Share on Facebook

Main News Page

ਕੋਹਾਂ ਦਾ ਅੰਤਰ ਹੁੰਦਾ ਹੈ ਗੁਰਦੁਆਰੇ ਤੇ ਯਾਦਗਾਰ 'ਚ
-
ਤਰਲੋਕ ਸਿੰਘ 'ਹੁੰਦਲ' ਟੋਰਾਂਟੋ-ਕਨੇਡਾ

ਹੁਣੇ ਜਹੇ ਸਮਾਪਤ ਹੋਏ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ, ਘਾਗ ਸਿੱਖ ਸਿਆਸਤਦਾਨ ਤੇ ਸਿਰਮੌਰ ਸਿੱਖ ਆਗੂ ਦਾ ਇਹ ਬਿਆਨ ਧਿਆਨ ਮੰਗਦਾ ਹੈ, ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਉਸਾਰੀ ਜਾ ਰਹੀ ਜੂਨ-1984 ਦੀ ਫੌਜੀ ਕਾਰਵਾਈ ਵਿੱਚ ਮਾਰੇ ਗਏ ਹਜ਼ਾਰਾਂ ਬੇ-ਗੁਨਾਹ ਸਿੱਖ, ਸਿੱਖਣੀਆਂ, ਬੱਚੇ, ਬੱਚੀਆਂ ਅਤੇ ਬਿਰਧ ਮਾਈਆਂ-ਭਾਈਆਂ ਦੀ ਯਾਦ ਨੂੰ ਸਮਰਪਿਤ "ਯਾਦਗਾਰ" ਮਹਿਜ਼ ਇੱਕ ਗੁਰਦੁਆਰਾ ਹੋਵੇਗਾ, ਕੋਈ ਜੈਕਾਰਾ ਨਹੀਂ ਲਗੇਗਾ ਅਤੇ ਕਿਸੇ ਦੀ ਫੋਟੋ ਨਹੀਂ ਲਗੇਗੀ, ਤੋਂ ਬਾਅਦ ਸਭ ਇਕ-ਦਮ ਚੁੱਪ ਹੋ ਗਏ। ਸਿੱਖ ਸੰਸਾਰ ਵਿੱਚ ਕਬਰਸਤਾਨ ਵਰਗੀ ਖ਼ਾਮੋਸ਼ੀ ਪਸਰ ਗਈ ਹੈ। ਜੂਨ-84 ਦੇ ਸਿੱਖ ਕਤਲੇਆਮ ਨਾਲ ਇਤਿਹਾਸ ਦੇ ਭਿੱਜੇ ਖੂੰਨੀ ਪੱਤਰੇ, ਅਜ ਵੀ ਤਿੱਪ-ਤਿੱਪ ਚੋਂਦੇ ਆਪਣੀ ਦਰਦ-ਭਰੀ ਕਹਾਣੀ ਸੁਣਾ ਰਹੇ ਹਨ। ਸਰਕਾਰੀ ਤਸ਼ੱਦਦ ਤੋਂ ਪੀੜਤ ਸਿੱਖਾਂ ਦੀ ਆਵਾਜ਼ ਨੂੰ ਕੁਝ ਚੋਣਵੇਂ ਪੰਥ ਦਰਦੀਆਂ ਨੇ ਕੌਂਮੀ ਪੱਧਰ ਤੇ ਬੁਲੰਦ ਕੀਤਾ ਅਤੇ ਉਸ ਮੁਕੱਦਸ ਅਸਥਾਨ ਦੇ ਨੇੜੇ, ਉਹਨਾਂ ਮਾਰੇ ਗਏ ਅੱਣਗਿਣਤ ਬੇ-ਕਸੂਰ ਇਨਸਾਨਾਂ ਦੀ ਦਾਸਤਾਂ ਬਿਆਨਦੀ 'ਯਾਦਗਾਰ' ਦੇ ਨਿਰਮਾਣ ਕਰਨ ਲਈ ਉਪਰਾਲੇ ਆਰੰਭੇ ਗਏ। ਸਿੱਖਾਂ ਦੇ ਧਾਰਮਿਕ ਅਸਥਾਨਾਂ ਦੀ ਸਾਂਭ-ਸੰਭਾਲ ਕਰਦੀ ਸਿਰਮੌਰ ਪਰ ਵਿਚਾਰਗੀ ਦੇ ਆਲਮ ਵਿੱਚੋਂ ਗੁਜਰਦੀ ਇਹ ਸੰਸਥਾ ਤੇ ਆਪਣਿਆਂ ਹੀ ਜੋਰਾਂਵਰਾਂ ਰਾਜਸੀ ਲੀਡਰਾਂ ਦਾ ਗੁਲਾਮ ਇਹ ਪ੍ਰਬੰਧਕੀ ਢਾਂਚਾ ਪਹਿਲੇ ਲਗਭਗ ਦੋ ਕੁ ਦਹਾਕੇ ਤਾਂ ਕੋਈ ਠੋਸ ਤੇ ਉਸਾਰੂ ਨਿਰਣਾ ਨਾ ਲੈ ਸਕਿਆ।

ਚਲੋ! ਲੈ-ਦੇ ਕੇ ਜੇ 28 ਵਰ੍ਹਿਆਂ ਬਾਅਦ ਤਜ਼ਵੀਜੀ ਇਸ ਯਾਦਗਾਰ ਨੂੰ ਕੋਈ ਬੂਰ ਪਿਆ ਹੀ ਪਿਆ ਤਾਂ ਉਸ ਦੀ ਉਸਾਰੀ ਦਾ ਨਿਗਰਾਨ ਇਕ ਐਸੇ ਸਿੱਖ ਬਣਾ ਦਿੱਤਾ, ਜਿਸ ਉੱਤੇ ਸਿੱਖ ਭਾਈਚਾਰਾ ਭੋਰਾ ਵਿਸ਼ਵਾਸ ਹੀ ਨਹੀਂ ਕਰਦਾ, ਜਿਸ ਨਾਲ ਸਿੱਖ ਇਤਿਹਾਸ ਵਿੱਚ ਇਕ ਹੋਰ 'ਪੰਥਕ' ਬਦ-ਕਿਸਮਤੀ ਦਾ ਪੰਨਾ ਜੁੜ ਗਿਆ ਜਾਪਦਾ ਹੈ। ਸਿੱਖ ਸਮੂਹ ਨੂੰ ਛੱਡ ਕੇ, ਮੁਸਲਮਾਨ ਬਰਾਦਰੀ ਤੋਂ ਬਿਨ੍ਹਾਂ ਹੋਰ ਹਿੰਦੀ ਜਥੇਬੰਦੀਆਂ ਨੇ ਇਸ ਯਾਦਗਾਰ ਦੀ ਖੁਲ੍ਹ ਕੇ ਡੱਟਵੀਂ ਵਿਰੋਧਤਾ ਸ਼ੁਰੂ ਕਰ ਦਿੱਤੀ। ਨਤੀਜੇ ਵਜੋਂ ਸ਼ੋਰੋ-ਗੁੱਲ ਏਨਾਂ ਵੱਧ ਗਿਆ ਕਿ ਰਾਜਸੀ ਸਤਾ ਤੇ ਕਾਬਜ਼ ਸਿੱਖ ਰੂਪੀ ਲੀਡਰ ਨੂੰ ਉਕਤ ਬਿਆਨ ਦੇਣਾ ਪਿਆ, ਜਿਸ ਨਾਲ ਇਕ ਵਾਰ ਫਿਰ ਸਮੁੱਚਾ ਸਿੱਖ ਜਗਤ ਨਿਰਾਸਤਾ ਦੇ ਆਲਮ ਵਿੱਚ ਚਲਾ ਗਿਆ ਹੈ। ਇਸ ਸੰਦਰਭ 'ਚ ਆਮ ਸਿੱਖ ਦੇ ਉਦਾਸ ਅਤੇ ਮਾਜੂਸ ਹੋਏ ਚਿਹਰੇ ਦੀ ਇਬਾਰਤ ਏਹੋ ਦਸਦੀ ਹੈ, ਕਿ ਇਹ ਨਾ ਗੁਰਦੁਆਰਾ ਰਹੇਗਾ ਤੇ ਨਾ ਹੀ ਯਾਦਗਾਰ। ਉਰਦੂ ਦਾ ਇਕ ਕਮਾਲ ਦਾ ਢੁੱਕਵਾਂ ਸ਼ੇਅਰ ਹੈ:- 'ਨਾ ਖ਼ੁੱਦਾ ਹੀ ਮਿਲਾ ਨਾ ਵਿਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ।' ਜਾਪਦਾ ਹੈ, ਕਿ ਕੁਰਸੀ ਦੇ ਆਸ਼ਕ ਸਿੱਖ ਰਾਜਨੀਤਕ ਆਗੂਆਂ ਨੂੰ ਗੁਰਦੁਆਰੇ ਤੇ ਯਾਦਗਾਰ ਦੇ ਅੰਤਰ ਦਾ ਗਿਆਨ ਨਹੀਂ ਹੈ।

