Share on Facebook

Main News Page

ਭਾਜਪਾ ਦੇ ਸਰਟੀਫ਼ਿਕੇਟ ਦੀ ਲੋੜ ਨਹੀਂ ਹੈ…
- ਜਸਪਾਲ ਸਿੰਘ ਹੇਰਾਂ , Editor Daily Pehredar

ਇੱਕ ਪਾਸੇ ਪੰਜਾਬ ਵਿਧਾਨ ਸਭਾ ’ਚ ਕਾਂਗਰਸ ਦਰਬਾਰ ਸਾਹਿਬ ਸਾਕੇ ਦੇ ਸ਼ਹੀਦਾਂ ਦੀ ਯਾਦਗਾਰ ਦਾ ਵਿਰੋਧ ਕਰ ਰਹੀ ਹੈ ਅਤੇ ਦੂਜੇ ਪਾਸੇ ਭਾਜਪਾ ਨੇ ਸਿੱਖ ਕੌਮ ਦੇ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੇ ਜ਼ਿੰਦਾ ਸ਼ਹੀਦ ਦੇ ਖਿਤਾਬ ਦਾ ਇਹ ਆਖ਼ ਕੇ ਵਿਰੋਧ ਕਰ ਦਿੱਤਾ ਹੈ ਕਿ ਭਾਜਪਾ ਕਿਸੇ ‘ਹਤਿਆਰੇ’ ਨੂੰ ਸ਼ਹੀਦ ਨਹੀਂ ਮੰਨ ਸਕਦੀ। ਭਾਵੇਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜਾਂ ਸਿੱਖ ਕੌਮ ਨੂੰ ਭਾਜਪਾ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਅਤੇ ਨਾ ਹੀ ਸ਼ਹੀਦ ਤੇ ਸ਼ਹਾਦਤ ਕੌਣ ਤੇ ਕੀ ਹੁੰਦਾ ਹੈ, ਇਹ ਪਾਠ ਸਿੱਖਾਂ ਨੂੰ ਕਿਸੇ ਤੋਂ ਪੜ੍ਹਨ ਜਾਂ ਸਿੱਖਣ ਦੀ ਲੋੜ ਹੈ, ਕਿਉਂਕਿ ਸੰਸਾਰ ’ਚ ਸਿੱਖ ਹੀ ਅਜਿਹੀ ਕੌਮ ਹੈ, ਜਿਹੜੀ ‘ਸੀਸ’ ਦੀ ਫ਼ੀਸ ਲੈ ਕੇ ਹੀ ਆਪਣੇ ਸਕੂਲ ’ਚ ਦਾਖ਼ਲਾ ਦਿੰਦੀ ਹੈ।

