Share on Facebook

Main News Page

ਅਮਨ ਕਿ ਜੰਗ-ਇਹ ਤੁਹਾਡੇ ਹੱਥ ਹੈ
-
ਗਜਿੰਦਰ ਸਿੰਘ, ਦਲ ਖ਼ਾਲਸਾ

2012 ਦਾ ਘੱਲੂਘਾਰਾ ਦਿਵਸ ਕੁੱਝ ਵਿਸ਼ੇਸ਼ ਰਿਹਾ ਹੈ। ਸਿੱਖਾਂ ਦੇ ਕੌਮੀ ਪੱਖ ਤੋਂ ਵੀ, ਤੇ ਭਾਰਤੀ ਹਕੂਮਤ, ਸਿਆਸੀ ਪਾਰਟੀਆਂ, ਤੇ ਮੀਡੀਆ ਦੇ ਪੱਖ ਤੋਂ ਵੀ। ਇੱਕ ਪਾਸੇ ਭਾਰਤੀ ਹਕੂਮੱਤ ਵੱਲੋਂ ਪੰਜਾਬ ਸਰਕਾਰ ਨੂੰ ਦਮਦਮੀ ਟਕਸਾਲ ਤੇ ਦਲ ਖ਼ਾਲਸਾ ਦੀਆਂ ਸਰਗਰਮੀਆਂ ਵਿਰੁੱਧ ਤਾੜਨਾ ਦਾ ਪੱਤਰ ਲਿਖਿਆ ਗਿਆ ਹੈ। ਦੂਜੇ ਪਾਸੇ ਕਾਂਗਰਸ ਤੇ ਬੀ ਜੇ ਪੀ ਅਸੈਂਬਲੀ ਵਿੱਚ ਤੇ ਅਸੈਂਬਲੀ ਤੋਂ ਬਾਹਰ ਰੌਲਾ ਪਾ ਰਹੀਆਂ ਹਨ, ਅਤੇ ਕੁਲਦੀਪ ਨਈਅਰ ਵਰਗੇ ਨਾਮੀ ਲੇਖਕ, ਤੇ ਇੰਡੀਆ ਟੂਡੇ ਵਰਗਾ ਨਾਮੀ ਰਸਾਲਾ ਲੰਮੀਆਂ ਤੇ ਭਰਮ ਫੈਲਾਉਣ ਵਾਲੀਆਂ ਕਹਾਣੀਆਂ ਰਾਹੀਂ “ਮੁੜ੍ਹ ਅਮਨ ਭੰਗ ਹੋਣ” ਦੀ ਚਿੰਤਾ ਦਾ ਇਜ਼ਹਾਰ ਕਰ ਰਹੇ ਹਨ।

ਸਿੱਖਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਜੂਨ 84 ਦੇ ਘੱਲੂਘਾਰੇ ਤੋਂ 28 ਸਾਲ ਬਾਅਦ, ਬਹੁਤ ਸਾਰੀਆਂ ਵਿਰੋਧਤਾਵਾਂ, ਤੇ ਔਕੜਾਂ ਪਾਰ ਕਰਨ ਦੇ ਬਾਦ, 84 ਦੇ ਘੱਲੂਘਾਰੇ ਦੀ ਯਾਦਗਾਰ ਬਣਨੀ ਸ਼ੁਰੂ ਹੋਈ ਹੈ, ਤੇ ਇਹ ਯਕੀਨਨ ਸਿੱਖ ਜਜ਼ਬਾਤਾਂ ਨੂੰ ਤੱਸਕੀਨ ਦੇਣ ਵਾਲੀ ਗੱਲ ਹੈ। ਕਾਫੀ ਲੰਮੇ ਅਰਸੇ ਤੋਂ ਵੱਖ ਵੱਖ ਸਿੱਖ ਜੱਥੇਬੰਦੀਆਂ ਘੱਲੂਘਾਰੇ ਦੀ ਯਾਦਗਾਰ ਬਣਾਉਣ ਦੀ ਮੰਗ ਆਪੋ-ਆਪਣੇ ਤੌਰ ਉਤੇ ਕਰ ਰਹੀਆ ਸਨ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕਈ ਸਾਲ ਪਹਿਲਾਂ ਯਾਦਗਾਰ ਬਣਾਉਣ ਦੇ ਹੱਕ ਵਿੱਚ ਭਾਵੇਂ ਮੱਤਾ ਪਾਸ ਕਰ ਦਿੱਤਾ ਗਿਆ ਸੀ, ਪਰ ਫਿਰ ਵੀ ਇਸ ਤੇ ਅਮਲ ਕਰਵਾਉਣ ਲਈ ਦਲ ਖਾਲਸਾ ਅਤੇ ਹੋਰਨਾਂ ਜਥੇਬੰਦੀਆਂ ਨੂੰ ਇੱਕ ਲੰਮਾਂ ਸੰਘਰਸ਼ ਤੇ ਦਮਦਮੀ ਟਕਸਾਲ ਦੇ ਆਗੂਆਂ ਨੂੰ ਇੱਕ ਨਾ-ਪਸੰਦੀਦਾ ਸਿਆਸੀ ਸਮਝੋਤਾ ਕਰਨਾ ਪਿਆ। ਚਲੋ ਦੇਰ ਆਏ ਦਰੁਸਤ ਆਏ, ਯਾਦਗਾਰ ਬਣਨੀ ਸ਼ੁਰੂ ਹੋ ਗਈ ਹੈ। ਕੁੱਝ ਸਿੱਖ ਆਗੂਆਂ ਦੀ ਨਰਾਜ਼ਗੀ ਦੇ ਬਾਵਜੂਦ, ਆਮ ਕਰ ਕੇ ਸਿੱਖਾਂ ਨੇ ਤੱਸਲੀ ਮਹਿਸੂਸ ਕੀਤੀ ਹੈ।

