Share on Facebook

Main News Page

ਸਰਦਾਰ ਜੀ ਦਾ ਮਜ਼ਾਕ ਉਡਾਉਣਾ ਤਾਂ ਬਹੁਤ ਹੀ ਵੱਡਾ ਪਾਪ ਹੈ, ਕਿਉਂਕਿ ਹਰ ਸਿੱਖ ਪਵਿੱਤਰ ਆਤਮਾ ਹੈ ਤੇ ਇਨ੍ਹਾਂ ਦਾ ਇਤਿਹਾਸ ਬਹੁਤ ਹੀ ਕੁਰਬਾਨੀ ਭਰਿਆ ਹੈ
- ਪ੍ਰੋ. ਪੰਡਿਤਰਾਓ ਧਰੈੱਨਵਰ

* ਦੱਖਣੀ ਤੇ ਉਤਰੀ ਭਾਰਤ ਵਿੱਚ ਸੱਭਿਆਚਾਰਕ ਸਾਂਝ ਬਣਾਉਣਾ ਆਪਣੀ ਜਿੰਦਗੀ ਦਾ ਟੀਚਾ ਮਿਥ ਲਿਆ ਪੰਡਿਤਰਾਓ ਧਰੈੱਨਵਰ ਨੇ

ਬਠਿੰਡਾ, ੮ ਜੁਲਾਈ (ਕਿਰਪਾਲ ਸਿੰਘ): ਬੇਸ਼ੱਕ ਇਹ ਅਜੀਬ ਤੇ ਅਨੋਖਾ ਲਗਦਾ ਹੋਵੇ ਪਰ ਇਹ ਸੱਚ ਹੈ ਕਿ ਦੱਖਣੀ ਭਾਰਤ ਦੇ ਸੂਬਾ ਕਰਨਾਟਕਾ ਦੇ ਜੰਮਪਲ ਪ੍ਰੋ: ਪੰਡਿਤ ਰਾਉ ਧ੍ਰੈੱਨਵਰ ਪੰਜਾਬੀ ਭਾਸ਼ਾ ਵਿੱਚ ਇਤਨੀ ਮੁਹਾਰਤ ਹਾਸਲ ਕਰ ਲਈ ਹੈ ਕਿ ਉਸ ਨੇ ਜਪੁਜੀ ਸਾਹਿਬ ਅਤੇ ਜ਼ਫਰਨਾਮੇ ਨੂੰ ਕੰਨੜ ਭਾਸ਼ਾ ਵਿੱਚ ਅਨੁਵਾਦ ਕਰ ਲਿਆ ਹੈ ਤੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕਰਨ ਦਾ ਟੀਚਾ ਮਿਥ ਬੈਠਾ ਹੈ। ਪੰਡਿਤ ਰਾਉ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ, ਸੈਕਟਰ ੪੬ ਚੰਡੀਗੜ੍ਹ ਵਿੱਚ ਅੱਠ ਸਾਲ ਪਹਿਲਾਂ ਭਰਤੀ ਹੋਏ। ਇੱਥੇ ਆ ਕੇ ਉਹ ਆਪਣੇ ਕਿੱਤੇ ਅਤੇ ਰੁਜ਼ਗਾਰ ਤੱਕ ਹੀ ਸੀਮਤ ਨਾ ਰਹੇ ਬਲਕਿ ਕੰਨੜ ਭਾਸ਼ਾ ਵਿੱਚ ਲਿਖੇ ਸਾਹਿਤ ਨੂੰ ਪੰਜਾਬੀ ਅਤੇ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਕੰਨੜ ਭਾਸ਼ਾ ਵਿੱਚ ਅਨੁਵਾਦ ਕਰਕੇ ਦੱਖਣੀ ਤੇ ਉਤਰੀ ਭਾਰਤ ਵਿੱਚ ਸੱਭਿਆਚਾਰਕ ਸਾਂਝ ਬਣਾਉਣ ਲਈ ਆਪਣੀ ਜਿੰਦਗੀ ਦਾ ਟੀਚਾ ਮਿਥ ਲਿਆ।