ਪ੍ਰੰਤੂ ਜਿਸ ਤਰ੍ਹਾਂ ਭਾਜਪਾ ਤੇ ਬਾਦਲ ਸਾਬ੍ਹ ਨੇ ਵਿਧਾਨ ਸਭਾ ’ਚ ਆਪਣਾ ਉਲੂ ਸਿੱਧਾ ਕਰਨ ਲਈ ਅਤੇ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀ ਖੇਡ ਖੇਡੀ ਹੈ, ਉਸਨੇ ਇਕ ਵਾਰ ਫਿਰ ਸਾਫ਼ ਕਰ ਦਿੱਤਾ ਹੈ ਕਿ ਇਹ ‘ਯਾਰੀ’ ਸੁਆਰਥ ਦੀ ਯਾਰੀ ਹੈ ਅਤੇ ਇਸ ਸੁਆਰਥ ਲਈ ਇਹ ਦੋਵੇਂ ਧਿਰਾਂ ਕਿਸੇ ਨੂੰ ਵੀ ਇੱਥੋਂ ਤੱਕ ਕਿ ਆਪਣੀ ਆਤਮਾ ਨੂੰ ਵੀ ਧੋਖਾ ਦੇ ਸਕਦੀਆਂ ਹਨ। ਦਰਬਾਰ ਸਾਹਿਬ ਸਾਕੇ ਦੇ ਸ਼ਹੀਦਾਂ ਦੀ ਯਾਦਗਾਰ ਦਾ ਕਾਂਗਰਸ ਵਿਰੋਧ ਕਰਦੀ ਹੈ। ਬਾਦਲ ਸਾਬ੍ਹ ਉਸ ਬਾਰੇ ਸਪੱਸ਼ਟੀਕਰਨ ਦਿੰਦੇ ਹਨ ਅਤੇ ਸਾਰਾ ਜ਼ੋਰ ਸੂਬੇ ’ਚ ਅਮਨ-ਸ਼ਾਂਤੀ ਦੀ ਬਹਾਲੀ ਤੇ ਲਾਉਂਦੇ ਹਨ ਅਤੇ ਇਸ ਅਮਨ-ਸ਼ਾਂਤੀ ਲਈ ਆਪਣੀ ਜਾਨ ਤੱਕ ਵਾਰ ਦੇਣ ਦੇ ਦਮਗੱਜੇ ਮਾਰਦੇ ਹਨ, ਪ੍ਰੰਤੂ ਦਰਬਾਰ ਸਾਹਿਬ ਸਾਕੇ ਦੇ ਕਾਰਣਾਂ ਅਤੇ ਕੌਮ ਦੀ ਗੁਲਾਮੀ ਦਾ ਜ਼ਿਕਰ ਕਿਧਰੇ ਵੀ ਨਹੀਂ ਕਰਦੇ। ਉਸ ਸਮੇਂ ਕਾਂਗਰਸੀਆਂ ਵੱਲੋਂ ਵਾਰ-ਵਾਰ ਭਾਜਪਾ ਤੇ ਤਿੱਖੇ ਵਾਰ ਕੀਤੇ ਜਾਂਦੇ ਹਨ, ਬਾਦਲ ਸਾਬ੍ਹ ਦੀ ਹਾਜ਼ਰੀ ’ਚ ਭਾਜਪਾਈ ਚੁੱਪ ਰਹਿੰਦੇ ਹਨ, ਪ੍ਰੰਤੂ ਜਦੋਂ ਬਾਦਲ ਸਾਬ੍ਹ ਹਾਊਸ ’ਚੋਂ ਗੈਰ-ਹਾਜ਼ਰ ਹੋ ਜਾਂਦੇ ਹਨ ਤਾਂ ਭਾਜਪਾ ਦੇ ਮੰਤਰੀ ਮਦਨ ਮੋਹਨ ਮਿੱਤਲ ਝੱਟ ਇਹ ਟਿੱਪਣੀ ਕਰ ਦਿੰਦੇ ਹਨ ਕਿ ਕਿਸੇ ‘ਹਤਿਆਰੇ’ ਨੂੰ ਭਾਜਪਾ ਸ਼ਹੀਦ ਨਹੀਂ ਮੰਨ ਸਕਦੀ।

