ਨਵੀਂ
ਦਿੱਲੀ, 30 ਜੂਨ : ਪਾਕਿਸਤਾਨ ਦੀ ਜੇਲ ਵਿਚ 30 ਸਾਲ ਤਕ ਕੈਦ ਕੱਟਣ ਮਗਰੋਂ ਰਿਹਾਅ ਹੋਏ
ਸੁਰਜੀਤ ਸਿੰਘ ਨੇ ਇਹ ਪ੍ਰਗਟਾਵਾ ਕੀਤਾ ਹੈ ਕਿ ਲਾਹੌਰ ਦੀ ਕੋਟ ਲਖਪਤ ਜੇਲ ਵਿਚ ਬੰਦ ਸਰਬਜੀਤ
ਸਿੰਘ ਨੇ ਫਾਂਸੀ ਤੋਂ ਬਚਣ ਲਈ ਇਸਲਾਮ ਕਬੂਲ ਕਰ ਲਿਆ ਹੈ। ਸੁਰਜੀਤ ਸਿੰਘ ਮੁਤਾਬਕ ਸਰਬਜੀਤ
ਸਿੰਘ ਨੇ ਅਪਣਾ ਨਾਂਅ ਬਦਲ ਕੇ ਸਰਫ਼ਰਾਜ਼ ਰੱਖ ਲਿਆ ਹੈ। ਉਸ ਅਨੁਸਾਰ ਫਾਂਸੀ ਦੀ ਸਜ਼ਾ ਪ੍ਰਾਪਤ ਇਕ
ਹੋਰ ਭਾਰਤੀ ਕੈਦੀ ਕ੍ਰਿਪਾਲ ਸਿੰਘ ਵੀ ਧਰਮ ਬਦਲ ਕੇ ਹੁਣ ਮੁਹੰਮਦ ਦੀਨ ਬਣ ਗਿਆ ਹੈ।
ਐਸ.ਜੀ.ਪੀ.ਸੀ. ਦੇ ਸੂਚਨਾ ਕੇਂਦਰ ਵਿਚ ਪੱਤਰਕਾਰਾਂ ਨਾਲ
ਗੱਲਬਾਤ ਕਰਦਿਆਂ ਸੁਰਜੀਤ ਸਿੰਘ ਨੇ ਕਿਹਾ ਕਿ ਸਰਬਜੀਤ ਸਿੰਘ ਅਤੇ ਕ੍ਰਿਪਾਲ ਸਿੰਘ ਨੇ ਇਸਲਾਮ
ਤਾਂ ਕਬੂਲ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਤਰ੍ਹਾਂ ਉਨ੍ਹਾਂ ਦੀ ਫਾਂਸੀ ਦੀ
ਸਜ਼ਾ ਮੁਆਫ਼ ਹੋ ਜਾਵੇਗੀ ਪਰ ਉਨ੍ਹਾਂ ਨੂੰ ਮੁਆਫ਼ੀ ਨਹੀਂ ਦਿਤੀ ਗਈ। ਉਸ ਨੇ ਪਾਕਿਸਤਾਨ ਦੇ
ਅਧਿਕਾਰੀ ਅਪਣੇ ਲੋਕਾਂ ਨੂੰ ਵੀ ਮੁਆਫ਼ੀ ਨਹੀਂ ਦਿੰਦੇ।
ਮੇਰਾ ਭਰਾ ਪੂਰਾ ਗੁਰਸਿੱਖ ਰਹੇਗਾ: ਦਲਬੀਰ ਕੌਰ
ਦੂਜੇ ਪਾਸੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੇ ਅਪਣੇ ਭਰਾ ਵਲੋਂ ਇਸਲਾਮ
ਕਬੂਲ ਕਰਨ ਦੀ ਗੱਲ ਨੂੰ ਗ਼ਲਤ ਦਸਿਆ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਦਰੁਸਤ ਨਹੀਂ ਹੈ ਅਤੇ