ਇਸ ਘੱਲੂਘਾਰਾ ਦਿਵਸ ਤੇ ਹੋਈਆਂ ਤਿੰਨ ਗੱਲਾਂ ਕਾਂਗਰਸ, ਬੀ ਜੇ ਪੀ, ਅਤੇ ਭਾਰਤੀ ਮੀਡੀਆ ਨੂੰ ਬਹੁਤ ਚੁੱਭ ਰਹੀਆਂ ਹਨ। ਪਹਿਲੀ ਗੱਲ, ਯਾਦਗਾਰ ਦੀ ਕਾਰ ਸੇਵਾ ਦਾ ਸ਼ੁਰੂ ਹੋਣਾ, ਜੋ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਸੌਂਪੀ ਗਈ ਹੈ। ਦੂਜੀ ਗੱਲ 6 ਜੂਨ ਵਾਲੇ ਦਿਨ ਦਰਬਾਰ ਸਾਹਿਬ ਵਿਖੇ ਹੋਏ ਇਕੱਠ ਮੌਕੇ ਸਿੱਖ ਜਵਾਨੀ ਦੇ ਕਾਤਲ ਮੁੱਖ ਮੰਤਰੀ “ਬੇਅੰਤ ਸਿੰਘ” ਨੂੰ ਸਜ਼ਾ ਦੇਣ ਵਾਲੀ ਟੀਮ ਦੇ ਇੱਕ ਯੋਧੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖੱਤ ਸਾਹਿਬ ਵੱਲੋਂ ‘ਜ਼ਿੰਦਾ ਸ਼ਹੀਦ’ ਦਾ ਖਿਤਾਬ ਦਿੱਤਾ ਜਾਣਾ ਹੈ। ਅਤੇ ਤੀਜੀ ਗੱਲ ਕਾਰ ਸੇਵਾ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ, ਕਾਰ ਸੇਵਾ ਵਾਲੇ ਅਸਥਾਨ ਤੇ ਦਲ ਖ਼ਾਲਸਾ ਵੱਲੋਂ ਭਾਰਤੀ ਫੌਜ ਦੇ ਨਾਲ ਜੂਝਦੇ ਹੋਏ ਸ਼ਹੀਦ ਹੋਣ ਵਾਲੇ ਸਿੰਘ-ਸਿੰਘਣੀਆਂ ਦੀ “ਡਾਇਰੈਕਟਰੀ” ਦਾ ਤੀਜਾ ਐਡੀਸ਼ਨ ਰਲੀਜ਼ ਕੀਤਾ ਜਾਣਾ ਹੈ। 5 ਜੂਨ ਨੂੰ ਦਲ ਖਾਲਸਾ ਵੱਲੋਂ ਆਯੋਜਿਤ ਕੀਤੇ ਗਏ ਸ਼ਹੀਦੀ ਡਾਇਰੈਕਟਰੀ ਰਿਲੀਜ਼ ਸਮਾਗਮ ਵਿੱਚ ਦਮਦਮੀ ਟਕਸਾਲ, ਸੰਤ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਤੇ ਤਕਰੀਬਨ 120 ਸ਼ਹੀਦ ਸਿੰਘਾਂ ਦੇ ਪਰਿਵਾਰ, ਅਤੇ ਵੱਡੀ ਗਿਣਤੀ ਵਿੱਚ ਆਜ਼ਾਦੀ ਪਸੰਦ ਜੱਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ ਸਨ।

