Share on Facebook

Main News Page

ਐਸੀ ਮੱਤ ਅਸਾਡੀ ਮਾਰੀ!
- ਇਕਵਾਕ ਸਿੰਘ ਪੱਟੀ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ

ਲਉ ਜੀ, ਕਰ ਲਉ ਗੱਲ? ਪਹਿਲਾਂ ਈ ਲੱਗਦਾ ਸੀ ਕਿ ਪਿੰਡ ਦਾ ਇਹ ਨਵਾਂ ਗ੍ਰੰਥੀ ਕਿਤਾਬੀ ਕੀੜਾ ਹੀ ਹੋਊਗਾ। ਮੈਂ ਤਾਂ ਇਸਨੂੰ ਉਸੇ ਦਿਨ ਸਮਝ ਗਿਆ ਸੀ, ਜਿਸ ਦਿਨ ਇਹ ਬੜੀਆਂ ਮਰਿਯਾਦਾ ਤੇ ਗੁਰਬਾਣੀ ਪ੍ਰਮਾਣਾ ਦੀ ਗੱਲ ਕਰਦਾ ਹੋਇਆ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀਆਂ ਗੱਲ ਕਰਨ ਦਿਆ ਸੀ।

ਨਾਲੇ ਮੈਂ ਦੋ ਤਿੰਨ ਵਾਰ ਇਸਦੇ ਮੂੰਹੋ ਸਪੋਕਸਮੈਨ, ਸਿੱਖ ਮਿਸ਼ਨਰੀ ਕਾਲਜ, ਕਾਲੇਅਫਗਾਨੇ, ਇੱਕ ਉਹ ਪਟਿਆਲੇ ਦੇ ਪ੍ਰੋ. ਘੱਗੇ ਦਾ ਨਾਮ, ਇੱਕ ਉਹ ਪੰਥ ਵਿੱਚੋਂ ਜੋ ਹੁਣ ਜਿਹਾ ਛੇਕਿਆ ਸਾਬਕਾ ਸੇਵਾਦਾਰ ਦਰਸ਼ਨ ਸਿੰਘ ਦਾ ਨਾਮ ਵੀ ਸੁਣਿਆ ਸੀ। ਮਹੀਨੇ ਦੀ ਪਹਿਲੀ ਸੰਗਰਾਂਦ ਹੀ ਆਈ ਹੈ ਇਸਨੂੰ ਉਸਦਾ ਵੀ ਨਹੀਂ ਪਤਾ। ਪਰਸੋਂ ਜੈਲੇ ਦੀ ਬੁਢੀ ਵੀ ਇਹੀ ਸ਼ਿਕਾਇਤ ਕਰ ਰਹੀ ਸੀ ਕਿ ਆਹ ਜੋ ਪਿੰਡ `ਚ ਨਵਾਂ ਭਾਈ ਆਇਆ ਇਹ ਤਾਂ ਨਿਰ੍ਹਾ ਪੁਰਾ ਅਨਪੜ੍ਹ ਹੈ ਇਸਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੱਸਿਆ ਕਿੱਦਣ ਹੈ?

