Share on Facebook

Main News Page

ਹੁਣ ਤਾਂ ਬਿੱਲੀ ਥੈਲੇ ਤੋਂ ਬਾਹਰ ਬੈਠੀ ਹੈ, ਜੇ ਕਬੂਤਰ ਨੇ ਹੀ ਅੱਖਾਂ ਨਾ ਖੋਲ੍ਹੀਆਂ ਤਾਂ ਦੁਨੀਆ ਕੀ ਕਰੇਗੀ!
- ਅਮਰਜੀਤ ਸਿੰਘ ਚੰਦੀ, 91 95685 41414

ਸਿੱਖ ਸਦਾ ਹੀ ਆਜ਼ਾਦੀ ਦੇ ਦੀਵਾਨੇ ਰਹੇ ਹਨ ਅਤੇ ਰਹਣਗੇ ਵੀ, ਕਿਉਂਕਿ ਬਾਬਾ ਨਾਨਕ ਜੀ ਨੇ ਇਨ੍ਹਾਂ ਨੂੰ ਗੁੜ੍ਹਤੀ ਹੀ ਇੰਸਾਨੀਅਤ ਦੀ ਦਿੱਤੀ ਹੈ। ਇਕ ਇੰਸਾਨ ਨਾ ਤਾਂ ਕਿਸੇ ਨੂੰ ਗੁਲਾਮ ਬਨਾਉਣ ਬਾਰੇ ਸੋਚ ਸਕਦਾ ਹੈ ਅਤੇ ਨਾ ਹੀ ਕਿਸੇ ਦਾ ਗੁਲਾਮ ਬਣ ਕੇ ਰਹਿ ਸਕਦਾ ਹੈ। ਖੰਡੇ ਦੀ ਇਸ ਧਾਰ ਤੇ ਤੁਰਦਿਆਂ ਹੀ ਉਸ ਦਾ ਜੀਵਨ ਬਤੀਤ ਹੁੰਦਾ ਹੈ। ਜਿਸ ਤਰ੍ਹਾਂ ਸੰਢੇ ਅਤੇ ਜੂਆਂ ਦਾ ਮੇਲ ਹੈ, ਓਵੇਂ ਹੀ ਸਿੱਖਾਂ ਦੇ ਨਾਲ ਗੱਦਾਰਾਂ ਦਾ ਮੇਲ ਵੀ ਸ਼ੁਰੂ ਤੋਂ ਹੀ ਹੈ। ਇਕ ਕਹਾਵਤ ਹੈ ਕਿ ਸੰਢੇ ਦੇ ਮਰਨ ਦੇ ਨਾਲ ਹੀ ਜੂਆਂ ਆਪੇ ਮਰ ਜਾਣਗੀਆਂ। ਕੀ ਇਹ ਕਹਾਵਤ ਸਿੱਖਾਂ ਤੇ ਵੀ ਲਾਗੂ ਹੋਵੇਗੀ? ਕੀ ਇਹ ਗੱਦਾਰ, ਸਿੱਖੀ ਦੇ ਖਾਤਮੇ ਦੇ ਨਾਲ ਹੀ ਖਤਮ ਹੋਣਗੇ?

ਸਿੱਖ ਅਤੇ ਬ੍ਰਾਹਮਣ ਦਾ ਇੱਟ-ਕੁੱਤੇ ਦਾ ਵੈਰ ਹੈ। (ਏਥੇ ਗੱਲ ਬੰਦੇ ਦੀ ਜਾਤ ਦੀ ਨਹੀਂ, ਬੰਦੇ ਦੀ ਸੋਚ ਦੀ ਹੈ ) ਬ੍ਰਾਹਮਣ ਸ਼ਾਤ੍ਰ ਦਿਮਾਗ, ਦੂਸਰੇ ਨੂੰ ਲੁੱਟ ਕੇ ਖਾਣ ਵਾਲਾ ਹੈ। ਉਹ ਇਸ ਕੰਮ ਦੀ ਪੂਰਤੀ ਲਈ, ਵੇਲੇ ਕੁਵੇਲੇ ਦੂਸਰਿਆਂ ਨਾਲ ਗੰਢ-ਤੁਪ ਕਰ ਕੇ, ਆਪਣਾ ਕੰਮ ਕੱਢਦਾ ਰਿਹਾ ਹੈ ਅਤੇ ਕੱਢ ਰਿਹਾ ਹੈ। ਕਿਸੇ ਵੇਲੇ ਉਸ ਦੀ ਭਾਈਵਾਲੀ, ਆਪੂੰ ਬਣਾਏ ਵਰਨਾਂ ਵਿਚੋਂ ਕਸ਼ੱਤ੍ਰੀਆਂ ਨਾਲ ਸੀ, ਕਿਉਂਕਿ ਉਸ ਵੇਲੇ ਰਾਜ ਕਸ਼ੱਤ੍ਰੀਆਂ ਦੇ ਹੱਥ ਵਿਚ ਸੀ। ਮਗਰੋਂ ਇਹੀ ਭਾਈਵਾਲੀ ਕਾਸਮ, ਗਜ਼ਨੀ, ਐਬਕ, ਗੁਲਾਮ, ਖਿਲਜੀ, ਤੁਗਲਕ, ਪਠਾਣ, ਮੁਗਲ ਅਤੇ ਸੂਰੀ ਆਦਿ ਵਿਦੇਸ਼ੀ ਮੁਸਲਮਾਨ ਰਾਜਿਆਂ ਨਾਲ ਰਹੀ, ਭਾਵੇਂ ਆਪਣੀ ਬੋਲੀ ਵਿਚ ਇਹ ਉਨ੍ਹਾਂ ਨੂੰ ਮਲੇਸ਼ ਕਹਿੰਦਾ ਸੀ। ਇਹੀ ਭਾਈਵਾਲੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸਿੱਖਾਂ ਨਾਲ ਵੀ ਰਹੀ, ਮਗਰੋਂ ਇਹ ਭਾਈਵਾਲੀ ਅੰਗਰੇਜ਼ਾਂ ਨਾਲ ਰਹੀ ਅਤੇ ਹੁਣ ਕਿਉਂਕਿ ਅੰਗਰੇਜ਼ਾਂ ਦੀ ਮਿਹਰ ਸਦਕਾ ਰਾਜ, ਬ੍ਰਾਹਮਣ ਦੇ ਆਪਣੇ ਹੱਥ ਵਿਚ ਆ ਗਿਆ ਹੈ, ਇਸ ਲਈ ਇਹ ਭਾਈਵਾਲੀ ਵੈਸ਼ (ਬਣੀਏ) ਨਾਲ ਹੈ, ਕਿਉਂਕਿ ਅੱਜ ਦੇ ਰਾਜ ਦਾ ਆਧਾਰ ਬਾਹੂਬਲ ਨਹੀਂ ਪੈਸਾ ਹੈ। ਇਸ ਦੀ ਇਕ ਹੋਰ ਖਾਸੀਅਤ ਬਾਰੇ ਵੀ ਲੱਗੇ ਹੱਥ ਬਿਆਨ ਕਰਦੇ ਚਲੀਏ। ਇਸ ਦੀ ਕਦੀ ਸੰਤੁਸ਼ਟੀ ਨਹੀਂ ਹੁੰਦੀ, ਕਿਉਂਕਿ ਇਸ ਦੇ ਵਿਧਾਨ (ਮਨੂ-ਸਿਮ੍ਰਤੀ) ਅਨੁਸਾਰ, ਸੰਸਾਰ ਵਿਚ ਜੋ ਕੁਝ ਵੀ ਹੈ, ਉਸ ਦਾ ਮਾਲਕ ਬ੍ਰਾਹਮਣ ਹੀ ਹੈ। ਉਸ ਦੀ ਹਮੇਸ਼ਾ ਲਾਲਸਾ ਰਹਿੰਦੀ ਹੈ ਕਿ ਸਭ ਕਾਸੇ ਤੇ ਉਸ ਦਾ ਕਬਜ਼ਾ ਰਹੇ। ਜਿਸ ਦੇ ਸਿੱਟੇ ਵਜੋਂ ਉਸ ਦੀ ਅੱਖ, ਸਭ ਤੋਂ ਪਹਿਲਾਂ ਆਪਣੇ ਭਾਈਵਾਲ ਤੇ ਹੀ ਰਹਿੰਦੀ ਹੈ।

ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ, ਉਸ ਨੇ ਕਸ਼ੱਤ੍ਰੀਆਂ ਨੂੰ ਰੱਜ ਕੇ ਲੁਟਿਆ, ਕਿਸੇ ਦਾ ਰਾਜ ਵੀ ਟਿਕਾਊ ਨਹੀਂ ਹੋਣ ਦਿੱਤਾ। ਜਿਸ ਨੂੰ ਅੱਜ ਭਾਰਤ, ਇੰਡੀਆ, ਹਿੰਦੂਸਥਾਨ ਕਿਹਾ ਜਾਂਦਾ ਹੈ, ਇਸ ਨੂੰ ਇਕੱਠੇ ਕਰਨ ਦਾ ਸਿਹਰਾ ਅੰਗ੍ਰੇਜ਼ਾਂ ਦੇ ਸਿਰ ਹੈ, ਵਰਨਾ ਇਹ ਭਾਰਤ ਹਜ਼ਾਰਾਂ ਹਿੱਸਿਆਂ ਵਿਚ ਵੰਡਿਆ ਹੋਇਆ ਸੀ, ਇਸ ਵਿਚ ਹਜ਼ਾਰਾਂ ਹੀ ਰਾਜੇ ਸਨ। ਮਜ਼ੇਦਾਰ ਗੱਲ ਇਹ ਹੈ, ਕਿ ਹਰ ਰਾਜੇ ਦਾ ਵਜ਼ੀਰ ਬ੍ਰਾਹਮਣ ਸੀ ਅਤੇ ਬ੍ਰਾਹਮਣ ਨੇ ਕਦੇ ਵੀ ਕਿਸੇ ਰਾਜੇ ਨੂੰ ਸ਼ਾਂਤੀ ਨਾਲ ਰਾਜ ਨਹੀਂ ਕਰਨ ਦਿੱਤਾ, ਹਰ ਵੇਲੇ ਇਨ੍ਹਾਂ ਦੀ ਇਕ ਦੂਸਰੇ ਨਾਲ ਖੜਕਦੀ ਰਹਿੰਦੀ ਸੀ, ਅਤੇ ਬ੍ਰਾਹਮਣ ਇਨ੍ਹਾਂ ਨੂੰ ਲੜਾ ਕੇ, ਜੋ ਜਿੱਤ ਜਾਂਦਾ ਉਸ ਕੋਲੋਂ ਮੰਦਰਾਂ ਨੂੰ ਦਾਨ ਦੇਣ ਦ ਨਾਂ ਤੇ, ਸੋਨਾ-ਚਾਂਦੀ, ਹੀਰੇ-ਜਵਾਹਰਾਤ ਲੈਂਦਾ ਰਹਿੰਦਾ ਸੀ। ਜੋ ਹਾਰ ਜਾਂਦਾ, ਉਸ ਦੇ ਖਜ਼ਾਨੇ ਤੇ ਤਾਂ ਸਭ ਤੋਂ ਪਹਿਲਾਂ ਬ੍ਰਾਹਮਣ ਹੀ ਹੱਥ ਸਾਫ ਕਰਦਾ ਸੀ। ਇਸ ਤਰ੍ਹਾਂ ਭਾਰਤ ਦੀ ਸਾਰੀ ਦੌਲਤ ਮੰਦਰਾਂ ਵਿਚ ਜਮ੍ਹਾ ਹੋ ਚੁੱਕੀ ਸੀ। ਫਿਰ ਦੋ ਬ੍ਰਾਹਮਣਾਂ ਦੀ ਆਪਸੀ ਹਉਮੈ ਨੇ, ਭਾਰਤ ਵਿਚ ਮੁਸਲਮਾਨਾਂ ਦੇ ਆਉਣ ਦਾ ਰਾਹ ਸਾਫ ਕੀਤਾ, ਅਤੇ ਬ੍ਰਾਹਮਣਾਂ ਦੀ ਭਾਈਵਾਲੀ, ਮੁਸਲਮਾਨਾਂ ਨਾਲ ਹੋ ਗਈ, ਜਿਨ੍ਹਾਂ ਨੂੰ ਇਹ ਅੱਜ ਵੀ ਮਲੇਸ਼ ਕਹਿੰਦੇ ਹਨ। ਇਹ ਸੀ ਬ੍ਰਾਹਮਣ ਦੀ ਸੋਚ ਦਾ ਛੋਟਾ ਜਿਹਾ ਖੁਲਾਸਾ। ਹੁਣ ਬ੍ਰਾਹਮਣ ਦੀ ਭਾਈਵਾਲੀ ਵੈਸ਼ (ਬਣੀਏ) ਨਾਲ ਹੈ, ਅਤੇ ਬ੍ਰਾਹਮਣ ਰੱਜ ਕੇ ਵੈਸ਼ (ਵਪਾਰੀਆਂ) ਨੂੰ ਲੁੱਟ ਰਿਹਾ ਹੈ, ਜਿਸ ਦੇ ਪ੍ਰਤੀਕਰਮ ਵਜੋਂ ਵਪਾਰੀ ਰੱਜ ਕੇ ਆਮ ਜੰਤਾ ਨੂੰ ਲੁੱਟ ਰਹੇ ਹਨ। ਨਤੀਜਾ ਸਾਮ੍ਹਣੇ ਹੈ, ਭਾਰਤ ਆਰਥਿਕ ਪੱਖੋਂ, ਬਿਲਕੁਲ ਕੰਗਾਲ ਹੋਇਆ ਪਿਆ ਹੈ।

ਪੈਸਾ ਰਾਜਨੀਤਕ ਲੋਕਾਂ, ਧਰਮ ਦੇ ਵੇਹਲੜ ਠੇਕੇਦਾਰਾਂ ਅਤੇ ਵਪਾਰੀਆਂ ਕੋਲ ਸਿਮਟ ਕੇ ਰਹਿ ਗਿਆ ਹੈ। ਭਾਰਤ ਆਰਥਿਕ ਪੱਖੋਂ ਵਦੇਸ਼ਾਂ ਦਾ ਗੁਲਾਮ ਹੋ ਕੇ ਰਹਿ ਗਿਆ ਹੈ।

