Share on Facebook

Main News Page

ੴਸਤਿਗੁਰਪ੍ਰਸਾਦਿ ॥
ਪਾਪ ਕੀ ਜੰਝ (ਕਿਸ਼ਤ ਚੌਥੀ)

ਲੜੀ ਜੋੜਨ ਲਈ ਤੀਜੀ ਕਿਸ਼ਤ ਪੜੋ...

ਪੰਜ ਤਾਰੀਖ ਨੂੰ ਜਦੋਂ ਉਹ ਗੁਰਦੁਆਰਿਓਂ ਵਾਪਸ ਆਇਆ ਤਾਂ ਹਰਮੀਤ ਬੈਠਾ ਦੂਰਦਰਸ਼ਨ ਤੋਂ ਖਬਰਾਂ ਸੁਣ ਰਿਹਾ ਸੀ। ਖਬਰਚੀ ਦੱਸ ਰਿਹਾ ਸੀ, ‘ਆਤੰਕਵਾਦੀਆਂ ਨੇ ਦਰਬਾਰ ਸਾਹਿਬ ਸਮੂਹ ਦੇ ਵਿੱਚ ਬੜੇ ਮੋਰਚੇ ਬਣਾਏ ਹੋਏ ਨੇ। ਫੌਜ ਖਾੜਕੂਆਂ ਦੁਆਰਾ ਬਣਾਏ ਮੋਰਚੇ ਤੋੜਨ ਦੀ ਕੋਸ਼ਿਸ਼ ਕਰ ਰਹੀ ਏ, ਪਰ ਦਰਬਾਰ ਸਾਹਿਬ ਦੇ ਮਾਨ-ਸਤਿਕਾਰ ਦਾ ਪੂਰਾ ਖਿਆਲ ਰੱਖਿਆ ਜਾ ਰਿਹੈ ਕਿ ਦਰਬਾਰ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਕੋਈ ਨੁਕਸਾਨ ਨਾ ਪਹੁੰਚੇ’। ਹਰਮੀਤ ਦਾ ਚੇਹਰਾ ਰੋਹ ਨਾਲ ਭਰ ਗਿਆ, ਉਸ ਖਿੱਝ ਕੇ ਟੀ.ਵੀ. ਬੰਦ ਕੀਤਾ ਤੇ ਆਪਣੇ ਆਪ ਵਿੱਚ ਬੁੜ-ਬੁੜਾਇਆ, ‘ਦਰਬਾਰ ਸਾਹਿਬ ਉਪਰ ਐਡੇ ਐਡੇ ਭਾਰੀ ਗੋਲੇ ਦਾਗ ਕੇ ਇਹ ਦਰਬਾਰ ਸਾਹਿਬ ਦਾ ਸਤਿਕਾਰ ਬਚਾ ਰਹੇ ਨੇ...”, ਤੇ ਕਹਿੰਦਾ ਹੋਇਆ ਉਹ ਉੱਠ ਕੇ ਆਪਣੇ ਕਮਰੇ ਵੱਲ ਚਲਾ ਗਿਆ। ਬਲਦੇਵ ਸਿੰਘ ਨੇ ਉਸ ਨੂੰ ਰੋਕਿਆ ਨਹੀਂ, ਉਹ ਹਰਮੀਤ ਦੇ ਮਨ ਦੀ ਅਵਸਥਾ ਸਮਝ ਰਿਹਾ ਸੀ। ਇਤਨੀਆਂ ਮੰਦਭਾਗੀਆਂ ਖਬਰਾਂ ਸੁਣ ਕੇ ਉਹ ਆਪ ਵੀ ਹੋਰ ਦੁਖੀ ਹੋ ਗਿਆ, ਉਸ ਨੂੰ ਥੋੜੀ ਖਿਝ ਆਈ ਕਿ ਭਲਾ ਖਾੜਕੂਆਂ ਨੇ ਉਥੇ ਮੋਰਚੇ ਬਣਾਏ ਹੀ ਕਿਉਂ?

ਅੱਜ ਬਲਦੇਵ ਸਿੰਘ ਦੁਕਾਨ ’ਤੇ ਦਸ ਪੰਦਰ੍ਹਾਂ ਮਿੰਟ ਦੇਰ ਨਾਲ ਪਹੁੰਚਿਆ ਸੀ। ਸਵੇਰੇ ਕਦੇ ਟੀ ਵੀ ਤੇ ਕਦੇ ਰੇਡਿਓ ਤੋਂ ਖਬਰਾਂ ਸੁਣਦੇ ਸਮੇਂ ਦਾ ਪਤਾ ਹੀ ਨਾ ਲੱਗਾ। ਦੁਪਹਿਰ ਵੇਲੇ ਹਰਮੀਤ ਵੀ ਪਿਤਾ ਦੀ ਰੋਟੀ ਲੈਕੇ ਦੁਕਾਨ ’ਤੇ ਆ ਗਿਆ। ਜਦੋਂ ਦਾ ਉਹ ਛੁੱਟੀ ਆਇਆ ਸੀ, ਤਕਰੀਬਨ ਰੋਜ਼ ਸਮੇਂ ਨਾਲ ਹੀ ਦੁਕਾਨ ’ਤੇ ਆ ਜਾਂਦਾ ਸੀ, ਉਹ ਆਪਣੀਆਂ ਕਿਤਾਬਾਂ ਵੀ ਅਕਸਰ ਨਾਲ ਹੀ ਲੈ ਆਉਂਦਾ, ਅੱਜ ਵਾਹਵਾ ਦੁਪਹਿਰ ਚਾੜ੍ਹ ਕੇ ਆਇਆ ਸੀ ਪਰ ਪਿਤਾ ਨੇ ਕੁੱਝ ਨਹੀਂ ਪੁੱਛਿਆ, ਉਸ ਨੂੰ ਵਿਸ਼ਵਾਸ ਸੀ ਕਿ ਜ਼ਰੂਰ ਕਿਸੇ ਕੰਮ ਜਾਂ ਆਪਣੀ ਪੜ੍ਹਾਈ ਵਿੱਚ ਰੁਝਾ ਹੋਵੇਗਾ। ਹਰਮੀਤ ਐਵੇਂ ਸਮਾਂ ਅਜਾਈਂ ਗੁਆਣ ਵਾਲਿਆ ’ਚੋਂ ਨਹੀਂ ਸੀ। ਇਸ ਵਿਸ਼ੇ ’ਤੇ ਵੀ ਦੋਹਾਂ ਕੋਈ ਗੱਲ ਨਹੀਂ ਕੀਤੀ ਪਰ ਦੋਹਾਂ ਦੀ ਬੇਚੈਨੀ ਉਨ੍ਹਾਂ ਦੇ ਚਿਹਰੇ ਤੋਂ ਝਲਕ ਰਹੀ ਸੀ।

