*
ਸਿਰਪਾਉ ਜਾਂ ਹੋਰ ਸਨਮਾਨ ਕੇਵਲ ਮੁੱਠੀਚਾਪੀ ਕਰਨ
ਵਾਲਿਆਂ ਜਾਂ ਅਮੀਰ ਸਿੱਖਾਂ ਲਈ ਹੀ ਰਹਿ ਗਿਐ?
ਅੰਮ੍ਰਿਤਸਰ : 30 ਸਾਲਾਂ
ਦੀ ਲੰਮੀ ਕੈਦ ਤੋਂ ਬਾਅਦ ਪਾਕਿਸਤਾਨ ਦੀ ਕੋਟ ਲਖਪਤ ਜੇਲ ਤੋ ਰਿਹਾਅ ਹੋ ਕੇ ਵਾਪਿਸ ਆਪਣੇ ਵਤਨ
ਪਹੁੰਚੇ ਬਜ਼ੁਰਗ ਸਿੱਖ ਭਾਈ ਸੁਰਜੀਤ ਸਿੰਘ ਦਾ ਦਰਬਾਰ ਸਾਹਿਬ, ਸੂਚਨਾ ਕੇਂਦਰ ਵਿਖੇ ਪੁੱਜਣ ਤੇ
ਸ੍ਰੋਮਣੀ ਕਮੇਟੀ ਵੱਲੋਂ ਅਣਗੌਲਿਆਂ ਕਰਨਾ, ਗ਼ੈਰ-ਜ਼ਿੰਮੇਵਾਰਾਨਾ ਅਤੇ ਨਿਰਸ਼ਾਜਨਕ ਕਾਰਵਾਈ ਹੈ,
ਜੋ ਕਿ ਨਿੰਦਣਯੋਗ ਹੈ।
ਇਹਨਾਂ
ਸ਼ਬਦਾਂ ਦਾ ਪ੍ਰਗਟਾਵਾ ਗੁਰੂ ਨਾਨਕ ਮਿਸ਼ਨ ਯੂਥ ਕਲੱਬ ਦੇ ਮੁੱਖ ਸਰਪ੍ਰਸਤ ਸ. ਇਕਵਾਕ ਸਿੰਘ ਪੱਟੀ
ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਸ. ਪੱਟੀ ਨੇ ਅੱਜ ਇੱਕ ਪੰਜਾਬੀ ਅਖਬਾਰ ਵਿੱਚ ਛਪੀ ਖਬਰ ਕਿ
‘ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਪਹੁੰਚਣ ਤੇ ਸ. ਸੁਰਜੀਤ ਸਿੰਘ ਹੁਰਾਂ ਨੂੰ ਕਿਸੇ
ਵੀ ਅਧਿਕਾਰੀ ਵੱਲੋਂ ਸਿਰਪਾਉ, ਧਾਰਮਿਕ ਤਸਵੀਰ ਜਾਂ ਪੁਸਤਕਾਂ ਦਾ ਸੈੱਟ ਭੇਂਟ ਨਹੀਂ ਕੀਤਾ ਗਿਆ
ਅਤੇ ਨਾ ਹੀ ਕਿਸੇ ਅਧਿਕਾਰੀ ਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾਂ ਸੂਚਨਾ ਕੇਂਦਰ ਵਿੱਚ ਉਹਨਾਂ
ਦਾ ਕੋਈ ਸਵਾਗਤ ਨਹੀਂ ਕੀਤਾ’ ਦੇ ਹਵਾਲੇ ਨਾਲ ਕਿਹਾ ਕਿ ਇੱਕ ਬਜ਼ੁਰਗ ਸਿੱਖ ਜੋ 30 ਸਾਲ ਆਪਣੇ
ਦੇਸ਼ ਲਈ ਜਾਸੂਸੀ ਕਰਨ ਗਿਆ, ਪਾਕਿਸਤਾਨ ਦੀ ਜੇਲ਼ ਵਿੱਚ ਆਪਣੀ ਜਿੰਦਗੀ ਗਾਲ ਆਇਆ ਹੈ ਅਤੇ ਜਿਸਦੀ
ਰਿਹਾਈ ਤੇ ਸਾਰੇ ਦੇਸ਼ਵਾਸੀਆਂ ਨੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਹੈ, ਪਰ ਸਿੱਖਾਂ ਦੀ ਸਿਰਮੌਰ
ਕਮੇਟੀ ਵੱਲੋਂ ਭਾਈ ਸੁਰਜੀਤ ਸਿੰਘ ਦੀ ਆਮਦ ਤੇ ਕੋਈ ਸਰਗਰਮੀ ਨਾ ਕਰਨਾ ਗੈਰ-ਜਿੰਮੇਵਾਰਾਨਾ ਹੈ।
ਜਿਹੜਾ ਵਿਅਕਤੀ ਆਪਣੇ ਦੇਸ਼ ਦੇ ਲਈ ਕੰਮ ਕਰਦਾ ਦੂਸਰੇ ਮੁਲਕ
ਵਿੱਚ ਇਸੇ ਗੁਨਾਹ ਲਈ 30 ਸਾਲ ਦਾ ਸਮਾਂ ਆਪਣੇ ਦੇਸ਼ ਲਈ ਗੁਜ਼ਾਰ ਆਇਆ ਹੋਵੇ, ਜਿਸਦਾ ਪਰਿਵਾਰ ਵੀ
ਗਰੀਬੀ ਦੀ ਮਾਰ ਝੱਲ ਰਿਹਾ ਹੋਵੇ, ਅਜਿਹੇ ਗਰੀਬ ਸਿੱਖ ਵਿਅਕਤੀ ਦੀ ਸਾਰ ਸ੍ਰੋਮਣੀ ਕਮੇਟੀ ਹੀ
ਨਹੀਂ ਕਰੇਗੀ ਤਾਂ ਕੌਣ ਕਰੇਗਾ?
ਅਜਿਹੇ ਮੌਕੇ ਤੇ ਸ. ਸੁਰਜੀਤ ਸਿੰਘ ਹੁਰਾਂ ਨੂੰ ਸਨਮਾਨਤ
ਕਰਕੇ ਹਰ ਤਰ੍ਹਾਂ ਦੀ ਆਰਥਿਕ ਮੱਦਦ ਵੀ ਕਰਨੀ ਚਾਹੀਦੀ ਸੀ, ਪਰ ਅਜਿਹਾ ਨਹੀਂ ਕੀਤਾ ਗਿਆ ।ਸ.
ਪੱਟੀ ਨੇ ਸ੍ਰੋਮਣੀ ਕਮੇਟੀ ਨੂੰ ਸਵਾਲ ਕਰਦਿਆਂ ਕਿਹਾ ਕਿ ਸਿਰਪਾਉ ਜਾਂ ਹੋਰ ਸਨਮਾਨ ਕੇਵਲ
ਮੁੱਠੀਚਾਪੀ ਕਰਨ ਵਾਲਿਆਂ ਜਾਂ ਅਮੀਰ ਸਿੱਖਾਂ ਲਈ ਹੀ ਰਹਿ ਗਿਐ?