ਸਰਬਜੀਤ ਗੁਰਸਿੱਖ ਹੈ ਅਤੇ ਉਹ ਅਜਿਹਾ ਹੀ ਰਹੇਗਾ। ਉਨ੍ਹਾਂ ਕਿਹਾ ਕਿ ਸਰਬਜੀਤ ਸਿੰਘ ਨੇ ਜੇਲ
ਵਿਚ ਸਿੱਖ ਗੁਰੂਆਂ ਦੀਆਂ ਤਸਵੀਰਾਂ ਅਤੇ ਧਾਰਮਕ ਕਿਤਾਬਾਂ ਰੱਖੀਆਂ ਹੋਈਆਂ ਹਨ ਅਤੇ ਉਹ ਰੋਜ਼ਾਨਾ
ਪਾਠ ਵੀ ਕਰਦਾ ਹੈ।
ਦਲਬੀਰ ਕੌਰ ਨੇ ਕਿਹਾ ਕਿ ਜਦੋਂ ਉਹ ਸਰਬਜੀਤ ਸਿੰਘ ਨੂੰ ਮਿਲਣ ਪਾਕਿਸਤਾਨ
ਜੇਲ ਵਿਚ ਗਈ ਸੀ ਤਾਂ ਉਥੇ ਕ੍ਰਿਪਾਲ ਸਿੰਘ ਨੂੰ ਮੁਸਲਿਮ ਨਾਂਅ ਨਾਲ ਬੁਲਾਇਆ ਜਾ ਰਿਹਾ ਸੀ ਪਰ
ਮੇਰੇ ਭਰਾ ਸਰਬਜੀਤ ਸਿੰਘ ਬਾਰੇ ਜੋ ਕੁੱਝ ਕਿਹਾ ਜਾ ਰਿਹਾ ਹੈ, ਉਹ ਸੱਚ ਨਹੀਂ ਹੈ। ਦਲਬੀਰ ਕੌਰ
ਮੁਤਾਬਕ ਪਾਕਿਸਤਾਨ ਦੇ ਅਧਿਕਾਰੀ ਸਰਬਜੀਤ ਨੂੰ ਸਰਬਜੀਤ ਜਾਂ ਫਿਰ ਮਨਜੀਤ ਕਹਿ ਕੇ ਬੁਲਾ ਰਹੇ
ਸਨ। (ਏਜੰਸੀ)
ਸੁਰਜੀਤ ਸਿੰਘ ਸਾਡਾ ਜਾਸੂਸ
ਨਹੀਂ ਸੀ: ਗ੍ਰਹਿ ਸਕੱਤਰ
ਨਵੀਂ ਦਿੱਲੀ, 29 ਜੂਨ : ਭਾਰਤ ਸਰਕਾਰ ਨੇ ਪਾਕਿਸਤਾਨ ਦੀ
ਜੇਲ ਵਿਚੋਂ ਵੀਰਵਾਰ ਨੂੰ ਰਿਹਾਅ ਹੋਏ ਸੁਰਜੀਤ ਸਿੰਘ ਦੇ ਇਸ ਦਾਅਵੇ ਨੂੰ ਗ਼ਲਤ ਦਸਿਆ ਹੈ ਕਿ ਉਹ
ਕਿਸੇ ਸਰਕਾਰੀ ਏਜੰਸੀ ਦਾ ਜਾਸੂਸ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਗ੍ਰਹਿ
ਸਕੱਤਰ ਆਰ.ਕੇ. ਸਿੰਘ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਨਾਲ ਕਿਸੇ ਦੀ ਵੀ ਜਾਸੂਸੀ ਨਹੀਂ ਕਰਦੇ।
ਸੁਰਜੀਤ ਸਿੰਘ ਨੇ ਲਾਹੌਰ ਜੇਲ ਤੋਂ ਰਿਹਾਅ ਹੋਣ ਬਾਅਦ ਵਾਹਘਾ ਸਰਹੱਦ ’ਤੇ ਕਿਹਾ ਸੀ ਕਿ ਉਹ