ਦਿਹਾੜੀ ਦੁਕਾਨ ’ਤੇ ਉਨ੍ਹਾਂ ਆਪਸ ਵਿੱਚ ਤਾਂ ਇਸ ਵਿਸ਼ੇ ਤੇ ਕੋਈ ਗੱਲ ਨਾ ਕੀਤੀ ਪਰ ਵਿੱਚੋਂ ਕਈ ਮਿੱਤਰ ਮਿਲਣ ਵਾਸਤੇ ਆਉਂਦੇ ਰਹੇ, ਉਨ੍ਹਾਂ ਨਾਲ ਇਸ ਬਾਰੇ ਗੱਲ ਤਾਂ ਹੁੰਦੀ ਪਰ ਉਹ ਗੱਲਬਾਤ ਵਿੱਚ ਕਾਫੀ ਸੰਜਮ ਹੀ ਵਰਤਦੇ ਰਹੇ।

ਸ਼ਾਮ ਦੇ ਪੰਜ ਕੁ ਵੱਜੇ ਸਨ, ਬਲਦੇਵ ਸਿੰਘ ਨੇ ਉਠ ਕੇ ਜੁੱਤੀ ਪਾਉਂਦੇ ਹੋਏ, ਹਰਮੀਤ ਨੂੰ ਕਿਹਾ, “ਮੈਂ ਘਰ ਜਾ ਰਿਹਾਂ ਤੂੰ ਦੁਕਾਨ ਬੰਦ ਕਰਾ ਆਵੀਂ।” ਤੇ ਦੁਕਾਨ ਤੋਂ ਬਾਹਰ ਆ ਗਿਆ। ਜਦੋਂ ਹਰਮੀਤ ਦੁਕਾਨ ’ਤੇ ਹੋਵੇ ਉਹ ਲੋੜ ਪੈਣ ’ਤੇ ਕਈ ਵਾਰੀ ਐਸਾ ਕਰ ਲੈਂਦਾ ਸੀ। ਵੈਸੇ ਦੁਕਾਨ ਦਾ ਮੁਨੀਮ ਵੀ ਕਾਫੀ ਭਰੋਸੇ ਦਾ ਬੰਦਾ ਸੀ, ਉਸ ਦੇ ਪਿਤਾ ਜੀ ਦੇ ਸਮੇਂ ਦਾ ਸੀ, ਕਈ ਵਾਰੀ ਹਰਮੀਤ ਨਾ ਹੋਵੇ ਤਾਂ ਲੋੜ ਪੈਣ ਤੇ ਉਹ ਮੁਨੀਮ ਦੇ ਸਹਾਰੇ ਵੀ ਦੁਕਾਨ ਛੱਡ ਜਾਂਦਾ ਪਰ ਦੁਕਾਨ ਖੁਲਾਉਣ ਅਤੇ ਬੰਦ ਕਰਾਉਣ ਦਾ ਕੰਮ ਉਹ ਆਪ ਜਾਂ ਹਰਮੀਤ ਹੀ ਕਰਦੇ। ਘਰ ਪਹੁੰਚੇ ਤਾਂ ਗੁਰਮੀਤ ਨੇ ਪੁੱਛਿਆ, “ਕੀ ਗੱਲ, ਅੱਜ ਸੁਵਖਤੇ ਹੀ ਆ ਗਏ ਓ?” “ਬਸ ਐਵੇਂ ਹੀ..” ਬਲਦੇਵ ਸਿੰਘ ਨੇ ਛੋਟਾ ਜਿਹਾ ਜੁਆਬ ਦਿੱਤਾ ਤੇ ਸੋਫੇ ਤੇ ਬੈਠ ਕੇ ਟੀ ਵੀ ਦੀ ਨਾਬ ਘੁਮਾਉਣ ਲੱਗ ਪਿਆ। ਇਤਨੇ ਨੂੰ ਗੁਰਮੀਤ ਪਾਣੀ ਲੈ ਕੇ ਆ ਗਈ, ਤੇ ਪਤੀ ਦੀ ਸ਼ਕਲ ਵੇਖਦੀ ਹੋਈ ਕਹਿਣ ਲੱਗੀ, “ਕੀ ਗੱਲ ਕੁੱਝ ਪ੍ਰੇਸ਼ਾਨ ਲੱਗ ਰਹੇ ਹੋ?”

“ਪਤਾ ਨਹੀਂ ਮੀਤਾ ! ਅਜੀਬ ਜਿਹੀ ਬੇਚੈਨੀ ਹੈ, ਮਨ ਟਿੱਕ ਹੀ ਨਹੀਂ ਰਿਹਾ” ਬਲਦੇਵ ਸਿੰਘ ਨੇ ਪਾਣੀ ਦਾ ਗਲਾਸ ਫੜਦੇ ਹੋਏ ਕਿਹਾ। ਗੁਰਮੀਤ ਨੂੰ ਕੁੱਝ ਸਮਝ ਨਾ ਪਈ ਕਿ ਉਹ ਪਤੀ ਦੀ ਗੱਲ ਦਾ ਕੀ ਜੁਆਬ ਦੇਵੇ।

