Share on Facebook

Main News Page

ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਗਰੈਜੂਏਟ ਪੱਧਰ ʼਤੇ ਪੰਜਾਬੀ ਵਿਸ਼ਾ ਲਾਜ਼ਮੀ ਤੌਰ ʼਤੇ ਪੜ੍ਹਾਇਆ ਜਾਵੇਗਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਨੇ ਅਹਿਮ ਇਕੱਤਰਤਾ ਵਿਚ ਅੱਜ ਗਰੈਜ਼ੂਏਟ ਪੱਧਰ 'ਤੇ ਪੰਜਾਬੀ ਚੋਣਵੇਂ ਵਿਸ਼ੇ (ਇਲੈੱਕਟਿਵ) ਵਜੋਂ ਨਾ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਮੁੱਢਲੀ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਕਰਕੇ ਇਕ ਇਤਿਹਾਸਕ ਫੈਸਲਾ ਲਿਆ।

ਅੱਜ ਦੀ ਸਿੰਡੀਕੇਟ ਦੀ ਮੀਟਿੰਗ ਦੀ ਪ੍ਰਧਾਨਗੀ ਉਪ ਕੁਲਪਤੀ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਕੀਤੀ। ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਇੰਦਰਜੀਤ ਸਿੰਘ ਨੇ ਏਜੰਡਾ ਪੇਸ਼ ਕੀਤਾ। ਪ੍ਰੋ: ਬਰਾੜ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਾਜ ਦੀ ਪਹਿਲੀ ਯੂਨੀਵਰਸਿਟੀ ਹੈ, ਜਿਸਨੇ ਗਰੈਜੂਏਟ ਪੱਧਰ 'ਤੇ ਪੰਜਾਬੀ ਵਿਸ਼ਾ ਲਾਜ਼ਮੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਹਿਸਟਰੀ ਐਂਡ ਕਲਚਰ ਵਿਸ਼ੇ ਦੀ ਔਪਸ਼ਨ ਗਰੈਜੂਏਸ਼ਨ ਵਿਚ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਸੀ, ਜਿਹੜੇ ਕਿ ਦਾਖਲਾ ਲੈਣ ਸਮੇਂ ਪੰਜਾਬ ਤੋਂ ਦਸ ਸਾਲ ਬਾਹਰ ਰਹੇ ਹੋਣ ਪਰ ਇਸ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਹੁੰਦੀ ਸੀ।

ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਨੌਕਰੀ ਕਰਨ ਲਈ ਪੰਜਾਬੀ ਭਾਸ਼ਾ ਦਾ ਮੁੱਢਲਾ ਗਿਆਨ ਹੋਣਾ ਜ਼ਰੂਰੀ ਹੈ, ਇਸ ਲਈ ਅਜਿਹਾ ਕਰਨ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਪੰਜਾਬੀ ਸਿੱਖਣ ਦਾ ਮੌਕਾ ਮਿਲ ਸਕੇਗਾ ਜਿਨ੍ਹਾਂ ਨੇ ਸਕੂਲਾਂ 'ਚ ਪੰਜਾਬੀ ਨਹੀਂ ਪੜ੍ਹੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਲਾਗੂ ਕਰਨ ਨਾਲ ਕਿਸੇ ਵੀ ਅਧਿਆਪਕ ਦੀ ਨੌਕਰੀ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ। ਉਪ ਕੁਲਪਤੀ ਪ੍ਰੋ: ਬਰਾੜ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਅਕਾਦਮਿਕ ਸੈਸ਼ਨ 2012-13 ਤੋਂ ਮੁੱਢਲੀ ਪੰਜਾਬੀ ਦਾ ਕੋਰਸ ਪੜਾਏ ਜਾਣ ਦਾ ਫੈਸਲਾ ਲਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਸਥਾਪਿਤ ਹੋਈ ਇਸ ਯੂਨੀਵਰਸਿਟੀ ਦੇ ਐਕਟ ਦੇ ਆਰੰਭ ਵਿਚ ਹੀ, ਇਸ ਦੀ ਸਥਾਪਨਾ ਦੇ ਜੋ ਮੰਤਵ ਨਿਸ਼ਚਿਤ ਕੀਤੇ ਗਏ ਹਨ, ਉਨ੍ਹਾਂ ਵਿਚ ਗੁਰੂ ਜੀ ਦੇ ਜੀਵਨ, ਸਿੱਖਿਆਵਾਂ ਅਤੇ ਫਿਲਾਸਫ਼ੀ ਦਾ ਪ੍ਰਸਾਰ ਕਰਨ ਦੇ ਨਾਲ-ਨਾਲ ਪੰਜਾਬੀ ਦੀ ਤਰੱਕੀ ਦੇ ਮੁੱਦੇ ਨੂੰ ਉਚੇਚੀ ਅਹਿਮੀਅਤ ਦਿੱਤੀ ਗਈ ਹੈ। ਪੰਜਾਬੀ ਦੀ ਤਰੱਕੀ ਦੇ ਹਵਾਲੇ ਨਾਲ ਯੂਨੀਵਰਸਿਟੀ ਆਪਣੇ ਕਰਤੱਬ ਬਾਰੇ ਪੂਰੀ ਤਰ੍ਹਾਂ ਜਾਗਰੂਕ ਹੈ। ਇਸ ਸਿਲਸਿਲੇ ਵਿਚ ਲਗਾਤਾਰ ਯੋਜਨਾਬੱਧ ਉਪਰਾਲੇ ਕਰ ਰਹੀ ਹੈ। ਸ਼ਕਤੀਸ਼ਾਲੀ ਪੰਜਾਬੀਅਤ ਦੀ ਉਸਾਰੀ ਉਂਨਾਂ ਚਿਰ ਤੱਕ ਸੰਭਵ ਨਹੀਂ, ਜਿੰਨਾ ਚਿਰ ਤੱਕ ਪੰਜਾਬੀ ਜ਼ੁਬਾਨ ਨੂੰ ਇਸ ਦਾ ਬਣਦਾ ਸਥਾਨ ਨਹੀਂ ਮਿਲਦਾ। ਮੁੱਢਲੀ ਪੰਜਾਬੀ ਦਾ ਕੋਰਸ ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਣਾ ਹੈ, ਜਿਨ੍ਹਾਂ ਨੇ ਦਸਵੀਂ ਵਿਚ ਪੰਜਾਬੀ ਨਹੀਂ ਪੜ੍ਹੀ। ਇਹ ਵਿਦਿਆਰਥੀ ਗੁਰਮੁੱਖੀ ਵਿਚ ਲਿਖੇ ਸਾਈਨ ਬੋਰਡ ਵੀ ਨਹੀਂ ਪੜ੍ਹ ਸਕਦੇ। ਆਪਣੀ ਭਾਸ਼ਾ ਅਤੇ ਲਿਪੀ ਨਾਲੋਂ ਟੁੱਟ ਜਾਣ ਕਰਕੇ ਪੰਜਾਬ ਵਿਚ ਜੰਮੀ-ਪਲੀ ਇਹ ਨਵੀਂ ਪੀੜ੍ਹੀ ਲਗਾਤਾਰ ਆਪਣੇ ਸਭਿਆਚਾਰ ਅਤੇ ਕਦਰਾਂ, ਕੀਮਤਾਂ ਤੋਂ ਬੇਮੁੱਖ ਹੁੰਦੀ ਜਾ ਰਹੀ ਹੈ। ਇਹ ਬਹੁਤ ਦੁੱਖਦਾਈ ਸਥਿਤੀ ਅਤੇ ਡੂੰਘੀ ਚਿੰਤਾ ਦਾ ਵਿਸ਼ਾ ਹੈ। ਮੁੱਢਲੀ ਪੰਜਾਬੀ ਦਾ ਕੋਰਸ ਇਨ੍ਹਾਂ ਵਿਦਿਆਰਥੀਆਂ ਨੂੰ ਮੁੜ ਆਪਣੀ ਭਾਸ਼ਾ, ਲਿਪੀ ਤੇ ਸਭਿਆਚਾਰ ਨਾਲ ਜੋੜਨ ਵਿਚ ਸਹਾਇਕ ਹੋਵੇਗਾ।