ਪਾਕਿਸਤਾਨ ਵਿਚ ਭਾਰਤ ਵਲੋਂ ਜਾਸੂਸੀ ਕਰਨ ਗਏ ਸਨ। ਬਾਅਦ ਵਿਚ ਉਸ ਨੇ ਕਿਹਾ ਸੀ ਕਿ ਉਹ ਭਾਰਤ
ਦੀ ਖੁਫ਼ੀਆ ਏਜੰਸੀ ਰੀਸਰਚ ਐਂਡ ਇਨੈਲਸਿਜ਼ ਵਿੰਗ (ਆਰ.ਏ.ਡਬਲਿਊ.) ਲਈ ਜਾਸੂਸੀ ਕਰ ਰਹੇ ਸਨ।
ਪਰ ਗ੍ਰਹਿ ਮੰਤਰੀ ਪੀ. ਚਿਦੰਬਰਮ ਦੀ ਮੌਜੂਦਗੀ ਵਿਚ ਗ੍ਰਹਿ
ਸਕੱਤਰ ਨੇ ਕਿਹਾ ਕਿ ਅਸੀਂ ਸੁਰਜੀਤ ਸਿੰਘ ਦੇ ਦਾਅਵੇ ਦਾ ਖੰਡਨ ਕਰਦੇ ਹਾਂ। ਸ੍ਰੀ ਸਿੰਘ ਨੇ
ਕਿਹਾ ਕਿ ਅਕਸਰ ਲੋਕ ਇਸ ਤਰ੍ਹਾਂ ਦੇ ਦਾਅਵੇ ਇਸ ਲਈ ਕਰਦੇ ਹਨ ਕਿਉਂਕਿ ਉਹ ਅਪਣੇ ਆਪ ਨੂੰ
ਮਹਤਵਪੂਰਨ ਸਾਬਤ ਕਰਨਾ ਚਾਹੁੰਦੇ ਹਨ।
ਉਨ੍ਹਾਂ ਦਸਿਆ ਕਿ ਸੁਰਜੀਤ ਸਿੰਘ ਨੇ ਪਾਕਿਸਤਾਨ ਦੀ ਜੇਲ ਵਿਚ ਮਾੜੇ ਵਿਹਾਰ ਦੀ ਸ਼ਿਕਾਇਤ ਕੀਤੀ
ਹੈ ਅਤੇ ਵਿਭਾਗ ਇਸ ਦੀ ਪੜਤਾਲ ਕਰ ਰਿਹਾ ਹੈ। ਇਹ ਪੁੱਛੇ ਜਾਣ ’ਤੇ ਕਿ ਸੁਰਜੀਤ ਸਿੰਘ ਤਾਂ
ਕਹਿੰਦਾ ਹੈ ਕਿ ਉਸ ਨਾਲ ਚੰਗਾ ਵਿਹਾਰ ਹੋਇਆ ਤਾਂ ਗ੍ਰਹਿ ਸਕੱਤਰ ਨੇ ਤੁਰਤ ਕਿਹਾ ਜੇ ਸੁਰਜੀਤ
ਸਿੰਘ ਇਹ ਕਹਿ ਰਿਹਾ ਹੈ ਕਿ ਉਸ ਨਾਲ ਜੇਲ ਵਿਚ ਚੰਗਾ ਵਿਹਾਰ ਕੀਤਾ ਗਿਆ ਤਾਂ ਮੈਂ ਅਜਿਹੇ ਲੋਕਾਂ
ਨੂੰ ਲਿਆ ਸਕਦਾ ਹਾਂ ਜੋ ਇਸ ਦੇ ਉਲਟ ਗੱਲਾਂ ਦੱਸਦੇ ਹਨ। (ਏਜੰਸੀ)
ਜਾਸੂਸੀ ਦੀ ਗੱਲ ਸਾਬਤ ਕਰਨ ਲਈ
ਅਦਾਲਤ ਜਾਵੇਗਾ ਸੁਰਜੀਤ ਸਿੰਘ ਕਿਹਾ, ਭਾਰਤ ਸਰਕਾਰ ਦੇ ਰਵਈਏ ਤੋਂ ਹਾਂ ਬੇਹੱਦ ਦੁਖੀ
ਫ਼ਿਰੋਜ਼ਪੁਰ, 1 ਜੁਲਾਈ (ਸੁਖਚੈਨ ਸਿੰਘ ਲਾਇਲਪੁਰੀ) :
