Share on Facebook

Main News Page

‘ਰਹਿਮਦਿਲ’ ਰਾਸ਼ਟਰਪਤੀ ਨੇ ਬੇਰਹਿਮ ਕਾਤਲਾਂ, ਬਲਾਤਕਾਰੀਆਂ ਅਤੇ ਅਪਰਾਧੀਆਂ ’ਤੇ ਹੀ ਕੀਤਾ ਰਹਿਮ

ਸੱਭ ਤੋਂ ਵੱਡੇ ਲੋਕਤੰਤਰੀ ਦੇਸ਼ ਅਤੇ ਇਸ ਦੇ ਸੱਭ ਤੋਂ ਉਚੇ ਸੰਵਿਧਾਨਕ ਅਹੁਦੇ ’ਤੇ ਆਸੀਨ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਭਾਵੇਂ ਅਗਲੇ ਮਹੀਨੇ ਅਪਣੇ ਵਰਤਮਾਨ ਅਹੁਦੇ ਦੀ ਮਿਆਦ ਪੂਰੀ ਕਰ ਰਹੇ ਹਨ ਪਰ ਅਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਰਹਿਮ ਦੀਆਂ ਦਰਜਨਾਂ ਅਪੀਲਾਂ ਸਬੰਧੀ ਜੋ ਫ਼ੈਸਲੇ ਕੀਤੇ ਹਨ, ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੇਰ ਤਕ ਯਾਦ ਰਹਿਣਗੇ। ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਜਿਥੇ ਕਈ ਵੱਡੇ ਅਪਰਾਧੀਆਂ, ਕਾਤਲਾਂ ਅਤੇ ਬਲਾਤਕਾਰੀਆਂ ਦੀ ਸਜ਼ਾ ਮੁਆਫ਼ ਕੀਤੀ ਹੈ, ਉਥੇ ਹੁਣ ਇਕ ਤਾਜ਼ਾ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ ਕਿ ਪੰਜ ਸਾਲ ਪਹਿਲਾਂ ਮਰ ਚੁੱਕੇ ਇਕ ਬਲਾਤਕਾਰੀ ਕਾਤਲ ’ਤੇ ਵੀ ਰਹਿਮ ਕਰਦਿਆਂ ਉਸ ਦੀ ਸਜ਼ਾ ਮੁਆਫ਼ ਕੀਤੀ ਗਈ ਹੈ। ਗ਼ੌਰਤਲਬ ਹੈ ਕਿ ਅਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ 35 ਅਪਰਾਧੀਆਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਿਆ। ਪਿਛਲੇ ਤਿੰਨ ਦਹਾਕਿਆਂ ਦੌਰਾਨ ਦੇਸ਼ ਦੇ ਕਿਸੇ ਵੀ ਰਾਸ਼ਟਰਪਤੀ ਨੇ ਇੰਨੀ ਵੱਡੀ ਗਿਣਤੀ ਵਿਚ ਮੌਤ ਦੀ ਸਜ਼ਾ ਪ੍ਰਾਪਤ ਕੈਦੀਆਂ ਦੀ ਸਜ਼ਾ ਨੂੰ ਉਮਰ ਕੈਦ ਵਿਚ ਨਹੀਂ ਬਦਲਿਆ।

