Share on Facebook

Main News Page

ਅਮਰਿੰਦਰ ਸਿੰਘ, ਕੁਲਦੀਪ ਨਈਅਰ, ਸੁਪਰੀਮ ਕੋਰਟ: ਕੀ ਸਿੱਖਾਂ ਨਾਲ ਨਫ਼ਰਤ ਭਾਰਤ ਦਾ ਕੌਮੀ ਨਿਸ਼ਾਨਾ ਹੈ?
- ਡਾ: ਹਰਜਿੰਦਰ ਸਿੰਘ ਦਿਲਗੀਰ

ਬੀਤੇ ਦਿਨੀਂ ਪੰਜਾਬ ਕਾਂਗਰਸ ਅਤੇ ਇਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਰਬਾਰ ਸਾਹਿਬ ਵਿਚ 1984 ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੇ ਖ਼ਿਲਾਫ਼ ਬਿਆਨ ਆਇਆ ਤਾਂ ਸਿੱਖਾਂ ਨੇ ਇਸ ਦਾ ਸਖ਼ਤ ਨੋਟਿਸ ਲਿਆ। ਸਿੱਖ ਵਿਦਵਾਨਾਂ, ਸਿਆਸੀ ਆਗੂਆਂ ਅਤੇ ਆਮ ਸਿੱਖਾਂ ਵਿਚ ਇਸ ਦੇ ਖ਼ਿਲਾਫ਼ ਰੋਸ ਅਤੇ ਰੋਹ ਪੈਦਾ ਹੋਇਆ।

ਪਰ ਕੈਪਟਨ ਜਾਂ ਕਾਂਗਰਸ ਦਾ ਇਹ ਸਟੈਂਡ ਕੋਈ ਅਚਾਣਕ ਹੋਇਆ ਐਕਸ਼ਨ ਨਹੀਂ ਸੀ; ਇਹ ਖ਼ਾਲੀ ਯਾਦਗਾਰ ਬਣਾਉਣ ਦੀ ਮੁਖ਼ਾਲਫ਼ਤ ਨਹੀਂ ਸੀ। ਚੇਤੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਯਾਦਗਾਰ ਦੇ ਖ਼ਿਲਾਫ਼ ਬੋਲਿਆ ਹੈ ਉਸ ਨੇ ਉਸ ਘਟਨਾ ਨੂੰ ਜ਼ੁਲਮ ਦੀ ਇੰਤਹਾ ਕਹਿ ਕੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਦੀ ਮੈਂਬਰੀ ਤੋਂ ਵੀ ਅਸਤੀਫ਼ਾ ਦਿੱਤਾ ਤੇ ਫਿਰ ਦੋਬਾਰਾ ਸੁਰਜੀਤ ਬਰਨਾਲਾ ਵੱਲੋਂ ਜੂਨ 1986 ਵਿਚ ਦਰਬਾਰ ਸਾਹਿਬ ਪੁਲਸ ਭੇਜਣ ਦੇ ਖ਼ਿਲਾਫ਼ ਰੋਸ ਵਜੋਂ ਉਸ ਦੇ ਦਲ ਅਤੇ ਵਜ਼ਾਰਤ ਤੋਂ ਅਸਤੀਫ਼ਾ ਦਿੱਤਾ ਸੀ। ਕੀ ਕੈਪਟਨ ਵੱਲੋਂ ਹੁਣ ਯਾਦਗਾਰ ਦੀ ਵਿਰੋਧਤਾ ਉਸ ਦਾ ਦੋਗਲਾਪਣ ਹੈ; ਜਾਂ ਕੀ ਉਹ ਸਿਆਸੀ ਪੁਜ਼ੀਸ਼ਨ ਵਾਸਤੇ ਸਿਧਾਂਤ ਨੂੰ ਛੱਡ ਗਿਆ ਹੈ; ਕੀ ਹੁਣ ਉਹ 1984 ਵਾਲੇ ਕਾਂਗਰਸ ਤੋਂ ਅਸਤੀਫ਼ੇ ਵਾਲੇ ਫ਼ੈਸਲੇ ਨੂੰ ਗ਼ਲਤ ਮੰਨਣ ਲਗ ਪਿਆ ਹੈ; ਜਾਂ ਕੀ ਹੁਣ ਉਹ ਦਰਬਾਰ ਸਾਹਿਬ ‘ਤੇ ਹਮਲੇ ਅਤੇ ਉਸ ਜ਼ੁਲਮ ਨੂੰ ਸਹੀ ਮੰਨਣ ਲਗ ਪਿਆ ਹੈ -- ਇਹ ਤਾਂ ਉਹੀ ਜਾਣਦਾ ਹੋਵੇਗਾ। ਸ਼ਾਇਦ ਉਸ ਨੂੰ ਪਤਾ ਨਹੀਂ ਕਿ ਉਹ ਕਿੰਨੀ ਵੱਡੀ ਸਿਆਸੀ ਗ਼ਲਤੀ ਕਰ ਰਿਹਾ ਹੈ।

