ਜਾਗਰਤੀ ਕਿਤਨਾ ਪਿਆਰਾ ਸ਼ਬਦ ਹੈ, ਜਾਗਰਤੀ ਗਿਆਨ ਹੈ, ਜਾਗਰਤੀ ਜੀਵਨ ਹੈ।
ਨੀਂਦ ਮੌਤ ਹੈ, ਜਾਗਰਤੀ ਗੁਆ ਚੁਕੇ ਮਨੁੱਖ ਨੂੰ ਨੀਂਦ ਵਿਚ ਜੇ ਕੁਛ ਚੰਗਾ ਵੀ ਲੱਗਦਾ ਹੈ, ਤਾਂ
ਉਹ ਸੁਪਨਾ ਹੀ ਹੋ ਸਕਦਾ ਹੈ, ਜਿਹੜਾ, "ਜੈਸਾ
ਮਾਨੀਐ ਹੋਏ ਨਾ ਤੈਸਾ ", ਵਾਂਗੂੰ ਕੇਵਲ ਇਕ ਭਰਮ
ਹੀ ਹੁੰਦਾ ਹੈ। ਪਰ ਮਨੁੱਖ ਕਈ ਵਾਰ ਉਸ ਭਰਮ ਨੂੰ ਪਾਲਦਾ ਸੁਪਨੇ ਨਾਲ ਪਿਆਰ ਕਰਦਾ, ਜਾਗਰਤੀ ਦੇ
ਅਰਥ ਹੀ ਗੁਆ ਬਹਿੰਦਾ ਹੈ, ਬਲਕਿ ਜਗਾਉਣ ਵਾਲੇ ਨੂੰ ਅਪਣਾ ਦੁਸ਼ਮਣ ਜਾਣਕੇ, ਕੋਸਣ ਲੱਗ ਪੈਂਦਾ
ਹੈ, ਕਿ ਇਸ ਜਾਗਰਤ ਮਨੁੱਖ ਨੇ ਮੈਨੂੰ ਜਾਗਦੇ ਰਹਿਣ ਲਈ ਆਵਾਜ਼ ਕਿਉਂ ਦਿਤੀ, ਮੱਤ ਮੇਰੇ ਦੁਆਲੇ
ਪਸਰਿਆ ਸੁਪਨਾ ਨਾ ਟੁਟ ਜਾਵੇ।
ਕਈ ਵਾਰ ਸੁਪਨੇ ਦਾ ਪਸਾਰਾ ਜਾਗਰਤੀ ਦੇ ਪਸਾਰੇ ਨਾਲੋਂ ਖੂਬਸੂਰਤ ਅਤੇ ਵੱਡਾ ਦਿਸਦਾ ਹੈ ਪਰ ਫਰਕ
ਸਿਰਫ ਇਤਨਾ ਹੁੰਦਾ ਹੈ, ਕਿ ਸੁਪਨਾ ਬਣ ਜਾਂਦਾ ਹੈ, ਉਸਨੂੰ ਬਨਾਉਣ ਲਈ ਕਿਸੇ ਘਾਲਣਾ ਕੁਰਬਾਨੀ
ਦੀ ਲੋੜ ਨਹੀਂ ਪੈਂਦੀ, ਕੇਵਲ ਨੀਂਦ ਦੀ ਲੋੜ ਹੁੰਦੀ ਹੈ, ਪਰ ਜਾਗਰਤੀ ਦਾ ਪਸਾਰਾ ਘਾਲਣਾ,
ਕੁਰਬਾਨੀ ਮੰਗਦਾ ਹੈ, ਜੋ ਹਰ ਕੋਈ ਕਰਨ ਤੋਂ ਡਰਦਾ ਹੈ, ਫਿਰ ਮਨੁਖ ਫੈਸਲਾਕੁੰਨ ਮੋੜ ਆਉਣ ‘ਤੇ
ਖਲੋਕੇ ਸੋਚੀਂ ਪੈ ਜਾਂਦਾ ਹੈ, ਕਿ ਮੈਨੂੰ ਸੌਖਾ ਲਾਭ ਕਿਸ ਵਿਚ ਹੈ, ਫਿਰ ਉਹ ਜਾਗਰਤੀ ਵਲੋਂ
ਮੂੰਹ ਮੋੜ ਲੈਂਦਾ ਹੈ, ਅਤੇ ਡੰਗ ਟਪਾਊ ਨੀਂਦ ਦੇ ਸੁਪਨ ਮਨੋਰਥ ਨੂੰ ਪਹਿਲ ਦਿੰਦਾ ਹੈ, ਜਾਗਰਤੀ
ਧਿਰਾਂ ਕੂਕਦੀਆਂ ਰਹਿੰਦੀਆਂ ਹਨ, ਕਿ ਭਲਿਆ ਤੂੰ ਤਾਂ ਜਾਗਰਤੀ ਧਿਰ ਦਾ ਸਾਥੀ ਹੈਂ, ਇਹ ਤਾਂ
ਨੀਂਦ ਦਾ ਸੁਪਨ ਮਨੋਰਥ ਹੈ, ਪਰ ਬਾਬਾ ਫਰੀਦ ਦੇ ਕਹਿਣ ਵਾਂਗੂੰ "ਫਰੀਦਾ
ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥ ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ ॥15॥"
ਇਉਂ ਘੇਸਲ ਵੱਟ ਕੇ ਸਮਾਂ ਟਪਾ ਲੈਂਦਾ ਹੈ, ਕਿਸੇ ਦੀ ਨਹੀਂ ਸੁਣਦਾ, ਬਲਕਿ ਫਿਰ ਉਹ ਐਸੇ ਲੋਕਾਂ
ਦਾ ਇਕ ਕਾਫਲਾ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਹੜੇ ਇਸ ਦੀ ਨੀਂਦ ਦੇ ਸੁਪਨ ਮਨੋਰਥ ਨੂੰ
ਜਾਗਰਤੀ ਆਖਣਾ ਸ਼ੁਰੂ ਕਰ ਦੇਣ ਅਤੇ ਜਗਾਉਣ ਵਾਲੇ ਨੂੰ ਦੁਸ਼ਮਣ ਆਖਕੇ ਕੋਸਣ ਤਾਂ ਕਿ ਬਿਨਾ
ਕੁਰਬਾਨੀ, ਸੁਪਨ ਮਨੋਰਥ ਰੂਪ ਇਕ ਜਾਗਰਤੀ ਧਿਰ ਬਣ ਜਾਵੇ।
ਪਰ ਭਲਿਓ ਜਿਸ ਦਿਨ ਬਿਨਾ ਕੁਰਬਾਨੀ ਕੀਤੇ ਕੇਵਲ ਅਪਣੇ ਲਾਭ ਤੇ ਅਧਾਰਿਤ ਸੁਪਨ ਮਨੋਰਥ ਨੇ
ਜਾਗਰਤੀ ਦਾ ਨਾਮ ਲੈ ਲਿਆ, ਤਾਂ ਜਾਗਰਤੀ ਧਿਰ ਦਾ ਕੋਈ ਅਰਥ ਨਹੀਂ ਰਹਿਣਾ। ਫਿਰ
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥
ਫਿਰ ਅਕਾਲ ਤਖਤ ਦੀ ਬਜਾਏ ਕਾਲ ਕੋਠੜੀਆਂ ਵਿਚ ਕਾਮੁ
ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
ਅਤੇ ਫਿਰ ਅੰਧ ਵਿਸ਼ਵਾਸ਼ਤਾ ਅਧੀਨ ਰਯੀਅਤ ਭੀ ਉਸੇ ਕਾਲ ਕੋਠੜੀ ਅੱਗੇ ਸਜਦੇ ਕਰਦੀ ਰਹੇਗੀ।
ਆਖਰ ਗੁਰੂ ਨਾਨਕ ਜੀ ਦੇ ਕਹਿਣ ਵਾਂਗੂੰ ਜਾਗਰਤੀ ਧਿਰ ਅਖਵਾਉਣ ਵਾਲੇ, ਗਿਆਨੀ,
ਧਿਆਨੀ, ਵਿਦਵਾਨ, ਪੰਡਤ,
ਧਰਮੀ, ਸਭ ਅਰਥ ਹੀਨ ਹੋ ਕੇ ਰਹਿ ਜਾਣਗੇ ਅਤੇ ਕਿਸੇ ਜਾਗਰਤੀ ਧਿਰ ਦੀ ਕੋਈ ਆਵਾਜ਼ ਨਹੀਂ ਰਹਿਣੀ,
ਫਿਰ ਐਸੀ ਡੰਗ ਟਪਾਉ ਜਾਗਰਤੀ ਧਿਰ ਨੇ ਕਿਤੇ ਕੋਈ ਜਾਗਰਤੀ ਨਹੀਂ ਲਿਆਉਣੀ, ਸਭ ਲੋਕ ਨੀਂਦ ਦੇ
ਸੁਪਨ ਮਨੋਰਥ ਵਿਚ ਮਸਤ ਹੋ ਜਾਣਾ ਹੀ ਪਸੰਦ ਕਰਨਗੇ। ਇਸ ਲਈ ਭਲਿਓ ਅੱਜ ਕੁਰਬਾਨੀ ਭਰੀ ਜਾਗਰਤੀ
ਧਿਰ ਦੀ ਹੀ ਲੋੜ ਹੈ, ਜੇ ਕੌਮ ਦਾ ਭਵਿਖ ਚਾਹੁੰਦੇ ਹੋ ਤਾਂ ਕੁਰਬਾਨੀ ਭਰੀ ਜਾਗਰਿਤ ਧਿਰ
ਜਾਗਰਿਤ ਕਰੋ ਜੀ।