ਉੱਪਰ ਵਾਲੀ ਗੱਲ ਕੋਈ ਨਵੀਂ ਅਕਸਰ ਹੀ ਇਹੋ ਜਿਹੇ ਭਾਣੇ ਬਾਬੇ ਨਾਨਕ ਦੀ ਗੱਲ ਕਰਨ ਵਾਲੇ ਪ੍ਰਚਾਰਕਾਂ ਨਾਲ ਵਾਪਰਦੇ ਹੀ ਰਹਿੰਦੇ ਹਨ। ਅੱਜ ਇਹੀ ਝਾਤ ਮਾਰਨੀ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਨੂੰ ਕਿੰਨਾ ਕੁ ਮੰਨਦੇ ਹਾਂ? ਗੁਰੂ ਸਾਹਿਬ ਨੇ ਸਾਨੂੰ ਪ੍ਰਮਾਤਮਾ ਦੇ ਦਰਸ਼ਨ ਹਰ ਪਾਸੇ ਕਰਵਾਏ ਸਨ ਤੇ ਮੱਕੇ ਜਾ ਕੇ ਵੀ ਇਹੀ ਸਾਬਤ ਕੀਤਾ ਸੀ ਕਿ ਖੁਦਾ ਹਰ ਪਾਸੇ ਹੈ। "ਸਭ ਮਹਿ ਜੋਤਿ ਜੋਤਿ ਹੈ ਸੋਇ, ਤਿਸਦੈ ਚਾਨਣ ਸਭਿ ਮਹਿ ਚਾਨਣ ਹੋਇ॥" ਪਰ ਅਸੀਂ ਫਿਰ ਉਸਨੂੰ ਗੁਰਦੁਆਰਿਆਂ ਵਿੱਚ ਹੀ ਬੰਦ ਕਰਨਾ ਚਾਹੁੰਦੇ ਹਾਂ। ਆਉ ਵੀਚਾਰ ਕਰੀਏ ਕਿ ਅਸੀਂ ਕਿੱਥੇ ਖੜ੍ਹੇ ਹਾਂ? ਕਿਉਂ ਖੜ੍ਹੇ ਹਾਂ? ਕਿਉਂ ਨਹੀਂ ਪੜ੍ਹਨਾ ਚਾਹੁੰਦੇ ਗੁਰਬਾਣੀ ਨੁੰ? ਕਿਉਂ ਸਾਨੂੰ ਕਰਮਕਾਂਡ ਹੀ ਗੁਰਮਤਿ ਲੱਗੀ ਜਾ ਰਹੇ ਹਨ? ਕਿਉਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਆਖਰੀ ਹੁਕਮ “ਗੁਰੂ ਮਾਨਿਯੋ ਗ੍ਰੰਥ” ਨੂੰ ਬਦਲ ਕੇ ‘ਗੁਰੂ ਪੂਜਿਉ ਗ੍ਰੰਥ” ਬਣਾ ਲਿਆ ਤੇ ਆਪਣੀ ਮਨਮੱਤ ਘੋਲ ਦਿੱਤੀ? ਕਰਮਕਾਂਡਾਂ ਵਿੱਚ ਬੁਰੀ ਤਰ੍ਹਾਂ ਗਲਤਾਨ ਹੋਈ ਕੌਮ ਨੂੰ ਅੱਜ ਜਾਗਣਾ ਪਵੇਗਾ। ਜੋ ਕੰਮ ਗੁਰੂ ਸਾਹਿਬਾਨ ਨੇ ਮਨ੍ਹਾ ਕੀਤੇ ਸਨ ਅੱਜ ਅਸੀਂ ਉਹੀ ਕੰਮ ਕਰ ਰਹੇ ਹਾਂ। ਤੇ ਕਰ ਵੀ ਗੁਰੂ ਅਸਥਾਨਾ ਤੇ ਹੀ ਰਹੇ ਹਾਂ।

ਆਪ ਹੀ ਦੱਸੋ (?) ਕਿ ਇਸਤੋਂ ਵੱਡੀ ਗੁਰੂ ਉਪਦੇਸ਼ਾਂ ਦੀ ਖਿੱਲੀ ਉਡਾਉਣ ਵਾਲੀ ਗੱਲ ਭਲਾ ਕਿਹੜੀ ਹੋਵੇਗੀ? ਕਿ ਅੰਮ੍ਰਿਤਸਰ ਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਉਤਨਾ ਸੰਤੋਖ, ਸਬਰ, ਸੰਜੀਦਗੀ, ਸ਼ਹਿਨਸ਼ੀਲਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਣ ਲਈ ਨਹੀਂ ਹੁੰਦੀ ਜਿਤਨੀ ਉੱਥੇ ਜਗਦੀ ਬ੍ਰਾਹਮਣੀ ਕਰਮਕਾਂਡੀ ਜੋਤ ਨੂੰ ਮੱਥਾ ਟੇਕਣ ਲਈ ਹੁੰਦੀ ਹੈ। ਫਿਰ ਜੇ ਕਿਸੇ ਨੇ ਕੁੱਝ ਭੇਟਾ (ਮਾਇਆ) ਗੁਰੂ ਦੀ ਗੋਲਕ ਵਿੱਚ ਪਾਉਣੀ ਹੋਵੇ ਤਾਂ ਭੀੜ ਵਿੱਚ ਸਬਰ, ਸੰਤੋਖ ਨਾਲ ਗੁਰੂ ਮਾਹਰਾਜ ਦੇ ਸਨਮੁੱਖ ਪਹੁੰਚਣ ਲਈ ਸਮਾਂ ਲੱਗਣ ਦੇ ਡਰੋਂ ਦੂਰ ਤੋਂ ਹੀ ਹੱਥ ਉਤਾਂਹ ਕਰਕੇ ਇੰਝ ਸੁੱਟੀ ਜਾਂਦੀ ਹੈ, (ਮੁਆਫ ਕਰਨਾ ਸ਼ਾਇਦ ਕਦੇ ਕਿਸੇ ਮੰਗਤੇ ਨੂੰ ਦੇਣ ਲੱਗਿਆਂ ਵੀ ਪੈਸੇ ਇੱਦਾਂ ਨਹੀਂ ਦਿੱਤੇ ਜਾਂਦੇ ਸਗੋਂ ਉਸਦੇ ਕੋਲ ਆ ਕੇ ਉਸਦੇ ਹੱਥ ਵਿੱਚ ਜਾਂ ੳਸੁਦੇ ਹੱਥ ਵਿੱਚ ਫੜ੍ਹੇ ਹੋਏ ਕਿਸੇ ਡੋਲੂ ਆਦਿਕ ਵਿੱਚ ਪਾਏ ਜਾਂਦੇ ਹਨ) ਜਿਵੇਂ ਕੋਈ ਅਹਿਸਾਨ ਕਰ ਰਹੇ ਹਾਂ। ਕੀ ਇਹੀ ਹੈ ਸਾਡਾ ਪਿਆਰ ਆਪਣੇ ਗੁਰੂ ਨਾਲ ਅਤੇ ਸ਼ਹੀਦਾਂ ਪ੍ਰਤੀ ਸਾਡਾ ਸਤਿਕਾਰ। ਪਰ ਦੂਜੇ ਪਾਸੇ ਜੋਤ ਲਈ ਲੰਮੀ ਲਾਈਨ ਲੱਗੀ ਹੁੰਦੀ ਹੈ ਉੱਥੇ ਭਾਵੇਂ ਇੱਕ ਘੰਟਾ ਖੋਲ਼ੇਤੇ ਰਹੋ ਜੋਤ ਘਰ ਲੈ ਕੇ ਹੀ ਜਾਣੀ ਹੈ। ਅਫਸੋਸ ਹੈ ਕਿ ਗੁਰੂ ਦੇ ਮੱਤ ਲੈਣ ਲਈ, ਗੁਰੂ ਕੋਲੋਂ ਕੁੱਝ ਮੰਗਣ ਲਈ ਵੀ ਸਾਡੇ ਕੋਲ ਗੁਰੂ ਦੇ ਸਨਮੁੱਖ ਜਾਣ ਦਾ ਹੀਆ ਨਹੀਂ ਪੈਂਦਾ, ਪਰ ਗੁਰਮਤਿ ਵਿਰੋਧੀ ਕਰਮ ਜ੍ਹਿਨਾ ਤੋਂ ਗੁਰਬਾਣੀ ਗੁਰੂ ਸਾਨੂੰ ਮਨਾਹੀ ਕਰਦੇ ਹਨ ਉਸਨੂੰ ਇੱਕ ਤਾਂ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੀ ਕਰ ਰਹੇ ਹੁੰਦੇ ਹਾਂ ਤੇ ਦੂਜਾ ਕਿਤਨੇ ਸਤਿਕਾਰ ਅਤੇ ਸ਼ਰਧਾ ਨਾਲ? ਫਿਰ ਨਿਸ਼ਾਨ ਸਾਿਹਬ ਨੂੰ ਮੱਥਾ ਟੇਕਣਾ ਜਿਸ ਬਾਰੇ ਰਹਿਣ ਮਰਿਯਾਦਾ ਵਿੱਚ ਮਨਾਹੀ ਕੀਤੀ ਗਈ ਹੈ। ਜਿਸਨੇ ਗੁਰਦੁਆਰਾ ਸਾਹਿਬਾਨਾਂ ਵਿੱਚ ਮੂਰਤੀ/ਪੱਥਰ ਦੀ ਪੂਜਾ ਦਾ ਬਦਲਵਾਂ ਰੂਪ ਪੇਸ਼ ਕਰ ਦਿੱਤਾ ਹੈ।