ਜਦ ਉਹ 1997 ਤੋਂ ਮਗਰੋਂ ਕਾਂਗਰਸ ਵਿਚ ਗਿਆ ਸੀ ਤਾਂ ਪੰਥਕ ਹਲਕਿਆਂ ਨੇ ਇਸ ਨੂੰ ਪਸੰਦ ਨਹੀਂ ਕੀਤਾ ਸੀ ਕਿਉਂ ਕਿ ਸਿੱਖ ਜੂਨ 1984 ਅਤੇ ‘ਖ਼ੂਨੀ ਨਵੰਬਰ 1984’ ਦੇ ਜ਼ੁਲਮਾਂ ਨੂੰ ਅਜੇ ਭੁੱਲੇ ਨਹੀਂ ਸਨ (ਤੇ ਨਾ ਹੀ ਕਦੇ ਭੁੱਲ ਸਕਦੇ ਹਨ)। ਪਰ ਉਸ ਵੇਲੇ ਦੀ ਬਾਦਲ ਸਰਕਾਰ (1997-2002) ਵੱਲੋਂ ਕੀਤੇ ਗਏ ਐਂਟੀ-ਸਿੱਖ ਰੋਲ ਨੇ ਸਿੱਖਾਂ ਵਿਚ ਕੈਪਟਨ ਦੇ ਕਾਂਗਰਸ ਵਿਚ ਜਾਣ ਦੇ ਫ਼ਿਲਾਫ਼ ਗੁੱਸਾ ਘਟਾ ਦਿੱਤਾ ਸੀ ਤੇ 2002 ਵਿਚ ਉਸ ਦੇ ਹੱਕ ਵਿਚ ਵੋਟਾਂ ਪਾਈਆਂ ਸਨ। ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ 2002 ਵਿਚ ਜਿਨ੍ਹਾਂ ਨੇ ਕੈਪਟਨ ਨੂੰ ਜਿਤਾਇਆ ਸੀ ਉਹ 5 ਤੋਂ 10% ਉਹ ਅਕਾਲੀ ਵੋਟਰ ਸਨ ਜਿਹੜੇ ਉਸ ਦੀ ਉਸ ਕੁਰਬਾਨੀ ਦੇ ਕਦਰਦਾਨ ਸਨ। ਪੰਜਾਬ ਵਿਚ ਜਿੱਤ ਦਾ ਫ਼ਰਕ ਇਹ 5 ਤੋਂ 10 % ਵੋਟਾਂ ਹੀ ਹੁੰਦੀਆਂ ਹਨ।

ਕੈਪਟਨ ਤੇ ਕਾਂਗਰਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਹ ਇਨ੍ਹਾਂ ਵੋਟਰਾਂ ਦੀ ਹਮਦਰਦੀ ਗੁਆ ਬੈਠਣਗੇ ਤਾਂ ਉਹ ਪੰਜਾਬ ਵਿਚ ਕਦੇ ਵੀ ਜਿੱਤ ਨਹੀਂ ਸਕਣਗੇ; ਘਟੋ-ਘਟ ਅਗਲੇ 20 ਸਾਲ ਤਾਂ ਨਹੀਂ ਜਿੱਤਦੇ। ਇਨ੍ਹਾਂ ਵੋਟਰਾਂ ਨੂੰ ਨਜ਼ਰ-ਅੰਦਾਜ਼ ਕਰਨ ਕਰ ਕੇ ਹੀ 2012 ਦੀਆਂ ਅਸੈਂਬਲੀ ਚੋਣਾਂ ਅਤੇ ਹੁਣ ਮਿਊਂਸਪਲ ਚੋਣਾਂ ਵਿਚ ਕੈਪਟਨ ਨੇ ਸ਼ਹਿਰੀ ਸਿੱਖਾਂ ਦੀਆਂ ਵੋਟਾਂ ਗੁਆਈਆਂ ਹਨ ਵਰਨਾ ਸ਼ਹਿਰਾਂ ਵਿਚ ਕਾਂਗਰਸ ਨੂੰ 7-8 ਸੀਟਾਂ ਹੋਰ ਮਿਲ ਜਾਣੀਆਂ ਸਨ। ਹੁਣ ਸਿੱਖ ਯਾਦਗਾਰ ਦੀ ਮੁਖ਼ਲਾਫ਼ਤ ਕਰਨ ਕਰ ਕੇ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਬਹੁਤ ਬਹੁਤ ਖ਼ਮਿਆਜ਼ਾ ਭੁਗਤਣਾ ਪਵੇਗਾ; ਏਨਾ ਜ਼ਿਆਦਾ ਕਿ ਉਹ ਸੋਚ ਵੀ ਨਹੀਂ ਸਕਦੇ।ਬਾਦਲ ਸੱਚ ਕਹਿੰਦਾ ਹੈ ਕਿ ਉਸ ਨੂੰ ਕੈਪਟਨ ਨੇ ਹੀ ਜਿਤਾਇਆ ਹੈ ਤੇ 2014 ਵਿਚ ਵੀ ਜਿਤਾਵੇਗਾ।