ਹੁਣ ਮੁੜਦੇ ਹਾਂ ਸਿੱਖਾਂ ਵਲ, ਜਦ ਤਕ ਸਿੱਖ ਗੁਰੂ ਸਾਹਿਬ ਦੀ ਸਿਖਿਆ ਅਨੁਸਾਰ ਚਲਦੇ, ਇਸ ਲਹੂ ਪੀਣੀ ਜੋਕ ਤੋਂ ਦੂਰ ਰਹੇ, ਤਦ ਤਕ ਉਹ ਚੜ੍ਹਦੀ ਕਲਾ ਵਿਚ ਰਹੇ, ਇਸ ਦੌਰਾਨ ਭਾਵੇਂ 60 ਸਾਲ ਕਰੀਬ ਦਾ ਉਹ ਸਮਾ ਵੀ ਆਇਆ, ਜਦ ਸਿੱਖਾਂ ਦਾ ਲਗਾਤਾਰ ਜਾਨਵਰਾਂ ਵਾਙ ਸ਼ਿਕਾਰ ਹੁੰਦਾ ਰਿਹਾ, ਉਨ੍ਹਾਂ ਦਾ ਬਸੇਰਾ ਜੰਗਲ ਬੇਲਿਆਂ ਵਿਚ ਰਿਹਾ, ਘੋੜਿਆਂ ਦੀਆਂ ਕਾਠੀਆਂ ਹੀ ਉਨ੍ਹਾਂ ਦੀਆਂ ਆਰਾਮਗਾਹ ਰਹੀਆਂ। ਇਸ ਚੜ੍ਹਦੀ ਕਲਾ ਆਸਰੇ ਹੀ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਮਾਨ ਹੇਠ, ਖਾਲਸਾ ਰਾਜ ਕਾਇਮ ਕੀਤਾ। (ਪਰ ਇਹ ਰਾਜ ਵੀ ਗੱਦਾਰੀ ਦੀ ਭੇਂਟ ਚੜ੍ਹ ਗਿਆ) ਇਸ ਮਗਰੋਂ ਸਿੱਖਾਂ ਦੀ ਤਾਕਤ ਮਿਸਲਾਂ ਦੇ ਰੂਪ ਵਿਚ ਉਭਰੀ, ਸਾਰੀਆਂ ਮਿਸਲਾਂ ਦੇ ਇਕੱਠ ਨੂੰ ਦਲ ਖਾਲਸਾ ਕਿਹਾ ਜਾਂਦਾ ਸੀ। ਇਸ ਬਿਖੜੇ ਸਮੇ ਬ੍ਰਾਹਮਣ ਨੂੰ ਫਿਰ ਆਪਣੇ ਹੱਥ ਵਿਖਾਉਣ ਦਾ ਮੌਕਾ ਮਿਲਿਆ, ਉਸ ਨੇ ਸਿੱਖੀ ਦੇ ਰੂਪ ਵਿਚ, ਗੁਰਦਵਾਰਿਆਂ ਤੇ ਕਬਜ਼ਾ ਕਰ ਲਿਆ, ਗੁਰਦਵਾਰਿਆਂ ਵਿਚੋਂ (ਕੇਂਦਰੀ ਅਸਥਾਨ, ਦਰਬਾਰ ਸਾਹਿਬ ਸਮੇਤ) ਬ੍ਰਾਹਮਣੀ ਸੋਚ ਦਾ ਪਰਚਾਰ ਹੋਣ ਲੱਗਾ, ਜੋ ਅੱਜ ਤਕ ਨਿਰਵਿਘਨ ਹੋ ਰਿਹਾ ਹੈ। ਮਿਸਲਾਂ ਦੇ ਜਥੇਦਾਰਾਂ ਵਿਚੋਂ ਕੁਝ ਨੂੰ ਅਜਿਹੀ ਪੁੱਠੀ ਭਵਾਟਨੀ ਦਿੱਤੀ, ਕਿ ਜਨ੍ਹਾਂ ਮਿਸਲਾਂ ਦਾ ਇਕੋ-ਇਕ ਟੀਚਾ, ਖਾਲਸਾ ਰਾਜ ਸੀ, ਉਸ ਤੋਂ ਥਿੜਕ ਕੇ, ਸਿੱਖਾਂ ਦੀ ਮਿਹਨਤ ਵਿਚੋਂ, ਇਕ ਪੁਰਖੀ ਰਾਜ ਪੈਦਾ ਹੋਇਆ, ਇਸ ਮਗਰੋਂ ਤਾਂ ਸਿੱਖਾਂ ਦਾ ਸਭ ਕੁਝ ਹੀ ਬ੍ਰਾਹਮਣਾਂ ਦੇ ਹੱਥ ਵਿਚ ਸੀ। ਮਹਾਰਾਜਾ ਰਣਜੀਤ ਸਿੰਘ ਦੇ ਮਹਿਲਾਂ ਵਿਚ ਹੀ, ਸਾਰੇ ਬ੍ਰਾਹਮਣ ਕਰਮ-ਕਾਂਡ ਹੋਣ ਲਗ ਪਏ, ਏਥੋਂ ਤਕ ਕਿ ਗੁਰੂ ਸਾਹਿਬਾਂ ਦੇ ਗੁਰਪੁਰਬ ਵੀ, ਬ੍ਰਾਹਮਣਾਂ ਦੀ ਪੱਤਰੀ ਦੇ ਮੁਹਤਾਜ ਹੋ ਗਏ। (ਜੋ 200 ਸਾਲ ਵਿਚ ਵੀ ਨਹੀਂ ਸੁਧਾਰੇ ਜਾ ਸਕੇ) ਅਖੀਰ ਬ੍ਰਾਹਮਣ ਨੇ ਆਪਣੀ ਸੋਚ ਅਨੁਸਾਰ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ, ਕਸ਼ਮੀਰ ਅਤੇ ਕੁਝ ਹੋਰ ਜਗੀਰਾਂ ਬਦਲੇ ਅੰਗਰੇਜ਼ਾਂ ਹੱਥ ਵੇਚ ਕੇ, ਇਕ ਪੁਰਖੀ ਸਿੱਖ ਰਾਜ ਦਾ ਵੀ ਭੋਗ ਪਾ ਦਿੱਤਾ। ਸਿੱਖ ਵੀ ਏਸ਼ੀਆ ਦੇ ਸਭ ਤੋਂ ਵੱਡੇ ਰਾਜ (ਪੰਜਾਬ) ਸਮੇਤ, ਭਾਰਤ ਦੇ ਬਾਕੀ ਹਿੱਸਿਆਂ ਵਾਂਙ, ਅੰਗਰੇਜ਼ਾਂ ਦੇ ਗੁਲਾਮ ਹੋ ਗਏ।