ਭਾਜਪਾ ਦੀ ਇਸ ਟਿੱਪਣੀ ਤੇ ਅਕਾਲੀਆਂ ਦੇ ਦੰਦ ਜੁੜ ਜਾਂਦੇ ਹਨ ਅਤੇ ਸਿਵਾਏ ਸਿਰ ਸੁੱਟ ਕੇ ਦੜ੍ਹ ਵੱਟ ਜਾਣ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੇ, ਪਰ ਕਿਉਂਕਿ ਇਹ ਟਿਪੱਣੀ ਬਾਦਲ ਸਾਬ੍ਹ ਦੀ ਗੈਰ-ਹਾਜ਼ਰੀ ’ਚ ਕੀਤੀ ਗਈ ਸੀ ਇਸ ਲਈ ਬਾਦਲ ਸਾਬ੍ਹ ਇਸ ਮਾਮਲੇ ਤੋਂ ਲਾਂਭੇ ਜਾਣਬੁੱਝ ਕੇ ਰੱਖੇ ਜਾਂਦੇ ਹਨ । ਕੋਈ ਅਕਾਲੀ, ਭਾਜਪਾ ਵਾਲਿਆਂ ਤੋਂ ਇਹ ਪੁੱਛਣ ਦੀ ਜੁਰੱਅਤ ਨਹੀਂ ਕਰਦਾ ਕਿ ਦਰਬਾਰ ਸਾਹਿਬ ਸਾਕੇ ਸਮੇਂ ਹਜ਼ਾਰਾਂ ਸਿੱਖ ਸੰਗਤਾਂ ਦੇ ਵਹਿਸ਼ੀਆਣਾ ਕਤਲੇਆਮ ਨੂੰ ਉਹ ਕੀ ਮੰਨਦੇ ਹਨ? ਦਰਬਾਰ ਸਾਹਿਬ ਤੇ ਫੌਜੀ ਹਮਲੇ ਲਈ ਇੰਦਰਾ ਗਾਂਧੀ ਨੂੰ ਮਜ਼ਬੂਰ ਕਰਨ ਵਾਲੀ ਭਾਜਪਾ ਕੀ ਇਸ ਭਿਆਨਕ ਕਤਲੇਆਮ ਲਈ ਜੁੰਮੇਵਾਰ ਨਹੀਂ? ਕੀ ਬੇਦੋਸ਼ੀਆਂ ਸਿੱਖ ਸੰਗਤਾਂ ਦੇ ਕਤਲੇਆਮ ਲਈ ਕਾਂਗਰਸ ਤੇ ਭਾਜਪਾ ਦੋਵੇਂ ਹਤਿਆਰੀਆਂ ਨਹੀਂ ਹਨ? ਕਾਂਗਰਸ, ਬਾਦਲ ਦਲ ਤੇ ਭਾਜਪਾ, ਜਿਸ ਤਰ੍ਹਾਂ ਦਰਬਾਰ ਸਾਹਿਬ ਸਾਕੇ ਦੇ ਸ਼ਹੀਦਾਂ ਦੀ ਯਾਦਗਾਰ ਨੂੰ ‘ਸਿਆਸੀ ਫੁੱਟਬਾਲ’ ਬਣਾਉਣ ਦੇ ਰਾਹ ਤੁਰ ਪਈਆਂ ਹਨ, ਇਹ ਰਾਹ ਬੇਹੱਦ ਖ਼ਤਰਨਾਕ ਹੈ ਅਤੇ ਸਿੱਧਾ ਤਬਾਹੀ ਵੱਲ ਜਾਂਦਾ ਹੈ। ਅਸੀਂ ਇਨ੍ਹਾਂ ਸਾਰੀਆਂ ਸਿਆਸੀ ਧਿਰਾਂ ਨੂੰ ਜਿਹੜੀਆਂ ਅੱਜ ਮੁੱਦਾਹੀਣ ਹੋ ਕੇ ਲੋਕਾਂ ’ਚ ਆਪਣੀ ਸਾਖ਼ ਲਗਭਗ ਗੁਆ ਚੁੱਕੀਆਂ ਹਨ, ਇਹ ਅਪੀਲ ਜ਼ਰੂਰ ਕਰਾਂਗੇ ਕਿ ਪੰਜਾਬ ਨੂੰ ਪ੍ਰਯੋਗਸ਼ਾਲਾ ਵਜੋਂ ਵਰਤਣਾ ਬੰਦ ਕਰ ਦਿਓ, ਕਿਉਂਕਿ ਜਦੋਂ ਗਲਤ ਤਜ਼ਰਬੇ ਕਾਰਣ ਵਿਸਫੋਟ ਹੋਣੇ ਸ਼ੁਰੂ ਹੁੰਦੇ ਹਨ ਤਾਂ ਉਹ ਰੋਕਣੇ ਫਿਰ ਕਿਸੇ ਦੇ ਵੀ ਵੱਸ ’ਚ ਨਹੀਂ ਰਹਿੰਦੇ। ਦਰਬਾਰ ਸਾਹਿਬ ਸਾਕੇ ਦੇ ਸ਼ਹੀਦਾਂ ਦੀ ਯਾਦਗਾਰ ਜਾਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦੇ ਖਿਤਾਬ ਦਾ ਮਾਮਲਾ, ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਮੁੱਦੇ ਹਨ, ਇਸ ਲਈ ਉਨ੍ਹਾਂ ’ਚ ਦਖ਼ਲਅੰਦਾਜ਼ੀ ਤੁਰੰਤ ਬੰਦ ਕੀਤੀ ਜਾਵੇ, ਜੇ ਸਿੱਖ ਤੁਹਾਡੇ ਤੋਂ ਕੋਈ ਸਰਟੀਫਿਕੇਟ ਮੰਗਣਗੇ ਫਿਰ ਭਾਵੇਂ ਜੋ ਮਰਜ਼ੀ ਟਿੱਪਣੀ ਜਾਂ ਪ੍ਰਤੀਕ੍ਰਿਆ ਕਰੀ ਜਾਇਓ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top