ਸ. ਜੋਗਿੰਦਰ ਸਿੰਘ ਸਪੋਕਸਮੈਨ ਨੇ 25 ਜੂਨ ਦੇ ਪਰਚੇ ਵਿਚ ਸਹੀ ਲਿਖਿਆ ਸੀ ਕਿ ਯਾਦਗਾਰ ਦਾ ਵਿਰੋਧ ਕਰ ਕੇ ਪੰਜਾਬ ਕਾਂਗਰਸ ਹਿੰਦੂ ਪੱਤਾ ਵਰਤ ਕੇ ਖ਼ਤਰਨਾਕ ਖੇਡ ਰਹੀ ਹੈ। ਪਰ ਕਾਂਗਰਸ ਦਾ ਇਹ ਐਕਸ਼ਨ ਕੋਈ ਵਿਕੋਲਿੱਤਰੀ ਕਾਰਵਾਈ ਨਹੀਂ ਹੈ। ਚੇਤੇ ਰਹੇ ਕਿ 29 ਮਾਰਚ 2012 ਦੇ ਦਿਨ ਦਵਿੰਦਰ ਸਿੰਘ ਭੁੱਲਰ ਸਬੰਧੀ ਪਟੀਸ਼ਨ ਸਬੰਧੀ ਕਾਰਵਾਈ ਵਿਚ ਸੁਪਰੀਮ ਕੋਰਟ ਦੇ ਹਿੰਦੂ ਜੱਜਾਂ ਨੇ ਬਲਵੰਤ ਸਿੰਘ ਰਾਜੋਆਣਾ ਸਬੰਧੀ 28 ਮਾਰਚ ਦਾ ਪੰਜਾਬ ਬੰਦ ਅਤੇ ਬਾਦਲ ਵੱਲੋਂ ਉਸ ਦੀ ‘ਰਹਿਮ’ ਦੀ ਅਪੀਲ ਵਾਸਤੇ ਪਰੈਜ਼ੀਡੈਂਟ ਨਾਲ ਮੁਲਾਕਾਤ ਸਬੰਧੀ ਬਹੁਤ ਸਖ਼ਤ ਪਰ ਗ਼ੈਰ-ਜ਼ਰੂਰੀ ਟਿੱਪਣੀਆਂ ਕੀਤੀਆਂ ਸਨ ਜਿਨ੍ਹਾਂ ਦਾ ਨਾ ਉਸ ਪਟੀਸ਼ਨ ਨਾਲ ਸਬੰਧ ਸੀ ਤੇ ਨਾ ਹੀ ਉਸ ਵਕਤ ਉਸ ਸਬੰਧੀ ਕੋਈ ਮਸਲਾ ਜਾਂ ਨੁਕਤਾ ਸਾਹਮਣੇ ਆਇਆ ਸੀ। ਇਹ ਬਹੁਤ ਖ਼ਤਰਨਾਕ ਕਾਰਵਾਈ ਸੀ ਤੇ ਇਸ ਸਿਰਫ਼ ਤੇ ਸਿਰਫ਼ ਫ਼ਿਰਕਾਪ੍ਰਸਤੀ ਦੀ ਸੋਚ ਸੀ ਜਿਸ ਨੇ ਸਾਬਿਤ ਕਰ ਦਿੱਤਾ ਕਿ ਭਾਰਤ ਦੀ ਸੁਪਰੀਮ ਕੋਰਟ ਦੇ ਹਿੰਦੂ ਜੱਜ ਵੀ ਸਿੱਖਾਂ ਨਾਲ ਨਫ਼ਰਤ ਕਰਦੇ ਹਨ। ਹਾਲਾਂ ਕਿ ਇੰਦਰਾ ਕਤਲ ਕੇਸ ਵਿਚ ਕਿਹਰ ਸਿੰਘ ਨੂੰ ਫ਼ਾਂਸੀ ਦੀ ਸਜ਼ਾ, ਦਵਿੰਦਰਪਾਲ ਸਿੰਘ ਭੁੱਲਰ ਨੂੰ ਫ਼ਾਂਸੀ ਦੀ ਸਜ਼ਾ ਤੇ ਹੋਰ ਬਹੁਤ ਸਾਰੇ ਕੇਸਾਂ ਵਿਚ ਸੁਪਰੀਮ ਕੋਰਟ ਦਾ ਰੋਲ ਫ਼ਿਰਕੂ ਸੋਚ ਵਾਲਾ ਸਮਝਿਆ ਜਾਂਦਾ ਹੈ। ਇਸ ਦੇ ਨਾਲ ਹੀ ਭਾਰਤ ਦੇ ਪ੍ਰੈਜ਼ੀਡੈਂਟ ਵੱਲੋਂ ‘ਖ਼ੂਨੀ ਨਵੰਬਰ 1984’ ਦੇ ਸਿੱਖਾਂ ਦੇ ਕਾਤਲਾਂ ਦੀ ਫ਼ਾਂਸੀ ਮੁਆਫ਼ ਕਰਨਾ ਅਤੇ ਕਈ ਹੋਰ ਬੇਰਹਿਮ ਕਾਤਲਾਂ ਨੂੰ ਮੁਆਫ਼ੀ ਦੇਣਾ ਪਰ ਦਵਿੰਦਰਪਾਲ ਸਿੰਘ ਭੁੱਲਰ ਤੇ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਸਬੰਧੀ ਬਿਲਕੁਲ ਵੱਖਰਾ ਰੋਲ ਅਦਾ ਕਰਨਾ ਪ੍ਰੈਜ਼ੀਡੈਂਟ ਦੇ ਅਹੁਦੇ ਨੂੰ ਵੀ ਬਹਿਸ-ਗੋਚਰਾ ਬਣਾ ਦੇਂਦਾ ਹੈ।