“ਚਾਹ ਲਿਆਵਾਂ?” ਉਸ ਗੱਲ ਨੂੰ ਮੋੜਦੇ ਹੋਏ ਕਿਹਾ।

“ਹਾਂ ! ਲੈ ਆ” ਕਹਿ ਕੇ ਬਲਦੇਵ ਸਿੰਘ ਨੇ ਟੀ ਵੀ ਬੰਦ ਕੀਤਾ ਤੇ ਰੇਡਿਓ ਦੇ ਨਾਬ ਘੁਮਾਉਣ ਲੱਗ ਪਿਆ। ਮੀਤਾ ਚਾਹ ਲੈ ਕੇ ਆ ਗਈ ਤਾਂ ਰੇਡੀਓ ਬੰਦ ਕਰ ਕੇ ਚੁੱਪ-ਚੁਪੀਤੇ ਚਾਹ ਪੀਤੀ ਤੇ ਉਠਦਿਆਂ ‘ਮੈਂ ਗੁਰਦੁਆਰੇ ਜਾ ਰਿਹਾਂ’ , ਕਹਿੰਦਾ ਹੋਇਆ ਘਰੋਂ ਬਾਹਰ ਨਿਕਲ ਗਿਆ। ਗੁਰਮੀਤ ਹੈਰਾਨ ਹੋ ਰਹੀ ਸੀ, ਇਕ ਤਾਂ ਅਜੇ ਗੁਰਦੁਆਰੇ ਦਾ ਸਮਾਂ ਨਹੀਂ ਸੀ ਹੋਇਆ, ਦੂਸਰਾ ਜਦੋਂ ਵੀ ਉਹ ਘਰੋਂ ਜਾਵੇ, ਗੁਰਮੀਤ ਨੂੰ ਨਾਲ ਚਲਣ ਲਈ ਜ਼ਰੂਰ ਕਹਿੰਦਾ ਪਰ ਅੱਜ ਉਹ ਇਕਲਾ ਹੀ ਚੁੱਪ ਕਰ ਕੇ ਚਲਾ ਗਿਆ ਸੀ। ਗੁਰਮੀਤ ਨੇ ਇਸੇ ਗੱਲ ਤੋਂ ਅੰਦਾਜ਼ਾ ਲਗਾਇਆ ਕਿ ਦਰਬਾਰ ਸਾਹਿਬ ’ਤੇ ਫੌਜੀ ਹਮਲੇ ਨੇ ਉਸ ਦੇ ਪਤੀ ਨੂੰ ਕਿਤਨਾ ਪ੍ਰੇਸ਼ਾਨ ਕਰ ਦਿੱਤਾ ਸੀ। ਅਸਲ ਵਿੱਚ ਇਹ ਹਾਲਤ ਕੇਵੱਲ ਉਸ ਦੇ ਪਤੀ ਦੀ ਹੀ ਨਹੀਂ ਸਗੋਂ ਸਾਰੀ ਕੌਮ ਦੀ ਸੀ। ਨੌਜੁਆਨ ਪੀੜ੍ਹੀ ’ਤੇ ਇਸ ਦਾ ਕੀ ਅਸਰ ਹੋਇਐ, ਉਹ ਹਰਮੀਤ ਅਤੇ ਬੱਬਲ ਦੀ ਮਾਨਸਿਕ ਦਸ਼ਾ ਤੋਂ ਸਾਫ ਵੇਖ ਸਕਦੀ ਸੀ। ਸੋਚਦੇ-ਸੋਚਦੇ ਉਸ ਦੀਆਂ ਅੱਖਾਂ ਬੰਦ ਹੋ ਗਈਆਂ ਤੇ ਮਨ ਅਕਾਲ-ਪੁਰਖ ਦੇ ਚਰਨਾ ’ਚ ਇਸ ਔਖੇ ਸਮੇ ਪੰਥ ਦੀ ਬਹੁੜੀ ਕਰਨ ਵਾਸਤੇ ਅਰਦਾਸ ਕਰਨ ਲਗਾ ਤੇ ਆਪੇ ਹੀ ਕੁੱਝ ਅਥਰੂ ਲੁੜਕ ਕੇ ਉਸ ਦੀਆਂ ਗੱਲਾਂ ’ਤੇ ਆ ਗਏ।

ਬਲਦੇਵ ਸਿੰਘ ਵਾਪਿਸ ਘਰ ਪਹੁੰਚਿਆ ਤਾਂ ਗੁਰਮੀਤ, ਹਰਮੀਤ ਤੇ ਬੱਬਲ ਬੈਠਕ ਵਿੱਚ ਹੀ ਟੀ.ਵੀ. ਦੇ ਸਾਹਮਣੇ ਬੈਠੇ ਸਨ। ਬਲਦੇਵ ਸਿੰਘ ਨੂੰ ਵੇਖਦਿਆਂ ਹੀ ਗੁਰਮੀਤ ਕੌਰ ਬੋਲੀ, “ਬੱਬਲ ਤੇਰੇ ਭਾਪਾ ਜੀ ਆ ਗਏ ਨੇ, ਉਠ ਰੋਟੀ ਦੀ ਤਿਆਰੀ ਕਰ ਲੈ”, ਤੇ ਆਪ ਬਲਦੇਵ ਸਿੰਘ ਵਾਸਤੇ ਪਾਣੀ ਲੈਣ ਚਲੀ ਗਈ।

ਰੋਟੀ ਖਾਣ ਲਈ ਮੇਜ਼ ਦੁਆਲੇ ਬੈਠੇ ਤਾਂ ਹਰਮੀਤ ਨੇ ਗੱਲ ਛੇੜ ਦਿੱਤੀ, “ਭਾਪਾ ਜੀ ਮੈਂ ਦੁਰਦਰਸ਼ਨ ਤੋਂ ਵੀ ਤੇ ਬੀ.ਬੀ.ਸੀ. ਤੋਂ ਵੀ ਖਬਰਾਂ ਸੁਣੀਆਂ ਨੇ। ਉਂਝ ਵੀ ਪਤਾ ਲਗੈ, ਫੌਜ ਦਰਬਾਰ ਸਾਹਿਬ ’ਤੇ ਗੋਲਾ ਬਾਰੀ ਕਰਨ ਲਈ ਟੈਂਕਾਂ ਤੋਪਾਂ ਦੀ ਵਰਤੋਂ ਕਰ ਰਹੀ ਏ। ਕਿਹਾ ਇਹੀ ਜਾ ਰਿਹੈ ਕਿ ਖਾੜਕੂਆਂ ਦੇ ਮੋਰਚੇ ਤੋੜਨੇ ਨੇ....., ਜਾਪਦੈ, ਅੱਜ ਰਾਤ ਫੌਜ ਨੇ ਦਰਬਾਰ ਸਾਹਿਬ ਦੇ ਅੰਦਰ ਵੜ ਜਾਣੈ।”
“ਮੈਨੂੰ ਵੀ ਇੰਝ ਹੀ ਲਗਦੈ, ਮੈਂ ਗੁਰਦੁਆਰਿਓਂ ਵੀ ਇਹੀ ਕੁੱਝ ਸੁਣ ਕੇ ਆਇਆਂ”, ਬਲਦੇਵ ਸਿੰਘ ਨੇ ਫੁਲਕਾ ਆਪਣੀ ਥਾਲੀ ਵਿੱਚ ਰਖਦੇ ਹੋਏ ਕਿਹਾ, ਫੇਰ ਕੁੱਝ ਸੋਚਦੇ ਹੋਏ ਬੋਲਿਆ, “ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਖਾੜਕੂਆਂ ਨੂੰ ਉਥੇ ਦਰਬਾਰ ਸਾਹਿਬ ਵਿੱਚ ਮੋਰਚੇ ਬਨਾਉਣ ਦੀ ਕੀ ਲੋੜ ਪਈ ਸੀ?”

“ਇਹ ਤਾਂ ਕੋਈ ਗੱਲ ਨਾ ਹੋਈ, ਕਈ ਦਿਨਾਂ ਤੋਂ ਪਤਾ ਲੱਗ ਰਿਹਾ ਸੀ ਕਿ ਸਰਕਾਰ ਕੋਈ ਵੱਡੀ ਕਾਰਵਾਈ ਕਰਨ ਵਾਲੀ ਹੈ ਫੇਰ ਆਪਣੀ ਹਿਫਾਜ਼ਤ ਦਾ ਇੰਤਜ਼ਾਮ ਤਾਂ ਕਰਨਾ ਹੀ ਚਾਹੀਦਾ ਸੀ” ਹਰਮੀਤ ਆਪਣੀ ਜ਼ੁਬਾਨ ਦੇ ਤਿੱਖੇਪਨ ਨੂੰ ਨਿਮ੍ਰਤਾ ਵਿੱਚ ਬਦਲਣ ਦੀ ਕੋਸ਼ਿਸ਼ ਕਰਦਾ ਹੋਇਆ ਬੋਲਿਆ।

“ਹਿਫਾਜ਼ਤ, ਕਾਹਦੀ ਹਿਫਾਜ਼ਤ? ਬੇਟਾ ! ਤੂੰ ਕੀ ਸਮਝਦੈ, ਚੰਦ ਕੁ ਬੰਦੇ ਦੇਸ਼ ਦੀ ਐਡੀ ਵੱਡੀ ਫੌਜ ਦਾ ਮੁਕਾਬਲਾ ਕਰ ਸਕਦੇ ਨੇ?” ਬਲਦੇਵ ਸਿੰਘ ਨੇ ਆਪਣੀ ਸੁਭਾਵਕ ਮਿਠਾਸ ਬਣਾਈ ਰੱਖ ਕੇ, ਸਮਝਾਉਣ ਵਾਲੇ ਲਹਿਜ਼ੇ ਵਿੱਚ ਕਿਹਾ।

“ਭਾਪਾ ਜੀ ! ਇਹ ਤਾਂ ਕੋਈ ਦਲੀਲ ਨਾ ਹੋਈ। ਫਿਰ ਤਾਂ ਬਾਬਾ ਗੁਰਬਖਸ਼ ਸਿੰਘ ਨੂੰ ਵੀ ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਉਹ ਵੀ ਜਾਣਦਾ ਸੀ ਕਿ ਕੇਵੱਲ 30 ਸਿੰਘ ਅਬਦਾਲੀ ਦੀ ਐਡੀ-ਵੱਡੀ ਫੌਜ ਦਾ ਮੁਕਾਬਲਾ ਨਹੀਂ ਕਰ ਸਕਦੇ, ਪਰ ਉਹ ਤਾਂ ਸਾਰੇ ਆਖਰੀ ਦਮ ਤੱਕ ਲੜਦੇ ਸ਼ਹੀਦ ਹੋ ਗਏ ਅਤੇ ਅਬਦਾਲੀ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਹੀ ਦਰਬਾਰ ਸਹਿਬ ਵਿੱਚ ਵੜ ਸਕਿਆ...। ਬਾਬਾ ਦੀਪ ਸਿੰਘ ਵੀ ਚੰਦ ਸਿੰਘਾਂ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਦਾ ਮਾਨ-ਸਨਮਾਨ ਬਚਾਉਣ ਲਈ ਨਿਤਰੇ ਸਨ...”, ਹਰਮੀਤ ਇਤਹਾਸਿਕ ਪ੍ਰਮਾਣ ਦੇਂਦਾ ਹੋਇਆ ਬੋਲਿਆ।

“ਮੇਰਾ ਇਹ ਮਤਲਬ ਨਹੀਂ, ਮੇਰੇ ਕਹਿਣ ਦਾ ਮਤਲਬ ਤਾਂ ਇਹ ਹੈ ਕਿ ਜੇ ਖਾੜਕੂ ਐਸਾ ਨਾ ਕਰਦੇ ਤਾਂ ਸ਼ਾਇਦ ਸਰਕਾਰ ਇਹ ਕਾਰਵਾਈ ਨਾ ਕਰਦੀ।” ਬਲਦੇਵ ਸਿੰਘ ਨੇ ਵਿੱਚੋਂ ਹੀ ਗੱਲ ਕੱਟ ਕੇ ਕਿਹਾ।