ਪਾਕਿਸਤਾਨ ਦੀ ਜੇਲ ਵਿਚੋਂ 30 ਸਾਲ ਮਗਰੋਂ ਰਿਹਾਅ ਹੋਏ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ
ਇਸ ਗੱਲ ਨੂੰ ਸਾਬਤ ਕਰਨ ਲਈ ਅਦਾਲਤ ਤਕ ਜਾਵੇਗਾ ਕਿ ਭਾਰਤੀ ਫ਼ੌਜ ਨੇ ਹੀ ਉਸ ਨੂੰ ਜਾਸੂਸੀ ਕਰਨ
ਲਈ ਪਾਕਿਸਤਾਨ ਭੇਜਿਆ ਸੀ। ਅਪਣੀ ਵਾਪਸੀ ’ਤੇ ਸੁਰਜੀਤ ਸਿੰਘ ਨੇ ਅਪਣੀ ਪਹਿਲੀ ਟਿਪਣੀ ਵਿਚ ਕਿਹਾ
ਸੀ ਕਿ ਉਹ ਕੇਂਦਰੀ ਖ਼ੁਫ਼ੀਆ ਏਜੰਸੀ ਰਾਅ ਦੇ ਏਜੰਟ ਵਜੋਂ ਪਾਕਿਸਤਾਨ ਜਾਸੂਸੀ ਕਰਨ ਲਈ ਗਿਆ ਸੀ।
ਦੂਜੇ ਪਾਸੇ ਭਾਰਤ ਸਰਕਾਰ ਨੇ ਇਸ ਬਿਆਨ ਤੋਂ ਪੱਲਾ ਝਾੜ ਲਿਆ ਹੈ। ਅੱਜ ਸਰਕਾਰੀ ਤੌਰ ’ਤੇ ਰਾਜ
ਦੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਸੁਰਜੀਤ ਸਿੰਘ ਦੇ ਪਿੰਡ ਫਿੱਡਾ ਪੁੱਜੇ। ਉਨ੍ਹਾਂ
ਨਾਲ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਜੋਗਿੰਦਰ ਸਿੰਘ ਜਿੰਦ ਅਤੇ ਡਿਪਟੀ ਕਮਿਸ਼ਨਰ ਡਾ. ਐਸ.
ਕਰੁਨਾ ਰਾਜ ਵੀ ਸ਼ਾਮਲ ਸਨ। ਸੁਰਜੀਤ ਸਿੰਘ ਨੇ ਅਪਣੀ ਕਹਾਣੀ ਮੰਤਰੀ ਨੂੰ ਸੁਣਾਈ ਕਿ ਉਸ ਕੋਲ
ਢਾਈ ਏਕੜ ਜ਼ਮੀਨ ਸੀ ਜੋ ਹੁਣ ਵਿਕ ਚੁੱਕੀ ਹੈ ਅਤੇ ਉਸ ਦੇ ਘਰ ਵਿਚ ਬਿਜਲੀ ਦਾ ਕੋਈ ਪ੍ਰਬੰਧ ਨਹੀਂ।
ਨਾ ਹੀ ਉਸ ਕੋਲ ਘਰ ਦਾ ਗੁਜ਼ਾਰਾ ਕਰਨ ਲਈ ਕੋਈ ਸਾਧਨ ਹਨ। ਉਸ ਨੇ ਸਰਕਾਰੀ ਮਦਦ ਦੀ ਮੰਗ ਕੀਤੀ
ਅਤੇ ਕਿਹਾ ਕਿ ਮੈਂ ਭਾਰਤ ਦੀ ਸੇਵਾ ਲਈ ਪਾਕਿਸਤਾਨ ਗਿਆ ਸੀ।
ਇਸ ਮੌਕੇ ਮੰਤਰੀ ਨੇ ਅਪਣੀ ਜੇਬ ਵਿਚੋਂ ਸੁਰਜੀਤ ਸਿੰਘ ਨੂੰ
ਇਕ ਲੱਖ ਰੁਪਏ ਦਿਤੇ ਜਦਕਿ ਪਤਵੰਤਿਆਂ ਨੇ ਹੋਰ ਢਾਈ ਲੱਖ ਦੇਣ ਦਾ ਐਲਾਨ ਕੀਤਾ। ਸੇਖੋਂ ਨੇ ਮੌਕੇ
’ਤੇ ਡੀ.ਸੀ. ਨੂੰ ਹੁਕਮ ਦਿਤੇ ਕਿ ਸੁਰਜੀਤ ਸਿੰਘ ਦੇ ਘਰ ਬਿਜਲੀ-ਪਾਣੀ ਦਾ ਪ੍ਰਬੰਧ ਕੀਤਾ ਜਾਵੇ
ਅਤੇ ਹੋਰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ। ਮੰਤਰੀ ਨੇ ਕਿਹਾ ਕਿ ਉਹ
ਮੁੱਖ ਮੰਤਰੀ ਸ. ਬਾਦਲ ਨਾਲ ਗੱਲ ਕਰ ਕੇ ਵੱਧ ਤੋਂ ਵੱਧ ਮਦਦ ਦਿਵਾਉਣਗੇ। ਇਸ ਮੌਕੇ ਉਨ੍ਹਾਂ
ਨਾਲ ਮੁਖਤਿਆਰ ਸਿੰਘ ਚੇਅਰਮੈਨ, ਰਸ਼ਪਾਲ ਸਿੰਘ ਕਰਮੂਵਾਲਾ, ਤਰਸੇਮ ਸਿੰਘ ਮੱਲ੍ਹਾ, ਗੁਰਮੀਤ
ਸਿੰਘ ਪ੍ਰਧਾਨ, ਗੁਰਨਾਮ ਸਿੰਘ ਅਤੇ ਬਲਦੇਵ ਸਿੰਘ ਬਰਾੜ ਵੀ ਹਾਜ਼ਰ ਸਨ।ਕੇਂਦਰੀ ਗ੍ਰਹਿ ਮੰਤਰੀ
ਪੀ. ਚਿਦੰਬਰਮ ਦੀ ਮੌਜੂਦਗੀ ਵਿਚ ਗ੍ਰਹਿ ਸਕੱਤਰ ਆਰ.ਕੇ. ਸਿੰਘ ਨੇ ਦੋ ਦਿਨ ਪਹਿਲਾਂ ਕਿਹਾ ਸੀ
ਕਿ ਉਹ ਸੁਰਜੀਤ ਸਿੰਘ ਦੇ ਦਾਅਵੇ ਨੂੰ ਸਹੀ ਨਹੀਂ ਮੰਨਦੇ ਕਿਉਂਕਿ ਅਸੀਂ ਇਸ ਤਰ੍ਹਾਂ ਦੀ ਜਾਸੂਸੀ
ਕਿਸੇ ਕੋਲੋਂ ਨਹੀਂ ਕਰਾਉਂਦੇ। ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਭਾਰਤ ਸਰਕਾਰ ਦੇ ਰਵਈਏ
ਤੋਂ ਬੇਹੱਦ ਦੁਖੀ ਹੈ। ਉਨ੍ਹਾਂ ਦੁਹਰਾਇਆ ਕਿ ਭਾਰਤੀ ਫ਼ੌਜ ਨੇ ਜਾਸੂਸੀ ਕਰਨ ਲਈ ਉਸ ਨੂੰ
ਪਾਕਿਸਤਾਨ ਭੇਜਿਆ ਸੀ ਅਤੇ ਇਸ ਤੱਥ ਨੂੰ ਸਾਬਤ ਕਰਨ ਲਈ ਹੁਣ ਉਹ ਅਦਾਲਤ ਜਾਵੇਗਾ। ਸੁਰਜੀਤ ਦਾ
