Share on Facebook

Main News Page

ਸਿੱਖ ਜਥੇਬੰਦੀਆਂ ਵੱਲੋਂ ਢੱਡਰੀਆਂ ਵਾਲੇ ਦੇ ਸਮਾਗਮ ਦਾ ਸਖ਼ਤ ਵਿਰੋਧ

ਪੱਟੀ, 8 ਜੁਲਾਈ (ਗੁਰਨਿਸ਼ਾਨ ਸਿੰਘ ਪੱਟੀ): ਸਿੱਖ ਜੱਥੇਬੰਦੀਆਂ ਦੇ ਧਿਆਨ ਵਿੱਚ ਆਇਆ ਹੈ ਕਿ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਣ ਵਾਲਾ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਜੋ ਕਿ ਮਿਤੀ 11 ਜੁਲਾਈ 2012 ਨੂੰ ਤਰਨ ਤਾਰਨ ਦੇ ਇਲਾਕੇ ਵਿੱਚ ਸਮਾਗਮ ਕਰਨ ਆ ਰਿਹਾ ਹੈ। ਇਸ ਸੰਬੰਧੀ ਸਿੱਖ ਜਥੇਬੰਦੀਆਂ ਨੇ ਇੱਕ ਪ੍ਰੈਸ ਕਾਨਫਰੰਸ ਹਰੀਕੇ ਵਿਖੇ ਕੀਤੀ ਜਿਸ ਵਿੱਚ ਜਥੇਬੰਦੀਆਂ ਨੇ ਅਖੌਤੀ ਬ੍ਰਹਮ ਗਿਆਨੀ ਢੱਡਰੀਆਂ ਵਾਲੇ ਦੇ ਸਮਾਗਮ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ। ਕਾਨਫ਼ਰੰਸ ਦੀ ਪ੍ਰਧਾਨਗੀ ਕਰਦਿਆਂ ਸ੍ਰ ਸੁਖਵਿੰਦਰ ਸਿੰਘ ਸਭਰਾ (ਲੇਖਕ-ਸੰਤਾਂ ਦੇ ਕੌਤਕ) ਨੇ ਦੱਸਿਆ ਕਿ ਅੰਮ੍ਰਿਤਸਰ-ਤਰਨ ਤਾਰਨ ਦੇ ਇਲਾਕੇ ਵਿੱਚ ਜਦੋਂ ਵੀ ਢੱਡਰੀਆਂ ਵਾਲੇ ਦਾ ਪ੍ਰੋਗਰਾਮ ਹੋਇਆ ਤਾਂ ਸਥਿਤੀ ਤਣਾਅਪੂਰਨ ਰਹੀ ਹੈ ਕਿਉਂਕਿ ਇਸ ਦੇ ਪ੍ਰੋਗਰਾਮਾਂ ਵਿੱਚ ਇਸ ਦੀਆਂ ਹੀ ਤਸਵੀਰਾਂ ਅਤੇ ਸੀ.ਡੀ. ਵਿੱਕਦੀਆਂ ਹਨ। ਇੱਕ ਸੀ.ਡੀ. ਜਿਸ ਵਿੱਚ ਇਸ ਨੇ ਗੱਦੀ ਲਾ ਕੇ ਆਪਣਾ ਜਨਮ ਦਿਨ ਮਨਾਇਆ ਹੈ ਅਤੇ ਅੰਮ੍ਰਿਤਧਾਰੀਆਂ ਤੋਂ ਮੱਥੇ ਟਿਕਵਾਉਂਦਾ ਹੈ, ਉਹ ਵੀ ਵਿਕਦੀ ਹੈ। ਜੋ ਕਿ ਸਰਾ-ਸਰ ਮਨਮੱਤ ਹੈ। ਉਹਨਾਂ ਨੇ ਯਾਦ ਕਰਵਾਇਆ ਕਿ ਪਿਛਲੇ ਸਾਲ ਏਸੇ ਇਲਾਕੇ ਵਿੱਚ ਇਸ ਦੇ ਪ੍ਰੋਗਰਾਮ ਦੌਰਾਨ ਪ੍ਰਬੰਧਕਾਂ ਵਿੱਚ ਹੀ ਗੋਲਕ ਕਰਕੇ ਲੜਾਈ ਹੋ ਗਈ ਸੀ ਜਿਸ ਚ ਗੋਲੀ ਵੀ ਚੱਲੀ ਸੀ ਅਤੇ ਸਥਿਤੀ ਬਹੁਤ ਤਣਾਅਪੂਰਨ ਹੋ ਗਈ ਸੀ ਕਿ ਪ੍ਰਸ਼ਾਸਨ ਨੂੰ ਵਿੱਚ ਪੈ ਕੇ ਹੱਲ ਕਰਨਾ ਪਿਆ।

