Share on Facebook

Main News Page

ਹੁਣ ਤਮਾਕੂ ਵਾਲੇ ਪਾਊਚ 'ਤੇ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਛਪੀਆਂ

* ਤਮਾਕੂ ਦੀ ਪੁੜੀ ਤੇ ਗੁਰੂ ਨਾਨਕ ਸਾਹਿਬ ਦੀ ਫ਼ੋਟੋ ਛਾਪਣ ਵਾਲੀ ਕੰਪਨੀ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ

ਰਈਆ, 1 ਜੁਲਾਈ (ਰਣਜੀਤ ਸਿੰਘ ਸੰਧੂ/ ਰਘਬੀਰ ਸਿੰਘ ਗਿੱਲ): ਸਿੱਖ ਕੌਮ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸਿੱਖ ਵਿਰੋਧੀ ਤਾਕਤਾਂ ਸਰਕਾਰੀ ਸ਼ਹਿ ਤੇ ਸਮੇਂ ਸਮੇਂ ਤੇ ਕੋਝੀਆਂ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆ ਰਹੀਆਂ ਜਿਸ ਦੀ ਇਕ ਤਾਜ਼ਾ ਮਿਸਾਲ ਬੀਤੇ ਦਿਨੀਂ ਉਤਰ ਪ੍ਰਦੇਸ਼ ਦੀ ਇਕ ਤਮਾਕੂ ਕੰਪਨੀ ਨੇ ਗੁਟਖ਼ੇ ਦੀ ਪੁੜੀ ਉਪਰ ਗੁਰੂ ਨਾਨਕ ਸਾਹਿਬ ਦੀ ਫ਼ੋਟੋ ਛਾਪ ਕੇ ਗਿਆਨੀ ਬ੍ਰਾਂਡ ਦੇ ਨਾਮ ਤੇ ਬਾਜ਼ਾਰ ਵਿਚ ਉਤਾਰਿਆ ਹੈ ਜਿਸ ਨਾਲ ਪੂਰੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਸਿੱਖ ਵਿਰੋਧੀ ਤਾਕਤਾਂ ਦੀ ਇਸ ਕੋਝੀ ਹਰਕਤ ਦੀ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਭਰਪੂਰ ਨਿੰਦਾ ਕੀਤੀ ਹੈ।

ਇਸ ਸਬੰਧੀ ਅੱਜ ਇਥੋਂ ਥੋੜ੍ਹੀ ਦੂਰ ਪਿੰਡ ਫੇਰੂਮਾਨ ਵਿਖੇ ਦਲ ਖ਼ਾਲਸਾ ਦੇ ਸੁਖਦੇਵ ਸਿੰਘ ਹਸਨਪੁਰ, ਮਾਸਟਰ ਕੁਲਵੰਤ ਸਿੰਘ ਤੇ ਸੁਖਦੇਵ ਸਿੰਘ ਪੱਡਾ ਦੀ ਅਗਵਾਈ ਹੇਠ ਇਕ ਇਕੱਠ ਹੋਇਆ ਜਿਸ ਵਿਚ ਨਰਿੰਦਰ ਸਿੰਘ ਪੱਡਾ, ਚਰਨਜੀਤ ਸਿੰਘ, ਪਰਮਿੰਦਰ ਸਿੰਘ, ਪ੍ਰਮਜੀਤ ਸਿੰਘ, ਸੁਰਿੰਦਰਪਾਲ ਸਿੰਘ, ਅਮਨਦੀਪ ਸਿੰਘ, ਤਰਸੇਮ ਸਿੰਘ,ਮਨੋਹਰ ਸਿੰਘ,ਮਨਦੀਪ ਸਿੰਘ, ਗੁਰਪ੍ਰੀਤ ਸਿੰਘ,ਤੇ ਸਰਵਣ ਸਿੰਘ ਸ਼ਾਮਲ ਹੋਏ।

ਇਸ ਮੌਕੇ ਇਕੱਤਰ ਹੋਏ ਆਗੂਆਂ ਨੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਕਿ ਉਤਰ ਪ੍ਰਦੇਸ਼ ਦੀ ਸਰਕਾਰ ਤੇ ਦਬਾਅ ਪਾ ਕੇ ਉਕਤ ਤਮਾਕੂ ਕੰਪਨੀ ਦੇ ਮਾਲਕਾਂ ਉਪਰ ਸਿੱਖ ਕੌਮ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕਰਵਾਇਆ ਜਾਵੇ ਅਤੇ ਬਾਜ਼ਾਰ ਵਿਚ ਵੇਚਣ ਲਈ ਉਤਾਰੀਆਂ ਗਈਆਂ ਤਮਾਕੂ ਦੀਆਂ ਪੁੜੀਆਂ ਨੂੰ ਤੁਰਤ ਵਾਪਸ ਲਿਆ ਜਾਵੇ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸੇ ਵੀ ਧਰਮ ਨੂੰ ਮੰਨਣ ਵਾਲਿਆਂ ਦੀਆਂ ਧਾਰਮਕ ਭਾਵਨਾਵਾਂ ਨਾਲ ਖਿਲਵਾੜ ਕੀਤੇ ਜਾਣ ਵਾਲੀਆਂ ਕਾਰਵਾਈਆਂ ਵਿਰੁਧ ਸਖ਼ਤ ਕਾਨੂੰਨ ਬਣਾਏ ਜਾਣ ਤਾਕਿ ਅੱਗੇ ਤੋਂ ਸ਼ਰਾਰਤੀ ਅਨਸਰ ਇਹੋ ਜਿਹੀਆਂ ਹਰਕਤਾਂ ਨਾ ਕਰ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top