ਇਸ ਦੇ ਨਾਲ ਹੀ ਇਕ ਹੋਰ ਅਜੀਬ ਹਰਕਤ ਹੈ 18 ਜੂਨ ਦੀ ਟ੍ਰਿਬਿਊਨ ਅਖ਼ਬਾਰ ਵਿਚ ਕੁਲਦੀਪ ਨਈਅਰ ਦਾ ਮਜ਼ਮੂਨ ਜਿਸ ਵਿਚ ਉਸ ਨੇ ਕਿਹਾ ਹੈ ਕਿ ਦਰਬਾਰ ਸਾਹਿਬ ਵਿਚ “1984 ਦੇ ਸ਼ਹੀਦਾਂ ਦੀ ਯਾਦਗਾਰ ਬਣਾ ਕੇ ਅਕਾਲੀ ਅੱਗ ਨਾਲ ਖੇਡ ਰਹੇ ਹਨ। Click here to read the article by Kuldeep Nayar

ਉਸ ਨੇ ਲਿਖਿਆ ਹੈ ਕਿ ਅਕਾਲੀਆਂ ਦੀ ਰਾਜੋਆਣਾ ਸਬੰਧੀ ਪਟੀਸ਼ਨ ਨੇ ਭਾਰਤ ਵਿਚ “ਭਿਆਨਕ ਡਰ” ਪੈਦਾ ਕਰ ਦਿੱਤਾ ਸੀ। ਉਸ ਨੇ ਇਸ ਮਜ਼ਮੂਨ ਵਿਚ ਇਹ ਵੀ ਲਿਖਿਆ ਹੈ ਕਿ ੳਹ ਯਾਦਗਾਰ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਨੇ 1984 ਵਿਚ ਦਰਬਾਰ ਸਾਹਿਬ ਨੂੰ ਗੰਧਲਾ ਕਰ ਦਿੱਤਾ ਸੀ ਅਤੇ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਕੱਢਣ ਵਾਸਤੇ ਫ਼ੌਜ ਭੇਜਣੀ ਪਈ ਸੀ। ਨਈਅਰ ਲਿਖਦਾ ਹੈ ਕਿ ਉਹ ਲੋਕ ਜੋ ਮੁਲਕ ਨੂੰ ਤੋੜਨਾ ਚਾਹੁੰਦੇ ਸਨ ਉਨ੍ਹਾਂ ਦੀ ਯਾਦਗਾਰ ਕਿਵੇਂ ਬਣਾਈ ਜਾ ਸਕਦੀ ਹੈ? ਕੈਪਟਨ ਅਮਰਿੰਦਰ ਸਿੰਘ ਵਾਂਙ ਕੁਲਦੀਪ ਨਈਅਰ ਦਾ ਇਹ ਰੋਲ ਵੀ ਆਪਣੇ 1984 ਦੇ ਰੋਲ ਦੇ ਬਿਲਕੁਲ ਉਲਟ ਹੈ।

ਜਿਸ ਹਮਲੇ ਦੇ ਸ਼ਹੀਦਾਂ ਦੀ ਯਾਦਗਾਰ ਬਣ ਰਹੀ ਹੈ ਨਈਅਰ ਜੀ ਨੇ ਉਸ ਸਬੰਧੀ ਆਪਣੀ ਕਿਤਾਬ ‘ਟਰੈਜਡੀ ਆਫ਼ ਪੰਜਾਬ’ (1985) ਵਿਚ ਬਹੁਤ ਰੋਹ ਭਰੇ ਲਫ਼ਜ਼ਾਂ ਵਿਚ ਨਿੰਦਾ ਕੀਤੀ ਸੀ ਅਤੇ ਸਫ਼ਾ 91 ‘ਤੇ ਤਾਂ ਇੰਦਰਾ ਗਾਂਧੀ ਨੂੰ ਅਸਿੱਧੇ ਤੋਰ ‘ਤੇ ‘ਸ਼ੈਤਾਨ’ ਤਕ ਤਕ ਦਾ ਰੁਤਬਾ ਵੀ ਦੇ ਦਿੱਤਾ ਸੀ (ਨਈਅਰ ਜੀ ਤੁਹਾਡੇ ਇਸ ਨਿਰਪੱਖ ਰੋਲ ਕਾਰਨ ਬਾਦਲ ਅਕਾਲੀ ਦਲ ਨੇ ਜੂਨ 2006 ਵਿਚ ਮੰਜੀ ਸਾਹਿਬ, ਦਰਬਾਰ ਸਾਹਿਬ ਅੰਮ੍ਰਿਤਸਰ, ਵਿਚ ਤੁਹਾਡਾ ਸਨਮਾਨ ਵੀ ਕੀਤਾ ਸੀ ਤੇ ਚੋਖੀ ਮਾਇਆ ਵੀ ਭੇਟ ਕੀਤੀ ਸੀ!)