ਉਨ੍ਹਾਂ ਅਮਰੀਕਾ, ਕੈਨੇਡਾ, ਇੰਗਲੈਂਡ, ਜਪਾਨ, ਚੀਨ ਦੀਆਂ ਵਿਸ਼ਵ ਪ੍ਰਸਿੱਧ ਯੂਨੀਵਰਸਿਟੀਆਂ ਦੇ ਹਵਾਲੇ ਨਾਲ ਦੱਸਿਆ ਕਿ ਉਥੋਂ ਦੀਆਂ ਭਾਸ਼ਾਵਾਂ ਦੇ ਮੁੱਢਲੇ ਕੋਰਸਾਂ ਦੀ ਪੜਾਈ ਲਾਜ਼ਮੀ ਹੈ। ਦੂਜੇ ਪ੍ਰਾਂਤਾਂ ਜਾਂ ਮੁਲਕਾਂ ਦੇ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਜਾਂ ਆਪਣੀ ਡਿਗਰੀ ਪੂਰੀ ਕਰਨ ਲਈ ਇਹ ਕੋਰਸ ਕਰਨੇ ਜ਼ਰੂਰੀ ਹੁੰਦੇ ਹਨ। ਦੂਜੇ ਪ੍ਰਾਂਤਾਂ, ਮੁਲਕਾਂ ਦੇ ਵਿਦਿਆਰਥੀਆਂ ਨੂੰ ਸਥਾਨਕ ਭਾਸ਼ਾ, ਉਸ ਦੀ ਲਿਪੀ ਸਿੱਖਣ ਦਾ ਵੱਡਾ ਲਾਭ ਹੁੰਦਾ ਹੈ। ਇਸ ਨਾਲ ਸਥਾਨਕ ਵਿਦਿਆਰਥੀਆਂ ਅਤੇ ਲੋਕਾਂ ਨਾਲ ਉਨ੍ਹਾਂ ਦੇ ਸੰਵਾਦ ਦਾ ਰਾਹ ਖੁੱਲ੍ਹਦਾ ਹੈ। ਸਿੰਡੀਕੇਟ ਦੇ ਹੋਰ ਫੈਸਲੇ ਸਿੰਡੀਕੇਟ ਵੱਲੋਂ ਅਕਾਦਮਿਕ ਵਰ੍ਹੇ 2012-13 ਤੋਂ ਸਰਕਾਰੀ ਕਾਲਜ ਪੱਟੀ ਅਤੇ ਫਿਜੀਕਲ ਐਜੂਕੇਸ਼ਨ ਕਾਲਜ ਪੱਟੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਕਾਲਜ ਬਣਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਪ੍ਰੋ: ਬਰਾੜ ਨੇ ਦੱਸਿਆ ਕਿ ਇਸ ਵਰ੍ਹੇ ਤੋਂ ਇਨ੍ਹਾਂ ਕਾਲਜਾਂ ਵਿਚ ਦਾਖਲੇ ਸ਼ੁਰੂ ਹੋ ਜਾਣਗੇ ਅਤੇ ਵਿਦਿਆਰਥੀਆਂ ਕੋਲੋਂ ਫੀਸਾਂ ਸਰਕਾਰੀ ਕਾਲਜਾਂ ਵਾਲੀਆਂ ਹੀ ਲਈਆਂ ਜਾਣਗੀਆਂ ਅਤੇ ਇਨ੍ਹਾਂ ਕਾਲਜਾਂ ਦਾ ਸਾਰਾ ਪ੍ਰਬੰਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤਾ ਜਾਵੇਗਾ। ਸਿੰਡੀਕੇਟ ਦੀਆਂ ਸਿਫਾਰਿਸ਼ਾਂ 'ਤੇ ਉਪ ਕੁਲਪਤੀ ਵੱਲੋਂ ਪੰਜਾਬ ਸਰਕਾਰ ਪਾਸੋਂ ਮੁਲਾਜ਼ਮਾਂ ਦੇ ਤਨਖਾਹ ਸਬੰਧੀ ਜਿਹੜੇ ਨੋਟਿਸ ਆਏ ਹਨ, ਉਨ੍ਹਾਂ ਨੂੰ ਯੂਨੀਵਰਸਿਟੀ ਵਿਖੇ ਇਨ-ਬਿਨ ਲਾਗੂ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ। ਸਿੰਡੀਕੇਟ ਨੇ ਯੂਨੀਵਰਸਿਟੀ ਵਿਖੇ ਫਿਕਸਡ ਆਧਾਰ 'ਤੇ ਕੰਮ ਕਰ ਰਹੇ ਕਲਰਕ-ਕਮ-ਜੂਨੀਅਰ ਡਾਟਾ ਐਂਟਰੀ ਅਪਰੇਟਰਾਂ ਦੀਆਂ ਤਨਖਾਹਾਂ 7 ਹਜ਼ਾਰ ਪ੍ਰਤੀ ਮਹੀਨਾ ਤੋਂ ਵਧਾ ਕੇ 10 ਹਜ਼ਾਰ ਪ੍ਰਤੀ ਮਹੀਨਾ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਸਿੰਡੀਕੇਟ ਦੇ ਹੋਰ ਮੈਂਬਰਾਂ ਤੋਂ ਇਲਾਵਾ ਡੀਨ, ਵਿਦਿਅਕ ਮਾਮਲੇ, ਡਾ: ਰਾਜਿੰਦਰਜੀਤ ਕੌਰ ਪਵਾਰ ਵੀ ਇਸ ਮੌਕੇ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top