Share on Facebook

Main News Page

ਵਿਅਕਤੀਗਤ ਯਾਦਗਰ ਵਜੋਂ ਗੁਰਦੁਆਰਾ ਸਾਹਿਬ ਸਥਾਪਿਤ ਕਰਨਾ ਸਿਧਾਂਤਕ ਪੱਖੋਂ ਗ਼ਲਤ ਹੈ
- ਗਿਆਨੀ ਜਗਤਾਰ ਸਿੰਘ ਜਾਚਕ

ਬਠਿੰਡਾ, 6 ਜੁਲਾਈ (ਕਿਰਪਾਲ ਸਿੰਘ): ਅਕਾਲ ਤਖ਼ਤ ਸਾਹਿਬ ਦੇ ਨੇੜੇ ਜੂਨ 1984 ਦੇ ਸ਼ਹੀਦਾਂ ਦੀ ਯਾਦਗਰ ਵਜੋਂ ਉਸਾਰੇ ਜਾ ਰਹੇ ਗੁਰਦੁਆਰੇ ਦੇ ਪ੍ਰਤੀਕਰਮ ਵਿੱਚ ਆਪਣੇ ਵੀਚਾਰ ਪ੍ਰਗਟ ਕਰਦਿਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਗ੍ਰੰਥੀ ਤੇ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਕਿਹਾ ਕਿ ਵਿਅਕਤੀਗਤ ਯਾਦਗਰ ਵਜੋਂ ਗੁਰਦੁਆਰਾ ਸਾਹਿਬ ਸਥਾਪਿਤ ਕਰਨਾ ਸਿਧਾਂਤਕ ਪੱਖੋਂ ਬਿਲਕੁਲ ਗ਼ਲਤ ਹੈ। ਕਿਉਂਕਿ, ਗੁਰਦੁਆਰੇ ਦਾ ਮਨੋਰਥ ਆਏ ਸ਼ਰਧਾਲੂਆਂ ਨੂੰ ਕੇਵਲ ਇੱਕ ਅਕਾਲ ਪੁਰਖ ਦੀ ਯਾਦ ਵਿੱਚ ਜੋੜਨਾ ਹੁੰਦਾ ਹੈ, ਨਾ ਕਿ ਕਿਸੇ ਦੀ ਵਿਅਕਤੀਗਤ ਯਾਦ ਵਿੱਚ। ਇਹੀ ਕਾਰਨ ਹੈ ਕਿ ਸਿੱਖ ਰਹਿਤ ਮਰਯਾਦਾ ਮੁਤਾਬਿਕ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਵਿੱਚ ਦਸ ਗੁਰੁ-ਸਾਹਿਬਾਨ ਦੇ ਸਮੇਤ ਕਿਸੇ ਵੀ ਵਿਅਕਤੀ ਦੀ ਮੂਰਤੀ ਸਥਾਪਿਤ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਕਿਸੇ ਦੀ ਤਸਵੀਰ ਦੀਵਾਰ ਤੇ ਲਟਕਾਈ ਜਾ ਸਕਦੀ ਹੈ।

ਉਨ੍ਹਾਂ ਸਪਸ਼ਟ ਕੀਤਾ ਕਿ ਦਸ ਗੁਰੂ ਸਾਹਿਬਾਨ ਨੇ ਕੋਈ ਵੀ ਗੁਰਦੁਆਰਾ ਸਾਹਿਬ ਕਿਸੇ ਵਿਅਕਤੀ ਵਿਸ਼ੇਸ਼ ਦੀ ਯਾਦਗਰ ਵਜੋਂ ਸਥਾਪਿਤ ਨਹੀਂ ਕੀਤਾ। ਯਾਦਗਰ ਵਜੋਂ ਉਨ੍ਹਾਂ ਨੇ ਵਰਤੋਂ ਵਾਲੇ ਪਾਣੀ ਦੀ ਘਾਟ ਨੂੰ ਮੁਖ ਰਖ ਕੇ ਮਨੁਖਤਾ ਦੀ ਭਲਾਈ ਲਈ ਸਾਂਝੇ ਖੂਹ ਅਤੇ ਸਰੋਵਰ ਤਿਆਰ ਕਰਵਾਏ। ਕਿਉਂਕਿ, ਲੰਮੀ ਨਦਰ ਦੇ ਮਾਲਿਕ ਸਤਿਗੁਰੂ ਜਾਣਦੇ ਸਨ ਕਿ ਜਦੋਂ ਕਿਸੇ ਵਿਅਕਤੀ ਦੀ ਯਾਦਗਰ ਵਜੋਂ ਗੁਰਦੁਆਰਾ ਸਥਾਪਿਤ ਕੀਤਾ ਜਾਏਗਾ ਤਾਂ ਉਥੇ ਅਕਾਲ ਪੁਰਖ ਦੀ ਜੈ ਜੈ-ਕਾਰ ਦੀ ਥਾਂ ਉਸ ਵਿਅਕਤੀ ਦੇ ਨਾਂ ਦੀ ਜੈ ਜੈ ਕਾਰ ਹੋਏਗੀ। ਪੂਜਾਰੀ ਵਰਗ ਤੇ ਵਪਾਰਿਕ ਬਿਰਤੀ ਵਾਲੇ ਲੋਕ ਉਸ ਦੀਆਂ ਮੂਰਤੀਆਂ ਰੱਖ ਕੇ ਉਹਦੇ ਨਾਮ ਦੀਆਂ ਜੋਤਾਂ ਜਗਾਉਣੀਆਂ ਸ਼ੁਰੂ ਕਰ ਦੇਣਗੇ। ਉਹ ਸਥਾਨ ਮਨੁਖੀ ਭਾਈਚਾਰੇ ਅੰਦਰ ਨਿਰਭੈਤਾ, ਨਿਰਵੈਰਤਾ, ਮਾਨਵ-ਏਕਤਾ ਤੇ ਸਰਬਸਾਂਝੀਵਾਲਤਾ ਵਰਗੇ ਦੈਵੀ-ਗੁਣ ਪੈਦਾ ਕਰਨ ਦਾ ਸਾਧਨ ਨਹੀਂ ਬਣ ਸਕੇਗਾ। ਇਹੀ ਕਾਰਨ ਸੀ ਕਿ ਸਿੱਖੀ ਦਾ ਜਾਗਰੂਕ ਵਰਗ ਦੁਹਾਈ ਦੇ ਰਿਹਾ ਸੀ ਕਿ ਜੂਨ 84 ਦੇ ਫੌਜੀ ਹਮਲੇ ਦੀ ਯਾਦ ਵਜੋਂ ਮਿਊਜ਼ੀਅਮ ਟਾਈਪ ਯਾਦਗਰ ਸਥਾਪਿਤ ਹੋਵੇ, ਜਿਸ ਵਿੱਚ ਭਾਰਤੀ ਫੌਜ ਨਾਲ ਜੂਝ ਕੇ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਤੇ ਭੁਜੰਗੀਆਂ ਦੀ ਤਸਵੀਰਾਂ ਤੇ ਉਨ੍ਹਾਂ ਨਾਲ ਸਬੰਧਤ ਵਸਤੂਆਂ (ਸ਼ਸ਼ਤਰ, ਬਸਤਰ) ਰੱਖ ਕੇ ਸੰਖੇਪ ਜੀਵਨ ਤੇ ਲੜਾਈ ਦਾ ਪੂਰਾ ਵੇਰਵਾ ਉਕਰਿਆ ਜਾਏ। ਅਤੇ ਭਾਰਤੀ ਫੌਜਾਂ ਦੀਆਂ ਗੋਲੀਆਂ ਨਾਲ ਜ਼ਖਮੀ ਹੋਏ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਨੁਕਸਾਨੇ ਗਈਆਂ ਹੋਰ ਵਸਤੂਆਂ ਵੀ ਰੱਖੀਆਂ ਜਾਣ।

ਗਿਆਨੀ ਜਾਚਕ ਨੇ ਭਰੇ ਗਲੇ ਨਾਲ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸੱਤਾਧਾਰੀ ਤੇ ਨਾਮਧਾਰੀਕ ਸਿੱਖ ਆਗੂਆਂ ਨੇ ਅਜ਼ਾਦੀ ਪਸੰਦ ਤੇ ਜਾਗਰੂਕ ਸਿੱਖ ਵਿਦਵਾਨਾਂ ਦੀ ਸਲਾਹ ਨੂੰ ਦਰਕਿਨਾਰ ਕਰਕੇ ਧੱਕੇ ਨਾਲ ਪ੍ਰੇਰਨਾਦਾਇਕ ਯਾਦਗਰ ਦੀ ਥਾਂ ਗੋਲਕ ਰੱਖਣ ਵਾਲਾ ਇੱਕ ਪੂਜਾ ਸਥਲ ਬਣਾ ਦਿੱਤਾ ਹੈ। ਕਿਉਂਕਿ, ਆਪਣੇ ਰਾਜਸੀ ਭਾਈਵਾਲਾਂ ਦੇ ਦਬਾਅ ਹੇਠ ਉਹ ਨਹੀਂ ਚਹੁੰਦੇ ਕਿ ਸੰਤ-ਸਪਾਹੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਸਿੱਖ ਜਰਨੈਲ ਭਾਈ ਸ਼ੁਬੇਗ ਸਿੰਘ ਆਦਿਕ ਸੂਰਮਿਆਂ ਦੀ ਯਾਦ, ਸਿੱਖਾਂ ਅੰਦਰ ਕੌਮੀ ਅਜ਼ਾਦੀ ਦੀ ਭਾਵਨਾ ਨੂੰ ਪ੍ਰਚੰਡ ਕਰੇ । ਅਸਲ ਵਿੱਚ ਇਹੀ ਕਾਰਨ ਹੈ ਕਿ ਯਾਦਗਰ ਦੀ ਅਜੇ ਪੂਰੀ ਉਸਾਰੀ ਵੀ ਨਹੀਂ ਹੋਈ ਤੇ ਦੂਜੇ ਪਾਸੇ ਉਸ ਨੂੰ ਢਾਹ ਕੇ ਨਵੇਂ ਸਿਰਿਓਂ ਉਸਾਰਨ ਦੀ ਅਵਾਜ਼ਾਂ ਉੱਠਣ ਲੱਗ ਪਈਆਂ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top