ਪੰਡਿਤਰਾਓ ਧਰੈੱਨਵਰ ਦੇ ਦੱਸਣ ਅਨੁਸਾਰ ਜਦੋਂ ਉਹ ਅੱਜ ਤੋਂ ਪੰਜ ਸਾਲ ਪਹਿਲਾਂ ਇੱਕ ਦਿਨ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਪਹੁੰਚਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਉਪ੍ਰੰਤ ਸਰੋਵਰ ਦੇ ਕੰਢੇ ਪ੍ਰਕਰਮਾਂ ਵਿੱਚ ਬੈਠ ਕੇ ਦੋ ਘੰਟੇ ਲਈ ਸ਼ਬਦ ਕੀਰਤਨ ਸੁਣਿਆ ਤਾਂ ਗੁਰੂ ਨਾਨਕ ਦੀ ਬਾਣੀ ਦੇ ਸ਼ਬਦ ਕੀਰਤਨ ਨੇ ਉਨ੍ਹਾਂ ਦੇ ਦਿਲ ਦਿਮਾਗ ਨੂੰ ਇਸ ਕਦਰ ਟੁੰਭਿਆ ਕਿ ਉਨ੍ਹਾਂ ਮਹਿਸੂਸ ਕੀਤਾ ਕਿ ਇਸ ਧਰਤੀ 'ਤੇ ਜੇ ਕਿਸੇ ਸਥਾਨ 'ਤੇ ਮਨੁੱਖ ਦੇ ਮਨ ਨੂੰ ਸ਼ਾਂਤੀ ਮਿਲ ਸਕਦੀ ਹੈ ਤਾਂ ਉਹ ਸ਼੍ਰੀ ਹਰਿਮੰਦਰ ਸਾਹਿਬ ਹੈ ਜਾਂ ਗੁਰੂ ਦੇ ਸ਼ਬਦ ਨੂੰ ਸੁਣ ਕੇ ਸਮਝਣ ਵਿੱਚ ਹੀ ਸ਼ਾਂਤੀ ਮਿਲ ਸਕਦੀ ਹੈ। ਉਸ ਵਕਤ ਉਨ੍ਹਾਂ ਦੇ ਮਨ ਵਿੱਚ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਪੜ੍ਹਨ ਸਮਝਣ ਦੀ ਜਗਿਆਸਾ ਉਪਜੀ ਜਿਸ ਲਈ ਪੰਜਾਬੀ ਸਿੱਖਣੀ ਉਨ੍ਹਾਂ ਦੀ ਜਰੂਰੀ ਲੋੜ ਬਣ ਗਈ। ਪੰਜਾਬੀ ਸਿੱਖਣ ਤੋਂ ਬਾਅਦ ਜਿਉਂ ਜਿਉਂ ਉਨ੍ਹਾਂ ਗੁਰਬਾਣੀ ਪੜ੍ਹੀ ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਗੁਰਬਾਣੀ ਦਾ ਸੰਦੇਸ਼ ਆਪਣੇ ਸੂਬਾ ਵਾਸੀਆਂ ਤੱਕ ਪਹੁੰਚਾਉਣ ਲਈ ਇਸ ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕੀਤਾ ਜਾਵੇ। ਦੂਸਰੇ ਪਾਸੇ ਦੱਖਣੀ ਭਾਰਤ ਦੇ ਸੰਤਾਂ ਮਹਾਤਮਾਂ ਦੀ ਰਚਨਾ ਦਾ ਪੰਜਾਬੀ ਵਿੱਚ ਅਨੁਵਾਦ ਕਰਨਾ ਸ਼ੁਰੂ ਕੀਤਾ। ਹੁਣ ਤੱਕ ਉਹ ਕੰਨੜ ਭਾਸ਼ਾ ਵਿੱਚ ਲਿਖਤ ਵਚਨ ਸਾਹਿਤ ਅਤੇ ਦਾਸ ਸਾਹਿਤ ਦੀਆਂ ੮ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਕਰ ਚੁੱਕੇ ਹਨ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਥੇ ਪੰਜਾਬੀ ਲੋਕ ਆਪਣੀ ਮਾਤ ਭਾਸ਼ਾ ਦਾ ਸਤਿਕਾਰ ਕਰਨਾ ਸਿਰਫ ਭੁੱਲੇ ਹੀ ਨਹੀਂ ਬਲਕਿ ਇਸ ਦੇ ਵੱਡੀ ਗਿਣਤੀ ਲੇਖਕ ਤੇ ਗਾਇਕ ਅਨਾਦਰ ਕਰਨ 'ਤੇ ਤੁਲੇ ਹੋਏ ਹਨ ਉਥੇ ਪ੍ਰੋ: ਪੰਡਿਤਰਾਓ ਧਰੈੱਨਵਰ ਨੇ ਇਸ ਹੋ ਰਹੇ ਅਨਾਦਰ ਵਿਰੁੱਧ ਆਵਾਜ਼ ਉਠਾਉਣ ਲਈ ੨੪ ਮਾਰਚ ੨੦੧੨ ਨੂੰ ਖਡੂਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਮੱਲ ਅਖਾੜਾ, ਜਿੱਥੇ ਗੁਰੂ ਅੰਗਦ ਸਾਹਿਬ ਜੀ ਨੇ ਗੁਰਮੁਖੀ ਅੱਖਰਾਂ ਦਾ ਵਿਕਾਸ ਕਰਕੇ ਇਸ ਦਾ ਪ੍ਰਚਾਰ ਕੀਤਾ ਸੀ, ਦੇ ਮੁੱਖ ਦਰਵਾਜੇ ਅੱਗੇ ਇੱਕ ਦਿਨ ਲਈ ਭੁੱਖ ਹੜਤਾਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਪਵਿੱਤਰ ਭਾਸ਼ਾ ਦਾ ਵਿਕਾਸ ਗੁਰੂ ਸਾਹਿਬ ਜੀ ਨੇ ਗੁਰਬਾਣੀ ਲਿਖਣ ਤੇ ਪ੍ਰਚਾਰਣ ਲਈ ਕੀਤਾ ਹੋਵੇ ਉਸ ਭਾਸ਼ਾ ਵਿੱਚ ਲੱਚਰਤਾ ਤੇ ਨਸ਼ਿਆਂ ਨੂੰ ਉਤਸ਼ਾਹਤ ਕਰਨ ਵਾਲੇ ਗੀਤ ਲਿਖਣ ਤੇ ਗਾਉਣ ਵਾਲੇ ਗੁਰਮੁਖੀ ਅਤੇ ਗੁਰੂ ਦਾ ਅਪਮਾਨ ਕਰ ਰਹੇ ਹਨ ਜਿਸ ਨੂੰ ਉਹ ਸਹਿਣ ਨਹੀਂ ਕਰ ਸਕਦੇ। ਉਹ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕਢਦੇ ਹਨ ਤੇ ਪੰਜਾਬੀ ਭਾਸ਼ਾ ਵਿੱਚ ਲਿਖੇ ਮਾਟੋ ਚੁੱਕ ਕੇ ਆਪਣੇ ਸਾਈਕਲ ਤੇ ਸਵਾਰ ਹੋ ਕੇ ਬਸਤੀਆਂ ਵਿੱਚ ਨਿਕਲ ਜਾਂਦੇ ਹਨ ਜਿੱਥੇ ਬੱਚਿਆਂ ਤੇ ਅਨਪੜ੍ਹ ਬਾਲਗਾਂ ਨੂੰ ਇਕੱਠੇ ਕਰਕੇ ਪੰਜਾਬੀ ਭਾਸ਼ਾ ਪੜ੍ਹਾਉਣੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਨੂੰ ਪੰਜਾਬੀ ਸਿੱਖਣ ਲਈ ਉਤਸ਼ਾਹਤ ਕਰਨ ਲਈ ਉਹ ਉਦਾਹਰਣ ਦਿੰਦੇ ਹਨ ਕਿ ਜੇ ਉਹ ਦੱਖਣੀ ਭਾਰਤ 'ਚੋਂ ਆ ਕੇ ਪੰਜਾਬੀ ਪੜ੍ਹਨੀ ਲਿਖਣੀ ਸਿੱਖ ਗਏ ਹਨ ਤਾਂ ਪੰਜਾਬ ਦੇ ਮੂਲ ਨਿਵਾਸੀ ਹੁੰਦੇ ਹੋਏ ਉਹ ਪੰਜਾਬੀ ਕਿਉਂ ਨਹੀਂ ਸਿੱਖ ਸਕਦੇ!

