Share on Facebook

Main News Page

ਸ੍ਰੀ ਹਰਿਮੰਦਰ ਸਾਹਿਬ 'ਚ 'ਯਾਦਗਾਰ' ਬਣਾਏ ਜਾਣ ਨਾਲ ਵਿਗੜੇਗਾ ਮਾਹੌਲ
-
ਕੈਪਟਨ ਅਮਰਿੰਦਰ ਸਿੰਘ

* ਇਸ ਨਾਲ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਦੀ ਪਵਿੱਤਰਤਾ ਭੰਗ ਹੋਵੇਗੀ

ਚੰਡੀਗੜ੍ਹ/ਜਲੰਧਰ (ਏ. ਐੱਸ. ਪਰਾਸ਼ਰ, ਪੁਨੀਤ)-ਪੰਜਾਬ ਕਾਂਗਰਸ ਦੇ ਪ੍ਰਧਾਨ ਕੈ. ਅਮਰਿੰਦਰ ਸਿੰਘ ਨੇ ਹਰਿਮੰਦਰ ਸਾਹਿਬ 'ਚ ਅਪ੍ਰੇਸ਼ਨ ਬਲਿਊ ਸਟਾਰ 'ਚ ਮਾਰੇ ਗਏ ਲੋਕਾਂ ਦੀ ਯਾਦ 'ਚ ਸਮਾਰਕ ਬਣਾਉਣ ਦਾ ਡਟ ਕੇ ਵਿਰੋਧ ਕੀਤਾ ਹੈ, ਅਤੇ ਅਕਾਲੀ-ਭਾਜਪਾ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਪੰਜਾਬ ਦਾ ਮਾਹੌਲ ਵਿਗੜੇਗਾ। ਇਸ ਤਰ੍ਹਾਂ ਦੀ ਯਾਦਗਾਰ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਦੀ ਪਵਿੱਤਰਤਾ ਭੰਗ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਯਾਦਗਾਰ ਬਣਾਉਣੀ ਹੈ ਤਾਂ ਇਸ ਨੂੰ ਸਵਰਨ ਮੰਦਿਰ ਤੋਂ ਬਾਹਰ ਬਣਾਇਆ ਜਾਣਾ ਚਾਹੀਦਾ ਜਿਸਦਾ ਪ੍ਰਦੇਸ਼ ਕਾਂਗਰਸ ਪੂਰੀ ਤਰ੍ਹਾਂ ਸਮਰਥਨ ਕਰੇਗੀ।

ਪੰਜਾਬ ਕਾਂਗਰਸ ਭਵਨ 'ਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਬਰਾਬਰ ਕੋਈ ਯਾਦਗਾਰ ਨਹੀਂ ਬਣਾਈ ਜਾ ਸਕਦੀ। ਯਾਦਗਾਰ ਸ਼ਾਂਤੀ ਅਤੇ ਸਦਭਾਵਨਾ ਲਈ ਹੋਣੀ ਚਾਹੀਦੀ, ਨਾ ਕਿ ਨਫਰਤ ਅਤੇ ਅਸ਼ਾਂਤੀ ਲਈ। ਅਤੀਤ 'ਚ ਵੀ ਹਰਿਮੰਦਰ ਸਾਹਿਬ 'ਤੇ ਹਮਲੇ ਹੋਏ ਹਨ। ਅਹਿਮਦ ਸ਼ਾਹ ਅਬਦਾਲੀ ਅਤੇ ਮੱਸਾ ਰੰਗੜ ਨੇ ਇਸ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਭੰਗ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਘਟਨਾਵਾਂ ਦੀ ਤਾਂ ਕਿਸੇ ਨੇ ਕੋਈ ਯਾਦਗਾਰ ਨਹੀਂ ਬਣਾਈ ਕਿਉਂਕਿ ਹਰਿਮੰਦਰ ਸਾਹਿਬ ਪਿਆਰ, ਸਦਭਾਵਨਾ, ਪਵਿੱਤਰਤਾ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਪੰਜਾਬ 'ਚ ਘਲੂਘਾਰੇ ਵੀ ਹੋਏ ਹਨ ਪਰ ਉਨ੍ਹਾਂ ਦੀ ਯਾਦਗਾਰ ਵੀ ਹਰਿਮੰਦਰ ਸਾਹਿਬ ਦੇ ਬਾਹਰ ਹੀ ਬਣਾਈਆਂ ਗਈਆਂ ਹਨ।

