Share on Facebook

Main News Page

ਤਮਾਕੂ ਕੰਪਨੀਆਂ ਤੋਂ ਚੰਦੇ ਲੈਣ ਵਾਲਿਆਂ ਨੂੰ ਗੁਰੂ ਸਾਹਿਬਾਨ ਦੇ ਨਿਰਾਦਰ ਜਾਂ ਸਤਿਕਾਰ ਦੀ ਕੋਈ ਪਰਵਾਹ ਨਹੀਂ

ਅੰਮ੍ਰਿਤਸਰ, 1 ਜੁਲਾਈ (ਗੁਰਿੰਦਰ ਸਿੰਘ ਬਾਠ): ਬੀਤੇ ਦਿਨੀਂ ਰਾਜਾਪੁਰ, ਚਿੱਤਰਕੂਟ ਦੀ ਕੁਮਾਰ ਇੰਟਰਪ੍ਰਾਈਜ਼ਿਜ਼ ਨਾਂ ਦੀ ਇਕ ਨਿਜੀ ਕੰਪਨੀ ਵਲੋਂ ਗੁਟਖ਼ੇ ਦੀਆਂ ਪੁੜੀਆਂ ਤੇ ਗੁਰੂ ਨਾਨਕ ਦੇਵ ਜੀ ਦੀ ਫ਼ੋਟੋ ਛਾਪਣਾ ਅਤੇ ਗੁਟਖ਼ੇ ਦਾ ਨਾਮ ਗਿਆਨੀ ਪਾਨ ਸਮੱਗਰੀ ਰੱਖਣ ਨੂੰ ਲੈ ਕੇ ਪੰਥਕ ਹਲਕਿਆਂ ਵਿਚ ਰੋਸ ਦੀ ਲਹਿਰ ਦੌੜ ਗਈ ਹੈ ਅਤੇ ਹਰ ਸਿੱਖ ਨੇ ਇਸ ਦਾ ਗੰਭਰੀਤਾ ਨਾਲ ਨੋਟਿਸ ਲਿਆ ਹੈ।

ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ 1920 ਦੇ ਸ. ਰਘਬੀਰ ਸਿੰਘ ਰਾਜਾਸਾਂਸੀ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੇ ਸੱਤਾ ਵਿਚ ਹੁੰਦਿਆਂ ਅਜਿਹੀ ਘਟਨਾ ਦਾ ਵਾਪਰਨਾ ਸ. ਬਾਦਲ ਅਤੇ ਸ਼੍ਰੋਮਣੀ ਕਮੇਟੀ ਸਮੇਤ ਇਨ੍ਹਾਂ ਦੀ ਆਰ.ਐਸ.ਐਸ. ਅਤੇ ਹੋਰ ਪੰਥ ਵਿਰੋਧੀ ਏਜੰਸੀਆਂ ਨਾਲ ਯਾਰੀ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਥਕ ਕਹਾਉਣ ਵਾਲੇ ਲੀਡਰਾਂ ਤੋਂ ਪੰਥ ਦੇ ਭਲੇ ਦੀ ਆਸ ਰਖਣੀ ਅਪਣੀ ਜ਼ਮੀਰ ਨਾਲ ਧੋਖਾ ਹੈ। ਉਨ੍ਹਾਂ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਰੇ ਕਿਹਾ ਕਿ ਉਹ ਤਾਂ ਸ. ਬਾਦਲ ਦੀ ਕਠਪੁਤਲੀ ਹਨ। ਉਨ੍ਹਾਂ ਨੂੰ ਕੀ ਪਤਾ ਕਿ ਗੁਰੂ ਨਾਨਕ ਸਾਹਿਬ ਦਾ ਅਪਮਾਨ ਕਦੋਂ ਹੁੰਦਾ ਹੈ ਅਤੇ ਸਤਿਕਾਰ ਕਦੋਂ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਜੇ ਕੋਈ ਸਿੱਖ ਤੁਹਾਡੇ ਬਾਰੇ ਸੱਚ ਲਿਖ ਦੇਵੇ ਤਾਂ ਝੱਟ ਪਰਚਾ ਦਰਜ ਪਰ ਜੇ ਕੋਈ ਸਿੱਖ ਧਰਮ ਦਾ ਅਪਮਾਨ ਕਰੇ ਤਾਂ ਕੋਈ ਗੱਲ ਨਹੀਂ। ਖ਼ਾਲਸਾ ਐਕਸ਼ਨ ਕਮੇਟੀ ਕਨਵੀਨਰ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਇਸ ਦੇਸ਼ ਅੰਦਰ ਅਪਣੇ ਪੈਰ ਪਸਾਰ ਚੁੱਕੇ ਅਪਰਾਧੀ ਕਿਸਮ ਦੇ ਲੋਕਾਂ ਦੀ ਇਹ ਕਾਰਵਾਈ ਹੈ ਜੋ ਕਿ ਭਾਰਤ ਵਰਗੇ ਲੋਕਤੰਤਰਕ ਦੇਸ਼ ਵਿਚ ਦਿਨ ਕਟੀ ਕਰ ਰਹੀਆਂ ਘੱਟ ਗਿਣਤੀ ਕੌਮਾਂ ਦੇ ਲਹੂ ਨੂੰ ਉਤੇਜਿਤ ਕਰ ਕੇ ਅਪਣਾ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਵਰਤਾਰਾ ਸ਼੍ਰੋਮਣੀ ਕਮੇਟੀ ਅਤੇ ਕੌਮ ਦੇ ਦੁਸ਼ਮਣਾਂ ਨਾਲ ਭਾਈਵਾਲੀ ਪਾਈ ਬੈਠੀ ਅਕਾਲੀ ਸਰਕਾਰ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸਿੱਖ ਕੌਮ ਭ੍ਰਿਸ਼ਟ ਹੋ ਚੁੱਕੀ ਲੀਡਰਸ਼ਿਪ ਨੂੰ ਤਿਆਗ਼ ਕੇ ਨਵੀਂ ਤੇ ਪੰਥ ਦਾ ਦਰਦ ਰੱਖਣ ਵਾਲੀ ਅਪਣੇ ਨਿਜੀ ਹਿੱਤਾਂ ਦੀ ਪ੍ਰਵਾਹ ਨਾ ਕਰਨ ਵਾਲੀ ਲੀਡਰਸ਼ਿਪ ਨਹੀਂ ਚੁਣਦੀ ਉਦੋਂ ਤਕ ਸਿੱਖਾਂ ਦੀਆਂ ਵਿਰੋਧੀ ਏਜੰਸੀਆਂ ਵਲੋਂ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਖਿਲਵਾੜ ਹੁੰਦਾ ਹੀ ਰਹੇਗਾ। ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਸ. ਸਿਰਸਾ ਨੇ ਕਿਹਾ ਕਿ ਨਾਨਕ ਸਹਿਬ ਦੀਆਂ ਤਸਵੀਰਾਂ ਪਹਿਲਾਂ ਵੀ ਸ਼ਰਾਰਤੀ ਅਨਸਰਾਂ ਵਲੋਂ ਇਤਰਾਜ਼ ਯੋਗ ਸਮੱਗਰੀ ਤੇ ਛਾਪ ਕੇ ਸਿੱਖਾਂ ਦਾ ਮੂੰਹ ਚਿੜਾਇਆ ਜਾਂਦਾ ਰਿਹਾ ਹੈ ਅਤੇ ਸਿੱਖਾਂ ਦੀਆਂ ਭਾਵਨਾਵਾਂ ਦੀ ਕੋਈ ਪ੍ਰਵਾਹ ਨਾ ਕਰਦਿਆਂ ਸਿੱਖੀ ਨੂੰ ਢਾਹ ਲਾਉਦਾ ਲਿਟਰੇਚਰ ਵੀ ਥਾਂ ਥਾਂ ਤੇ ਹੋਰਡਿੰਗ ਬੋਰਡਾਂ ਦੇ ਰੂਪ ਵਿਚ ਲਗਾਇਆ ਜਾਂਦਾ ਹੈ।