ਸਿੱਖ ਜਥੇਬੰਧੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਇਸਦਾ ਪ੍ਰੋਗਰਾਮ ਨਾ ਰੋਕਿਆ ਗਿਆ ਤਾਂ ਪੰਥ ਦਰਦੀ ਇਸਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨਗੇ। ਉਹਨਾਂ ਦੱਸਿਆ ਕਿ ਹੁਣੇ ਹੀ ਇਸਦੇ ਨਾਲ ਢੋਲਕੀ ਵਜਾਉਣ ਵਾਲੇ ਸ੍ਰ ਸੁਖਵਿੰਦਰ ਸਿੰਘ ਨੇ ਇਸ ਤੇ ਬਲਾਤਕਾਰ ਅਤੇ ਨਸ਼ੇ ਦਾ ਕਾਰੋਬਾਰ ਕਰਨ ਦੇ ਦੋਸ਼ ਲਗਾਏ ਸਨ,ਜਿਸ ਦੀ ਪੜਤਾਲ ਹਾਈ ਕੋਰਟ ਦੇ ਵਕੀਲ ਸ੍ਰ ਰਜਿੰਦਰ ਸਿੰਘ ਬੈਂਸ ਕਰ ਰਹੇ ਸਨ। ਜਦੋਂ ਸ੍ਰ. ਬੈਂਸ ਨੇ ਢੱਡਰੀਆਂ ਵਾਲੇ ਨੂੰ ਇਸ ਸੰਬੰਧੀ ਸਵਾਲ ਪੁੱਛੇ ਤਾਂ ਇਹ ਕੋਈ ਵੀ ਜਵਾਬ ਨਾ ਦੇ ਸਕਿਆ। ਉਨ੍ਹਾਂ ਕਿਹਾ ਕਿ ਅਜਿਹੇ ਵਿਵਾਦਾਂ ਵਿੱਚ ਘਿਰੇ ਅਖੌਤੀ ਬਾਬੇ ਦੇ ਸਮਾਗਮ ਨੂੰ ਮਾਝੇ ਦੀਆਂ ਸਿੱਖ ਜੱਥੇਬੰਦੀਆਂ ਨਹੀਂ ਹੋਣ ਦੇਣਗੀਆਂ।

ਇਸ ਦੇ ਨਾਲ ਹੀ ਸਿੱਖ ਜੱਥੇਬੰਦੀਆਂ ਨੇ ਪਿੰਡ ਵੜੈਂਚ ਵਿਖੇ ਰਾਧਾ ਸੁਆਮੀਆਂ ਵੱਲੋਂ ਗੁਰਦੁਆਰਾ ਸਾਹਿਬ ਢਾਹ ਕੇ ਨਿਸ਼ਾਨ ਸਾਹਿਬ ਤੋੜ ਦਿੱਤੇ ਜਾਣ ਦੀ ਸਖ਼ਤ ਸ਼ਬਦਾਂ ਨਾਲ ਨਿਖੇਧੀ ਕੀਤੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਉਹ ਇਸ ਸੰਬੰਧੀ ਤੁਰੰਤ ਫ਼ੈਸਲਾ ਲੈਣ। ਜੇਕਰ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਇਸ ਦੇ ਸਿੱਟੇ ਬਹੁਤ ਗੰਭੀਰ ਨਿਕਲਣਗੇ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੋ ਨਿੱਜੀ ਕੰਪਨੀ ਨੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੀ ਤਸਵੀਰ ਤੰਬਾਕੂ/ਗੁਟਖਾ ਦੀਆਂ ਪੁੜੀਆਂ ਉੱਤੇ ਲਗਾ ਕੇ ਗਿਆਨੀ ਗੁਟਖਾ ਨਾਮ ਰੱਖ ਕੇ ਘੋਰ ਅਪਰਾਧ ਕੀਤਾ ਹੈ। ਇਸ ਲਈ ਜਥੇਦਾਰ ਇਸ ਸੰਬੰਧੀ ਵੀ ਕੰਪਨੀ ਦੇ ਮਾਲਕ ਨੂੰ ਸਖ਼ਤੀ ਨਾਲ ਲੈਣ ਅਤੇ ਪੰਜਾਬ/ਕੇਂਦਰ ਸਰਕਾਰ ਵੀ ਇਸ ਵਿਰੁੱਧ ਸਖ਼ਤ ਨੋਟਿਸ ਲਵੇ। ਇਸ ਮੌਕੇ ਕਾਨਫ਼ਰੰਸ ਵਿੱਚ ਸ੍ਰ ਸੁਖਵਿੰਦਰ ਸਿੰਘ ਸਭਰਾ (ਕੌਮੀ ਪੰਚ ਸ਼੍ਰੋਮਣੀ ਖ਼ਾਲਸਾ ਪੰਚਾਇਤ), ਭਾਈ ਗੁਰਮੀਤ ਸਿੰਘ ਧਾਰੀਵਾਲ, ਸੁਵਿੰਦਰ ਸਿੰਘ ਗੰਡੀਵਿੰਡ, ਜਰਨੈਲ ਸਿੰਘ ਸਭਰਾ, ਹਰਜੀਤ ਸਿੰਘ ਪੱਟੀ, ਨਿਸ਼ਾਨ ਸਿੰਘ ਪੱਟੀ, ਹਰੀਕੇ ਤੋਂ ਰਣਧੀਰ ਸਿੰਘ,ਬਗੀਚਾ ਸਿੰਘ,ਗੁਰਸਾਹਿਬ ਸਿੰਘ,ਮਨਜੀਤ ਸਿੰਘ,ਗੁਰਨਾਮ ਸਿੰਘ,ਹੀਰਾ ਸਿੰਘ ਅਤੇ ਜਿਉਣੇਕੇ ਤੋਂ ਦੁਲਾ ਸਿੰਘ,ਨਿਰਵੈਲ ਸਿੰਘ,ਬਲਵੰਤ ਸਿੰਘ,ਤਰਸੇਮ ਸਿੰਘ,ਕਰਮ ਸਿੰਘ ਅਤੇ ਬਹੁਤ ਸਾਰੀਆਂ ਸੰਗਤਾਂ ਹਾਜ਼ਿਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top