ਕੈ. ਅਮਰਿੰਦਰ ਸਿੰਘ ਨੇ ਪੰਜਾਬੀਆਂ, ਖਾਸ ਕਰਕੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਦੱਸਣ ਕਿ ਕੀ ਉਨ੍ਹਾਂ ਨੇ ਅਕਾਲੀਆਂ ਨੂੰ ਚੋਣਾਂ 'ਚ ਇਸ ਲਈ ਵੋਟਾਂ ਪਾ ਕੇ ਜਿਤਾਇਆ ਹੈ ਕਿ ਉਹ ਸਿੱਖਾਂ ਦੇ ਪਵਿੱਤਰ ਸਥਾਨ ਦੀ ਪਵਿੱਤਰਤਾ ਨੂੰ ਇਸ ਤਰ੍ਹਾਂ ਭੰਗ ਕਰਨ ਦੀ ਕੋਸ਼ਿਸ਼ ਕਰਨ। ਉਨ੍ਹਾਂ ਸਵ. ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤੇ ਜਾਣ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਕ ਵਾਰ ਮੁੜ ਕਾਇਰਤਾ ਦਿਖਾਉਂਦੇ ਹੋਏ ਕੱਟੜ ਪੰਥੀਆਂ ਦਾ ਸਾਹਮਣਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਨੂੰ ਦਿਲੇਰੀ ਦਿਖਾਉਂਦੇ ਹੋਏ ਇਸ ਤਰ੍ਹਾਂ ਦੀ ਯਾਦਗਾਰ ਬਣਾਉਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ 1992 'ਚ ਵੀ ਬਾਦਲ ਨੇ ਸ਼ੁਰੂ-ਸ਼ੁਰੂ 'ਚ ਵਿਧਾਨ ਸਭਾ ਚੋਣਾਂ 'ਚ ਭਾਗ ਲੈਣ ਦੀ ਗੱਲ ਆਖੀ ਸੀ, ਪਰ ਬਾਅਦ 'ਚ ਚੁੱਪਚਾਪ ਕੱਟੜਪੰਥੀਆਂ ਦੇ ਸਾਹਮਣੇ ਗੋਡੇ ਟੇਕ ਕੇ ਚੋਣਾਂ ਦਾ ਬਾਇਕਾਟ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਬਾਦਲ ਅਤੇ ਅਵਤਾਰ ਸਿੰਘ ਮੱਕੜ ਦੀ ਮਰਜ਼ੀ ਦੇ ਬਿਨਾਂ ਹਰਿਮੰਦਰ ਸਾਹਿਬ 'ਚ ਕੋਈ ਯਾਦਗਾਰ ਨਹੀਂ ਬਣ ਸਕਦੀ।