ਕਾਂਗਰਸ ਦਾ ਵਿਰੋਧ ਵਿੱਚ ਰੌਲਾ ਪਾਓਣਾ ਸਮਝ ਪੈਂਦਾ ਹੈ। ਲਗਾਤਾਰ ਸੂਬਾਈ ਅਸੈਂਬਲੀ ਤੇ ਮਿਊਂਸੀਪਲ ਚੋਣਾਂ ਵਿੱਚ ਹਾਰ ਖਾਣ ਬਾਦ ਛਿੱਥੀ ਪਈ ਹੋਈ ਕਾਂਗਰਸ ਪਾਰਟੀ ਲਈ ਇਹ ਆਪਣੀ ਸਿਆਸੀ ਮੌਜੂਦਗੀ ਦਰਸਾਓਣ ਦਾ ਤੇ ਭਵਿੱਖ ਦੀ ਕਿਸੇ ਸੋਚ ਤਹਿਤ ਹਿੰਦੂ ਕਾਰਡ ਖੇਡਣ ਦਾ ਇੱਕ ਮੌਕਾ ਹੈ। ਇੱਥੇ ਇਹ ਗੱਲ ਅਫਸੋਸ ਨਾਲ ਕਹਿਣੀ ਪੈਂਦੀ ਹੈ ਕਿ ਕਾਂਗਰਸ ਦੇ ਆਗੂਆਂ ਨੇ 28 ਸਾਲ ਬਾਅਦ ਵੀ ਕੋਈ ਸਬਕ ਨਹੀਂ ਸਿਖਿਆ। ਆਮ ਤੇ ਖਾਸ, ਹਰ ਭਾਰਤੀ ਨੂੰ, ਤੇ ਭਾਰਤ ਦੀ ਹਰ ਸਿਆਸੀ ਜਮਾਤ ਨੂੰ, ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਕਿ ਉਹ ਮੰਣਨ ਜਾਂ ਨਾ ਮੰਣਨ, ਪਰ ਸਿੱਖ ਭਾਈਚਾਰਾ ਉਹਨਾਂ ਤੋਂ ਵੱਖਰੀ ਪਛਾਣ ਤੇ ਉਮੰਗਾਂ ਦੀ ਮਾਲਿਕ ਇੱਕ ਮਾਣਮੱਤੀ ਕੌਮ ਹੈ। ਇਸ ਕੌਮ ਦਾ ਆਪਣਾ ਇਸ਼ਟ, ਇਤਹਾਸ, ਤੇ ਰਵਾਇਤਾਂ ਹਨ। ਇਹ ਸਮੇਂ ਦੀ ਸਿਤੱਮ ਜ਼ਰੀਫੀ ਤੇ ਸਿੱਖ ਲੀਡਰਸ਼ਿਪ ਦੀ ਨਾ-ਦੂਰਅੰਦੇਸ਼ੀ ਹੈ ਕਿ ਸਿੱਖ ਕੌਮ ਅੱਜ ਭਾਰਤੀ ਸਵਿਧਾਨ ਦੀਆਂ ਜੰਜੀਰਾਂ ਵਿੱਚ ਜੱਕੜੀ ਹੋਈ ਹੈ। ਭਾਰਤੀ ਸਟੇਟ ਇਹਨਾਂ ਜੰਜੀਰਾਂ ਦੇ ਸ਼ਿਕੰਜੇ ਜਿੰਨੇ ਜ਼ਿਆਦਾ ਕੱਸਣ ਦੀ ਕੋਸ਼ਿਸ਼ ਕਰੇਗੀ, ਸਿੱਖਾਂ ਦੇ ਅੰਦਰ ਦਾ ਤੱਪ ਤੇ ਤੇਜ ਉਨਾ ਹੀ ਵਧੇਗਾ।

ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਰਵਈਆ ਸਿੱਖ ਉਮੰਗਾਂ ਬਾਰੇ ਕਾਂਗਰਸ ਤੋਂ ਵੱਖਰਾ ਨਹੀਂ ਹੋ ਸਕਦਾ। ਹਾਂ, ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਅਤੇ ਸੰਤ ਜਰਨੈਲ ਸਿੰਘ ਜੀ ਦੀ ਸ਼ਹੀਦੀ ਉਤੇ ਮੋਮਬੱਤੀਆਂ ਜਗਾਓਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਰਵਈਆ ਇੰਨਾ ਕੂ ਵੱਖਰਾ ਜ਼ਰੂਰ ਹੈ ਕਿ ਜੋ ਹਮਲਾ ਜੂਨ 84 ਵਿੱਚ ਹੋਇਆ, ਉਹ ਬੀ ਜੇ ਪੀ ਦੀ ਸੋਚ ਮੁਤਾਬਿਕ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਪੰਜਾਬ ਵਿੱਚ ਬੀ ਜੇ ਪੀ ਦੀ ਅਕਾਲੀ ਦੱਲ ਨਾਲ ਸਾਂਝ ਇੱਕ ਸਿਆਸੀ ਮਜਬੂਰੀ ਹੈ, ਨਹੀਂ ਤਾਂ “ਨੀਲੀਆਂ ਪੱਗਾਂ ਪਿੱਛੇ ਲੁਕਿਆ ਅਤਿਵਾਦ” ਉਹਨਾਂ ਨੂੰ ਦਿਖਾਈ ਵੀ ਦਿੰਦਾ ਹੈ, ਤੇ ਚੁੱਭਦਾ ਵੀ ਹੈ। ਦੂਜੀ ਗੱਲ ਇਸ ਰਿਸ਼ਤੇ ਦਾ ਇੱਕ ਮਜ਼ਬੂਤ ਆਧਾਰ ਹੈ, ਬਾਦਲ ਪਰਿਵਾਰ ਦੀ ਸਿਆਸੀ ਲੋੜ੍ਹ ਜਾਂ ਮਜਬੂਰੀ, ਜੋ ਕਿਸੇ ਵੀ ਕੀਮਤ ਤੇ ਪੰਜਾਬ ਦੀ ਸੂਬੇਦਾਰੀ, ਪਰਿਵਾਰ ਤੋਂ ਬਾਹਰ ਨਹੀਂ ਜਾਣ ਦੇਣਾ ਚਾਹੁੰਦੇ। ਬਾਦਲ ਪਰਿਵਾਰ ਦੀ ਕਿਸਮ ਸਾਡੇ ਤੋਂ ਕੁੱਝ ਵੱਖਰੀ ਹੈ। ਇਹ ਆਜ਼ਾਦੀ ਲਈ ਸਿਰ ਦੇ ਸਕਣ ਵਾਲੇ “ਸਿਰਫਿਰੇ” ਨਹੀਂ ਹਨ, ਬਲਕਿ ਸੂਬੇਦਾਰੀ ਹੰਢਾਉਣ ਵਾਲੀ “ਸਮਝਦਾਰ” ਕਿਸਮ ਹੈ। ਇਹ ਕਿਸਮ ਯਕੀਨਨ ਦਿੱਲੀ ਵਾਲਿਆਂ ਦੀ ਮਨਪਸੰਦ ਕਿਸਮ ਹੈ, ਤੇ ਇਹਨਾਂ ਨਾਲ ਲੈਣ ਦੇਣ ਚੱਲਦਾ ਰੱਖਣ ਵਿੱਚ ਹੀ ਦਿੱਲੀ ਵਾਲੇ ਭਲਾਈ ਸਮਝਦੇ ਹਨ।