“ਤੁਹਾਨੂੰ ਅਜੇ ਵੀ ਇਹ ਜਾਪਦੈ ਕਿ ਸਰਕਾਰ ਇਹ ਸਭ ਕੁੱਝ, ਚੰਦ ਕੁ ਖਾੜਕੂਆਂ ਨੂੰ ਫੜਨ ਲਈ ਕਰ ਰਹੀ ਏ, ਉਹ ਖਾੜਕੂ ਜਿਹੜੇ ਚਾਰ ਦਿਨ ਪਹਿਲੇ ਤੱਕ ਆਮ ਬਾਹਰ ਤੁਰੇ ਫਿਰਦੇ ਸਨ? ਭਾਪਾ ਜੀ ! ਇਹ ਤਾਂ ਸਿੱਖਾਂ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਹੋ ਰਹੀ ਏ, ਸਰਕਾਰ ਸਿੱਖਾਂ ਦੇ ਸਵੈਮਾਣ ’ਤੇ ਚੋਟ ਮਾਰਨਾ ਚਾਹੁੰਦੀ ਏ।” ਹਰਮੀਤ ਦੇ ਬੋਲਾਂ ’ਚੋਂ ਰੋਸ ਸਾਫ ਝੱਲਕ ਰਿਹਾ ਸੀ। ਫੇਰ ਆਪ ਹੀ ਕੁੱਝ ਸੋਚਦਾ ਹੋਇਆ ਬੋਲਿਆ, “ਸ਼ਾਇਦ ਪ੍ਰਧਾਨ ਮੰਤਰੀ ਇਸ ਵਿੱਚੋਂ ਕੋਈ ਵੱਡਾ ਸਿਆਸੀ ਲਾਹਾ ਲੈਣਾ ਚਾਹੁੰਦੀ ਏ।”

ਬਲਦੇਵ ਸਿੰਘ ਨੇ ਕੋਈ ਜੁਆਬ ਨਹੀਂ ਦਿੱਤਾ ਤੇ ਹੋਰ ਵੀ ਕੋਈ ਕੁੱਝ ਨਹੀਂ ਬੋਲਿਆ। ਰੋਟੀ ਖਾਕੇ ਹਰਮੀਤ ਬਾਹਰ ਚੱਕਰ ਲਾਉਣ ਲਈ ਤੁਰ ਗਿਆ, ਗੁਰਮੀਤ ਤੇ ਬੱਬਲ ਰਸੋਈ ਸਾਬ੍ਹਣ ਲੱਗ ਪਈਆਂ। ਬਲਦੇਵ ਸਿੰਘ ਥੋੜ੍ਹੀ ਦੇਰ ਤਾਂ ਟੀ.ਵੀ. ਲਾਕੇ ਬੈਠਾ ਰਿਹਾ ਤੇ ਫੇਰ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ।

ਬਲਦੇਵ ਸਿੰਘ ਛੇ ਜੂਨ ਨੂੰ ਤਕਰੀਬਨ ਰੋਜ਼ ਵਾਲੇ ਸਮੇਂ ‘ਹੀ ਗੁਰੂ ਗ੍ਰੰਥ ਸਾਹਿਬ ਦੇ ਕਮਰੇ ’ਚੋਂ ਬਾਹਰ ਨਿਕਲਿਆ। ਆਮ ਤੌਰ ’ਤੇ ਉਹ ਬਾਹਰ ਆਕੇ ਉਸੇ ਵੇਲੇ ਗੁਰਦੁਆਰੇ ਵਾਸਤੇ ਨਿਕਲ ਜਾਂਦਾ ਸੀ ਪਰ ਅੱਜ ਉਸ ਪਹਿਲਾਂ ਰੇਡਿਓ ਲਾ ਲਿਆ। ਅਕਾਸ਼ਬਾਣੀ ਤੋਂ ਖਬਰਾਂ ਦਾ ਸਮਾਂ ਸੀ, ਖਬਰ ਆ ਰਹੀ ਸੀ, ‘ਕਿਉਂਕਿ ਅਤਿਵਾਦੀ ਆਪਣੀਆਂ ਗਲਤ ਹਰਕਤਾਂ ਨਾਲ ਦਰਬਾਰ ਸਾਹਿਬ ਨੂੰ ਅਪਵਿੱਤਰ ਕਰ ਰਹੇ ਸਨ ਅਤੇ ਫੌਜ ਦੇ ਬਾਰ ਬਾਰ ਕਹਿਣ ’ਤੇ ਵੀ ਉਨ੍ਹਾਂ ਆਤਮ ਸਮਰਪਣ ਨਹੀਂ ਕੀਤਾ, ਇਸ ਵਾਸਤੇ ਫੌਜ ਉਨ੍ਹਾਂ ਨੂੰ ਫੜਨ ਵਾਸਤੇ ਦਰਬਾਰ ਸਾਹਿਬ ਵਿੱਚ ਦਾਖਲ ਹੋ ਗਈ ਹੈ।’ ਉਸ ਦਾ ਦਿਲ ਧੱਕ ਕਰਕੇ ਬੈਠ ਗਿਆ, ‘ਹੈਂ ! ਦਰਬਾਰ ਸਾਹਿਬ ਦੇ ਅੰਦਰ ਫੌਜ, ਫੇਰ ਅਬਦਾਲੀ ਅਤੇ ਆਪਣੀ ਸਰਕਾਰ ਵਿੱਚ ਫਰਕ ਹੀ ਕੀ ਰਹਿ ਗਿਆ?’ ਉਸ ਰੇਡਿਓ ਬੰਦ ਕਰ ਦਿੱਤਾ ਤੇ ਬਾਹਰ ਬੈਠਕ ਵਿੱਚ ਆਕੇ ਟੀ. ਵੀ. ਚਾਲੂ ਕਰਨ ਲੱਗਾ। ਇਤਨੇ ਨੂੰ ਗੁਰਮੀਤ ਕੌਰ ਰਸੋਈ ਵਿੱਚੋਂ ਬਾਹਰ ਆਈ ਤੇ ਬਲਦੇਵ ਸਿੰਘ ਨੂੰ ਟੀ.ਵੀ. ਚਾਲੂ ਕਰਦਾ ਵੇਖ ਕੇ ਪੁੱਛਣ ਲੱਗੀ, “ਕੀ ਗੱਲ ਗੁਰਦੁਆਰੇ ਨਹੀਂ ਜਾਣਾ?”

“ਨਹੀਂ ਮੀਤਾ, ਤੂੰ ਚੱਲ, ਮੇਰੀ ਅੱਜ ਤਬੀਅਤ ਸੁਸਤ ਜਿਹੀ ਹੈ।” ਬਲਦੇਵ ਸਿੰਘ ਨੇ ਸੋਫੇ ’ਤੇ ਬੈਠਦੇ ਹੋਏ ਕਿਹਾ। ਗੁਰਮੀਤ ਕੌਰ ਨੂੰ ਕੁੱਝ ਹੈਰਾਨਗੀ ਹੋਈ, ਬਲਦੇਵ ਸਿੰਘ ਨੇ ਤਾਂ ਵਸ ਲਗਦੇ ਕਦੇ, ਗੁਰਦੁਆਰੇ ਦਾ ਨੇਮ ਨਹੀਂ ਸੀ ਤੋੜਿਆ। ਉਸ ਨੇ ਧਿਆਨ ਨਾਲ ਘਰਵਾਲੇ ਦੇ ਚਿਹਰੇ ਵੱਲ ਵੇਖਿਆ, ਉਸ ਦੇ ਚਿਹਰੇ ਨੂੰ ਵੇਖ ਕੇ ਸਾਫ ਜਾਪਦਾ ਸੀ ਕਿ ਉਹ ਰਾਤ ਅਰਾਮ ਨਾਲ ਨਹੀਂ ਸੁੱਤਾ। “ਚਾਹ ਬਣਾ ਦਿਆਂ?” ਉਸ ਬਲਦੇਵ ਸਿੰਘ ਨੂੰ ਪੁੱਛਿਆ।

“ਨਹੀਂ, ਮੈਨੂੰ ਅਜੇ ਕੁੱਝ ਨਹੀਂ ਚਾਹੀਦਾ, ਤੁਸੀ ਜਾਓ ਗੁਰਦੁਆਰੇ, ਕਥਾ ਦਾ ਟਾਈਮ ਲੰਘ ਜਾਣੈ।” ਬਲਦੇਵ ਸਿੰਘ ਨਹੀਂ ਸੀ ਚਾਹੁੰਦਾ ਕਿ ਮੀਤਾ ਗੁਰਦੁਆਰੇ ਤੋਂ ਲੇਟ ਹੋਵੇ। ਦੂਰਦਰਸ਼ਨ ਤੇ ਅਜੇ ਖਬਰਾਂ ਨਹੀਂ ਸੀ ਆ ਰਹੀਆਂ, ਉਸ ਉਠ ਕੇ ਟੀ. ਵੀ. ਬੰਦ ਕੀਤਾ ਅਤੇ ਅੰਦਰ ਜਾ ਕੇ ਫੇਰ ਰੇਡਿਓ ਚਾਲੂ ਕਰਕੇ ਬੀ. ਬੀ. ਸੀ. ਲਾਉਣ ਦੀ ਕੋਸ਼ਿਸ਼ ਕਰਨ ਲੱਗਾ। ਥੋੜ੍ਹੀ ਦੇਰ ਬਾਅਦ ਉਥੋਂ ਖਬਰ ਆਉਣੀ ਸ਼ੁਰੂ ਹੋ ਗਈ, ‘ਰਾਤ ਭਾਰਤੀ ਫੌਜ ਨੇ ਦੋ ਕਮਾਂਡੋ ਟੁਕੜੀਆਂ ਦਰਬਾਰ ਸਾਹਿਬ ਅੰਦਰ ਵਾੜੀਆਂ ਪਰ ਖਾੜਕੂਆਂ ਨੇ ਦੋਵੇਂ ਪਾਰ ਬੁਲਾ ਦਿੱਤੀਆਂ। ਉਸ ਤੋਂ ਬਾਅਦ ਭਾਰਤੀ ਫੌਜ, ਟੈਂਕਾਂ ਸਮੇਤ ਦਰਬਾਰ ਸਾਹਿਬ ਅੰਦਰ ਵੜ ਗਈ।’ ਉਸ ਨੇ ਰੇਡਿਓ ਬੰਦ ਕਰ ਦਿੱਤਾ ਅਤੇ ਅੱਖਾਂ ਬੰਦ ਕਰਕੇ ਪਲੰਘ ’ਤੇ ਲੇਟ ਗਿਆ। ਸ਼ਾਇਦ ਉਸ ਕੋਲ ਹੋਰ ਸੁਣਨ ਦੀ ਹਿੰਮਤ ਨਹੀਂ ਸੀ ਪੈ ਰਹੀ।

ਗੁਰਮੀਤ ਕੌਰ ਦੀ ਅਵਾਜ਼ ਕੰਨੀ ਪਈ, “ਨਾਸ਼ਤਾ ਤਿਆਰ ਕਰਾਂ ਜੇ?”

“ਨਾਸ਼ਤੇ ਦਾ ਸਮਾਂ ਹੋ ਗਿਐ?” ਬਲਦੇਵ ਸਿੰਘ ਇਕ ਦਮ ਹੜਬੜਾ ਕੇ ਉਠਿਆ, ਪਤਾ ਨਹੀਂ ਲੇਟੇ ਲੇਟੇ ਕਿਸ ਵੇਲੇ ਉਸ ਦੀ ਅੱਖ ਲਗ ਗਈ ਸੀ। ਅਸਲ ਵਿੱਚ ਸਾਰੀ ਰਾਤ ਉਹ ਅਰਾਮ ਨਾਲ ਸੌਂ ਨਹੀਂ ਸੀ ਸਕਿਆ।

“ਹਾਂ ਜੀ ! ਨੌਂ ਵਜਣ ਵਾਲੇ ਨੇ।” ਗੁਰਮੀਤ ਕੌਰ ਨੇ ਜੁਆਬ ਦਿੱਤਾ। ਬਲਦੇਵ ਸਿੰਘ ਵੀ ਪਹਿਲਾਂ ਹੀ ਘੜੀ ਤੇ ਨਜ਼ਰ ਮਾਰ ਬੈਠਾ ਸੀ।

“ਹਾਂ, ਛੇਤੀ ਕਰ” ਕਹਿ ਕੇ ਉਹ ਦੁਕਾਨ ’ਤੇ ਜਾਣ ਦੀ ਤਿਆਰੀ ਕਰਨ ਲੱਗ ਪਿਆ।

ਬਿਲਕੁਲ ਕੱਲ ਵਾਲੀ ਹਾਲਤ ਸੀ, ਕੰਮ ਵਿੱਚ ਮਨ ਨਹੀਂ ਸੀ ਟਿੱਕ ਰਿਹਾ, ਪਰ ਦੁਕਾਨ ’ਤੇ ਤਾਂ ਬਹਿਣਾ ਹੀ ਸੀ, ਹੋਰ ਘਰ ਜਾ ਕੇ ਵੀ ਕੀ ਸੁਆਰ ਲੈਣਾ ਸੀ? ਉਂਝ ਵੀ ਸਾਰੀ ਦਿਹਾੜੀ ਕੋਈ ਨਾ ਕੋਈ ਸਿੱਖ ਵੀਰ ਆਉਂਦਾ ਹੀ ਰਿਹਾ। ਸਾਰੀ ਦਿਹਾੜੀ ਇਹੀ ਗੱਲ, ਇਹੀ ਚਰਚਾ। ਲੜਾਈ ਅੰਮ੍ਰਿਤਸਰ ਚਲ ਰਹੀ ਸੀ ਪਰ ਉਸ ਦਾ ਸੰਤਾਪ ਸਾਰੀ ਸਿੱਖ ਕੌਮ ਭੋਗ ਰਹੀ ਸੀ। ਹਰਮੀਤ ਅੱਜ ਸਵੇਰ ਦਾ ਕਿਸੇ ਕੰਮ ਲਈ ਲਖਨਊ ਗਿਆ ਹੋਇਆ ਸੀ।

ਸ਼ਾਮ ਨੂੰ ਉਸ ਮੁਨੀਮ ਨੂੰ ਅੱਧਾ ਘੰਟਾ ਪਹਿਲਾਂ ਹੀ ਦੁਕਾਨ ਬੰਦ ਕਰਨ ਵਾਸਤੇ ਕਹਿ ਦਿੱਤਾ ਅਤੇ ਦੁਕਾਨ ਬੰਦ ਕਰਾ ਕੇ ਵੀ ਗੁਰਦੁਆਰੇ ਜਾਣ ਦੀ ਬਜਾਏ ਸਿੱਧਾ ਘਰ ਪਹੁੰਚ ਗਿਆ। ਅੰਦਰ ਵੜਿਆ ਤਾਂ ਸਾਹਮਣੇ ਗੁਲਾਬ ਸਿੰਘ ਤੇ ਬਲਬੀਰ ਕੌਰ ਆਏ ਬੈਠੇ ਸਨ। ਅੱਜ ਉਹ ਕਈ ਦਿਨਾਂ ਬਾਅਦ ਆਏ ਸਨ, ਮਾਮਾ ਮਾਮੀ ਨੂੰ ਵੇਖ ਕੇ ਉਸ ਨੂੰ ਬੜਾ ਚੰਗਾ ਲੱਗਾ, ਪਰ ਚਾਹ ਕੇ ਵੀ ਖੁਸ਼ੀ ਦੀ ਝਲਕ ਚਿਹਰੇ ’ਤੇ ਨਾ ਆ ਸਕੀ, ਨਿਉਂ ਕੇ ਦੋਹਾਂ ਦੇ ਗੋਡੀਂ ਹੱਥ ਲਾਇਆ ਤੇ ਨਾਲ ਫਤਹਿ ਬੁਲਾਈ। ਮਾਮੇ ਨੇ ਪਿੱਠ ’ਤੇ ਪਿਆਰ ਦੇਂਦੇ ਹੋਏ ਨਾਲ ਗਲਵੱਕੜੀ ਪਾ ਲਈ। ਬਲਦੇਵ ਸਿੰਘ ਨੂੰ ਬੜਾ ਚੰਗਾ ਲੱਗਾ, ਉਸ ਨੂੰ ਇਕ ਅਜੀਬ ਕਿਸਮ ਦਾ ਨਿੱਘ ਮਹਿਸੂਸ ਹੋਇਆ।

ਗੁਲਾਬ ਸਿੰਘ ਤੇ ਬਲਬੀਰ ਕੌਰ ਅੱਜਕਲ ਇਕਲੇ ਹੀ ਰਹਿੰਦੇ ਸਨ। ਵਿੱਚਾਰਿਆਂ ਨੂੰ ਪੁੱਤਰ ਹਰਭਜਨ ਤੋਂ ਬਹੁਤ ਵੱਡੀ ਸੱਲ੍ਹ ਲੱਗੀ ਸੀ। ਉਸ ਬਾਰ੍ਹਵੀਂ ਕੀਤੀ ਤਾਂ ਅੱਗੋਂ ਇੰਜੀਨਰਿੰਗ ਪੜ੍ਹਨ ਲਈ ਵੱਲੈਤ ਜਾਣਾ ਚਾਹੁੰਦਾ ਸੀ। ਮਾਂ ਨੇ ਬੜੇ ਹਾੜੇ ਕੱਢੇ ਕਿ ਇਕੋ-ਇਕ ਪੁੱਤਰ ਹੈ, ਉਹ ਵੀ ਵੱਲੈਤ ਤੁਰ ਗਿਆ ਤਾਂ ਕਿਸ ਦਾ ਮੂੰਹ ਵੇਖਾਂਗੇ? ਪਰ ਗੁਲਾਬ ਸਿੰਘ ਕਹਿਣ ਲੱਗਾ ਮੈਂ ਆਪਣੇ ਸੁਆਰਥ ਵਾਸਤੇ ਕਾਕੇ ਦੀ ਤਰੱਕੀ ਦੇ ਰਾਹ ਵਿੱਚ ਨਹੀਂ ਆਉਣਾ। ਹਰਭਜਨ ਵੀ ਕਹਿਣ ਲੱਗਾ ਕਿ ਮੈਂ ਦੋ ਤਿੰਨ ਸਾਲ ਪੜ੍ਹ ਕੇ ਵਾਪਸ ਆ ਜਾਣਾ ਹੈ।

