‘ਪੁਰਾਤਨ
ਖ਼ਾਲਸਾ’ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ
ਲੰਗਰਾਂ ‘ਚੋਂ,
ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖ਼ਾਲਸਾ।
ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ,
ਠ੍ਹੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖ਼ਾਲਸਾ।
ਪੰਜ ਘੁੱਟ ਪੀ ਕੇ ਤੇਰੇ ਬਾਟਿਉਂ ਪ੍ਰੇਮ ਵਾਲੇ,
ਮਸਤੇ ਹੋਏ ਹਾਥੀਆਂ ਨੂੰ ਢਾਹਵੇ ਤੇਰਾ ਖ਼ਾਲਸਾ।
ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜ਼ਮਾਵਣੇ ਦੀ,
ਹੱਸ ਹੱਸ ਮੂਹਰੇ ਛਾਤੀ ਡਾਹਵੇ ਤੇਰਾ ਖ਼ਾਲਸਾ!
ਸੋਹਣ ਸਿੰਘ ਘੱਕੇ ਵਾਲੀਆ |
‘ਮਾਡਰਨ
ਖ਼ਾਲਸਾ’ ਘਰੇ ਅਤੇ ਲੰਗਰਾਂ ‘ਚੋਂ ਖਾਂਦਾ ਏ
ਸਵਾਦੀ ਖਾਣੇ, ਸਿੱਖੀ, ਸੇਵਾ, ਸਾਦਗੀ ਨੂੰ ਭੁੱਲਾ ਤੇਰਾ
ਖਾਲਸਾ।
ਮਾਇਆ ‘ਕੱਠੀ ਕਰੇ ਅਤੇ ਜੱਫੇ ਮਾਰੇ ਚੌਧਰਾਂ ਨੂੰ, ਅਹੁਦਿਆਂ
ਦੇ ਪਿੱਛੇ ਰਾਲਾਂ ਸੁੱਟੇ ਤੇਰਾ ਖਾਲਸਾ।
ਗੁਰੂ ਦਾ ਛੁਡਾ ਕੇ ਦਰੁ ਡੇਰਿਆਂ ਦੇ ਜਾਲ਼ ਵਿੱਚ, ਆਸ਼ੂਤੋਸ਼ਾਂ,
ਸੌਦਿਆਂ ਫਸਾਇਆ ਤੇਰਾ ਖਾਲਸਾ।
ਬਾਟੇ ਦੀ ਥ੍ਹਾਂ ‘ਬੋਤਲਾਂ’ ‘ਚੋਂ ਪੀ ਕੇ ‘ਘੁੱਟ’ ਮਤਿ ਮਾਰੀ,
ਕੌਮ-ਘਾਤੀਆਂ ਦਾ ਸਾਥੀ ਬਣੇ ਤੇਰਾ ਖਾਲਸਾ।
ਸੱਖਣਾ ਸਿਧਾਂਤ ਬਿਨਾ ਗੱਲੀਂ ਬਾਤੀਂ ‘ਸਿੰਘ’ ਬਣੇ,
ਪਾਟੋ-ਧਾੜੀ ਰੋਗ ਦਾ ਸ਼ਿਕਾਰ ਤੇਰਾ ਖਾਲਸਾ।
ਹੋਵੇ ਹਾਨੀ ਪੰਥ ਦੀ ਤਾਂ ਚੁੱਪ ਵੱਟੀ ਰੱਖਦਾ ਏ, ‘ਮੈਨੂੰ
ਕੀ ਏ?’ ਕਹਿ ਕੇ ਐਸ਼ਾਂ ਕਰੇ ਤੇਰਾ ਖਾਲਸਾ !!
ਪੇਸ਼ਕਸ਼- ਤਰਲੋਚਨ ਸਿੰਘ ‘ਦੁਪਾਲਪੁਰ’
001-408-915-1268 |