ਸਿਆਸੀ ਜਮਾਤਾਂ ਦੀ ਵੰਡ ਤੋਂ ਹੱਟ ਕੇ, ਇਸ ਸਮਸਿਆ ਨੂੰ ਸਮਝਣ ਲਈ ਦੋ ਕੌਮੀ ਵੰਡ ਦਾ ਨਜ਼ਰੀਆ ਵੀ ਸਾਹਮਣੇ ਰੱਖਣਾ ਪਵੇਗਾ। ਇੱਕ ਪਹਿਲੂ ਹੈ ਸਮਸਿਆ ਨੂੰ ਸਮਝਣ ਦਾ, ਤੇ ਸਮਝ ਕੇ ਸੁਲਝਾਓਣ ਦਾ, ਤੇ ਦੂਜਾ ਹੈ, ਤਾਕਤ ਦੇ ਸਿਰ ਤੇ ਆਪਣੀ ਗੱਲ ਦੂਜੇ ਤੇ ਠੋਸਣ ਦਾ। ਹਿੰਦੁਸਤਾਨ ਅਤੇ ਉਸ ਦੀਆਂ ਜਮਾਤਾਂ ਲਈ ਜੋ ‘ਅਤਿਵਾਦੀ ਤੇ ਦੇਸ਼ ਦੇ ਦੁਸ਼ਮਣ’ ਹਨ, ਉਹ ਸਿੱਖਾਂ ਲਈ, ਕੌਮ ਦੀ ਅਣਖ, ਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਜੂਝਣ ਵਾਲੇ ਜੁਝਾਰੂ ਯੋਧੇ ਹਨ। ਉਹਨਾਂ ਲਈ ਜੋ ਦੇਸ਼ ਦੇ ਗੱਦਾਰ, ਤੇ ਕਾਤਲ ਹਨ, ਸਿੱਖਾਂ ਲਈ ਉਹ ਕੌਮ ਦੇ ਹੀਰੋ ਹਨ । ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਜਿਨ੍ਹਾਂ ਫੌਜੀਆਂ ਨੂੰ ਭਾਜਪਾਈਆਂ ਨੇ ਰੱਖੜੀਆਂ ਬੰਨੀਆਂ, ਉਹ ਸਾਡੇ ਲਈ ਧਾੜਵੀ, ਜਰਵਾਣੇ, ਤੇ ਕਾਤਿਲ ਸਨ/ਹਨ ਅਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਸਿੱਖਾਂ ਲਈ “ਧਰਮ ਯੁੱਧ” ਸੀ । ਜਦੋਂ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਹੁਕਮ ਇੰਦਰਾ ਗਾਂਧੀ ਦਿੰਦੀ ਹੈ, ਤਾਂ ਹਿੰਦੁਤਵੀਆਂ ਲਈ ਉਹ ਦੇਵੀ ਹੋ ਸਕਦੀ ਹੈ, ਪਰ ਸਿੱਖਾਂ ਲਈ ਉਹ ਧਾੜਵੀ ਅਬਦਾਲੀ ਦਾ ਹੀ ਦੂਜਾ ਰੂਪ ਹੁੰਦੀ ਹੈ।

ਜਦੋਂ ਦਰਬਾਰ ਸਾਹਿਬ ਤੇ ਭਾਰਤੀ ਫੌਜ ਨੇ ਹਮਲਾ ਕੀਤਾ ਤਾਂ ਦੁਨੀਆਂ ਭਰ ਦਾ ਸਿੱਖ, ਨੀਲੇ, ਪੀਲੇ, ਤੇ ਲਾਲ, ਹਰ ਰੰਗ ਦਾ ਸਿੱਖ ਉਸ ਦੇ ਖਿਲਾਫ ਸੀ, ਤੇ ਉਸ ਨੂੰ ਆਪਣੀ ਇਜ਼ੱਤ ਤੇ ਅਣਖ ਉਤੇ ਹਮਲਾ ਸਮਝ ਰਿਹਾ ਸੀ। ਲੇਖਕ ਅਜੀਤ ਕੌਰ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੱਕ, ਵਰਧੀ ਧਾਰੀ ਸਿੱਖ ਫੌਜੀਆਂ ਤੋਂ ਸਿਵਲ ਸਰਵਿਸਜ਼ ਦੇ ਉੱਚ ਅਧਿਕਾਰੀਆਂ ਤੱਕ, ਹਰ ਸਿੱਖ ਦਾ ਹਿਰਦਾ ਛਲਣੀ ਹੋਇਆ ਸੀ। ਕਿਸੇ ਨੇ ਕਲਮ ਚੁੱਕੀ ਜਾਂ ਨਹੀਂ, ਕਿਸੇ ਨੇ ਹਥਿਆਰ ਚੁੱਕੇ ਜਾਂ ਨਹੀਂ, ਕਿਸੇ ਨੇ ਅਸਤੀਫਾ ਦਿੱਤਾ ਜਾਂ ਨਹੀਂ, ਇਹ ਸੱਭ ਦੀ ਆਪੋ ਆਪਣੀ ਹਿੰਮਤ ਤੇ ਮਜਬੂਰੀਆਂ ਦੇ ਵਿੱਚ-ਵਿੱਚ ਦੀ ਖੇਡ ਹੈ। ਅਜੀਤ ਕੌਰ ਦੀ ਇੱਕ ਕਲਮ ਨੇ ਹਜ਼ਾਰਾਂ ਕਲਮਾਂ ਦੀ, ਹਰਿੰਦਰ ਸਿੰਘ ਨਾਰਵੇ ਦੇ ਇੱਕ ਅਸਤੀਫੇ ਨੇ ਹਜ਼ਾਰਾਂ ਅਸਤੀਫਿਆਂ ਦੀ, ਤੇ ਬੈਰਕਾਂ ਛੱਡਣ ਵਾਲੇ ਸੈਕੜੇ ਫੌਜੀਆਂ ਨੇ ਹਜ਼ਾਰਾਂ ਫੌਜੀਆਂ ਦੀ ਤਰਜਮਾਨੀ ਕਰ ਦਿੱਤੀ ਸੀ। ਕੁੱਲ ਦੁਨੀਆ ਨੂੰ ਸਿੱਖਾਂ ਦੀ ਕੌਮੀ ਪੀੜਾ ਦਿਖਾਈ ਦਿੱਤੀ, ਤੇ ਸੁਣਾਈ ਵੀ ਦਿੱਤੀ ਸੀ। ਸਾਰੀ ਦੁਨੀਆਂ ਨੇ ਦੋ ਕੌਮਾਂ ਦੀ ਜੰਗ, “ਜੰਗ ਹਿੰਦ-ਪੰਜਾਬ” ਦੀ ਧਮਕ ਸੁਣੀ ਤੇ ਮਹਿਸੂਸ ਕੀਤੀ।

ਕਾਂਗਰਸੀਆਂ ਅਤੇ ਹਿੰਦੂਤਵੀਆਂ ਨੂੰ ਦਰਬਾਰ ਸਾਹਿਬ ਉਤੇ ਭਾਰਤੀ ਫੌਜ ਦੇ ਹਮਲੇ ਵਿਰੁੱਧ ਯੋਧਿਆਂ ਵਾਂਗ ਜੂਝਦੇ ਹੋਏ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਯਾਦਗਾਰ ਦਾ ਧਰਤੀ ਤੇ ਬਣਨਾ ਬੇਚੈਨ ਕਰ ਰਿਹਾ ਹੈ, ਪਰ ਇਹ ਯਾਦਗਾਰ ਤਾਂ ਹਰ ਸਿੱਖ ਹਿਰਦੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ। ਅੰਮ੍ਰਿਤਸਰ ਤੋਂ ਅਮਰੀਕਾ ਤੱਕ, ਅਤੇ ਲਹੋਰ ਤੋਂ ਲੰਡਨ ਤੱਕ, ਜਦੋਂ ਹਰ ਸਾਲ ਜੂਨ ਮਹੀਨੇ ਦੀ 6 ਤਰੀਕ ਨੂੰ “ਜੂਨ 84, ਨਾ ਭੁੱਲਣ ਯੋਗ, ਨਾ ਬਖਸ਼ਣ ਯੋਗ” ਦੀਆਂ ਤਖਤੀਆਂ ਚੁੱਕੀ ਦਿੱਲੀ ਤੇ ਦਿੱਲੀ ਦੇ ਹਾਕਮਾਂ ਦੀ ਮੁਰਦਾਬਾਦ, ਅਤੇ ਖਾਲਿਸਤਾਨ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਜ਼ਿੰਦਾਬਾਦ ਹੋ ਰਹੀ ਹੁੰਦੀ ਹੈ, ਤਾਂ ਸਿੱਖ ਹਿਰਦਿਆਂ ਵਿੱਚ ਉਸਰੀ ਯਾਦਗਾਰ ਕੀ ਇਹਨਾਂ ਨੂੰ ਦਿਖਾਈ ਨਹੀਂ ਦਿੰਦੀ?

ਇਹ ਅਕਾਲ ਤਖਤ ਸਾਹਿਬ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ “ਜ਼ਿੰਦਾ ਸ਼ਹੀਦ” ਦਾ ਖਿਤਾਬ ਦਿੱਤੇ ਜਾਣ ਤੇ ਵੀ ਬਹੁਤ ਵਾਵੇਲਾ ਕਰ ਰਹੇ ਹਨ। ਪਰ ਯਾਦ ਰੱਖਣ, ਇਹਨਾਂ ਲਈ ਉਹ “ਮੁੱਖ ਮੰਤਰੀ” ਦਾ ਕਾਤਲ ਹੋ ਸਕਦਾ ਹੈ, ਪਰ ਸਿੱਖ ਕੌਮ ਲਈ ਉਹ, “ਸੁੱਖਾ ਸਿੰਘ-ਮਹਿਤਾਬ ਸਿੰਘ” ਵਰਗਾ ਹੀਰੋ ਹੈ, ਜਿਸ ਨੇ ਆਪਣੇ ਸਾਥੀਆਂ ਨਾਲ ਮਿੱਲ ਕੇ ਮੱਸਾ ਰੰਗੜ ਵਰਗੇ ਇੱਕ ਜਰਵਾਣੇ ਨੂੰ ਉਸ ਦੇ ਕੁਕਰਮਾਂ ਦੀ ਸਜ਼ਾ ਦਿੱਤੀ ਹੈ। ਭਾਈ ਰਾਜੋਆਣਾ ਨੂੰ ਕੌਮ ਦਾ ਹੀਰੋ ਉਸ ਦੀ ਕੀਤੀ ਕੌਮੀ ਸੇਵਾ ਨੇ ਬਣਾਇਆ ਹੈ, ਬਾਦਲ ਪਰਿਵਾਰ, ਅਕਾਲੀ ਦੱਲ ਜਾਂ ਸ਼੍ਰੋਮਣੀ ਕਮੇਟੀ ਨੇ ਨਹੀਂ। ਜਦੋਂ ਕਦੇ ਵੀ ਕੌਮ ਦੀ ਅਣਖ ਤੇ ਸਵੈਮਾਣ ਲਈ ਕਿਸੇ ਸਿੰਘ ਨੇ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਸ ਨੂੰ ਲਲਕਾਰਿਆ ਹੈ, ਤਾਂ ਕੌਮ ਨੇ ਹਮੇਸ਼ਾਂ ਉਸ ਨੂੰ ਅੱਖਾਂ ਤੇ ਬਿਠਾ ਕੇ ਸਤਿਕਾਰਿਆ ਹੈ। ਇੰਦਰਾ ਗਾਂਧੀ ਨੂੰ ਮਾਰਨ ਵਾਲੇ ਯੋਧੇ ਬੇਅੰਤ ਸਿੰਘ ਦੀ ਸਿੰਘਣੀ ਬੀਬੀ ਬਿਮਲ ਕੌਰ ਨੂੰ ਸਿੱਖ ਕੌਮ ਨੇ ਜਿਵੇਂ ਭਾਰੀ ਬਹੁਮੱਤ ਨਾਲ ਜਿਤਾ ਕੇ ਦਿੱਲੀ ਦੀ ਪਾਰਲੀਮੈਂਟ ਵਿੱਚ ਭੇਜਿਆ ਸੀ, ਕੀ ਉਹ ਦਿੱਲੀ ਦੇ ਖਿਲਾਫ ਤੇ ਖਾਲਿਸਤਾਨ ਦੇ ਹੱਕ ਵਿੱਚ ਕਿਸੇ ਜਮਹੂਰੀ ਰਿਫਰੈਂਡਮ ਤੋਂ ਘੱਟ ਸੀ?

ਕਾਂਗਰਸ, ਭਾਜਪਾ ਜਾਂ ਕੁਲਦੀਪ ਨਈਅਰ ਵਰਗੇ ਫਿਰਕੂਆਂ ਦੀ ਨਜ਼ਰ ਵਿੱਚ ਦਲ ਖਾਲਸਾ ਤੇ ਦਮਦਮੀ ਟਕਸਾਲ “ਦਹਿਸ਼ਤਗਰਦ” ਜਥੇਬੰਦੀਆਂ ਹੋ ਸਕਦੀਆਂ ਹਨ, ਪਰ ਸਿੱਖਾਂ ਲਈ ਉਹ ਉਹਨਾਂ ਦੇ ਹੱਕਾਂ ਲਈ ਲੜ੍ਹਨ ਵਾਲੀਆਂ ਪਹਿਰੇਦਾਰ ਜੱਥੇਬੰਦੀਆਂ ਹਨ। ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ ਬਣਵਾਉਣ ਲਈ ਆਵਾਜ਼ ਬੁਲੰਦ ਕਰਨੀ, ਜਾਂ ਸ਼ਹੀਦ ਸਿੰਘਾਂ ਦੇ ਇਤਿਹਾਸ ਨੂੰ ਸਾਂਭਣ ਲਈ ਡਾਇਰੈਕਟਰੀ ਵਰਗਾ ਉਪਰਾਲਾ ਕਰਨਾ ਦਲ ਖਾਲਸਾ ਲਈ ਉਸਦੇ ਸੰਘਰਸ਼ ਦਾ ਹੀ ਹਿੱਸਾ ਹੈ।

ਤੁਸੀਂ ਬੇਅੰਤ ਸਿੰਘ ਤੇ ਕੇ ਪੀ ਐਸ ਗਿੱਲ ਵਰਗੇ ਕੌਮ ਘਾਤਕਾਂ ਰਾਹੀਂ ਕੀਤੀ ਸਿੱਖਾਂ ਦੀ ਕਤਲੋਗਾਰਤ ਨੂੰ ਆਪਣੀ ਜਿੱਤ, ਤੇ ਸਮਸਿਆ ਦਾ ਹੱਲ ਸਮਝ ਸਕਦੇ ਹੋ, ਪਰ ਸਾਡੇ ਲਈ ਸਾਡਾ ਸੰਘਰਸ਼ ਸਾਡੀ ਜ਼ਿੰਦਗੀ ਹੈ, ਤੇ ਅਸੀਂ ਆਪਣੇ ਜ਼ਿੰਦਾ ਹੋਣ ਦਾ ਸਬੂਤ ਬਾਰ ਬਾਰ, ਤੇ ਆਪਣੀ ਆਖਰੀ ਜਿੱਤ ਤੱਕ ਦਿੰਦੇ ਰਹਿਣ ਲਈ ਦ੍ਰਿੜ ਸੰਕਲਪ ਹਾਂ।

ਕੌਮਾਂ ਦੇ ਇੱਤਹਾਸ, ਸਿਰ ਝੁਕਾ ਕੇ ਵਕਤ ਕਟੀ ਕਰਨ ਵਾਲਿਆਂ ਦੇ ਨਾਲ ਨਹੀਂ ਚਲਿਆ ਕਰਦੇ, ਬਲਕਿ “ਬੋਤਾ ਸਿੰਘ-ਗਰਜਾ ਸਿੰਘ” ਅਤੇ “ਸੁੱਖਾ ਸਿੰਘ-ਮਹਿਤਾਬ ਸਿੰਘ” ਵਰਗੇ ਯੋਧਿਆਂ ਦੇ ਕਾਰਨਾਮਿਆਂ ਨਾਲ ਚਲਿਆ ਕਰਦੇ ਹਨ।

ਹਿੰਦੁਸਤਾਨੀ ਜਮਾਤਾਂ ਵਲੋਂ ਸਿੱਖਾਂ ਵਿਰੁੱਧ ‘ਦੇਸ਼ ਨਾਲ ਗੱਦਾਰੀ’ ਦਾ ਰੌਲਾ ਬਾਰ ਬਾਰ ਪਾਇਆ ਜਾਂਦਾ ਹੈ । ਦੇਸ਼ ਕੀ ਹੈ ? ਧਰਤੀ ਦਾ ਇੱਕ ਟੁੱਕੜਾ, ਜਿਸਦੀ ਮਾਲਕੀ ਬਾਰ-ਬਾਰ ਬਦਲਦੀ ਰਹਿੰਦੀ ਹੈ ।ਦੁਨੀਆਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਦੇਸ਼ ਉਸਰਦੇ ਅਤੇ ਅਲੋਪ ਹੁੰਦੇ ਰਹੇ ਹਨ।

ਮੇਰੇ ਲਈ ਮੇਰਾ ਦੇਸ਼ ਉਹੀ ਹੈ, ਜਿਸ ਨੂੰ ਮੇਰੀ ਆਤਮਾ ਸਵੀਕਾਰਦੀ ਹੈ, ਅਤੇ ਭਾਰਤ ਨੂੰ ਮੇਰੀ ਆਤਮਾ ਆਪਣੇ ਦੇਸ਼ ਵਜੋਂ ਨਹੀਂ ਸਵੀਕਾਰਦੀ ।ਇਸ ਨੂੰ ਮੇਰੇ ਉਤੇ ਠੋਸਣ ਦੀ ਕੋਸ਼ਿਸ਼ ਕਰੋਗੇ, ਮੈਂ ਵਿਰੋਧ ਕਰਾਂਗਾ, ਤੇ ਇੰਝ ਨਾ ਤੁਸੀਂ ਅਮਨ ਨਾਲ ਰਹਿ ਸਕੋਗੇ, ਤੇ ਨਾ ਸਾਨੂੰ ਰਹਿਣ ਦਿਓਗੇ। ਕੁੱਝ ਐਸੇ ਹੀ ਹਾਲਾਤ ਵਿੱਚ ਮੈਂ 1987 ਵਿੱਚ ਇੱਕ ਨਜ਼ਮ ਲਿਖੀ ਸੀ, “ਅਮਨ ਦੀ ਕੰਧ”। ਇਸ ਕਵਿਤਾ ਦੀਆਂ ਆਖਰੀ ਲਾਈਨਾਂ ਸਨ …
ਤੁਸੀਂ ਆਪਣੇ ਘਰ ਖੁਸ਼ ਰਹੋ, ਸਾਨੂੰ ਆਪਣੇ ਰਹਿਣ ਦਿਓ।

ਤੁਹਾਡੇ ਹੱਥ ਹੈ, ਰੋਕੋ ਲਹੂ ਜਾਂ ਵਹਿਣ ਦਿਓ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top