ਕਹਿਣਾ ਹੈ ਕਿ ਉਸ ਦੀ ਬਹੁਤੀ ਜ਼ਿੰਦਗੀ ਜੇਲ ਵਿਚ ਗੁਜ਼ਰ ਚੁੱਕੀ ਹੈ।
ਸੁਰਜੀਤ ਸਿੰਘ ਨੇ ਕਿਹਾ ਕਿ ਉਹ ਅਪਣੇ ਪਰਵਾਰ ਲਈ ਜ਼ਿਅਦਾ
ਕੁੱਝ ਨਹੀਂ ਕਰ ਸਕਿਆ ਜਦਕਿ ਉਸ ਨੇ ਨਿਆਂ ਅਤੇ ਅਪਣੀ ਪਛਾਣ ਸਾਬਤ ਕਰਨ ਲਈ ਅਦਾਲਤ ਦੀ ਪਨਾਹ
ਵਿਚ ਜਾਣ ਦਾ ²ਫ਼ੈਸਲਾ ਲਿਆ ਹੈ। ਸੁਰਜੀਤ ਸਿੰਘ ਨੇ ਕਿਹਾ ਕਿ ਕੋਈ ਵੀ ਇਸ ਤਰ੍ਹਾਂ ਸਰਹੱਦ ਪਾਰ
ਨਹੀਂ ਕਰਦਾ। ਜੇ ਕੋਈ ਕਿਸੇ ਨੂੰ ਭੇਜਦਾ ਹੈ ਤਾਂ ਹੀ ਕੋਈ ਦੂਜੇ ਦੇਸ਼ ਵਿਚ ਜਾਂਦਾ ਹੈ। ਉਸ ਨੇ
ਦਾਅਵਾ ਕੀਤਾ ਕਿ 1968 ਵਿਚ ਬੀ.ਐਸ.ਐਫ਼. ਦੇ ਇਕ ਇੰਸਪੈਕਟਰ ਨੇ ਉਸ ਨੂੰ ਲਾਲਚ ਦੇ ਕੇ ਜਾਸੂਸੀ
ਦੇ ਕੰਮ ਲਈ ਸ਼ਾਮਲ ਕੀਤਾ ਸੀ। ਉਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇਸ ਪੇਸ਼ਕਸ਼ ਨੂੰ ਮੰਨ ਲਿਆ
ਸੀ ਅਤੇ ਅਹਿਮ ਜਾਣਕਾਰੀਆਂ ਲਿਆਉਣ ਲਈ 80 ਤੋਂ 85 ਵਾਰ ਪਾਕਿਸਤਾਨ ਦਾ ਦੌਰਾ ਕੀਤਾ। ਉਸ ਨੇ
ਕਿਹਾ ਕਿ ਜਾਸੂਸ ਦੇ ਤੌਰ ’ਤੇ ਮੈਂ ਅਪਣੀ ਜ਼ਿੰਦਗੀ ਕੁਰਬਾਨ ਕਰ ਦਿਤੀ ਹੈ ਅਤੇ ਭਾਰਤੀ
ਅਧਿਕਾਰੀਆਂ ਲਈ ਅਹਿਮ ਜਾਣਕਾਰੀਆਂ ਇਕੱਠੀਆਂ ਕੀਤੀਆਂ ਹਨ। ਸੁਰਜੀਤ ਸਿੰਘ ਨੇ ਕਿਹਾ ਕਿ ਸਾਰੇ
ਤੱਥਾਂ ਨੂੰ ਜਾਣਨ ਦੇ ਬਾਵਜੂਦ ਜਿਸ ਵਕਤ ਉਹ ਜੇਲ ਵਿਚ ਸਨ, ਉਸ ਦੌਰਾਨ ਭਾਰਤ ਸਰਕਾਰ ਨੇ ਉਸ ਦੇ
ਪਰਵਾਰ ਬਾਰੇ ਕੁੱਝ ਵੀ ਸੋਚਣ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ।