Share on Facebook

Main News Page

ਗੁਰਬਾਣੀ ਸਾਡੇ ਜੀਵਨ ਦੇ ਸੁਧਾਰ ਲਈ ਲਿਖੀ ਹੈ ਪਰ ਅਸੀਂ ਇਸ ਨੂੰ ਦੁਸ਼ਮਣਾਂ ’ਤੇ ਵਿਅੰਗ ਕਸਣ ਲਈ ਵਰਤ ਰਹੇ ਹਾਂ
- ਪ੍ਰੋ. ਨਛੱਤਰ ਸਿੰਘ

* ਕੁਮਾਰ ਸਵਾਮੀ ਵਰਗੇ ਸਾਧ ਜਿਸ ਤਰ੍ਹਾਂ ਗੁਰਬਾਣੀ ਨੂੰ ਤੋੜ ਮਰੋੜ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਹਨ
* ਪਰ ਸਾਡੀ ਲੜਾਈ ਸਿਰਫ ਇੱਥੋਂ ਤੱਕ ਸੀਮਤ ਹੈ ਕਿ ਮੂਲਮੰਤਰ ਕਿਥੋਂ ਤੱਕ ਹੈ, ਪਾਠ ਗੋਲ ਪੱਗ ਬੰਨ੍ਹ ਕੇ ਅਤੇ ਪਜਾਮਾ ਲਾਹ ਕੇ ਕਰਨਾ ਹੈ

ਬਠਿੰਡਾ, 30 ਜੂਨ (ਕਿਰਪਾਲ ਸਿੰਘ): ਗੁਰਬਾਣੀ ਦੇ ਪਾਠ ਪਠਨ, ਅਖੰਡ ਪਾਠ, ਇਕੋਤਰੀਆਂ ਤੇ ਕਈ ਤਰ੍ਹਾਂ ਦੇ ਸੰਪਟ ਪਾਠ ਤਾਂ ਬਹੁਤ ਹੋ ਰਹੇ ਹਨ, ਪਰ ਇਸ ਗੁਰਬਾਣੀ ਵਿੱਚ ਦਰਜ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣਾਂ ਤਾਂ ਬਹੁਤ ਦੂਰ ਦੀ ਗੱਲ ਹੈ, ਇਸ ਨੂੰ ਸਮਝਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਜੇ ਕੋਈ ਪਾਖੰਡੀ ਬਾਬਾ ਘਰ ਆ ਜਾਵੇ, ਤਾਂ ਜਿੰਨਾ ਚਿਰ ਉਹ ਘਰ ਵਿੱਚ ਰਹਿੰਦਾ ਹੈ, ਉਨਾਂ ਚਿਰ ਪ੍ਰਵਾਰ ਦੇ ਸਾਰੇ ਜੀਅ ਉਸ ਦੇ ਦੁਆਲੇ ਝੁਰਮਟ ਪਾ ਕੇ ਬੈਠੇ ਰਹਿੰਦੇ ਹਨ, ਤੇ ਇਹ ਪੂਰਾ ਖ਼ਿਆਲ ਰੱਖਦੇ ਹਨ ਕਿ ਉਸ ਦਾ ਸਤਿਕਾਰ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਾ ਰਹੇ। ਪਰ ਜਿਸ ਗੁਰੂ ਗ੍ਰੰਥ ਸਾਹਿਬ ਜੀ ਵਿੱਚ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ, ਸਾਡੇ ਘਰ ਅਖੰਡ ਪਾਠ ਕਰਨ ਲਈ ਤਕਰੀਬਨ 50 ਘੰਟੇ ਲਈ ਮੌਜੂਦ ਰਹਿੰਦੇ ਹਨ, ਤਾਂ ਅਸੀਂ 35 ਮਹਾਂਪੁਰਖਾਂ ਕੋਲ ਬੈਠ ਕੇ ਉਨ੍ਹਾਂ ਦੀ ਸਿਖਿਆ ਸੁਣਨ ਲਈ 2 ਘੰਟੇ ਦਾ ਸਮਾਂ ਵੀ ਨਹੀਂ ਕਢਦੇ। ਜਿਉਂ ਹੀ ਅਨੰਦ ਸਾਹਿਬ ਦੀਆਂ 6 ਪਉੜੀਆਂ ਤੇ ਪੰਜ ਪਉੜੀਆਂ ਜਪੁਜੀ ਸਾਹਿਬ ਦੀਆਂ ਪੜ੍ਹ ਕੇ ਦੇਗ ਵਰਤਾ ਦਿੱਤੀ ਜਾਂਦੀ ਹੈ, ਤਾਂ ਇੱਕ ਬਜੁਰਗ, ਜਿਸ ਦੇ ਕੰਨਾਂ ਵਿੱਚ ਮਸ਼ੀਨ ਲੱਗੀ ਹੁੰਦੀ ਹੈ, ਤੇ ਅੱਖਾਂ ’ਤੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਲੱਗੀ ਹੋਣ ਕਰਕੇ ਸਿਰਫ ਇੰਨਾ ਹੀ ਦਿਸਦਾ ਹੈ, ਕਿ ਧੂਪ ਤੇ ਜੋਤ ਜਗ ਰਹੀ ਹੈ ਜਾਂ ਨਹੀਂ, ਨੂੰ ਛੱਡ ਕੇ ਬਾਕੀ ਦੇ ਸਾਰੇ ਹੀ ਮੈਂਬਰ ਬਾਹਰ ਆ ਕੇ ਆਪਣੇ ਕੰਮਾਂ ਜਾਂ ਗੱਲਾਂ ਵਿੱਚ ਮਸ਼ਰੂਫ ਹੋ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਆਉਣ ਦਾ ਸਮਾਂ ਸਿਰਫ ਉਸ ਸਮੇਂ ਹੀ ਮਿਲਦਾ ਹੈ, ਜਦੋਂ ਭੋਗ ਦੇ ਸ਼ਲੋਕ ਪੜ੍ਹੇ ਜਾਣੇ ਸ਼ੁਰੂ ਹੁੰਦੇ ਹਨ।

ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਨਛੱਤਰ ਸਿੰਘ ਨੇ, ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ, ਨੇੜੇ ਖੇਡ ਸਟੇਡੀਅਮ ਬਠਿੰਡਾ ਵਿਖੇ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਕੀਤੇ ਜਾ ਰਹੇ 4 ਰੋਜਾ ਸਮਾਗਮ ਦੇ ਤੀਸਰੇ ਦਿਵਾਨ ਦੌਰਾਣ, ਬੀਤੀ ਰਾਤ ਕਹੇ। ਉਨ੍ਹਾਂ ਕਿਹਾ ਗੁਰੂ ਸਾਹਿਬ ਜੀ ਨੇ ਗੁਰਬਾਣੀ ਸਾਡੇ ਲਈ ਲਿਖੀ ਹੈ ਸਾਡੇ ਵਿਰੋਧੀਆਂ ਜਾਂ ਦੁਸ਼ਮਣਾਂ ਲਈ ਨਹੀਂ। ਗੁਰਬਾਣੀ ਨੂੰ ਪੜ੍ਹ ਕੇ ਅਸੀਂ ਆਪਣਾ ਜੀਵਨ ਸੁਧਾਰਣਾ ਹੈ, ਇਹ ਵਿਰੋਧੀਆਂ ’ਤੇ ਵਿਅੰਗ ਕਸਣ ਲਈ ਨਹੀਂ। ਗੁਰਬਾਣੀ ਸਾਨੂੰ ਪ੍ਰੇਰਣਾ ਦਿੰਦੀ ਹੈ ਕਿ ਕਿਹੜੇ ਕੰਮ ਕਰਨੇ ਹਨ ਤੇ ਕਿਹੜੇ ਨਹੀਂ ਪਰ ਇਸ ’ਤੇ ਅਮਲ ਕਰਨ ਦੀ ਥਾਂ ਅਸੀਂ ਸਮਝ ਰਹੇ ਹਾਂ ਕਿ ਜਿਥੇ ਕੁਝ ਦਾਤਾਂ ਤੇ ਅਨੰਦ ਦੀ ਪ੍ਰਾਪਤੀ ਦੀ ਗੱਲ ਹੈ ਉਹ ਤਾਂ ਸਾਡੇ ਲਈ ਹੈ ਪਰ ਜਿਥੇ ਸਾਡੇ ਕਿਰਦਾਰ ਦਾ ਸ਼ੀਸ਼ਾ ਵਿਖਾ ਕੇ ਝਾੜ ਪਾਈ ਗਈ ਹੈ ਉਹ ਸਾਡੇ ਲਈ ਨਹੀਂ ਬਲਕਿ ਸਾਡੇ ਵਿਰੋਧੀਆਂ ਜਾਂ ਦੁਸ਼ਮਣਾਂ ਲਈ ਹੈ। ਇਹੋ ਕਾਰਣ ਹੈ ਕਿ:

"ਚੰਦਨ ਲੇਪੁ ਉਤਾਰੈ ਧੋਇ ॥ ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥" (ਗਉੜੀ ਸੁਖਮਨੀ ਮ: 5, ਗੁਰੂ ਗ੍ਰੰਥ ਸਾਹਿਬ ਪੰਨਾ 267)

ਪੜ੍ਹਦੇ ਸਮੇਂ ਇਹ ਮਹਿਸੂਸ ਕਰਨ ਦੀ ਥਾਂ ਕਿ ਗੁਰੂ ਸਾਹਿਬ ਸਾਡੇ ਹੀ ਕਿਰਦਾਰ ਦਾ ਵਰਨਣ ਕਰ ਰਹੇ ਹਨ, ਅਸੀਂ ਸੋਚਦੇ ਹਾਂ ਕਿ ਇਹ ਤੁਕਾਂ ਸਾਡੇ ਵਿਰੋਧੀਆਂ ਲਈ ਹੀ ਹਨ। ਆਪਣੇ ਲਈ ਰਾਗੀ ਸਿੰਘਾਂ ਨੂੰ ਸਿਰਫ ਇਹ ਸ਼ਬਦ ਪੜ੍ਹਨ ਦੀ ਤਾਕੀਦ ਹੀ ਕਰਦੇ ਕਿ "ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥" ਜਰੂਰ ਪੜ੍ਹਿਆ ਜਾਵੇ, ਪਰ ਇਸ ਸ਼ਬਦ ਦੇ ਰਹਾਉ ਦੀ ਤੁੱਕ: "ਮੇਰੇ ਮਨ ਏਕਸ ਸਿਉ ਚਿਤੁ ਲਾਇ ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥1॥ ਰਹਾਉ ॥" ਜਿਹੜੀ ਕਿ ਸ਼ਬਦ ਦਾ ਕੇਂਦਰੀ ਭਾਵ ਹੈ, ਨੂੰ ਸੁਣਨ ਜਾਂ ਸਮਝਣ ਦਾ ਕੋਈ ਯਤਨ ਹੀ ਨਹੀਂ ਕੀਤਾ ਜਾਂਦਾ। ਰਹਾਉ ਦੀਆਂ ਇਹ ਤੁੱਕਾਂ ਸਾਡੇ ਮਨ ਨੂੰ ਸੰਬੋਧਨ ਕਰਕੇ ਸਮਝਾ ਰਹੀਆਂ ਹਨ - ਹੇ ਮੇਰੇ ਮਨ! ਸਿਰਫ਼ ਇਕ ਪਰਮਾਤਮਾ ਨਾਲ ਸੁਰਤ ਜੋੜ। ਇਕ ਪਰਮਾਤਮਾ (ਦੇ ਪਿਆਰ) ਤੋˆ ਬਿਨਾ (ਦੁਨੀਆ ਦੀ) ਸਾਰੀ (ਦੌੜ-ਭੱਜ) ਜੰਜਾਲ ਬਣ ਜਾˆਦੀ ਹੈ। (ਤੇ) ਮਾਇਆ ਦਾ ਮੋਹ ਹੈ ਭੀ ਸਾਰਾ ਵਿਅਰਥ ॥1॥ ਰਹਾਉ ॥ ਪਰ ਸਾਡਾ ਮਨ ਤਾਂ ਪਰਮਾਤਮਾ ਨਾਲ ਸੁਰਤ ਜੋੜਨ ਦੀ ਕੋਸ਼ਿਸ਼ ਹੀ ਨਹੀਂ ਕਰਦਾ, ਅਸੀਂ ਤਾਂ ਅਖੰਡ ਪਾਠ ਕਰਵਾਉਂਦੇ ਹੀ ਉਸ ਮਾਇਆ ਦੀ ਪ੍ਰਾਪਤੀ ਲਈ ਹੈ ਜਿਸ ਦੇ ਮੋਹ ਨੂੰ ਇਸ ਸ਼ਬਦ ਵਿੱਚ ਵਿਅਰਥ ਦੱਸਿਆ ਗਿਆ ਹੈ।

ਪ੍ਰੋ: ਨਛੱਤਰ ਸਿੰਘ ਨੇ ਕਿਹਾ ਸਿੱਖਾਂ ਵੱਲੋਂ ਗੁਰਬਾਣੀ ਨੂੰ ਨਾ ਸਮਝਣ ਕਾਰਣ ਹੀ, ਡੇਰੇਦਾਰ ਅਤੇ ਪੰਥ ਵਿਰੋਧੀ ਅਗਲੀਆਂ ਪਿਛਲੀਆਂ ਤੁਕਾਂ ਨੂੰ ਛੱਡ ਕੇ, ਆਪਣੀ ਮਰਜੀ ਦੀਆਂ ਤੁਕਾਂ ਸੁਣਾ ਕੇ ਸਾਡੇ ਹੀ ਗੁਰੂ ਦੀ ਬਾਣੀ ਰਾਹੀਂ ਸਾਨੂੰ ਹੀ ਗੁਮਰਾਹ ਕਰਨ ਵਿੱਚ ਸਫਲ ਹੋ ਜਾਂਦੇ ਹਨ। ਉਨ੍ਹਾਂ ਉਦਾਹਰਣ ਦਿੱਤੀ ਕਿ ਪਿਛਲੀ ਦਿਨੀਂ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਵਿੱਚ ਕੁਮਾਰ ਸਵਾਮੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਸ਼ਰੇਆਮ ਝੂਠੀ ਦੱਸ ਗਿਆ, ਪਰ ਕਿਸੇ ਜਥੇਦਾਰ ਦੀ ਹਿੰਮਤ ਨਹੀਂ ਪਈ ਕਿ ਉਸ ਨੂੰ ਗੁਰਬਾਣੀ ਦੇ ਸਹੀ ਅਰਥ ਕਰਕੇ ਝੂਠਾ ਸਾਬਤ ਕਰ ਸਕੇ। ਪ੍ਰੋ: ਨਛੱਤਰ ਸਿੰਘ ਨੇ ਕਿਹਾ ਕਿ ਕੁਮਾਰ ਸਵਾਮੀ ਦੇ ਉਸ ਸਮਾਗਮ ਦਾ ਆਸਥਾ ਚੈੱਨਲ ਤੋਂ ਸਿੱਧਾ ਪ੍ਰਸਾਰਣ ਹੋ ਰਿਹਾ ਸੀ ਜਿਸ ਵਿੱਚ ਉਨ੍ਹਾਂ ਖ਼ੁਦ ਕੁਮਾਰ ਸਵਾਮੀ ਨੂੰ ਇਹ ਕਹਿੰਦਿਆਂ ਸੁਣਿਆਂ ਹੈ, ਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ: "ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥1॥" ਇਹ ਤੁੱਕ ਪੜ੍ਹ ਕੇ ਕੁਮਾਰ ਸਵਾਮੀ ਨੇ ਕਿਹਾ ਜੋ ਲੇਖੇ ਵਿੱਚ ਆਉਣ ਵਾਲੀ ਇੱਕ ਗੱਲ ਸੀ ਉਹ ਤਾਂ ਇਸ ਗ੍ਰੰਥ ਵਿੱਚ ਲਿਖੀ ਹੀ ਨਹੀਂ ਤੇ ਹੋਰ ਝਖਣਾ ਝਾਖ ਕੇ ਹਊਮੈ ਵਧਾਉਣ ਵਾਲੀਆਂ ਗੱਲਾਂ ਹੀ ਲਿਖੀਆਂ ਹਨ। ਪ੍ਰੋ: ਨਛੱਤਰ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ’ਤੇ ਸਿੱਖ ਕਤਲ ਤੱਕ ਕਰ ਦਿੰਦੇ ਹਨ ਪਰ ਕੁਮਾਰ ਸਵਾਮੀ ਵਰਗੇ ਸਾਧ ਜਿਸ ਤਰ੍ਹਾਂ ਗੁਰਬਾਣੀ ਨੂੰ ਤੋੜ ਮਰੋੜ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਹਨ ਇਸ ਵੱਲ ਬਿਲਕੁਲ ਹੀ ਧਿਆਨ ਨਹੀਂ ਦਿੱਤਾ ਜਾਂਦਾ। ਇਸੇ ਕਰਕੇ ਇਹ ਸਾਧ ਅਜਿਹੀਆਂ ਬੇਹੂਦੀਆਂ ਗੱਲਾਂ ਕਰਕੇ ਸਿੱਖਾਂ ਨੂੰ ਪਰਖਦੇ ਰਹਿੰਦੇ ਹਨ ਕਿ ਇਹ ਗੁਰਬਾਣੀ ਦੀ ਕਿੰਨੀ ਕੁ ਸੂਝ ਰਖਦੇ ਹਨ ਤੇ ਇਸਦੀ ਗਲਤ ਵਰਤੋਂ ਕਰਨ ਵਾਲੇ ਨੂੰ ਕਿੰਨੀ ਕੁ ਗੰਭੀਰਤਾ ਨਾਲ ਲੈਂਦੇ ਹਨ?

ਪ੍ਰੋ: ਨਛੱਤਰ ਸਿੰਘ ਨੇ ਕਿਹਾ ਕਿ ਗੁਰਬਾਣੀ ਨੂੰ ਨਾ ਸਮਝਣ ਕਰਕੇ ਅਸੀਂ ਸਿੱਖੀ ਦੇ ਮੁਢਲੇ ਅਸੂਲਾਂ ਤੋਂ ਭਟਕ ਗਏ ਹਾਂ, ਨੌਜਵਾਨ ਨਸ਼ਿਆਂ ਤੇ ਪਤਿਤਪੁਣੇ ਵਿੱਚ ਗਰਕ ਹੋ ਰਹੇ ਹਨ, ਡੇਰਾਵਾਦ ਅਮਰਵੇਲ ਵਾਂਗ ਸਿੱਖੀ ’ਤੇ ਫੈਲ ਚੁੱਕਿਆ ਹੈ ਪਰ ਸਾਡੀ ਲੜਾਈ ਸਿਰਫ ਇੱਥੋਂ ਤੱਕ ਸੀਮਤ ਹੈ ਕਿ ਮੂਲਮੰਤਰ ਕਿਥੋਂ ਤੱਕ ਹੈ, ਪਾਠ ਗੋਲ ਪੱਗ ਬੰਨ੍ਹ ਕੇ ਕਰਨਾ ਹੈ ਜਾਂ ਤਿੱਖੀ ਚੁੰਝ ਵਾਲੀ ਦਸਤਾਰ ਸਜਾਉਣੀ ਹੈ, ਪਾਠ ਪਜਾਮਾ ਲਾਹ ਕੇ ਕਰਨਾ ਹੈ ਜਾਂ ਪਜਾਮਾ ਪਾ ਕੇ ਵੀ ਕੀਤਾ ਜਾ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top