16 ਸਾਲਾਂ ਦੀ ਇਕ ਲੜਕੀ ਨਾਲ ਬਲਤਾਕਾਰ ਤੋਂ ਬਾਅਦ ਉਸ ਦਾ ਕਤਲ ਕਰਨ ਦੇ ਦੋਸ਼ੀ ਬੰਦੂ ਤਿੜਕੇ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦਾ ਆਦੇਸ਼ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਦਫ਼ਤਰ ਵਲੋਂ ਇਸ ਸਾਲ 2 ਜੂਨ ਨੂੰ ਆਇਆ ਹੈ ਜਦਕਿ ਉਸ ਦੀ ਮੌਤ 18 ਅਕਤੂਬਰ 2007 ਨੂੰ ਹੋ ਚੁੱਕੀ ਹੈ। ਸਵਾਲ ਹੁਣ ਇਹ ਉਠਦਾ ਹੈ ਕਿ ਕਈ ਕਾਤਲਾਂ ਅਤੇ ਬਲਾਤਕਾਰੀਆਂ ਦੀਆਂ ਰਹਿਮ ਦੀਆਂ ਅਪੀਲਾਂ ’ਤੇ ਜੋ ਫ਼ੈਸਲੇ ਕੀਤੇ ਗਏ ਹਨ, ਕੀ ਉਸ ਲਈ ਗ੍ਰਹਿ ਮੰਤਰਾਲੇ ਨੇ ਸਹੀ ਸਲਾਹ ਕੀਤੀ ਸੀ ਜਾਂ ਨਹੀਂ। ਤਿੜਕੇ ਦੇ ਮਾਮਲੇ ਵਿਚ ਰਾਜ ਦੇ ਜੇਲ ਅਧਿਕਾਰੀ, ਰਾਜ ਦੇ ਗ੍ਰਹਿ ਮੰਤਰਾਲੇ ਅਤੇ ਕੇਂਦਰੀ ਗ੍ਰਹਿ ਮੰਤਰਾਲੇ ’ਚੋਂ ਕਿਸੇ ਨੇ ਵੀ ਉਸ ਦੀ ਮੌਤ ਦੀ ਸੂਚਨਾ ਰਾਸ਼ਟਰਪਤੀ ਦਫ਼ਤਰ ਨੂੰ ਨਹੀਂ ਦਿਤੀ। ਮੌਤ ਵੇਲੇ ਤਿੜਕੇ 31 ਸਾਲ ਦਾ ਸੀ ਅਤੇ ਉਹ ਏਡਜ਼ ਤੋਂ ਪੀੜਤ ਸੀ। ਸੂਤਰਾਂ ਮੁਤਾਬਕ ਕਰਨਾਟਕ ਦੇ ਜੇਲ ਵਿਭਾਗ ਨੇ ਤਿੜਕੇ ਦੀ ਫ਼ਾਈਲ ਦੋ ਤਿੰਨ ਸਾਲ ਪਹਿਲਾਂ ਕੇਂਦਰ ਨੂੰ ਭੇਜੀ ਸੀ।

ਹਾਲਾਂਕਿ ਜੇਲ ਮੰਤਰੀ ਕੇ. ਨਰਾਇਣਸਵਾਮੀ ਦਾ ਕਹਿਣਾ ਹੈ ਕਿ ਤਿੜਕੇ ਦੀ ਫ਼ਾਈਲ ਉਸ ਵੇਲੇ ਭੇਜੀ ਗਈ ਜਦੋਂ ਉਹ ਹਾਲੇ ਜਿਊਂਦਾ ਸੀ। ਤਿੜਕੇ ਨੂੰ ਬਲਾਤਕਾਰ ਅਤੇ ਕਤਲ ਦੇ ਦੋਸ਼ ਵਿਚ 2002 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। 2005 ਵਿਚ ਉਸ ਨੂੰ ਬਾਗਲਕੋਟ ਜ਼ਿਲ੍ਹਾ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਉਹ 30 ਨਵੰਬਰ 2005 ਤੋਂ ਬੈਲਗਾਮ ਦੇ ਹਿੰਡਾਲਗਾ ਜੇਲ ਵਿਚ ਬੰਦ ਸੀ। ਉਹ ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਦਾ ਰਹਿਣ ਵਾਲਾ ਸੀ। 2002 ਵਿਚ ਉਹ ਇਕ ਸਵਾਮੀ ਦੇ ਭੇਸ ’ਚ ਕਰਨਾਟਕ ਦੇ ਬਾਗਲਕੋਟ ਵਿਖੇ ਆ ਗਿਆ ਅਤੇ ਇਥੇ ਇਕ ਮਠ ਵਿਚ ਰਹਿਣ ਲੱਗਾ। ਉਸੇ ਸਾਲ ਉਸ ਨੇ 16 ਸਾਲ ਦੀ ਇਕ ਕੁੜੀ ਨੂੰ ਉਸ ਦੇ ਸਕੂਲ ਕੋਲੋਂ ਫੜਿਆ ਅਤੇ ਉਸ ਨਾਲ ਬਲਾਤਕਾਰ ਕਰਨ ਪਿੱਛੋਂ ਉਸ ਦਾ ਕਤਲ ਕਰ ਦਿਤਾ। ਇਥੋਂ ਫਿਰ ਉਹ ਸ਼ਿਰੜੀ ਚਲਾ ਗਿਆ, ਜਿਥੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਤਿੜਕੇ ਨੇ 2006 ਵਿਚ ਹਾਈ ਕੋਰਟ ’ਚ ਅਪੀਲ ਕੀਤੀ ਪਰ ਉਸ ਦੀ ਅਪੀਲ ਰੱਦ ਕਰ ਦਿਤੀ ਗਈ। ਜਸਟਿਸ ਐਸ.ਆਰ. ਬਨੂਰਮਥ ਅਤੇ ਜਸਟਿਸ ਅਨੰਦਾ ਨੇ ਉਸ ਨੂੰ ਸਵਾਮੀ ਦੇ ਭੇਸ ਵਿਚ ਇਕ ਸ਼ੈਤਾਨ ਕਰਾਰ ਦਿਤਾ ਸੀ। ਇਸ ਪਿੱਛੋਂ ਹੀ ਉਸ ਨੇ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਭੇਜੀ ਸੀ।

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਜਿਥੇ ਕਈ ਵੱਡੇ ਗੁਨਾਹਗਾਰਾਂ ਦੀਆਂ ਰਹਿਮ ਦੀਆਂ ਅਪੀਲਾਂ ਪ੍ਰਵਾਨ ਕੀਤੀਆਂ, ਉਥੇ ਉਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਮਾਨਸਕ ਸੰਤੁਲਨ ਗਵਾ ਚੁੱਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ. ਬੇਅੰਤ ਸਿੰਘ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸਿਆਸੀ ਕਾਤਲਾਂ ਅਤੇ ਕਈ ਹੋਰਾਂ ਦੀਆਂ ਅਪੀਲਾਂ ਰੱਦ ਕਰ ਦਿਤੀਆਂ।

ਕਿਸ-ਕਿਸ ’ਤੇ ਕੀਤਾ ਰਹਿਮ : ਪੰਜਾਬ ਦੇ ਪਿਆਰਾ ਸਿੰਘ, ਸਰਬਜੀਤ ਸਿੰਘ, ਗੁਰਦੇਵ ਸਿੰਘ ਅਤੇ ਸਤਨਾਮ ਸਿੰਘ ਜਿਨ੍ਹਾਂ ਨੇ ਇਕ ਵਿਆਹ ਸਮਾਗਮ ਵਿਚ 17 ਬਰਾਤੀਆਂ ਦਾ ਕਤਲੇਆਮ ਕਰ ਦਿਤਾ ਸੀ।

ਗੋਪੀ ਅਤੇ ਮੋਹਨ (ਤਾਮਿਲਨਾਡੂ) ਅਤੇ ਮੁਲਈ ਰਾਮ ਅਤੇ ਸੰਤੋਸ਼ (ਮੱਧ ਪ੍ਰਦੇਸ਼) ਨੇ ਮਾਸੂਮ ਬੱਚੀਆਂ ਨਾਲ ਬਲਾਤਕਾਰ ਕਰ ਕੇ ਉਨ੍ਹਾਂ ਦਾ ਕਤਲ ਕਰ ਦਿਤਾ ਸੀ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਕੇ.ਆਰ. ਨਰਾਇਣਨ ਨੂੰ ਅਪਣੇ ਕਾਰਜਕਾਲ ਦੌਰਾਨ ਰਹਿਮ ਦੀਆਂ 10 ਅਪੀਲਾਂ ਮਿਲੀਆਂ ਅਤੇ ਉਨ੍ਹਾਂ ਨੇ ਇਕ ਦਾ ਹੀ ਨਿਪਟਾਰਾ ਕੀਤਾ। ਏ.ਪੀ.ਜੇ. ਅਬਦੁਲ ਕਲਾਮ ਨੂੰ ਪਿਛਲੀਆਂ 9 ਅਪੀਲਾਂ ਦੇ ਨਾਲ-ਨਾਲ 16 ਹੋਰ ਪਟੀਸ਼ਨਾਂ ਮਿਲੀਆਂ ਪਰ ਉਨ੍ਹਾਂ ਨੇ ਵੀ ਕੁਲ 25 ਪਟੀਸ਼ਨਾਂ ’ਚੋਂ ਦੋ ਦਾ ਹੀ ਨਿਪਟਾਰਾ ਕੀਤਾ ਜਿਨ੍ਹਾਂ ਵਿਚੋਂ ਇਕ ਨੂੰ ਰੱਦ ਕਰ ਦਿਤਾ ਗਿਆ ਅਤੇ ਦੂਸਰੀ ਪਟੀਸ਼ਨ ਪ੍ਰਵਾਨ ਕਰ ਲਈ ਸੀ। (ਏਜੰਸੀ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top