ਬੇਟੀ ਕਮਲਜੀਤ ਕੌਰ ਹਰਭਜਨ ਨਾਲੋਂ ਚਾਰ ਸਾਲ ਵੱਡੀ ਸੀ ਤੇ ਐਮ ਏ ਦੇ ਪਹਿਲੇ ਸਾਲ ਵਿੱਚ ਪੜ੍ਹਦੀ ਸੀ। ਕੁੱਝ ਮਹੀਨੇ ਪਹਿਲੇ ਹੀ ਉਸ ਦਾ ਰਿਸ਼ਤਾ ਦਿੱਲੀ ਹੋ ਗਿਆ ਸੀ ਪਰ ਗੁਲਾਬ ਸਿੰਘ ਨੇ ਕੁੜਮਾਂ ਨਾਲ ਪਹਿਲੇ ਹੀ ਗੱਲ ਕਰ ਲਈ ਸੀ ਕਿ ਵਿਆਹ ਪੜ੍ਹਾਈ ਪੂਰੀ ਹੋਣ ਤੇ ਹੀ ਕਰਾਂਗੇ। ਹਰਭਜਨ ਦਾ ਪ੍ਰੋਗਰਾਮ ਬਣਨ ਤੇ ਸੋਚਿਆ ਕਿ ਕੀ ਪਤਾ ਕਾਕਾ ਫੇਰ ਕਦੋਂ ਆ ਸਕੇ? ਇਤਨੀ ਦੇਰ ਕਮਲ ਦੇ ਸਹੁਰੇ ਰੁਕਣ ਨਹੀਂ ਲੱਗੇ ਸੋ ਉਨ੍ਹਾਂ ਨਾਲ ਗੱਲ ਕਰ ਕੇ ਪਹਿਲਾਂ ਹੀ ਵਿਆਹ ਕਰ ਦਿੱਤਾ।

ਹਰਭਜਨ ਇਥੋਂ ਗਿਆ ਤਾਂ ਚੰਗਾ ਭਲਾ ਸੀ। ਸਾਬ੍ਹਤ ਸੂਰਤ, ਨੇਮ ਨਾਲ ਗੁਰਬਾਣੀ ਵੀ ਪੜ੍ਹਨੀ ਤੇ ਗੁਰਦੁਆਰੇ ਵੀ ਜਾਣਾ, ਫੇਰ ਵੀ ਪਿਤਾ ਨੇ ਜਹਾਜ ਤੇ ਚੜ੍ਹਾਉਣ ਤੋਂ ਪਹਿਲਾਂ ਸੁਚੇਤ ਕਰ ਦਿੱਤਾ ਕਿ ਕਾਕਾ ਉਂਝ ਤਾਂ ਤੂੰ ਸਿਆਣੈ, ਤੈਨੂੰ ਸਮਝਾਉਣ ਦੀ ਬਹੁਤੀ ਲੋੜ ਨਹੀਂ ਪਰ ਫੇਰ ਵੀ ਸੁਣਿਐ ਉਥੇ ਦਾ ਮਹੌਲ ਬਹੁਤ ਖਰਾਬ ਹੈ ਤੇ ਮਹੌਲ ਦੇ ਅਸਰ ਤੋਂ ਬਚਣ ਲਈ ਬੜੀ ਦ੍ਰਿੜਤਾ ਰਖਣੀ ਪੈਂਦੀ ਏ, ਬਸ ਸਭ ਤੋਂ ਵੱਡੀ ਗੱਲ ਮਾੜੀ ਸੰਗਤ ਵਿੱਚ ਨਹੀਂ ਪੈਣਾ, ਵੇਖੀਂ ਜੋ ਮਰਜ਼ੀ ਹੋ ਜਾਵੇ ਧਰਮ ਤੋਂ ਨਾ ਡੋਲੀਂ, ਭੁੱਲ ਕੇ ਵੀ ਗੁਰੂ ਤੋਂ ਬੇਮੁਖ ਨਾ ਹੋਵੀਂ।

ਜਾਣ ਤੋਂ ਬਾਅਦ ਦੋ ਤਿੰਨ ਸਾਲ ਜਿਨਾਂ ਚਿਰ ਪੈਸੇ ਟਕੇ ਦੀ ਲੋੜ ਰਹੀ, ਚਿੱਠੀ ਪੱਤਰ ਨੇਮ ਨਾਲ ਆਉਂਦਾ ਰਿਹਾ ਤੇ ਟੈਲੀਫੋਨ ਵੀ ਆਉਂਦੇ ਰਹੇ। ਫੇਰ ਹੌਲੀ-ਹੌਲੀ ਬਹੁਤ ਘੱਟ ਗਏ। ਜਦੋਂ ਕਿਤੇ ਗੱਲ ਹੋਵੇ, ਮਾਤਾ ਪਿਤਾ ਕਹਿਣ ਕਿ ਕਾਕਾ ਹੁਣ ਪੜ੍ਹਾਈ ਪੂਰੀ ਹੋ ਗਈ ਏ ਤਾਂ ਵਾਪਸ ਆ ਜਾ। ਹਰ ਵਾਰੀ ਨਵੇਂ ਬਹਾਨੇ, ਅਜੇ ਮੈਂ ਇਹ ਕਰਨਾ ਹੈ, ਅਜੇ ਉਹ ਕਰਨਾ ਹੈ। ਬਲਬੀਰ ਕੌਰ ਪਤੀ ਨੂੰ ਜਦੋਂ ਕਹਿੰਦੀ ਕਿ ਕਰੜਾਈ ਨਾਲ ਕਹੋ ਸੁ ਵਾਪਸ ਆ ਜਾਵੇ, ਗੁਲਾਬ ਸਿੰਘ ਇਤਨਾ ਹੀ ਕਹਿੰਦਾ, ਕਿ ਚਲੋ ਜਿਥੇ ਰਹੇ ਖੁਸ਼ ਰਹੇ, ਬਸ ਮਾੜੀ ਸੰਗਤ ਤੋਂ ਬੱਚਿਆਂ ਰਹੇ ਅਤੇ ਆਪਣੇ ਧਰਮ ਵਿੱਚ ਪੱਕਾ ਰਹੇ, ਸਾਨੂੰ ਹੋਰ ਕੁੱਝ ਫਰਕ ਨਹੀਂ ਪੈਂਦਾ।

ਚਲਦਾ..........

(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੇ ਜਾ ਰਹੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ ਪੇਸ਼ ਕੀਤਾ ਜਾ ਰਿਹਾ ਹੈ। ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁਝ ਗਲਤ ਜਾਪੇ ਜਾਂ ਇਸ ਦੇ ਬਾਰੇ ਕੋਈ ਹੋਰ ਉਸਾਰੂ ਸੁਝਾ ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)

ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ
ਟੈਲੀਫੋਨ +91 98761 04726


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top