ਸਿੱਖਾਂ ਦੀ ਆਜ਼ਾਦੀ ਦੀ ਚਾਹ ਨੇ ਫਿਰ ਜੋਸ਼ ਮਾਰਿਆ, ਸਿੱਖਾਂ ਨੇ ਭਾਰਤ ਦੀ ਆਜ਼ਾਦੀ ਲਈ (ਭਾਰਤ ਦੀ ਕੁੱਲ ਵਸੋਂ ਦਾ 2 % ਤੋਂ ਵੀ ਘੱਟ ਹੁੰਦੇ ਹੋਏ) 80 % ਤੋਂ ਵੱਧ ਸ਼ਹਾਦਤਾਂ ਦਿੱਤੀਆਂ। ਇਹ ਗੱਲ ਵੱਖਰੀ ਹੈ, ਕਿ ਅੱਜ ਦੇ ਭਾਰਤ ਦੇ ਇਤਿਹਾਸ ਵਿਚ, ਇਨ੍ਹਾਂ ਬਾਰੇ 2% ਦਾ ਵੀ ਜ਼ਿਕਰ ਨਹੀਂ ਹੈ, ਸਿੱਖ ਬੱਚੇ ਏਸੇ ਸ਼ਸ਼ੋ-ਪੰਜ ਵਿਚ ਹਨ ਕਿ ਸਾਡੇ ਬਜ਼ੁਰਗ ਜੋ ਕਹਿੰਦੇ ਹਨ, ਉਹ ਠੀਕ ਹੈ? ਜਾਂ ਜੋ ਸਾਡੇ ਇਤਿਹਾਸ ਦੀਆਂ ਕਿਤਾਬਾਂ ਵਿਚ ਲਿਖਿਆ ਹੈ, ਉਹ ਠੀਕ ਹੈ? ਭਾਰਤ ਨੂੰ ਆਜ਼ਾਦੀ ਮਿਲ ਗਈ, ਭਾਰਤੀ ਸਰਕਾਰ ਨੇ ਪੂਰੇ ਜ਼ੋਰ ਸ਼ੋਰ ਨਾਲ ਇਹ ਪਰਚਾਰ ਕੇ, ਕਿ ਆਜ਼ਾਦੀ ਤਾਂ ਬਿਨਾ ਕਿਸੇ ਢਾਲ-ਤਲਵਾਰ ਤੋਂ, ਗਾਂਧੀ ਦੇ ਚਰਖਾ ਕੱਤਣ ਨਾਲ ਹੀ ਮਿਲ ਗਈ, ਭਾਰਤ ਦੀ ਆਜ਼ਾਦੀ ਦੇ ਸਾਰੇ ਸ਼ਹੀਦਾਂ ਦੀ ਫੱਟੀ ਹੀ ਪੋਚ ਦਿੱਤੀ। ਅੰਗਰੇਜ਼ ਜਾਂਦਾ-ਜਾਂਦਾ, ਰਾਜ ਦੀ ਵਾਗ ਡੋਰ ਕਾਂਗਰਸ ਦੇ ਹੱਥ ਵਿਚ ਦੇ ਗਿਆ, ਜਿਸ ਤੇ ਪੂਰੀ ਪਕੜ ਬ੍ਰਾਹਮਣ (ਗਾਂਧੀ, ਨਹਿਰੂ, ਪਟੇਲ, ਪੰਤ, ਨੰਦਾ ਆਦਿ) ਦੀ ਸੀ। ਅਕਾਲੀ ਦਲ, ਜੋ ਕਿ ਸਿੱਖਾਂ ਦੀ ਵਾਹਿਦ ਨਮਾਇੰਦਾ ਜਮਾਤ ਸੀ, ਉਸ ਦੇ ਲੀਡਰਾਂ ਨੇ, ਕੁਝ ਆਪਣੀਆਂ ਨਿੱਜੀ ਤ੍ਰਿਸ਼ਨਾਵਾਂ ਅਧੀਨ ਅਤੇ ਕੁਝ ਹਿੰਦੂ ਸਿੱਖ ਇਕ ਹੀ ਹਨ ਦੇ ਭਰਮ ਵਿਚ, ਅਕਾਲੀ ਦਲ ਨੂੰ ਅਣਗੌਲਿਆਂ ਕਰ ਕੇ, ਅੰਗਰੇਜ਼ਾਂ ਸਾਹਵੇਂ ਇਹ ਹੀ ਪੇਸ਼ ਕੀਤਾ ਕਿ ਅਸੀਂ ਉਹ ਫੈਸਲਾ ਹੀ ਮੰਨਾਂਗੇ, ਜੋ ਕਾਂਗਰਸ ਕਰੇਗੀ। ਇਸ ਤਰ੍ਹਾਂ ਆਪਣੀ ਹੋਂਦ ਦਾ ਜਨਾਜ਼ਾ ਕੱਢ ਕੇ ਉਹ, ਉਸ ਵੇਲੇ ਸਿੱਖਾਂ ਦੀ ਆਜ਼ਾਦ ਹਸਤੀ ਲਈ ਕੁਝ ਵੀ ਨਾ ਕਰ ਸਕੇ। ਅੰਗਰੇਜ਼ ਚਾਹੁੰਦਾ ਹੋਇਆ, ਵੀ ਕੁਝ ਨਾ ਦੇ ਸਕਿਆ। ਕਾਂਗਰਸ ਵਿਚ ਬ੍ਰਾਹਮਣ ਸੋਚ ਦਾ ਹਮੇਸ਼ਾ ਬੋਲ ਬਾਲਾ ਰਿਹਾ, ਜਿਸ ਅਧੀਨ ਉਸ ਨੇ ਸਿੱਖਾਂ ਦਾ ਹੱਥ ਕਦੇ ਵੀ, ਲਾਰਿਆਂ ਦੇ ਲਾਲੀ-ਪਾਪ ਤੋਂ ਖਾਲੀ ਨਹੀਂ ਰਹਣ ਦਿੱਤਾ ਸੀ, ਅਤੇ ਆਜ਼ਾਦੀ ਮਿਲਦਿਆਂ ਹੀ, ਸਿੱਖ ਲੀਡਰਾਂ ਨੂੰ ਠੁੱਠ ਵਿਖਾ ਕੇ ਕਹਿ ਦਿੱਤਾ ਕਿ ਹੁਣ ਸਮਾ ਬਦਲ ਗਿਆ ਹੈ ਇਵੇਂ ਸਿੱਖਾਂ ਦੀ ਭਾਈਵਾਲੀ ਸਦਾ ਲਈ, ਆਪਣੇ ਸਭ ਤੋਂ ਵੱਡੇ ਦੁਸ਼ਮਣ ਨਾਲ ਪੈ ਗਈ।