ਪਿਛਲੇ ਦਿਨੀ ਮੁੰਬਈ ਤੋਂ ਪੰਤਖ ਰਸਾਲੇ ਦੇ ਸੰਪਾਦਕ ਸਾਹਿਬ ਨਾਲ ਥੌੜੇ ਦਿਨ ਪਹਿਲਾਂ ਫੋਨ ਤੇ ਗੱਲ ਹੋਈ ਉਹਨਾਂ ਦੱਸਿਆ ਕਿ ਇੱਥੇ ਤੇ ਸਿੱਖਾਂ ਵੱਲੋਂ ਤਾਂ ਹੁਣ ਗਣਪਤੀ ਵਿਸਰਜਣ ਤੋਂ ਪਹਿਲਾਂ ਸਿੱਖਾਂ ਨੇ ਵੀ ਘਰ ਵਿੱਚ ਗਣੇਸ਼ ਪੂਜਾ ਸ਼ੁਰੂ ਕਰ ਦਿੱਤੀ ਹੈ। ਭਾਵੇਂ ਕਿ ਪੂਜਾ ਕਿਵੇਂ ਕਰਨੀ ਹੈ ਦੂਜੇ ਧਰਮ ਦੇ ਲੋਕਾਂ ਦੇ ਕੀ ਰੀਤੀ ਰਿਵਾਜ਼ ਹਨ? ਸਿੱਖਾਂ ਨੂੰ ਨਹੀਂ ਪਤਾ। ਪਰ ਵੇਖਾ ਵੇਖੀ ਗਣੇਸ਼ ਦੇ ਮੂਰਤੀ ਘਰ ਵਿੱਚ ਲਿਆ ਕੇ ਕੈਸਿਟ ਲਗਾ ਕੇ ਖਾਨਾ ਪੂਰਤੀ ਕਰਦਿਆਂ ਹੋਇਆ ਗੁਰੂ ਹੁਕਮਾਂ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ। ਇਹ ਸੱਭ ਸੁਣ ਕੇ ਮਨ ਹੈਰਾਨ ਹੋ ਗਿਆ ਕਿ ਕਿ ਕਿੱਥੇ ਜਾ ਪਏ ਹਾਂ ਅਸੀਂ? ਕਿਸ ਅੱਗੇ ਕਰੀਏ ਫਰਿਆਦ? ਕਿਸ ਸਭਾ-ਸੁਸਾਇਟੀਆਂ ਨੂੰ ਇਸ ਵੱਲ ਤਵੱਜੋਂ ਦੇਣ ਲਈ ਬੇਨਤੀ ਕਰੀਏ? ਕਿਹੜੀ ਧ੍ਰਮ ਪ੍ਰਚਾਰ ਕਮੇਟੀ ਨੂੰ ਕਹੀਏ ਕਿ ਗੁਰਮਤਿ ਦਾ ਪ੍ਰਚਾਰ ਕਰਨ ਵਿੱਚ ਯੋਗਦਾਨ ਪਾਉ ਜਦਕਿ ਸਾਡੀ ਧਰਮ ਪ੍ਰਚਾਰ ਕਮੇਟੀ ਖੁੱਦ ਸਿੱਖ ਇਤਿਹਾਸ ਦੇ ਨਾਮ ਗੁਰੂਆਂ ਸਬੰਧੀ ਕੂੜ ਨਾਲ ਭਰੀ ਕਿਤਾਬ ਨੂੰ ਛਾਪ ਰਹੀ ਹੈ? ਕਿਹੜੀ ਕਹੀ ਜਾਂਦੀ ਸੁਪਰੀਮ ਸੰਸਥਾ ਜਾਂ ਕਮੇਟੀ ਕੋਲ ਜਾਈਏ? ਜਦਕਿ ਉਸ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਦਾ ਅੰਮ੍ਰਿਤਧਾਰੀ ਹੋਣ ਦਾ ਕਾਰਣ ਹੀ ਦੋ ਵਖਤ ਦੀ ਰੋਟੀ ਲਈ ਮਿਲੀ ਨੌਕਰੀ ਹੈ। ਕਿ ਸੰਤ, ਬਾਬੇ, ਮਹਾਂਪੁਰਸ਼ ਕੋਲ ਜਾ ਕੇ ਕਹੀਏ ਬਈ ਕੌਮ ਨੂੰ ਗੁਰੂ ਨਾਨਕ ਦਾ ਸਿਧਾਂਤ ਸਮਝਾਉਣ ਲਈ ਕੋਈ ਉਪਰਾਲੇ ਕੀਤੇ ਜਾਣ? ਜਦਕਿ ਹਰ ਬਾਬਾ, ਸੰਤ, ਸਾਧ, ਮਹਾਂਪੁਰਸ਼ ਦਾ ਪਹਿਲਾ ਕੰਮ ਹੈ ਕਿ ਸਟੇਜ ਤੇ ਜਾ ਕੇ ਗੁਰਬਾਣੀ ਨਹੀਂ ਪੜ੍ਹਣੀ ਸਿਰਫ ਤੇ ਸਿਰਫ ਕੱਚੀਆਂ ਪਿੱਲੀਆਂ ਰਚਨਾਵਾਂ (ਧਾਰਨਾਵਾਂ) ਜਾਂ ਮਨਮਤੀ ਸਾਖੀਆਂ ਹੀ ਸੰਗਤਾਂ ਨੂੰ ਸੁਨਾਉਣਾ ਹੈ। ਫਿਰ ਦੇਖੀਦਾ ਹੈ ਕਿ ਕੁੱਝ ਕੁ ਜਥੇਬੰਦੀਆਂ ਆਪਣੇ ਲੈਵਲ ਤੇ ਚੰਗਾ ਕੰਮ ਕਰ ਰਹੀਆਂ ਨੇ ਪਰ ਨਤੀਜਾ ਕੋਈ ਖਾਸ ਨਹੀਂ ਹੈ। ਜੇ ਇੱਕ ਵਿਅਕਤੀ ਵੀ ਨਿੱਜੀ ਰੂਪ ਵਿੱਚ ਕੋਈ ਕੌਮ ਵਾਸਤੇ ਚੰਗਾ ਕਰ ਰਿਹਾ ਹੈ ਤਾਂ ਉਸਨੂੰ ਵੀ ਅਸੀਂ ਜੀਉਣ ਨਹੀਂ ਦਿੰਦੇ। ਸਮਝ ਨਹੀਂ ਆਉਂਦੀ ਕੌਮ ਦਾ ਬਣੂੰ ਕੀ? ਕੁੱਝ ਪੰਗਤੀਆਂ ਅੱਜ ਖੁਦ ਮੂੰਹੋ ਨਿਕਲੀਆਂ:

ਬਾਬਾ ਨਾਨਕ ਦੇ ਗੱਲ ਮੰਨਣੀ ਨਹੀਂ, ਅਸੀਂ ਤਾਂ ਨਿਭਾਉਣੀ ਦੁਨੀਆਦਾਰੀ।
ਕਰਮਕਾਂਡਾਂ ਵਿੱਚ ਐਸੇ ਉਲਝੇ, ਗੁਰਬਾਣੀ ਕਦੇ ਨਾ ਵਿਚਾਰੀ।
ਨਕਲੀ ਗੁਰੂ ਹੋਰ ਬਣਾ ਲਿਆ, ਸਿੱਖੀ ਨੂੰ ਅੱਜ ਹਾਰ ਦਿੱਤੀ ਕਰਾਰੀ।
ਉਝ ਤਾਂ ਆਪਾਂ ਸਿੱਖ ਕਹਾਈਏ, ਪਰ ਸਿੱਖੀ ਪੂਰੀ ਤਰ੍ਹਾਂ ਵਿਸਾਰੀ,
ਐਸੀ ਮੱਤ ਅਸਾਡੀ ਮਾਰੀ।

ਬੱਸ ਇਹੀ ਕਹਿਣਾ ਚਾਹੁੰਦਾ ਬਈ ਬਾਬੇ ਨਾਨਕ ਦੇ ਘਰੋਂ ਮਿਲੀ ਸ਼ਬਦ ਗੁਰੂ ਦੀ ਦਾਤ ਨੂੰ ਸੰਭਾਲੋ। ਇਹ ਪੂਜਣ ਲਈ ਨਹੀਂ, ਮੰਨਣ ਲਈ ਹੈ। ਅਮਲੀ ਰੂਪ ਵਿੱਚ ਜੀਵਣ ਨੂੰ ਢਾਲਣ ਲਈ ਹੈ। ਸਿੱਖੀ ਜੀਵਣ ਜਾਂਚ ਹੈ ਕਰਮਕਾਂਡ ਨਹੀਂ। ਹਰ ਫੈਂਸਲਾ ਗੁਰੂਰਬਾਣੀ ਦੀ ਰੋਸ਼ਨੀ ਵਿੱਚ ਕਰੋ। ਫੋਕਟ, ਕਰਮ ਕਾਂਡ, ਅੰਧ ਵਿਸ਼ਵਾਸ਼, ਧਰਮ ਦਾ ਨਾਮ ਤੇ ਕੀਤੇ ਜਾਂਦੇ ਫਾਲਤੂ ਅਡੰਬਰ ਛੱਡੋ। ਤਾਂ ਹੀ ਭਲਾ ਹੋ ਸਕਦਾ ਹੈ।

ਆਓ ਸਾਧ ਸੰਗਤ ਜੀ ਕੁੱਝ ਗੁਰਬਾਣੀ ਫੁਰਮਾਨਾਂ ਨੂੰ ਹਿਰਦੇ ਵਿੱਚ ਵਸਾਈਏ!

ਮੇਰੇ ਮਨ ਗੁਰਸਬਦੀ ਸੁਖ ਹੋਇ॥ (ਪੰਨਾ 46)
ਸੁਣ ਮਨ ਮੇਰੇ ਸਬਦੁ ਵੀਚਾਰਿ॥ (ਗਉੜੀ ਮਹਲਾ 3, ਗੁਆਰੇਰੀ, ਪੰਨਾ 161)
ਸਤਿਗੁਰ ਮਿਲੈ ਤਾ ਦੁਬਿਧਾ ਭਾਗੈ॥ (ਗਉੜੀ ਮਹਲਾ 1, ਪੰਨਾ153)
ਤਿਸ ਉਪਰਿ ਮਨ ਕਰ ਤੂੰ ਆਸਾ ਆਦਿ ਜੁਗਾਦਿ ਜਾ ਕਾ ਭਰਵਾਸਾ॥ (ਗਉੜੀ ਮਹਲਾ 5, ਪੰਨਾ 187)
ਗੁਰ ਕੀ ਸੇਵਾ ਸਬਦੁ ਵੀਵਾਰੁ॥ (ਗਉੜੀ ਮਹਲਾ 1, ਪੰਨਾ. 223)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top