। ਨਈਅਰ ਜੀ ਇਹ ਉਸ ਜ਼ੁਲਮ ਦੀ ਦਰਦ ਦੀ ਯਾਦਗਾਰ ਹੈ ਜਿਸ ਬਾਰੇ ਆਬੀਦਾ ਸਮੀਉਦੀਨ ਦੀ ਕਿਤਾਬ ‘ਪੰਜਾਬ ਕਰਾਈਸਿਸ’ ਵਿਚ ਦਰਜਨਾਂ ਨਿਦਵਾਨਾਂ ਤੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ ਸੀ; ਜਿਸ ਜ਼ੁਲਮ ਬਾਰੇ ਜਰਨਲਿਸਟ ਬ੍ਰਹਮਾ ਚੇਲਾਨੀ ਨੇ ਸੱਚ ਪੇਸ਼ ਕਰ ਕੇ ਹਥਕੜੀ ਲੁਆ ਲਈ ਸੀ। ਇਹ ਉਸੇ ਜ਼ੁਲਮ ਦੀ ਯਾਦਗਾਰ ਹੈ ਕਿਸ ਵਿਚ 150 ਖਾੜਕੂਆਂ ਦੇ ਨਾਲ 5000 ਤੋਂ ਵਧ ਬੇਗੁਨਾਹ ਮਾਰੇ ਗਏ ਸਨ ਅਤੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਫ਼ੌਜ 13 ਟੈਂਕਾਂ, ਦਰਜਨਾਂ ਹੈਲੀਕਾਪਟਰਾਂ, ਦੁਨੀਆਂ ਭਰ ਦੇ ਖ਼ਤਰਨਾਕ ਅਸਲੇ ਨਾਲ ਲੈਸ ਹੋ ਕੇ ਧਾਵਾ ਬੋਲਿਆ ਸੀ (ਇਸ ਹਮਲੇ ਬਾਰੇ ਫ਼ੌਜ ਦੇ ਮੁਖੀ ਜਨਰਲ ਸਿਨਹਾ ਨੇ ਰੋਕਿਆ ਵੀ ਸੀ ਤੇ ਅਗਾਊਂ ਰਿਟਾਇਰਮੈਂਟ ਲੈ ਲਈ ਸੀ); ਇਸ ਜ਼ੁਲਮ ਦੀ ਮਿਸਾਲ ਦੁਨੀਆਂ ਭਰ ਦੀ ਤਵਾਰੀਖ਼ ਵਿਚ ਨਹੀਂ ਮਿਲਦੀ। ਨਈਅਰ ਜੀ ਚੇਤੇ ਰਹੇ ਕਿ ਇਸ ਜ਼ੁਲਮ ਦੇ ਖ਼ਿਲਾਫ਼ ਕੈਪਟਨ ਅਮਰਿੰਦਰ ਸਿੰਘ, ਦਵਿੰਦਰ ਸਿੰਘ ਗਰਚਾ, ਸਿਮਰਨਜੀਤ ਸਿੰਘ ਮਾਨ, ਦਿਓਲ ਤੇ ਹੋਰਾਂ ਨੇ ਅਸਤੀਫ਼ੇ ਦਿੱਤੇ ਸਨ ਤੇ ਖ਼ੁਸ਼ਵੰਤ ਸਿੰਘ, ਡਾ ਗੰਡਾ ਸਿੰਘ, ਸਾਧੂ ਸਿੰਘ ਹਮਦਰਦ, ਭਗਤ ਪੂਰਨ ਸਿੰਘ ਤੇ ਹੋਰਾਂ ਨੇ ਭਾਰਤੀ ਖ਼ਿਤਾਬ ਮੋੜੇ ਸਨ। ਨਈਅਰ ਜੀ ਤੁਸੀਂ ਸਾਡੁ ਬਜ਼ੁਰਗ ਹੋ; ਅਸੀਂ ਤੁਹਾਡੇ ਜਮ੍ਹਾਂ-ਪੱਖੀ ਰੋਲ ਦੀ ਸਦਾ ਤਾਰੀਫ਼ ਕਰਦੇ ਰਹੇ ਹਾਂ ਪਰ ਤੁਹਾਡੇ ਇਸ ਮਜ਼ਮੂਨ ਨੇ ਸਿੱਖ ਪੰਥ ਨੂੰ ਕੰਬਾਅ ਕੇ ਰੱਖ ਦਿੱਤਾ ਹੈ ਤੇ ਇਸ ਨਾਲ ਤੁਹਾਡਾ ਮਾਣ ਬਹੁਤ ਘਟਿਆ ਹੈ। ਮੈਂ ਨਹੀਂ ਕਹਿੰਦਾ ਕਿ ਤੁਸੀਂ ਰਾਜ ਸਭਾ ਦੀ ਮੈਂਬਰੀ ਉਡੀਕਦੇ ਹੋ ਜਾਂ ਗਵਰਨਰ ਬਣਨਾ ਚਾਹੁੰਦੇ ਹੋ ਪਰ ਤੁਹਾਡੇ ਰੋਲ ਨੇ ਤੁਹਾਡੀ ਨੀਅਤ ‘ਤੇ ਸੱਕ ਜ਼ਰੂਰ ਪੈਦਾ ਕੀਤਾ ਹੈ। ਸਾਨੂੰ ਪਤਾ ਹੈ ਕਿ ਤੁਸੀਂ ਸਾਬਕਾ ਚੀਫ਼ ਮਨਿਸਟਰ ਭੀਮ ਸੈਨ ਸੱਚਰ ਦੀ ਲੜਕੀ ਨਾਲ ਸ਼ਾਦੀ ਕਰਨ ਵਾਸਤੇ ਸਿੱਖ ਧਰਮ ਛੱਡ ਕੇ ਹਿੰਦੂ ਬਣ ਗਏ ਸੀ। ਅਸੀਂ ਤੁਹਾਡੀ ਮਜਬੂਰੀ ਸਮਝਦੇ ਸੀ। ਪਰ ਤੁਹਾਡਾ ਹੁਣ ਵਾਲਾ ਪੈਂਤੜਾ ਘਟੋ-ਘਟ ਮੈਨੂੰ ਤਾਂ ਸਮਝ ਨਹੀਂ ਆਇਆ; ਹੋ ਸਕਦਾ ਹੈ ਮੇਰੀ ਸਮਝ ਕਮਜ਼ੋਰ ਹੋਵੇ ਪਰ ਮੈਂ ਚਾਹਵਾਂਗਾ ਕਿ ਤੁਸੀਂ ਮੈਨੂੰ ਅੰਞਾਣ ਨੂੰ ਅਤੇ ਸਮੁੱਚੇ ਪੰਥ ਨੂੰ, ਜੋ ਤੁਹਾਡੀ ਲਿਖਤ ‘ਤੇ ਹੈਰਾਨ-ਪਸ਼ੇਮਾਨ ਹੋ ਗਿਆ ਹੈ, ਨੂੰ ਆਪਣੀ ਗੱਲ ਨੂੰ ਸਹੀ ਸਾਬਿਤ ਕਰਨ ਵਾਸਤੇ ਦਲੀਲ ਦੇਵੋ।

ਬਜ਼ੁਰਗ ਕੁਲਦੀਪ ਨਈਅਰ ਜੀ ਤੇ ਕੈਪਟਨ ਅਮਰਿੰਦਰ ਸਿੰਘ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਲਵੰਤ ਸਿੰਘ ਰਾਜੋਆਣਾ ਜਿਸ ਦੇ ਖ਼ਿਲਾਫ਼ ਤੁਸੀਂ ਬੋਲ ਰਹੇ ਹੋ, ਉਸ ਨਾਲ ਹਮਦਰਦੀ ਤੇ ਉਸ ਦੀ ਹਿਮਾਇਤ ਕਰਨ ਵਾਸਤੇ 28 ਮਾਰਚ ਦੇ ਦਿਨ ਪੰਜਾਬ ਵਿਚ 20 ਲੱਖ ਲੋਕ ਸੜਕਾਂ ‘ਤੇ ਨਿਕਲੇ ਸਨ (ਤਵਾਰੀਖ਼ ਗਵਾਹ ਹੈ ਕਿ ਅੱਜ ਤਕ ਸਿੱਖਾਂ ਨੇ ਕਿਸੇ ਦੀ ਏਨੀ ਹਿਮਾਇਤ ਨਹੀਂ ਕੀਤੀ; ਏਨੀ ਹਿਮਾਇਤ ਅੰਗਰੇਜ਼ਾਂ ਦੇ ਖ਼ਿਲਾਫ਼ ਵੀ ਨਹੀਂ ਸੀ; ਪੰਜਾਬੀ ਸੂਬੇ ਵਾਸਤੇ ਮਾਸਟਰ ਤਾਰਾ ਸਿੰਘ ਨੂੰ ਵੀ ਨਹੀਂ ਮਿਲੀ ਸੀ ਤੇ ਸ਼ਾਇਦ ਭਿੰਡਰਾਂਵਾਲਿਆਂ ਨੂੰ ਵੀ ਨਹੀਂ ਮਿਲੀ ਸੀ)। ਦੂਜਾ, ਜਿਸ ਸ਼ਹੀਦੀ ਯਾਦਗਾਰ ਦੇ ਖ਼ਿਲਾਫ਼ ਬਿਆਨ ਦੇ ਰਹੇ ਹੋ, ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਸ ਯਾਦਗਾਰ ਦਾ ਕਿਸੇ ਵੀ ਸਿੱਖ ਨੇ ਵਿਰੋਧ ਨਹੀਂ ਕੀਤਾ। ਸਾਰਾ ਸਿੱਖ ਪੰਥ ਇਸ ਦੇ ਹੱਕ ਵਿਚ ਹੈ ਅਤੇ ਬਹੁਤੇ ਤਾਂ ਇਸ ਬਣ ਰਹੀ ਯਾਦਗਾਰ ਨੂੰ ਕਮਜ਼ੋਰ ਜਾਂ ਬੇਮਾਅਨਾ ਯਾਦਗਾਰ ਮੰਨਦੇ ਹਨ ਤੇ ਇਕ ਗੁਰਦੁਆਰੇ ਦੀ ਜਗਹ ਮੈਮੋਰੀਅਲ ਤੇ ਅਜਾਇਬ ਘਰ ਬਣਾਉਣਾ ਚਾਹੁੰਦੇ ਹਨ। ਜੇ ਕੋਈ ਸਿੱਖ ਇਸ ਬਾਰੇ ਚੁਪ ਵੀ ਬੈਠਾ ਸੀ ਤਾਂ ਤੁਹਾਡੇ ਬਿਆਨ ਨੇ ਉਸ ਨੂੰ ਵੀ 28 ਸਾਲ ਬਾਅਦ 1984 ਦੀ ਯਾਦ ਦਿਵਾ ਕੇ ਕਾਂਗਰਸ ਦੇ ਖ਼ਿਲਾਫ਼ ਉਸ ਰੋਹ ਨੂੰ ਅਗਲੇ ਹੋਰ 28 ਸਾਲ ਵਾਸਤੇ ਫਿਰ ਤਾਜ਼ਾ ਕਰ ਦਿੱਤਾ ਹੈ।

ਇਕ ਹੋਰ ਨੁਕਤੇ ਦਾ ਜ਼ਿਕਰ ਵੀ ਕਰਨਾ ਚਾਹਵਾਂਗਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਹੈ ਕਿ ਇਹ ਯਾਦਗਾਰ ਦਰਬਾਰ ਸਾਹਿਬ ਤੋਂ ਬਾਹਰ ਬਣੇ ਕਿਉਂ ਕਿ ਮੁਗ਼ਲਾਂ ਅਤੇ ਦੁਰਾਨੀ ਦੇ ਹਮਲਿਆਂ ਦੀ ਯਾਦਗਾਰਾਂ ਬਾਹਰ ਬਣੀਆਂ ਹੋਈਆਂ ਹਨ। ਕੈਪਟਨ ਜੀ ਪਤਾ ਹੋਣਾ ਚਾਹੀਦਾ ਹੈ ਕਿ ਪਹਿਲੀ ਦਸੰਬਰ 1764 ਦੇ ਬਾਬਾ ਗੁਰਬਖ਼ਸ਼ ਸਿੰਘ ਅਤੇ 30 ਸ਼ਹੀਦਾਂ ਦੀ ਯਾਦਗਰ ਅਕਾਲ ਤਖ਼ਤ ਦੀ ਇਮਾਰਤ ਦੇ ਨਾਲ ਹੈ; ਮੱਸਾ ਰੰਘੜ ਨੂੰ ਵੱਢਣ ਵਾਲੇ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਯਾਦਗਾਰ ਦਰਸ਼ਨੀ ਡਿਉਢੀ ਦੇ ਨਾਲ ਹੈ; ਬਾਬ ਦੀਪ ਸਿੰਘ ਦੀ ਯਾਦਗਾਰ ਵੀ ਪਰਕਰਮਾ ਵਿਚ ਹੈ; ਕੈਪਟਨ ਜੀ ਜਿੱਥੇ ਘਟਨਾ ਹੁੰਦੀ ਹੈ ਯਾਦਗਾਰ ਉਥੇ ਹੀ ਬਣਦੀ ਹੈ। ਇਹ ਯਾਦਗਾਰ ਉਨ੍ਹਾਂ ਬੇਗੁਨਾਹ ਲੋਕਾਂ ਦੀ ਹੈ ਜਿਨ੍ਹਾਂ ਨੂੰ ਫ਼ੋਜ ਨੇ ਬੇਰਹਿਮੀ ਨਾਲ ਮਾਰਿਆ ਸੀ; ਜਿਨ੍ਹਾਂ ਨੂੰ ਹੱਥ ਪਿੱਠ ਪਿੱਛੇ ਬੰਨ੍ਹ ਕੇ ਕਤਲ ਕੀਤਾ ਸੀ; ਜਿਨ੍ਹਾਂ ਬੀਬੀਆਂ ਤੇ ਬੱਚਿਆਂ ਨੂੰ ਪਿਆਸਾ ਰਖ ਕੇ, ਤੜਫ਼ਾ ਤੜਫ਼ਾ ਕੇ ਮਾਰਿਆ ਸੀ। ਨਈਅਰ ਜੀ ਤੇ ਕੈਪਟਨ ਜੀ ਤੁਸੀਂ ਖ਼ੁਸ ਇਸ ਜ਼ੁਲਮ ਦੀ ਭਰਪੂਰ ਨਿੰਦਾ ਕਰ ਚੁਕੇ ਹੋ; ਹੁਣ ਕੀ ਹੋ ਗਿਆ ਹੈ ਜੋ ਤੁਸੀਂ ਜ਼ਾਲਮ ਦੀ ਪਿੱਠ ‘ਤੇ ਆ ਗਏ ਹੋ?