ਅੱਜ ਕੱਲ੍ਹ ਗਰਮੀਆਂ ਦੀਆਂ ਛੁੱਟੀਆਂ ਵਿੱਚ ਪੰਡਿਤਰਾਓ ਧਰੈੱਨਵਰ ਆਪਣੇ ਸੂਬਾ ਕਰਨਾਟਕਾ ਵਿੱਚ ਗਏ ਹੋਏ ਹਨ ਤੇ ਆਪਣੇ ਸਾਈਕਲ 'ਤੇ ਸਵਾਰ ਹੋ ਕੇ ਆਪਣੇ ਮਿਸ਼ਨ 'ਤੇ ਬੰਗਲੌਰ ਦੀਆਂ ਗਲੀਆਂ ਬਜਾਰਾਂ ਵਿੱਚ ਨਿਕਲ ਜਾਂਦੇ ਹਨ। ਆਪਣੇ ਸਾਈਕਲ ਦੇ ਅੱਗੇ ਉਨ੍ਹਾਂ ਵੱਡ ਆਕਾਰੀ ਮਾਟੋ ਚੁੱਕਿਆ ਹੁੰਦਾ ਹੈ ਜਿਸ 'ਤੇ ਅੰਗਰੇਜੀ ਤੇ ਕੰਨੜ ਭਾਸ਼ਾ ਵਿੱਚ ਲਿਖਿਆ ਹੁੰਦਾ ਹੈ:- 'ਸਰਦਾਰਾਂ ਦਾ ਮਜ਼ਾਕ ਨਾ ਉਡਾਓ, ਸਰਦਾਰ ਜੀਆਂ ਦਾ ਸਤਿਕਾਰ ਕਰੋ'। ਉਹ ਆਪਣੇ ਸੂਬੇ ਦੇ ਲੋਕਾਂ ਨੂੰ ਸੰਦੇਸ਼ ਦੇ ਰਹੇ ਹਨ ਕਿ ਕਿਸੇ ਦਾ ਮਜ਼ਾਕ ਉਡਾਉਣਾ ਪਾਪ ਹੈ ਖਾਸ ਕਰਕੇ ਸਰਦਾਰ ਜੀ ਦਾ ਮਜ਼ਾਕ ਉਡਾਉਣਾ ਤਾਂ ਬਹੁਤ ਹੀ ਵੱਡਾ ਪਾਪ ਹੈ ਕਿਉਂਕਿ ਹਰ ਸਿੱਖ ਪਵਿੱਤਰ ਆਤਮਾ ਹੈ ਤੇ ਇਨ੍ਹਾਂ ਦਾ ਇਤਿਹਾਸ ਬਹੁਤ ਹੀ ਕੁਰਬਾਨੀ ਭਰਿਆ ਹੈ। ਪੰਡਿਤ ਰਾਓ ਕਹਿੰਦੇ ਹਨ ਕਿ ਸਿੱਖ ਗੁਰੂ ਸਾਹਿਬਾਨ ਨੇ ਦੂਸਰਿਆਂ ਦੀ ਭਲਾਈ ਲਈ ਆਪਣਾ ਆਪ ਕੁਰਬਾਨ ਕੀਤਾ। ਸਿੱਖ ਧਰਮ ਵਿੱਚ 'ਸਰਬੱਤ ਦਾ ਭਲਾ' ਦੀ ਧਾਰਣਾ ਮਹਾਨ ਇਨਸਾਨੀਅਤ ਦਾ ਪ੍ਰਤੀਕ ਹੈ। ਸਿੱਖਾਂ ਨੇ ਇਸ ਧਾਰਣਾ ਨੂੰ ਆਪਣੀ ਹਰ ਰੋਜ਼ ਦੀ ਜਿੰਦਗੀ ਵਿੱਚ ਅਪਣਾਇਆ ਹੋਇਆ ਹੈ ਫਿਰ ਤੁਸੀਂ ਉਨ੍ਹਾਂ ਦਾ ਮਜ਼ਾਕ ਕਿਵੇਂ ਉਡਾ ਸਕਦੇ ਹੋ?

ਇਸ ਦੇ ਨਾਲ ਹੀ ਪੰਡਿਤਰਾਓ ਧਰੈੱਨਵਰ ਜਪੁਜੀ ਸਾਹਿਬ ਅਤੇ ਜ਼ਫਰਨਾਮਾ ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕੀਤੇ ਹੋਏ ਪੈਂਪਲਿਟ ਵੰਡ ਰਹੇ ਹਨ। ਉਹ ਹਰ ਇੱਕ ਨੂੰ ਜਪੁਜੀ ਸਾਹਿਬ ਅਤੇ ਜ਼ਫਰਨਾਮਾ ਪੜ੍ਹਨ ਦੀ ਪ੍ਰੇਰਣਾ ਕਰਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top