ਇੱਕ ਸਿੱਖ ਵਿਦਵਾਨ ਅਨੁਸਾਰ ਦਸਾਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਨੇ ਜਿਸ ਅਸਥਾਨ ਨੂੰ ਮਾਨ ਦਿੱਤਾ ਹੈ, ਅਰ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਕੇ, ਸਿੱਖ ਧਰਮ ਦੇ ਨਿਯਮਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ, ਉਸ ਜਗ੍ਹਾ ਦਾ ਨਾਉਂ 'ਗੁਰਦੁਆਰਾ' ਹੈ। ਇਸਦੇ ਨਾਲ ਵਿਸ਼੍ਰਾਮ-ਘਰ, ਲੰਗਰ, ਵਿਦਿਯਾ, ਕੀਰਤਨ-ਵਿਖਿਆਨ ਵੀ ਅਤੀ ਜਰੂਰੀ ਅੰਗ ਹਨ। ਗੁਰ-ਵਾਕ ਹਨ: 'ਸਾ ਧਰਤੀ ਭਈ ਹਰਿਆਵਲੀ ਜਿਥੈ ਮੇਰਾ ਸਤਿਗੁਰੂ ਬੈਠਾ ਆਇ॥ '(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਅੰਕ 311) -ਤਥਾ- 'ਗੁਰਦੁਆਰੈ ਹਰਿ ਕੀਰਤਨੁ ਸੁਣੀਐ॥ ਸਤਿਗੁਰ ਭੇਟਿ ਹਰਿ ਜਸੁ ਮੁਖਿ ਭਣੀਐ॥ ਕਲਿ ਕਲੇਸ ਮਿਟਾਏ ਸਤਿਗੁਰੁ ਹਰਿ ਦਰਗਹ ਦੇਵੈ ਮਾਨਾ ਹੇ ॥' (ਮਾਰੂ ਮ:5 ਸੋਹਲੇ-ਅੰਕ 1075) ਭਾਈ ਗੁਰਦਾਸ ਜੀ ਦਸਦੇ ਹਨ: 'ਜਿਥੇ ਬਾਬਾ ਪੈਰੁ ਧਰਿ ਪੂਜਾ ਆਸਣੁ ਥਾਪਣਿ ਸੋਆ।'(ਵਾਰ 1,ਪਉੜੀ 27)

'ਯਾਦਗਾਰ', ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਭਾਵ ਹੈ ਯਾਦ ਕਰਦ, ਯਾਦ+ਗਾਰ=ਯਾਦ ਕਰਨ ਵਾਲਾ ਜਾਂ ਯਾਦ ਕੀਤਾ, ਅਥਵਾ ਉਹ ਨਿਸ਼ਾਨੀ, ਜਿਹੜੀ ਕਿਸੇ ਨੂੰ ਯਾਦ ਕਰੇ, ਜਾਂ ਇੰਞ ਕਹੀਏ ਕਿ ਕਿਸੇ ਦੀ ਯਾਦ ਦਿਵਾਉਂਣ ਵਾਲੀ ਨਿਸ਼ਾਨੀ, ਸਮਾਰਕ, ਸਮਾਰਕ ਚਿੰਨ੍ਹ, ਸਿਮਰਤੀ ਚਿੰਨ੍ਹ। ਸਾਡੇ ਪਾਸ ਅਨੇਕਾਂ ਯਾਦਗਾਰਾਂ ਹਨ। ਅੰਮ੍ਰਿਤਸਰ ਦੇ 'ਜਲ੍ਹਿਆਂਵਾਲੇ ਬਾਗ' ਵਿੱਚ ਸਥਾਪਤ ਮਿਨਾਰ ਤੇ ਪੁਰਾਤਨ ਖੂਹ, ਸੰਨ 1919 ਵਿੱਚ ਜਨਰਲ ਉਡਵਾਇਰ ਦੇ ਗੋਲੀ-ਕਾਂਡ ਦੀ ਯਾਦ ਤਾਜ਼ਾ ਕਰਦਾ ਦਿਖਾਈ ਦੇਂਦਾ ਹੈ। ਦੇਸ਼ਾਂ-ਵਿਦੇਸ਼ਾਂ ਤੋਂ ਮਹਾਨ ਹਸਤੀਆਂ ਆਣ ਕੇ ਇਥੇ, ਸ਼ਰਧਾ ਦੇ ਫੁੱਲ ਭੇਂਟ ਕਰਦੀਆਂ ਹਨ। ਵੱਡੇ ੳਤੇ ਛੋਟੇ ਘਲੂਘਾਰੇ ਦੀਆਂ ਯਾਦਗਾਰਾਂ, ਬੰਦਾ ਸਿੰਘ ਬਹਾਦਰ ਦੀ ਚਪੜ-ਚਿੜ੍ਹੀ ਵਿਖੇ ਯਾਦਗਾਰ, ਚਾਲ੍ਹੀ ਮੁਕਤਿਆਂ ਨੂੰ ਸਮਰਪਿਤ ਮੁਕਤਸਰ ਵਿਖੇ ਯਾਦਗਾਰ, ਇਕ ਤਰ੍ਹਾਂ ਨਾਲ ਗੁਰਦੁਆਰੇ ਤੋਂ ਆਪਣੀ ਪਛਾਣ ਵੱਖਰੀ ਰੱਖਣ ਦੀਆਂ ਪ੍ਰਤੀਕ ਹਨ। ਅਨੰਦਪੁਰ ਵਿਖੇ 'ਵਿਰਾਸਤ-ਏ-ਖਾਲਸਾ'- ਜਹੇ ਅਸਥਾਨ ਨੂੰ ਵੀ ਕੁਝ ਹੱਦ ਤੱਕ ਯਾਦਗਾਰ ਦਾ ਨਾਮ ਦਿੱਤਾ ਜਾ ਸਕਦਾ ਹੈ।

ਯਾਦਗਾਰ - ਕਿਸੇ ਘਟਨਾਂ ਵਿਸ਼ੇਸ਼ ਦੀ ਮੂੰਹ-ਬੋਲਦੀ ਤਸਵੀਰ ਹੁੰਦੀ ਹੈ। ਓਥੇ ਕੀ ਹੋਇਆ? ਕਿਉਂ ਹੋਇਆ? ਕਿਸ ਕੀਤਾ? ਕਿਉਂ ਕੀਤਾ? ਕੌਣ-ਕੌਣ ਜੁੰਮੇਵਾਰ ਹਨ? ਹਮਲਾਵਰ ਕੌਣ? ਨਤੀਜੇ ਕੀ ਨਿਕਲੇ? ਕਿੰਨ-ਕਿੰਨ ਗਦਾਰੀ ਕੀਤੀ? ਉਸ ਨੂੰ ਕੀ ਕੀ ਲਾਭ ਪ੍ਰਾਪਤ ਹੋਏ? ਜਾਨੀ-ਵ-ਮਾਲੀ ਨੁਕਸਾਨ ਕਿੰਨ੍ਹਾਂ ਦਾ ਹੋਇਆ? ਇਨ੍ਹਾਂ ਅਤੇ ਅਜੇਹੇ ਬੇਅੰਤ ਇਤਿਹਾਸਕ ਸੁਵਾਲਾਂ ਦੇ ਜੁਆਬ ਦੇਂਦੀ ਹੀ ਯਾਦਗਾਰ ਕਹਿ-ਲਾ ਸਕਣ ਦਾ ਮਾਣ ਪ੍ਰਾਪਤ ਕਰ ਸਕਦੀ ਹੈ। ਚਲਾਕੀ ਨਾਲ ਸਿੱਖਾਂ ਦੇ ਅਧਿਆਤਮਿਕ ਕੇਂਦਰ ਦੇ ਨਮੂੰਨੇ ਤੇ ਬਣਿਆ/ਬਣਾਇਆ ਗਿਆ ਗੁਰਦੁਆਰਾ, ਆਏ-ਗਏ ਯਾਤਰੂਆਂ, ਖੋਜੀ ਵਿਦਵਾਨਾਂ ਅਤੇ ਇਤਿਹਾਸ ਦੇ ਪ੍ਰੇਮੀਆਂ ਨੂੰ ਉਕਤ ਸਵਾਲਾਂ ਦੇ ਉੱਤਰ ਦੇਣ ਦੀ ਸਮਰਥਾ ਨਹੀਂ ਰੱਖਦਾ, ਕਿਉਂਕਿ ਗੁਰਮਤਿ ਅਨੁਸਾਰ 'ਗੁਰਦੁਆਰੇ ਤਾਂ ਰੂਹਾਨੀਅਤ ਦੇ ਸੋਮੇ ਹਨ। ਗੁਰੂ ਅਰਜਨੁ ਸਾਹਿਬ ਜੀ ਦਾ ਇਲਾਹੀ ਬਚਨ ਹੈ: 'ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ॥ ਕਥਾ ਕੀਰਤਨੁ ਹਰਿ ਅਤਿ ਘਨਾ ਸੁਖ ਸਹਿਜ ਬਿਸ੍ਰਾਮ॥3॥' (ਬਿਲਾਵਲੁ ਮਹਲਾ 5-ਅੰਕ 815) ਦਿੱਲੀ ਦੀਆਂ ਸਿੱਖ ਸੰਗਤਾਂ ਵਲੋਂ ਵੀ ਨਵੰਬਰ-1984 ਵਿੱਚ ਹੋਈ ਸਿੱਖ ਨਸਲ-ਕੁਸ਼ੀ ਦੀ ਯਾਦਗਾਰ ਦੀ ਉਸਾਰੀ ਵਿਚਾਰ-ਅਧੀਨ ਹੈ। ਹੋਂਦ-ਚਿਲੜ੍ਹ ਦੀ ਯਾਦਗਾਰ ਦੀ ਨੀਂਹ ਰੱਖੀ ਹੋਈ ਹੈ। ਕੀ ਇਹ ਸਭ ਸਿੱਖ ਕਤਲੇ-ਆਮ ਦੀ ਪੀੜਾ ਨਾਲ ਕੋਝੇ ਮਜ਼ਾਕ ਦੀ ਰੀਤੀ ਅਧੀਨ ਬਣ ਰਹੀ ਯਾਦਗਾਰ' ਦੀ ਤਰਜ਼ ਵਰਗੇ ਬੈਨਰ ਥੱਲੇ, ਗੁਰਦੁਆਰੇ ਹੀ ਹੋਣਗੇ? ਸਾਧਾਰਨ ਸਿੱਖ ਢੁੱਕਵੇਂ ਤੇ ਸੰਤੋਸ਼ਜਨਕ ਜੁਵਾਬ ਦੀ ਉਡੀਕ 'ਚ ਇਸ ਲਈ ਜਾਨਣਾ ਚਾਹ ਰਿਹਾ ਹੈ ਕਿ ਜਦੋਂ ਵਿਰੋਧੀ ਧਿਰਾਂ ਨੇ ਕਿਸੇ ਦੀ ਕੋਈ ਯਾਦਗਾਰ ਬਣਾਉਂਣੀ ਹੋਵੇ ਤਾਂ ਤੁਹਾਨੂੰ ਸਿੱਖਾਂ ਨੂੰ ਕਦੇ ਕਿਸੇ ਪੁੱਛਿਆ ਹੈ? ਜਾਂ ਦਸੋ! ਕਦੇ ਕਿਸੇ ਭੜੂਏ ਨੇ ਤੁਹਾਡੀ ਸਲਾਹ ਲਈ ਹੋਵੇ? ਤੁਸੀਂ ਉਂਝ ਹੀ ਪਜਾਮੀਆਂ ਗਿੱਲੀਆ ਕਰੀ ਫਿਰਦੇ ਹੋ। ਅਫਸੋਸ! ਅਤੀ ਅਫਸੋਸ ਹੈ।