ਸਿੱਖਾਂ ਦੇ ਲੀਡਰ, ਸ. ਹੁਕਮ ਸਿੰਘ ਅਤੇ ਸ. ਸਵਰਨ ਸਿੰਘ, ਜਿਨ੍ਹਾਂ ਨੇ ਸੰਵਿਧਾਨ ਵਿਚ ਹੀ ਸਿੱਖਾਂ ਨਾਲ ਵਧੀਕੀ ਹੁੰਦੀ ਵੇਖ ਕੇ ਉਸ ਤੇ ਦਸਖਤ ਨਹੀਂ ਕੀਤੇ ਸਨ, ਉਹ ਵੀ ਓਸੇ ਸੰਵਿਧਾਨ ਦੀਆਂ ਸੌਂਹਾਂ ਖਾਂਦੇ, ਸਾਰੀ ਉਮਰ ਵਜ਼ੀਰੀਆਂ ਮਾਣਦੇ ਰਹੇ ਅਤੇ ਅੱਜ ਦੇ ਲੀਡਰ ਵੀ ਸਿੱਖਾਂ ਵਲੋਂ ਨਾ-ਮੰਜ਼ੂਰ ਕੀਤੇ ਸੰਵਿਧਾਨ ਦੀਆਂ ਸੌਂਹਾਂ ਖਾਂਦੇ, ਵਜ਼ੀਰੀਆਂ (ਬ੍ਰਾਹਮਣ ਦੀ ਗਲਾਮੀ) ਭੋਗ ਰਹੇ ਹਨ। ਹੁਣ ਬ੍ਰਾਹਮਣ ਨੇ ਆਪਣੀ ਖਸਲਤ ਮੁਤਾਬਕ ਸਿੱਖਾਂ ਦੀ ਫੱਟੀ ਪੋਚਣੀ ਹੀ ਸੀ। 1947 ਤੋਂ ਸ਼ੁਰੂ ਹੁੰਦਾ ਇਤਿਹਾਸ, ਪਾਕਿਸਤਾਨ ਵਿਚੋਂ ਸੱਖਾਂ ਅਤੇ ਬੰਗਾਲੀਆਂ ਦੇ ਉਜਾੜੇ ਦਾ, ਪਰ ਕਿਉਂਕਿ ਬੰਗਾਲੀ ਹਿੰਦੂ ਹੀ ਸਨ, ਇਸ ਲਈ ਉਨ੍ਹਾਂ ਨੂੰ ਏਨਾ ਸਬਕ ਦੇਣਾ ਹੀ ਕਾਫੀ ਸਮਝਿਆ ਗਿਆ। ਪਰ ਸਿੱਖਾਂ ਲਈ ਪਹਿਲਾ ਸਬਕ (ਸਰਕੂਲਰ) ਸਿੱਖ ਜਰਾਇਮ ਪੇਸ਼ਾ ਲੋਕ ਹਨ, ਇਨ੍ਹਾਂ ਤੇ ਖਾਸ ਨਜ਼ਰ ਰੱਖੀ ਜਾਵੇ । ਇਸ ਸਰਕੂਲਰ ਬਾਰੇ ਸਿੱਖ ਲੀਡਰਾਂ ਨੂੰ ਦੱਸਣ ਵਾਲੇ ਸਿਰਦਾਰ ਕਪੂਰ ਸਿੰਘ ਆਈ. ਸੀ. ਐਸ. ਨੂੰ ਸਾਰੇ ਕਾਨੂਨ ਛਿੱਕੇ ਤੇ ਟੰਗ ਕੇ, ਸਾਰੀ ਉਮਰ ਅਦਾਲਤਾਂ ਵਿਚ ਰੋਲਿਆ ਗਿਆ। (ਇਹ ਪੂਰਾ ਕਿੱਸਾ ਸਾਚੀ ਸਾਖੀ ਵਿਚੋਂ ਪੜ੍ਹਿਆ ਜਾ ਸਕਦਾ ਹੈ ਪੰਜਾਬੀ (ਮਾਂ ਬੋਲੀ) ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਹਨ, ਨੂੰ ਖਤਮ ਕਰਨ ਦੀ ਯੋਜਨਾ ਅਧੀਨ, ਪਹਿਲਾਂ ਪੰਜਾਬ ਦੇ ਹਿੰਦੂਆਂ ਨੂੰ, ਪੰਜਾਬੀ ਛੱਡ ਕੇ ਹਿੰਦੀ ਨਾਲ ਜੁੜਨ ਦਾ ਪੂਰਾ ਪਰਚਾਰ ਕੀਤਾ ਗਿਆ, ਜਿਸ ਵਿਚ ਸਭ ਤੋਂ ਵੱਧ ਯੋਗਦਾਨ ਲਾਲਾ ਜਗਤ ਨਾਰਾਇਣ ਦਾ ਰਿਹਾ। ਬੋਲੀ ਦੇ ਆਧਾਰ ਤੇ ਸਾਰੇ ਸੂਬੇ ਬਨਾਉਣ ਮਗਰੋਂ ਵੀ, ਪੰਜਾਬੀ ਦੇ ਆਧਾਰ ਤੇ ਸੂਬਾ ਬਨਾਉਣ ਤੋਂ ਸਾਫ ਇੰਕਾਰ ਕਰ ਦਿੱਤਾ ਗਿਆ, 1962 ਵਿਚ ਪੰਡਿਤ ਨਹਿਰੂ ਦੇ ਪੰਤ ਨਗਰ ਯੂਨੀਵਰਸਿਟੀ ਵਿਚ, ਆਉਣ ਤੇ ਜਦ ਸਿੱਖਾਂ ਨੇ ਪੰਜਾਬੀ ਸੂਬੇ ਦੇ ਹੱਕ ਵਿਚ ਨਾਅਰੇ ਲਾਏ, ਤਾਂ ਪੰਡਿਤ ਨਹਿਰੂ ਨੇ ਆਪਣੇ ਭਾਸ਼ਨ ਵਿਚ ਕਿਹਾ ਸੀ ਮੈਂ ਪੰਜਾਬ ਵਿਚ ਖਾਨਾ-ਜੰਗੀ ਤਾਂ ਬਰਦਾਸ਼ਤ ਕਰ ਲਵਾਂਗਾ, ਪਰ ਪੰਜਾਬੀ ਸੂਬਾ ਨਹੀਂ ਇਹੀ ਨਹੀਂ ਪੰਜਾਬੀ ਨੂੰ ਪੱਕੇ ਤੌਰ ਤੇ ਖਤਮ ਕਰਨ ਲਈ, ਇਸ ਨੂੰ ਗੁਰਮੁਖੀ ਲਿਪੀ ਨਾਲੋਂ ਤੋੜ ਕੇ, ਦੇਵਨਾਗਰੀ ਲਿਪੀ ਨਾਲ ਜੋੜਨ ਦੇ ਸ਼ੈਤਾਨੀ ਮਨਸੂਬੇ ਅਧੀਨ, ਨਹਿਰੂ-ਨੰਦਾ ਨੇ ਇਕ, ਦੋ ਮੈਂਬਰੀ ਕਮੇਟੀ ਬਣਾਈ, (ਜਿਸ ਵਿਚ ਸ੍ਰੀ ਅਮਰਨਾਥ ਵਿਦਿਆ ਅਲ਼ੰਕਾਰ ਅਤੇ ਭਾਈ ਜੋਧ ਸਿੰਘ ਸਨ) ਜਿਸ ਦਾ ਕੰਮ (ਅਣ-ਅਧਿਕਾਰਿਤ ਤੌਰ ਤੇ) ਪੰਜਾਬੀ ਬੋਲੀ ਦੀ ਲਿਪੀ ਨਿਰਧਾਰਤ ਕਰਨਾ ਸੀ।