ਸ਼ੱਕ ਪੈਂਦਾ ਹੈ ਕਿ ਅਸਲੀਅਤ ਕੁਝ ਹੋਰ ਹੈ; ਸ਼ਾਇਦ ਕੁਝ ਲੋਕ ਕਹਿਣ ਤੋਂ ਡਰਦੇ ਹੋਣ। ਸ. ਜੋਗਿੰਦਰ ਸਿੰਘ ਸਪੋਕਸਮੈਨ ਦੀ ਜੁਰਅਤ ਕਾਬਲੇ-ਤਾਰੀਫ਼ ਹੈ; ਸ. ਸਿਮਰਜੀਤ ਸਿੰਘ ਮਾਨ ਦੀ ਬੁਲੰਦ ਆਵਾਜ਼ ਜ਼ਿੰਦਾਬਾਦ ਹੈ (ਤੇ ਹੋਰ ਜਿਸ ਨੇ ਵੀ ਆਵਾਜ਼ ਉਠਾਈ ਉਸ ਨੂੰ ਸ਼ਾਬਾਸ਼)। ਇਹ ਸ਼ੱਕ ਇਸ ਕਰ ਕੇ ਪੈਦਾ ਹੋ ਰਹੇ ਹਨ ਅਤੇ ਇਹ ਸਵਾਲ ਇਸ ਕਰ ਕੇ ਉਠ ਰਹੇ ਹਨ ਕਿਉਂਕਿ ਰਾਜੋਆਣਾ ਸਬੰਧੀ ਪੰਜਾਬ ਬੰਦ ਦੇ ਨਾਂ ‘ਤੇ ਤਾਂ ਸੁਪਰੀਮ ਕੋਰਟ ਨੇ ਤੂਫ਼ਾਨ ਲੈ ਆਂਦਾ ਸੀ ਪਰ ਇਹੀ ਕੋਰਟ ਰਾਜੀਵ ਦੇ ਕਾਤਲਾਂ ਦੀ ਮੁਆਫ਼ੀ ਸਬੰਧੀ ਮਦਰਾਸ ਅਸੈਂਬਲੀ ਦੇ ਮਤੇ ਅਤੇ ਅਫ਼ਜ਼ਲ ਗੁਰੂ ਸਬੰਧੀ ਕਸ਼ਮੀਰ ਅਸੂਂਬਲੀ ਦੇ ਮਤੇ ‘ਤੇ ਚੁਪ ਕਿਉਂ ਸੀ? ਹੁਣ ਭਿੰਡਰਾਂਵਾਲਾ, ਰਾਜੋਆਣਾ, ਖਾਲਿਸਤਾਨੀ ਖਾੜਕੂਆਂ ਦੇ ਖ਼ਿਲਾਫ਼ ਭਾਰਤੀ ਟੀਵੀ ਤੇ ਹੋਰ ਹਿੰਦੂ ਮੀਡੀਆ ਨੇ ਫਿਰ ਜੋ ਤੂਫ਼ਾਨ ਉਠਾਇਆ ਹੈ ਉਹ ਤਾਮਿਲਾਂ, ਲਿਟੇ, ਦੇ ਖ਼ਿਲਾਫ਼ ਕਿਉਂ ਕੂਝ ਨਹੀਂ ਸਨ ਬੋਲੇ ਜਿਨ੍ਹਾਂ ਰਾਜੀਵ ਨੂੰ ਕਤਲ ਕੀਤਾ ਸੀ? ਝਾਪਦਾ ਹੈ ਕਿ ਜਿਹੜਾ ਮਾਹੌਲ ਦਰਬਾਰ ਸਾਹਿਬ ‘ਤੇ ਜੂਨ 1984 ਦੇ ਹਮਲੇ ਵੇਲੇ ਸਿਰਜਿਆ ਗਿਆ ਸੀ, ਫ਼ਿਰਕੂ ਹਿੰਦੂਆਂ ਦੀ (ਸਾਰਿਆਂ ਦੀ ਨਹੀਂ) ਉਹੀ ਸਿੱਖ-ਦੁਸ਼ਮਣੀ, ਫੇਰ ਸਾਹਮਣੇ ਆ ਰਹੀ ਹੈ। ਭਾਰਤ ਦੇ ਕੁਝ ਫ਼ਿਰਕੂ ਦਹਿਸ਼ਤਗਰਦ ਹਿੰਦੂ ਫਿਰ ਮੁਲਕ ਨੂੰ ਅੱਗ ਲਾਉਣ ਦੀਆਂ ਤੇ ਸਿੱਖ ਨਫ਼ਰਤ ਦੀਆਂ ਗੱਲਾਂ ਕਰ ਰਹੇ ਹਨ; ਇਹ ਵੇਖ ਕੇ ਮੇਰੇ ਮਨ ਵਿਚ ਸਵਾਲ ਉਠਦਾ ਹੈ ਕਿ “ਕੀ ਸਿੱਖਾਂ ਨਾਲ ਨਫ਼ਰਤ ਫ਼ਿਰਕੂ ਤੇ ਦਹਿਸ਼ਤਗਰਦ ਹਿੰਦੂਆਂ ਦਾ ਕੌਮੀ ਨਿਸ਼ਾਨਾ ਹੈ?

1984 ਵਿਚ ਚੋਣਾਂ ਵਿਚ ਕੋਈ ਹੋਰ ਮੁੱਦਾਅ ਨਾ ਹੋਣ ਕਰ ਕੇ ਜੋ ਇੰਦਰਾ ਗਾਂਧੀ ਨੇ ਕੀਤਾ ਸੀ, ਕਿਤੇ 2014 ਦੀਆਂ ਚੋਣਾਂ ਨੂੰ ਨਜ਼ਰ ਵਿਚ ਰੱਖ ਕੇ ਅਜਿਹਾ ਤਾਂ ਨਹੀਂ ਹੋ ਰਿਹਾ? ਜੇ ਇਹ ਕਾਰਨ ਹੈ ਤਾਂ ਬਹੁਤ ਖ਼ਤਰਨਾਕ ਹੈ। ਭਾਰਤ ਦੇ ਸੂਝਵਾਨ, ਨਿਰਪੱਖ, ਦਾਨਿਸ਼ਮੰਦ ਲੋਕਾਂ ਨੂੰ ਖ਼ੂਨੀ 1984 ਦਾ ਮਾਹੌਲ ਰੋਕਣ ਵਾਸਤੇ ਅੱਗੇ ਆਉਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top