ਇਕ ਗੱਲ ਹੋਰ ਦਸਣੀ ਬਣਦੀ ਹੈ ਕਿ ਯਾਦਗਾਰਾਂ ਹਮੇਸ਼ਾਂ ਦੁਖਦਾਈ ਘਟਨਾਂ-ਕ੍ਰਮ ਦੀ ਕੁੱਖ ਵਿੱਚੋਂ ਪੈਦਾ ਹੁੰਦੀਆਂ ਹਨ। ਸ੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਸਥਿਤ ਇਲਾਚੀ ਬੇਰੀ ਤੇ ਸ੍ਰੀ ਅਕਾਲ ਤਖਤ ਸਾਹਿਬ ਅੰਦਰ ਨਿਹੰਗ ਸਿੰਘ, ਭਾਈ ਗੁਰਬਕਸ਼ ਸਿੰਘ ਜੀ ਦਾ ਖੂਹ, ਸਿੱਖਾਂ ਦੇ ਸੂਰਬੀਰ ਕਾਰਨਾਮਿਆਂ ਤੋਂ ਪਹਿਲਾਂ ਹੀ ਮੌਜੂਦ ਸਨ, ਇਸ ਲਈ ਇਸ ਦੋਵੇਂ ਅਸਥਾਨ ਯਾਦਗਾਰ ਦੀ ਪ੍ਰੀਭਾਸ਼ਾ ਵਿੱਚ ਬਿਲਕੁਲ ਸਹੀ ਨਹੀਂ ਬੈਠਦੇ ਜੇਹਾ ਕਿ ਕਈ ਕਮਜੋਰ ਦ੍ਰਿਸ਼ਟੀ ਵਾਲੇ ਆਗੂ ਇਹਨਾਂ ਅਸਥਾਨਾਂ ਦੀ ਉਦਾਹਰਣ ਦੇ-ਦੇ ਕੇ ਭੁੱਬਲ ਹੋਏ ਸਿੱਖਾਂ ਨੂੰ ਪਰਚਾਉਣ ਲਈ ਯਤਨਸ਼ੀਲ ਹਨ। ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜ਼ਿਕਰ ਆਇਆ ਹੈ ਤਾਂ ਛਟੰਮ ਪਿਤਾ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ, ਸਾਹਿਬ ਸ੍ਰੀ ਗੁਰੂ ਅਰਜੁਨ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਉਪਰੰਤ, ਗੁਰੂ ਨਾਨਕ ਵਿਚਾਰਧਾਰਾ ਵਿੱਚ ਇੰਨਕਲਾਬੀ ਤਬਦੀਲੀ ਲਿਆਉਂਣ ਹਿਤ ਹੀ ਇਸ ਦਾ ਨਿਰਮਾਣ ਕਰਵਾਇਆ ਸੀ। ਗੁਰੂ ਜੀ ਦਾ ਇਥੇ ਦਰਬਾਰ ਸੱਜਦਾ, ਸਿੱਖ ਸੂਰਬੀਰਤਾ ਅਤੇ ਜੋਸ਼ੀਲੇ ਜੰਗੀ ਪੈਂਤੜੇਬਾਜ਼ੀ ਦੇ ਜੌਹਰ ਦਿਖਾਇਆ ਕਰਦੇ ਸਨ। ਸਤਿਗੁਰਾਂ ਨੇ ਇਸ ਨੂੰ 'ਗੁਰਦੁਆਰੇ' ਦਾ ਰੂਪ ਨਹੀਂ ਸੀ ਦਿੱਤਾ। ਇਹ 'ਮੀਰੀ' ਦਾ ਪ੍ਰਗਟਾਵਾ ਕਰਦਾ ਅਲੌਕਿਕ ਅਸਥਾਨ ਹੋਂਦ ਵਿੱਚ ਆਇਆ ਸੀ। ਵਿਦਵਾਨ ਸਿੱਖ ਗੁਰਦਿਆਲ ਸਿੰਘ ਜੀ ਅਨੁਸਾਰ ਅਕਾਲ ਤਖਤ, ਖ਼ਾਲਸੇ ਦਾ ਤਖਤ ਹੈ, ਜਿਥੋਂ ਖ਼ਾਲਸਾ ਜੀ ਨੇ ਹੱਕ, ਸੱਚ ਤੇ ਇਨਸਾਫ਼ ਦੀ ਲੜਾਈ ਲੜਨ ਦਾ ਹੋਕਾ ਦੇਣਾ ਹੈ।