ਸ੍ਰੀ ਅਮਰਨਾਥ ਵਿਦਿਆ ਅਲੰਕਾਰ ਅਤੇ ਭਾਈ ਜੋਧ ਸਿੰਘ ਨੂੰ ਪੰਡਿਤ ਨਹਿਰੂ ਦੀ ਇਕ ਚਿੱਠੀ ਮਿਲੀ , ਜਿਸ ਵਿਚ ਉਸ ਨੇ ਆਸ਼ਵਾਸਨ ਦਿੱਤਾ ਸੀ ਕਿ, ਜੇ ਇਹ ਦੋਵੇਂ, ਦੇਵਨਾਗਰੀ ਨੂੰ ਪੰਜਾਬੀ ਦੀ ਲਿਪੀ ਪਰਵਾਨ ਕਰ ਲੈਣ, ਤਾਂ ਅਮਰਨਾਥ ਵਿਦਿਆ ਅਲ਼ੰਕਾਰ ਨੂੰ ਰਾਜਦੂਤ ਬਣਾ ਕੇ ਵਿਦੇਸ਼ ਭੇਜ ਦਿੱਤਾ ਜਾਵੇਗਾ ਅਤੇ ਭਾਈ ਜੋਧ ਸਿੰਘ ਨੂੰ ਕੋਟੇ-ਪਰਮਟ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਹ ਇਨ੍ਹਾਂ ਦੋਵਾਂ ਦੀ ਬਦਕਿਸਮਤੀ ਹੀ ਸੀ, ਕਿ ਇਹ ਚਿੱਠੀ ਮਾਸਟਰ ਤਾਰਾ ਸਿੰਘ ਦੈ ਹੱਥ ਲਗ ਗਈ, ਅਤੇ ਇਨ੍ਹਾਂ ਦੋਵਾਂ ਨੂੰ ਜਾਨ ਬਚਾ ਕੇ ਪੰਜਾਬ ਵਿਚੋਂ ਦਿੱਲੀ ਭੱਜਣਾ ਪਿਆ। (ਇਹੀ ਸੁਰਾਂ 2002 ਵਿਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਸਵਰਨ ਸਿੰਘ ਬੋਪਾਰਾਏ ਵੀ ਕਢਦੇ ਰਹੇ ਹਨ, ਅਤੇ ਇਹ ਯਤਨ ਤਦ ਤਕ ਜਾਰੀ ਰਹਣਗੇ ਜਦ ਤਕ ਗੁਰਮੁਖੀ ਲਿਪੀ ਦਾ ਭਾਰਤ ਵਿਚ ਭੋਗ ਨਹੀਂ ਪਾ ਦਿੱਤਾ ਜਾਂਦਾ) ਪੰਜਾਬੀ ਸੂਬੇ ਦੇ ਨਾਂ ਤੇ ਪੰਜਾਬ ਨਾਲ ਜੋ ਧੱਕਾ ਹੋਇਆ ਹੈ, ਉਹ ਕਿਸੇ ਤੋਂ ਲੁਕਿਆ ਨਹੀਂ। ਪੰਜਾਬੀ ਬੋਲਦੇ ਬਹੁਤ ਸਾਰੇ ਇਲਾਕੇ, ਜਾਣ-ਬੁਝ ਕੇ ਪੰਜਾਬ ਤੋਂ ਬਾਹਰ ਰੱਖੇ ਗਏ ਹਨ, ਇਹੀ ਨਹੀਂ ਪੰਜਾਬ ਵਿਚੋਂ ਹੋਰ ਪੰਜਾਬੀ ਬੋਲਦੇ ਇਲਾਕੇ ਬਾਹਰ ਕੱਢਣ ਲਈ ਵੀ ਚਾਲਾਂ ਚਲੀਆਂ ਗਈਆਂ, ਜੋ ਕਾਮਯਾਬ ਨਾ ਹੋ ਸਕੀਆਂ। ਦੁਨੀਆ ਦੇ ਸਾਰੇ ਕਾਨੂਨ ਅਣਗੌਲਿਆਂ ਕਰ ਕੇ, ਪੰਜਾਬ ਦੇ ਪਾਣੀ ਦੀ ਦੋਹੀਂ ਹੱਥੀਂ ਲੁੱਟ ਕੀਤੀ ਗਈ ਅਤੇ ਕੀਤੀ ਜਾ ਰਹੀ ਹੈ। ਭਾਖੜਾ ਡੈਮ, ਬਿਜਲੀ ਘਰ, ਰਾਜਧਾਨੀ ਚੰਦੀਗੜ੍ਹ, ਪੰਜਾਬ ਹਾਈਕੋਰਟ, ਸਕੱਤਰੇਤ ਪਤਾ ਨਹੀਂ ਕਿਸ ਕਾਨੂਨ ਅਧੀਨ, ਕੇਂਦਰ ਸਰਕਾਰ ਆਪਣੇ ਕਬਜ਼ੇ ਵਿਚ ਕੀਤੀ ਬੈਠੀ ਹੈ? (ਹੁਣ ਤਾਂ ਇਹ ਮਾਹੌਲ ਬਣਾਇਆ ਜਾ ਰਿਹਾ ਹੈ, ਕਿ ਜੇ ਕੱਲ ਨੂੰ ਚੰਦੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਹੋਵੇ ਵੀ ਤਾਂ, ਚੰਦੀਗੜ੍ਹ ਵਾਸੀ ਹੀ ਉਸ ਦਾ ਵਿਰੋਧ ਕਰਨ। ਇਹ ਸਾਰਾ ਕੁਝ ਕੀ ਦਰਸਾਉਂਦਾ ਹੈ?