ਕੈ. ਅਮਰਿੰਦਰ ਸਿੰਘ ਨੇ ਬਾਦਲ ਦੇ ਉਸ ਦਾਅਵੇ ਨੂੰ ਖਾਰਿਜ਼ ਕਰ ਦਿੱਤਾ ਕਿ ਹਰਿਮੰਦਰ ਸਾਹਿਬ 'ਚ ਬਣਾਈ ਜਾਣ ਵਾਲੀ ਯਾਦਗਾਰ ਸ਼ਾਂਤੀ ਦਾ ਪ੍ਰਤੀਕ ਹੋਵੇਗੀ ਕਿਉਂਕਿ ਇਸ 'ਚ ਉਨ੍ਹਾਂ ਹਜ਼ਾਰਾਂ ਮਾਸੂਮ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਿਨ੍ਹਾਂ ਨੇ ਪੰਜਾਬ 'ਚ ਸ਼ਾਂਤੀ ਲਈ ਆਪਣੀਆਂ ਜਾਨਾਂ ਗਵਾਈਆਂ। ਅੱਤਵਾਦ ਦਾ ਮੁਕਾਬਲਾ ਕਰਦੇ ਹੋਏ ਕੁਲ 1784 ਪੁਲਸ ਵਾਲਿਆਂ ਦੀਆਂ ਜਾਨਾਂ ਗਈਆਂ। ਇਨ੍ਹਾਂ 'ਚ 2 ਡੀ.ਆਈ.ਜੀ., 7 ਐੱਸ.ਪੀ., 12 ਡੀ.ਐੱਸ.ਪੀ. ਵੀ ਸ਼ਾਮਲ ਸਨ। ਇਨ੍ਹਾਂ ਦੇ ਇਲਾਵਾ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਕਮਿਊਨਿਸਟ ਪਾਰਟੀ ਦੇ ਲੀਡਰਾਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਨ੍ਹਾਂ 'ਚ ਕਾਂਗਰਸ ਨੇਤਾ ਜੋਗਿੰਦਰ ਪਾਲ ਪਾਂਡੇ, ਲਾਲਾ ਭਗਵਾਨ ਦਾਸ, ਚੌਧਰੀ ਜਗਤ ਰਾਮ, ਬ੍ਰਿਜ ਭੁਸ਼ਨ ਮੇਹਰਾ, ਦਰਸ਼ਨ ਸਿੰਘ ਕੇ.ਪੀ., ਵੀ.ਐੱਨ. ਤਿਵਾੜੀ, ਸਤਪਾਲ ਪਰਾਸ਼ਰ, ਬਲਦੇਵ ਸਿੰਘ, ਸੁਦੇਸ਼ ਕੁਮਾਰ, ਸਤਨਾਮ ਸਿੰਘ ਬਾਜਵਾ, ਸੰਤ ਸਿੰਘ ਗਿੱਲ ਦੇ ਇਲਾਵਾ ਲਾਲਾ ਜਗਤ ਨਾਰਾਇਣ ਤੇ ਉਨ੍ਹਾਂ ਦੇ ਪੁੱਤਰ ਰਮੇਸ਼ ਜੀ ਵੀ ਸ਼ਾਮਲ ਹਨ। ਇਹੋ ਨਹੀਂ, ਅਕਾਲੀਆਂ ਦੇ ਸੰਤ ਹਰਚੰਦ ਸਿੰਘ ਲੌਂਗੋਵਾਲ, ਬਲਵੰਤ ਸਿੰਘ, ਭਾਈ ਸਮਿੰਦਰ ਸਿੰਘ, ਡਾ. ਰਾਜਿੰਦਰ ਕੌਰ, ਹਰਭਜਨ ਸਿੰਘ ਸੰਧੂ, ਭਾਨ ਸਿੰਘ, ਸ਼ੇਰ ਸਿੰਘ ਦੁਮਛੇੜੀ ਅਤੇ ਭਾਜਪਾ ਦੇ ਹਿਤਅਭਿਲਾਸ਼ੀ, ਹਰਬੰਸ ਲਾਲ ਖੰਨਾ, ਤਰਸੇਮ ਸਿੰਘ ਕੋਹਾੜ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ।

ਕੀ ਬਾਦਲ ਸਮਝਦੇ ਹਨ ਕਿ ਇਨ੍ਹਾਂ ਸ਼ਹੀਦਾਂ ਦੀ ਯਾਦ 'ਚ ਯਾਦਗਾਰ ਬਣਾਉਣ ਦੀ ਕੋਈ ਲੋੜ ਨਹੀਂ ਹੈ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top