ਅਕਾਲ ਤਖਤ ਸਾਹਿਬ, ਖਾਲਸਾ ਪੰਥ ਦੀ ਸੁਵਤੰਤਰਤਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। 'ਪੀਰੀ' ਦੇ ਪੱਖ ਦੀ ਪ੍ਰਤਿਨਿਧਤਾ ਕਰਦਾ ਸ੍ਰੀ ਦਰਬਾਰ ਸਾਹਿਬ ਬਿਲਕੁਲ ਇਸ ਦੇ ਸਾਹਮਣੇ ਮੌਜੂਦ ਸੀ, ਹੁਣ ਵੀ ਹੈ ਅਤੇ ਸਦੀਵ ਕਾਲ ਤੱਕ ਕਾਇਮ ਰਹੇਗਾ ਵੀ। ਵੇਲਿਆਂ ਦੇ ਬਦਲਦੇ ਬਿਖ਼ਮ-ਭਰੇ ਹਾਲਾਤਾਂ ਅਤੇ ਸੁਰਖਿਅਤਾ ਦੇ ਮਹਤੱਵ ਨੂੰ ਪਹਿਲ ਦੇਂਦਿਆਂ ਹੋਇਆਂ, ਸਿੱਖਾਂ ਨੇ ਰਾਤ ਸਮੇਂ ਸੁਖ-ਆਸਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਵਾਰੀ ਜੁਝਾਰੂ ਸਿੱਖਾਂ ਦੀ ਕਰੜੀ ਦੇਖ-ਰੇਖ ਵਿੱਚ ਇਥੇ ਲਿਆਵਣੀ ਤੇ ਅੰਮ੍ਰਿਤ ਵੇਲੇ ਸਵਾਰਾ ਸਾਹਿਬ ਮੁੜ ਸ੍ਰੀ ਦਰਬਾਰ ਸਾਹਿਬ ਲਿਜਾਣ ਦੀ ਪਰਪਾਟੀ ਚਲਾਈ।

ਇਹ ਵੱਖਰੀ ਗੱਲ ਹੈ ਕਿ ਅਜ ਸਿੱਖਾਂ ਨੇ ਦਰਬਾਰ ਸਾਹਿਬ ਸਮੂਹ ਵਿੱਚ ਸ੍ਰੀ ਅਕਾਲ ਤਖਤ ਨੂੰ ਵੀ 'ਗੁਰਦੁਆਰਾ' ਹੀ ਬਣਾ ਧਰਿਆ ਹੈ। ਇੰਞ ਸ੍ਰੀ ਅਕਾਲ ਤਖਤ ਸਾਹਿਬ ਆਪਣੇ ਗੁਰੁ-ਨਿਰਧਾਰਤ ਨਿਸ਼ਾਨੇ ਤੋਂ ਭਟਕ ਗਿਆ ਹੈ। ਮੁਕੰਮਲ ਰੂਪ-ਰੇਖਾ ਦੀ ਜਾਣਕਾਰੀ ਤੋਂ ਬਗੈਰ ਹੀ ਵਿਵਾਦਿਤ ਜਿਸ ਯਾਦਗਾਰ ਬਨਾਮ (ਇਕ ਖ਼ਬਰ ਅਨੁਸਾਰ) ਬਿਨ੍ਹਾਂ ਗੁਮੰਟ ਗੁਰਦੁਆਰਾ ਸਾਹਿਬ ਦੀ ਸੇਵਾ ਚਾਲੂ ਹੈ, ਕੀ ਮੰਤਵ ਹੱਲ ਕਰੇਗੀ? ਕੁਝ ਕੁ ਤਾਂ ਚਾਨਣਾ ਹੋ ਗਿਆ ਹੈ, ਬਾਕੀ ਆਉਂਣ ਵਾਲਾ ਸਮਾਂ ਹੀ ਦਸੇਗਾ? ਮਾਨਸਾ ਜਿਲ੍ਹੇ ਵਿੱਚ ਗਊ-ਹਤਿਆ ਯਾਦਗਾਰ ਦਾ ਸਰਕਾਰੀ ਐਲਾਨ ਹੋ ਗਿਆ ਹੈ, ਪਰ ਇਨਸਾਨੀਅਤ ਦੇ ਘਾਣ ਦੀ ਪ੍ਰਦਰਸ਼ਨੀ ਕਰਦੀ ਯਾਦਗਾਰ ਨੂੰ ਘੱਟੇ-ਮਿੱਟੀ'ਚ ਰੋਲਿਆ ਜਾ ਰਿਹਾ ਹੈ। ਬੰਦਾ ਸਿੰਘ ਬਹਾਦਰ ਦੇ ਸਮੇਂ (17170) ਤੋਂ 1849 ਤਕ ਸ੍ਰੀ ਦਰਬਾਰ ਸਾਹਿਬ ਵਿੱਚ ਦੋਹਰਾ 'ਰਾਜ ਕਰੇਗਾ ਖ਼ਾਲਸਾ' ਪੜ੍ਹਿਆ ਜਾਂਦਾ ਰਿਹਾ, ਪਰ 1849 ਤੋਂ ਬਾਅਦ ਜੋਧ ਸਿੰਘ ਵਧੀਕ ਸਹਾਇਕ ਕਮਿਸ਼ਨਰ, ਸ੍ਰੀ ਅੰਮ੍ਰਿਤਸਰ, ਜਿਸ ਨੂੰ ਅੰਗਰੇਜ਼ ਸਰਕਾਰ ਨੇ ਦਰਬਾਰ ਸਾਹਿਬ ਦਾ ਮੈਨੇਜਰ (ਸਰਬਰਾਹ)ਨਿਯੁਕਤ ਕੀਤਾ ਹੋਇਆ ਸੀ - ਨੇ ਉਕਤ ਦੋਹਰਾ ਪੜ੍ਹਨ ਦੀ ਮਨਾਹੀ ਕੀਤੀ ਸੀ।

ਅਜ ਕਿਹੜਾ ਜੋਧ ਸਿੰਘ ਹੈ? ਕਿ ਗੁਰਦੁਆਰੇ ਵਿੱਚ ਜੈਕਾਰੈ ਦੀ ਮਨਾਹੀ ਹੋ ਗਈ। ਇਸ ਬੇ-ਕਦਰੀ ਲਈ ਸਿੱਖ ਆਗੂਆਂ ਦੀ ਮਿਹਰਬਾਨੀ ਹੀ ਸਮਝਣੀ ਚਾਹੀਦੀ ਹੈ। ਜੋ ਇਕ ਵਜ਼ਨੀ ਗੱਲ ਕਹਿਣ ਨੂੰ ਜੀ ਕੀਤਾ ਹੈ ਕਿ ਕੇਹਾ ਚੰਗਾ ਹੁੰਦਾ, ਜੇ ਕਾਲੇ-ਪੱਥਰ ਵਿੱਚ ਬਣਾਈ ਹੋਈ ਇਕ ਗੈਲਰੀ-ਨੁਮਾਂ ਵਿਸ਼ਾਲ ਯਾਦਗਾਰ, ਜੂਨ-1984,'ਸਾਕਾ ਨੀਲਾ ਤਾਰਾ' ਦੇ ਕਾਰਨ, ਸਿੱਟੇ, ਸਰਦਾਰੀਆਂ ਤੇ ਗਦਾਰੀਆ, ਨੁਕਸਾਨ ਅਤੇ ਪ੍ਰਾਪਤੀਆਂ ਦੀ ਵਿਸਤਾਰ-ਪੂਰਵਕ ਜਾਣਕਾਰੀ ਪ੍ਰਦਾਨ ਕਰਨ ਦੀ ਸਮਰਥਾ ਦੇ ਯੋਗ ਹੁੰਦੀ। ਬਸ ਜੀ, ਅਸਾਡੀ ਹਾਲਤ ਦਾ ਤਾਂ ਉਰਦੂ ਸ਼ਾਇਰ ਜਨਾਬ ਮਜ਼ਾਜ ਸਾਹਿਬ ਜੀ ਬਾਖ਼ੂਬੀ ਬਿਆਨ ਕਰ ਗਏ ਹਨ:-

'ਰੋਏ ਨਾ ਅਭੀ ਅਹਲੇ-ਨਜ਼ਰ ਹਾਲ ਪੇ ਮੇਰੇ, ਹੋਨਾ ਹੈ ਅਭੀ ਮੁਝ ਕੇ,ਖ਼ਰਾਬ ਔਰ ਜ਼ਿਆਦਾ।'


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top