1984 ਵਿਚ ਦਰਬਾਰ ਸਾਹਿਬ ਤੇ ਭਾਰਤ ਸਰਕਾਰ ਵਲੋਂ ਫੌਜੀ ਹਮਲਾ, ਪੂਰੇ ਭਾਰਤ ਵਿਚ, ਤੀਸਰੇ ਸਭ ਤੋਂ ਵੱਡੇ ਘੱਲੂ-ਕਾਰੇ ਦੇ ਰੂਪ ਵਿਚ ਸਿੱਖਾਂ ਦੀ ਨਸਲ-ਕੁਸ਼ੀ, ਜਿਸ ਵਿਚ ਹਜ਼ਾਰਾਂ ਸਿੱਖ ਮਾਰੇ ਜਾਣ ਤੇ ਵੀ, ਇੰਸਾਫ ਦੀ ਗੱਲ 29 ਸਾਲ ਮਗਰੋਂ ਤਕ ਕਿਤੇ ਵੀ ਨਹੀਂ। 29 ਸਾਲ ਮਗਰੋਂ ਸਿੱਖਾਂ ਨੂੰ ਫਿਰ ਲਾਲੀ-ਪਾਪ (ਦਰਬਾਰ ਸਾਹਿਬ ਦੇ ਸ਼ਹੀਦਾਂ ਦੀ ਯਾਦਗਾਰ ਬਨਾਉਣ ਦੇ ਰੂਪ ਵਿਚ) ਨਾਲ ਪਰਚਾਉਣ ਦਾ ਯਤਨ, ਸਿੱਖ ਲੀਡਰ ਵੀ ਏਨੇ ਕਮ-ਅਕਲ ਹਨ ਜਾਂ ਗੱਦਾਰਾਂ ਦੀ ਨਸਲ ਵਿਚੋਂ ਹਨ, ਕਿ ਅਸਲੀਅਤ ਨੂੰ ਸਮਝੇ ਬਗੈਰ, ਇਸ ਗੱਲ ਵਿਚ ਹੀ ਉਲਝੇ ਹੋਏ ਹਨ ਕਿ, ਯਾਦਗਾਰ ਕਿੱਥੇ ਬਣੇ? ਉਸ ਨੂੰ ਬਨਾਉਣ ਦਾ ਅਧਿਕਾਰ ਕਿਸ ਨੂੰ ਦਿੱਤਾ ਜਾਵੇ? ਉਸ ਵਿਚ ਕੀ ਬਣਾਇਆ ਜਾਵੇ? ਆਦਿ ਮੁਦਿਆਂ ਵਿਚ ਹੀ ਉਲਝੇ ਪਏ ਹਨ। ਇਨ੍ਹਾਂ ਨੂੰ ਇਹ ਕੌਣ ਸਮਝਾਏ ਕਿ ਜਿਸ ਭਾਰਤ ਸਰਕਾਰ ਨੇ 1949 ਵਿਚ ਮਾਸਟਰ ਤਾਰਾ ਸਿੰਘ ਨੂੰ ਇਸ ਕਰ ਕੇ ਗ੍ਰਿਫਤਾਰ ਕੀਤਾ ਸੀ ਕਿ, ਸਿੱਖਾਂ ਨੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਦੀਵਾਨ ਸਜਾਇਆ ਸੀ, ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤ੍ਰੀ ਦਾ ਕਥਨ ਸੀ, ਕਿ ਇਕ ਧਰਮ ਦੇ ਲੋਕਾਂ ਵਲੋਂ ਨਨਕਾਣਾ (ਸਾਹਿਬ) ਦੇ ਸ਼ਹੀਦਾਂ ਦੀ ਯਾਦ ਵਿਚ ਦੀਵਾਨ ਕਰਨਾ ਮੁਲਕ ਨਾਲ ਗੱਦਾਰੀ ਹੈ। ਉਹੀ ਸਰਕਾਰ ਜਿਸ ਨੇ ਆਪ ਫੌਜੀ ਹਮਲਾ ਕਰ ਕੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਨੂੰ ਢਾਇਆ ਹੋਵੇ, ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰਿਆ ਹੋਵੇ, ਦਰਬਾਰ ਸਾਹਿਬ ਪਰੀਸਰ ਨੂੰ ਤਦ ਤਕ ਸਿੱਖਾਂ ਦੇ ਹਵਾਲੇ ਨਾ ਕੀਤਾ ਹੋਵੇ, ਜਦ ਤਕ ਉਸ ਹਮਲੇ ਦੀਆਂ ਸਾਰੀਆਂ ਨਿਸ਼ਾਨੀਆਂ ਮਿਟਾ ਨਾ ਦਿੱਤੀਆਂ ਹੋਣ, ਕੀ ਉਹੀ ਸਰਕਾਰ ਤੁਹਾਨੂੰ ਦਰਬਾਰ ਸਾਹਿਬ ਦੇ ਸ਼ਹੀਦਾਂ ਦੀ ਯਾਦਗਾਰ ਬਨਾਉਣ ਦੇਵੇਗੀ? ਪਰਕਾਸ਼ (ਹਨੇਰੇ) ਬਾਦਲ ਵਰਗੇ ਨੂੰ ਉਭਾਰ ਕੇ, ਸਿੱਖਾਂ ਦਾ ਲੀਡਰ ਸਥਾਪਤ ਕਰ ਕੇ, ਸਿੱਖੀ ਦਾ ਘਾਣ ਕਰਨ ਦੇ ਯਤਨ ਕਰਨਾ, ਦਰਬਾਰ ਸਾਹਿਬ ਤੇ ਅਣ-ਅਧਿਕਾਰਿਤ ਤੌਰ ਤੇ ਕਬਜ਼ਾ ਕਰਵਾ ਕੇ, ਕਾਹਬੇ ਤੋਂ ਕੁਫਰ ਦਾ ਪਰਚਾਰ ਕਰਵਾਉਣਾ।

ਪਰਕਾਸ਼ ਬਾਦਲ ਦੀ ਪਾਰਟੀ ਦੇ ਨਾਂ ਤੇ ਦੋ ਐਫੀਡੈਵਿਟ, ਇਕ ਧਾਰਮਿਕ, ਦੂਸਰਾ ਸੈਕੂਲਰ, ਜਿਸ ਬਾਰੇ ਪਟੀਸ਼ਨ ਕਈ ਸਾਲਾਂ ਤੋਂ ਅਦਾਲਤ ਵਿਚ ਹੈ, ਪਰ ਆਨੇ-ਬਹਾਨੇ ਉਸ ਦੇ ਫੈਸਲੇ ਨੂੰ ਲਮਕਾ ਕੈ ਬਾਦਲ ਨੂੰ, ਦਰਬਾਰ ਸਾਹਿਬ ਤੇ ਕਬਜ਼ਾ ਕਰੀ ਰੱਖਣ ਅਤੇ ਸਿੱਖੀ ਦਾ ਘਾਣ ਕਰਨ ਦਾ ਪੂਰਾ ਮੌਕਾ ਦਿੱਤਾ ਜਾ ਰਿਹਾ ਹੈ। ਇਹ ਸਾਰਾ ਕੁਝ ਕੀ ਸਾਬਤ ਕਰਦਾ ਹੈ?

ਇਹ ਸਾਰੇ ਹਾਲਾਤ ਸਾਮ੍ਹਣੇ ਰੱਖ ਕੇ, ਕੁਝ ਸਵਾਲ ਸਾਮ੍ਹਣੇ ਆਉਂਦੇ ਹਨ, ਜਿਵੇਂ, ਕੀ ਇਕ ਮੁਲਕ ਵਿਚ ਦੋ ਕਾਨੂਨ ਚਲ ਸਕਦੇ ਹਨ? ਜਿਨ੍ਹਾਂ ਵਿਚ,

ਇਕ ਅਧੀਨ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ, ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦਾ ਕਤਲ ਕਰਨ ਵਾਲੇ ਫੌਜੀ ਵੀ ਸ਼ਹੀਦ ਮੰਨੇ ਜਾਣ? ਅਤੇ ਦੂਸਰੇ ਅਧੀਨ ਦਰਬਾਰ ਸਾਹਿਬ ਦੀ ਰਾਖੀ ਕਰਦਿਆਂ, ਉਨ੍ਹਾਂ ਫੌਜੀਆਂ ਦਾ ਮੁਕਾਬਲਾ ਕਰ ਕੇ ਫੌਜੀਆਂ ਨੂੰ ਮਾਰਨ ਵਾਲਿਆਂ ਨੂੰ ਵੀ ਸ਼ਹੀਦ ਕਿਹਾ ਜਾਵੇ।

ਇਕ ਅਧੀਨ ਸਿੱਖਾਂ ਦੀ ਨਸਲ-ਕੁਸ਼ੀ ਕਰਨ ਵਾਲਾ ਬੇਅੰਤ ਸਿੰਹੁ (ਮੁੱਖ ਮੰਤਰੀ,ਪੰਜਾਬ) ਸ਼ਹੀਦ ਮੰਨਿਆ ਜਾਵੇ? ਅਤੇ ਦੂਸਰੇ ਅਧੀਨ ਉਸ ਨੂੰ ਮਾਰ ਕੇ ਪਾਪ ਦੀ ਜੜ੍ਹ ਵੱਢਣ ਵਾਲੇ ਦਿਲਾਵਰ ਸਿੰਘ ਅਤੇ ਬਲਵੰਤ ਸਿੰਘ ਰਾਜੋਆਣਾ ਵੀ ਸ਼ਹੀਦ ਮੰਨੇ ਜਾਣ?

ਇਕ ਅਧੀਨ, ਦਰਬਾਰ ਸਾਹਿਬ ਨੂੰ ਛਲਣੀ ਕਰ ਕੇ ਅਕਾਲ-ਤਖਤ ਨੂੰ ਢਾਉਣ ਵਾਲੀ ਸਰਕਾਰ, ਉਸ ਦੀਆਂ ਸਾਰੀਆਂ ਨਿਸ਼ਾਨੀਆਂ ਮਿਟਾ ਦੇਵੇ? ਅਤੇ ਦੂਸਰੇ ਦੇ ਅਧੀਨ ਬਾਦਲ ਜੁੰਡਲੀ, ਉਸ ਸਾਕੇ ਦੇ ਸ਼ਹੀਦਾਂ ਦੀ ਯਾਦਗਾਰ ਸਥਾਪਤ ਕਰਨ ਦਾ ਡਰਾਮਾ ਕਰੇ?

ਇਕ ਅਧੀਨ ਲੱਖਾਂ ਨਿਰਦੋਸ਼ ਲੋਕਾਂ ਦੇ ਕਾਤਲਾਂ ਵਿਚੋਂ ਕਿਸੇ ਇਕ ਨੂੰ ਵੀ ਕੋਈ ਸਜ਼ਾ ਨਹੀਂ? ਸੁਮੇਧ ਸੈਣੀ ਵਰਗੇ, ਸਿੱਖਾਂ ਦੇ ਕਾਤਲ ਨੂੰ ਮੁੜ ਤਰੱਕੀ ਦੇ ਕੇ (ਸਿੱਖਾਂ ਦਾ ਘਾਣ ਕਰਨ ਲਈ) ਡੀ. ਜੀ. ਪੀ. ਲ਼ਾ ਦਿੱਤਾ ਜਾਵੇ?

ਮਾੜੀ ਮਾੜੀ ਗੱਲ ਤੋਂ ਸਿੱਖਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਵੇ, ਫਾਂਸੀ ਲਾ ਦਿੱਤਾ ਜਾਵੇ? ਦੂਸਰੇ ਅਧੀਨ ਸਿੱਖਾਂ ਨੂੰ ਪੂਰੇ ਸੰਵਿਧਾਨਿਕ ਅਧਿਕਾਰ ਹੋਣ ਦਾ ਢੰਡੋਰਾ ਪਿਟਿਆ ਜਾਵੇ?

ਇਕ ਅਧੀਨ ਪੰਜਾਬ ਦੀਆਂ ਚੀਜ਼ਾਂ ਤੇ ਕੇਂਦਰ ਸਰਕਾਰ ਜ਼ਬਰਦਸਤੀ ਕਬਜ਼ਾ ਕਰੀ ਜਾਵੇ? ਦੂਸਰੇ ਅਧੀਨ, ਪੰਜਾਬ ਸਰਕਾਰ ਨੂੰ ਆਪਣੇ ਸਾਰੇ ਫੈਸਲੇ ਲੈਣ ਦਾ ਪੂਰਾ ਸੰਵਿਧਾਨਿਕ ਹੱਕ ਹੋਣ ਬਾਰੇ ਪਰਚਾਰ ਹੁੰਦਾ ਰਹੇ?

ਇਕ ਅਧੀਨ ਬਾਦਲ, ਸਿੱਖਾਂ ਦੇ ਗੁਰਦਵਾਰਿਆਂ ਤੇ ਜ਼ਬਰਦਸਤੀ ਕਬਜ਼ਾ ਕਰ ਕੇ, ਸਾਲ ਦੇ ਅਰਬਾਂ ਰੁਪਏ ਆਪਣੀ ਮਰਜ਼ੀ ਨਾਲ ਰੋੜ੍ਹੀ ਜਾਵੇ? ਦੂਸਰੇ ਅਧੀਨ ਸਿੱਖਾਂ ਨੂੰ ਆਪਣੇ ਗੁਰਦਵਾਰਿਆਂ ਦਾ ਪ੍ਰਬੰਧ ਕਰਨ ਦਾ ਪੂਰਾ ਅਧਿਕਾਰ ਹੋਣ ਦਾ ਵਿਖਾਵਾ ਕੀਤਾ ਜਾਵੇ?

ਕੀ ਕੋਈ ਵਿਦਵਾਨ ਵੀਰ ਮੈਨੂੰ ਇਸ ਦੁਵਿਧਾ ਵਿਚੋਂ ਕੱਢ ਸਕਦਾ ਹੈ?????

ਕੀ ਸਿੱਖ, ਬ੍ਰਾਹਮਣ ਦੀ ਧ੍ਰਿਤਰਾਸ਼ਟਰ ਵਰਗੀ ਪਿਆਰ ਗਲਵਕੜੀ (ਜਿਸ ਵਿਚ ਅੰਨ੍ਹੇ ਧ੍ਰਿਤਰਾਸ਼ਟਰ ਨੇ ਭੀਮ ਦੇ ਲੋਹੇ ਦੇ ਬੁੱਤ ਨੂੰ ਹੀ ਤੋੜ-ਮਰੋੜ ਦਿੱਤਾ ਸੀ) ਵਿਚੋਂ ਬਚ ਸਕਦੇ ਹਨ????

ਕੀ ਅਜਿਹੀ ਹਾਲਤ ਵਿਚ ਸਿੱਖਾਂ ਦਾ ਭਾਰਤ ਸਰਕਾਰ ਅਧੀਨ ਰਹਿਣਾ ਅਕਲਮੰਦੀ ਹੈ????

ਕੀ ਇਸ ਮੰਦਹਾਲੀ ਤੋਂ ਬਚਣ ਲਈ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ????

ਇਨ੍ਹਾਂ ਸਾਰੇ ਸਵਾਲਾਂ ਦਾ ਹੱਲ, ਉਨ੍ਹਾਂ ਸਿੱਖ ਬੁੱਧੀ-ਜੀਵੀਆਂ ਨੂੰ ਲੱਭਣਾ ਹੀ ਪੈਣਾ ਹੈ, ਜੋ ਆਪਣੇ ਆਪ ਨੂੰ ਸਿੱਖ-ਹਿਤੈਸ਼ੀ ਸਮਝਦੇ ਹਨ। ਜੇ ਉਨ੍ਹਾਂ ਨੇ ਇਸ ਵੇਲੇ ਵੀ ਆਪਣੀ ਹਉਮੈ ਨੂੰ ਲਾਂਭੇ ਰਖ ਕੇ, ਸਫਾ ਵਿਛਾ ਕੇ (ਬਰਾਬਰੀ ਦੇ ਅਧਾਰ ਤੇ) ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਧੀਨ, ਕੋਈ ਠੋਸ ਫੈਸਲਾ ਨਾ ਲਿਆ ਤਾਂ ਇਤਿਹਾਸ ਵਿਚ ਇਨ੍ਹਾਂ ਲੋਕਾਂ ਨੂੰ, ਕੋਈ ਚੰਗੇ ਲਫਜ਼ਾਂ ਵਿਚ ਯਾਦ ਨਹੀਂ ਕੀਤਾ ਜਾਵੇਗਾ। ਅਤੇ ਸਿੱਖੀ ਹਜ਼ਾਰਾਂ ਸਾਲਾਂ ਲਈ, ਗੁਲਾਮੀ ਦੀ ਡੂੰਘੀ ਖੱਡ ਵਿਚ ਜਾ ਪਵੇਗੀ।

ਜੇ ਇਨ੍ਹਾਂ ਲੋਕਾਂ ਨੇ ਹੀ ਅੱਖਾਂ ਮੀਟੀ ਰੱਖੀਆਂ ਤਾਂ ਸਿੱਖੀ ਨੂੰ ਬਚਾਉਣ ਲਈ, ਦੁਨੀਆ ਨੇ ਕੁਝ ਨਹੀਂ ਕਰਨਾ, ਨਾ ਗੁਰੂ ਨਾਨਕ ਜੀ ਨੇ ਹੀ ਦੁਬਾਰਾ ਆਉਣਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top