਂ ਸਾਰੀਆਂ ਚੀਜਾਂ ਹੀ ਜੂਠੀਆਂ ਨੇ ਤਾਂ ਕਿਹੜੀ ਚੀਜ ਦੀ ਪੂਜਾ ਚੜਾਈਏ। ਅਰਦਾਸ, ਜੋਦੜੀ ਹੀ ਇਕੋ ਇਕੋ ਪੂਜਾ ਹੈ। ਸਤਿਗੁਰ ਕਿਰਪਾ ਕਰਨ ਸਾਨੂੰ ਆਪਣਾ ਪਿਆਰ ਬਖਸ਼ ਦੇਣ। ਇਸਦਾ ਮਤਲਬ ਕੋਈ ਇਹ ਕਦਾ ਚਿੱਤ ਨਾ ਕਢ ਲਵੇ ਕਿ ਮੈਂ ਸਫਾਈ ਨਾ ਰਖਣ ਦੀ ਵਕਾਲਤ ਕਰ ਰਿਹਾ ਹਾਂ, ਨਹੀਂ ਅਸੀਂ ਸਫਾਈ ਦਾ ਪੂਰਾ ਖਿਆਲ ਰਖਣਾ ਚਾਹੀਦਾ ਹੈ, ਸਫਾਈ ਲਈ ਵਰਤੇ ਜਾਂਦੇ ਸਾਧਨ ਵਿ ਵਰਤਣੇ ਹਨ ਪਰ ਵਹਿਮਾਂ ਤੋਂ ਬਚਣਾ ਹੈ। ਬਲਕਿ ਪੁਰਾਤਨ ਸਮੇਂ ਵਰਤੇ ਜਾਣ ਵਾਲੇ ਕਈ ਤਰੀਕੇ ਜਰਾਸੀਮਾਂ ਨੂੰ ਚੰਗੀ ਤਰਾਂ ਸਾਫ ਨਹੀਂ ਕਰਦੇ ਤੇ ਸਾਨੂੰ ਨਵੀਨ ਤਰੀਕੇ ਵਰਤਣ ਤੋਂ ਝਿਜਕਣਾ ਨਹੀਂ ਚਾਹੀਦਾ।

ਬਾਰਹਿ ਮਹਿ ਰਾਵਲ ਖਪਿ ਜਾਵਹਿ, ਚਹੁ ਛੇਅ ਮਹਿ ਸੰਨਆਸੀ ॥ ਜੋਗੀ ਕਾਪੜੀਆ ਸਿਰਖੂਥੇ ਬਿਨੁ ਸਬਦੈ ਗਲਿ ਫਾਸੀ ॥੧॥
ਸਬਦਿ ਰਤੇ ਪੂਰੇ ਬੈਰਾਗੀ ॥ ਅਉਹਠਿ ਹਸਤ ਮਹਿ ਭੀਖਿਆ ਜਾਚੀ ਏਕ ਭਾਇ ਲਿਵ ਲਾਗੀ ॥੧॥ ਰਹਾਉ ॥
ਬ੍ਰਹਮਣ ਵਾਦੁ ਪੜਹਿ ਕਰਿ ਕਿਰਿਆ ਕਰਣੀ ਕਰਮ ਕਰਾਏ ॥ ਬਿਨੁ ਬੂਝੇ ਕਿਛੁ ਸੂਝੇ ਨਾਹੀ ਮਨਮੁਖੁ ਵਿਛੁੜਿ ਦੁਖੁ ਪਾਇ ॥੨॥
ਸਬਦਿ ਮਿਲੈ ਸੇ ਸੂਚਾਚਾਰੀ ਸਾਚੀ ਦਰਗਹ ਮਾਨੇ ॥ ਅਨਦਿਨੁ ਨਾਮਿ ਰਤਨਿ ਲਿਵ ਲਾਗੇ ਜੁਗਿ ਜੁਗਿ ਸਾਚਿ ਸਮਾਨੇ॥੩॥
ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੈ ॥ ਨਾਨਕ ਸਤਿਗੁਰ ਮਿਲੈ ਮਿਲਾਇਆ ਦੂਖ ਪਰਾਛਤ ਕਾਲ ਨਸੇ ॥੪॥੧੬॥
[1332]

ਪਦ ਅਰਥ:- ਬਾਰਹ-ਜੋਗੀਆਂ ਦੇ ਬਾਰਾਂ ਪੰਥ (ਹੇਤੁ, ਪਾਵ, ਆਈ, ਗਮਯ, ਪਾਗਲ, ਗੋਪਾਲ, ਕੰਥੜੀ, ਬਨ, ਧ੍ਵਜ, ਚੋਲੀ, ਰਾਵਲ ਅਤੇ ਦਾਸ) । ਰਾਵਲ-ਜੋਗੀ ਜੋ ਅਲੱਖ ਅਲੱਖ ਦੀ ਧੁਨਿ ਕਰ ਕੇ ਭਿੱਛਿਆ ਮੰਗਦੇ ਹਨ । ਜੋਗੀਆਂ ਦਾ ਇਕ ਖਾਸ ਫ਼ਿਰਕਾ ਜਿਸ ਵਿਚ ਮੁਸਲਮਾਨ ਅਤੇ ਹਿੰਦੂ ਦੋਵੇਂ ਹੁੰਦੇ ਹਨ । ਚਹੁ ਛਿਅ ਮਹਿ-ਦਸ (ਫ਼ਿਰਕਿਆਂ) ਵਿਚ (ਸੰਨਿਆਸੀਆਂ ਦੇ ਦਸ ਫ਼ਿਰਕੇ:- ਤੀਰਥ, ਆਸ਼੍ਰਮ, ਵਨ, ਅਰਣਯ, ਗਿਰਿ, ਪਰਵਤ, ਸਾਗਰ, ਸਰਸ੍ਵਤੀ, ਭਾਰਤੀ ਅਤੇ ਪੁਰੀ) । ਕਾਪੜੀਆ-ਟਾਕੀਆਂ ਦੀ ਗੋਦੜੀ ਜਾਂ ਚੋਲਾ ਪਹਿਨਣ ਵਾਲਾ । ਸਿਰਖੂਥਾ-ਜੈਨ ਮਤ ਦਾ ਇਕ ਫ਼ਿਰਕਾ ਜੋ ਸਿਰ ਦੇ ਵਾਲ ਜੜ੍ਹਾਂ ਤੋਂ ਪੁੱਟ ਦੇਂਦਾ ਹੈ, ਢੂੰਢੀਆ । ਗਲਿ-ਗਲ ਵਿਚ ।1।

ਸਬਦਿ-ਗੁਰੂ ਦੇ ਸ਼ਬਦ ਵਿਚ । ਬੈਰਾਗੀ-ਵਿਰਕਤ । ਅਉਹਠ-(ਅਵਘ੍ਹ) ਹਿਰਦਾ । ਅਉਹਠਿ ਹਸਤ-(ਅਵਘ੍ਹÔਥ) ਹਿਰਦੇ ਵਿਚ ਟਿਕਿਆ ਹੋਇਆ । ਭੀਖਿਆ-ਭਿੱਛਿਆ, ਦਾਨ । ਜਾਚੀ-ਮੰਗੀ । ਏਕ ਭਾਇ-ਇੱਕ (ਪਰਮਾਤਮਾ) ਦੇ ਪਿਆਰ ਵਿਚ ।1।ਰਹਾਉ।

ਵਾਦੁ-ਝਗੜਾ, ਚਰਚਾ, ਬਹਿਸ । ਕਰਿ-ਕਰ ਕੇ । ਕਿਰਿਆ ਕਰਮ-ਕਰਮ ਕਾਂਡ । ਮਨਮੁਖੁ-ਆਪਣੇ ਮਨ ਦੇ ਪਿੱਛੇ ਤੁਰਨ ਵਾਲਾ । ਵਿਛੁੜਿ-ਪ੍ਰਭੂ ਤੋਂ ਵਿੱਛੁੜ ਕੇ ।2।

ਸੂਚਾ ਚਾਰੀ-ਪਵਿਤ੍ਰ ਆਚਰਨ ਵਾਲੇ । ਨਾਮਿ ਰਤਨਿ-ਨਾਮ-ਰਤਨ ਵਿਚ, ਸ੍ਰੇਸ਼ਟ ਨਾਮ ਵਿਚ । ਜੁਗ ਜੁਗ-ਹਰੇਕ ਜੁਗ ਵਿਚ, ਸਦਾ ਹੀ ।3।

ਸੁਚਿ-ਪਵਿਤ੍ਰਤਾ । ਸੰਜਮ-ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਉੱਦਮ । ਸਤਿਗੁਰ ਮਿਲੈ-(ਜੇਹੜਾ ਮਨੁੱਖ) ਗੁਰੂ ਨੂੰ ਮਿਲ ਪੈਂਦਾ ਹੈ । ਪਰਾਛਤ-ਪਾਪ । ਕਾਲ-ਮੌਤ ਦਾ ਡਰ ।4।

ਅਰਥ:- ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਰੰਗੇ ਰਹਿੰਦੇ ਹਨ, ਉਹ (ਮਾਇਆ ਦੇ ਮੋਹ ਤੋਂ) ਪੂਰੇ ਤੌਰ ਤੇ ਉਪਰਾਮ ਰਹਿੰਦੇ ਹਨ । ਉਹਨਾਂ ਨੇ ਆਪਣੇ ਹਿਰਦੇ ਵਿਚ ਟਿਕੇ ਪਰਮਾਤਮਾ (ਦੇ ਚਰਨਾਂ) ਵਿਚ (ਜੁੜ ਕੇ ਸਦਾ ਉਸ ਦੇ ਨਾਮ ਦੀ) ਭਿੱਛਿਆ ਮੰਗੀ ਹੈ, ਉਹਨਾਂ ਦੀ ਸੁਰਤਿ ਸਿਰਫ਼ ਪਰਮਾਤਮਾ ਦੇ ਪਿਆਰ ਵਿਚ ਟਿਕੀ ਰਹਿੰਦੀ ਹੈ ।1।

ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਖੁੰਝ ਕੇ ਬਾਰਾਂ ਹੀ ਫ਼ਿਰਕਿਆਂ ਵਿਚ ਦੇ ਜੋਗੀ ਅਤੇ ਦਸਾਂ ਹੀ ਫ਼ਿਰਕਿਆਂ ਵਿਚ ਦੇ ਸੰਨਿਆਸੀ ਖਪਦੇ ਫਿਰਦੇ ਹਨ । ਟਾਕੀਆਂ ਦੀ ਗੋਦੜੀ ਪਹਿਨਣ ਵਾਲੇ ਜੋਗੀ ਅਤੇ ਸਿਰ ਦੇ ਵਾਲਾਂ ਨੂੰ ਜੜ੍ਹਾਂ ਤੋਂ ਹੀ ਪੁਟਾਣ ਵਾਲੇ ਢੂੰਢੀਏ ਜੈਨੀ ਭੀ (ਖ਼ੁਆਰ ਹੀ ਹੁੰਦੇ ਰਹਿੰਦੇ ਹਨ) । ਗੁਰੂ ਦੇ ਸ਼ਬਦ ਤੋਂ ਬਿਨਾ ਇਹਨਾਂ ਸਭਨਾਂ ਦੇ ਗਲ ਵਿਚ (ਮਾਇਆ ਦੇ ਮੋਹ ਦੀ) ਫਾਹੀ ਪਈ ਰਹਿੰਦੀ ਹੈ ।1।

ਬ੍ਰਾਹਮਣ ਉੱਚੇ ਆਚਰਨ (ਤੇ ਜ਼ੋਰ ਦੇਣ ਦੇ ਥਾਂ) ਕਰਮ ਕਾਂਡ ਕਰਾਂਦਾ ਹੈ, ਇਹ ਕਰਮ ਕਾਂਡ ਕਰ ਕੇ (ਇਸੇ ਦੇ ਆਧਾਰ ਤੇ ਸ਼ਾਸਤ੍ਰਾਂ ਵਿਚੋਂ) ਚਰਚਾ ਪੜ੍ਹਦੇ ਹਨ । ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਆਤਮਕ ਦੁੱਖ ਸਹਾਰਦਾ ਹੈ, ਕਿਉਂਕਿ (ਗੁਰੂ ਦੇ ਸ਼ਬਦ ਨੂੰ) ਨਾਹ ਸਮਝਣ ਦੇ ਕਾਰਨ ਇਸ ਨੂੰ ਜੀਵਨ ਦਾ ਸਹੀ ਰਸਤਾ ਸੁੱਝਦਾ ਨਹੀਂ ਹੈ ।2।

ਪਵਿਤ੍ਰ ਕਰਤੱਬ ਵਾਲੇ ਸਿਰਫ਼ ਉਹ ਬੰਦੇ ਹਨ ਜੋ (ਮਨੋਂ) ਗੁਰੂ ਦੇ ਸ਼ਬਦ ਵਿਚ ਜੁੜੇ ਹੋਏ ਹਨ, ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ । ਉਹਨਾਂ ਦੀ ਲਿਵ ਹਰ ਰੋਜ਼ ਪ੍ਰਭੂ ਦੇ ਸ੍ਰੇਸ਼ਟ ਨਾਮ ਵਿਚ ਲਗੀ ਰਹਿੰਦੀ ਹੈ, ਉਹ ਸਦਾ ਹੀ ਸਦਾ-ਥਿਰ (ਦੀ ਯਾਦ) ਵਿਚ ਲੀਨ ਰਹਿੰਦੇ ਹਨ ।3।

(ਮੁੱਕਦੀ ਗੱਲ,) ਕਰਮ ਕਾਂਡ ਦੇ ਸਾਰੇ ਧਰਮ, (ਬਾਹਰਲੀ) ਸੁੱਚ, (ਬਾਹਰਲੇ) ਸੰਜਮ, ਜਪ ਤਪ ਤੇ ਤੀਰਥ-ਇਸ਼ਨਾਨ-ਇਹ ਸਾਰੇ ਹੀ ਗੁਰੂ ਦੇ ਸ਼ਬਦ ਵਿਚ ਵੱਸਦੇ ਹਨ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜਨ ਵਾਲੇ ਨੂੰ ਇਹਨਾਂ ਕਰਮਾਂ ਧਰਮਾਂ ਦੀ ਲੋੜ ਨਹੀਂ ਰਹਿ ਜਾਂਦੀ) ।

ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਮੇਹਰ ਨਾਲ ਗੁਰੂ ਨੂੰ ਮਿਲ ਪੈਂਦਾ ਹੈ । (ਗੁਰੂ ਦੀ ਸਰਨ ਆ ਜਾਂਦਾ ਹੈ) ਉਸ ਦੇ ਸਾਰੇ ਦੁੱਖ-ਕਲੇਸ਼, ਪਾਪ ਤੇ ਮੌਤ ਆਦਿਕ ਦੇ ਡਰ ਦੂਰ ਹੋ ਜਾਂਦੇ ਹਨ ।4।16।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top