ਉਨ੍ਹਾਂ ਸ. ਬਾਦਲ ਬਾਰੇ ਕਿਹਾ ਕਿ ਬਾਦਲ ਸਾਹਿਬ ਤਾਂ ਖ਼ੁਦ ਤਮਾਕੂ ਬਣਾਉਣ ਵਾਲੀਆਂ ਕੰਪਨੀਆਂ ਤੋਂ ਅੱਠ ਅੱਠ ਲੱਖ ਰੁਪਏ ਰਿਸ਼ਵਤ ਲੈਂਦੇ ਰਹੇ ਹਨ, ਉਨ੍ਹਾਂ ਨੂੰ ਕੀ ਕੋਈ ਜੋ ਮਰਜ਼ੀ ਛਾਪੇ। ਇੰਟਰਨੈਸ਼ਨਲ ਸਿੱਖ ਆਰਗਨਾਈਜ਼ੇਸ਼ਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਤੇ ਮੈਂਬਰ ਜੇਲ ਬੋਰਡ ਪੰਜਾਬ ਕੰਵਰਬੀਰ ਸਿੰਘ ਗਿੱਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਫ਼ੋਟੋ ਛਾਪਣ ਦੇ ਨਾਲ ਨਾਲ ਗੁਟਖ਼ੇ ਦਾ ਨਾਮ ਗਿਆਨੀ ਪਾਨ ਸਮੱਗਰੀ ਰਖਿਆ ਗਿਆ ਹੈ ਜੋ ਅਤਿ ਨਿੰਦਣਯੋਗ ਅਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਗਿੱਲ ਨੇ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ, ਮੁੱਖ ਮੰਤਰੀ ਪੰਜਾਬ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਘਟਨਾਂ ਨੂੰ ਗੰਭੀਰਤਾ ਨਾਲ ਲਂੈਦੇ ਹੋਏ ਇਸ ਗੁਟਖਾ ਕੰਪਨੀ ਵਿਰੁਧ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਕਾਨੂੰਨੀ ਕਾਰਵਾਈ ਕਰਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top