Share on Facebook

Main News Page

ਸ਼੍ਰੋਮਣੀ ਕਮੇਟੀ ਨੇ ਸਰਾਵਾਂ ਦੇ ਕਿਰਾਏ ਕੀਤੇ ਦੁੱਗਣੇ

ਦਰਬਾਰ ਸਾਹਿਬ ਦਰਸ਼ਨ ਕਰਨ ਆਈਆਂ ਸੰਗਤਾਂ ਲਈ ਕਮਰਾ ਲੈਣਾ ਸਭ ਤੋਂ ਵੱਡੀ ਸਮੱਸਿਆ, ਸਿਫ਼ਾਰਸ਼ ਤੋਂ ਬਿਨ੍ਹਾਂ ਨਹੀਂ ਮਿਲਦਾ ਕਮਰਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸਰਧਾਲੂਆਂ ਲਈ ਬਣੀਆਂ ਸਰਾਵਾਂ ਦੇ ਕਿਰਾਏ ਦੁੱਗਣੇ ਕਰਨ ਵੇਲੇ ਇਹ ਕਿਉਂ ਨਹੀਂ ਸੋਚਿਆ ਕਿ ਇਹ ਫੈਸਲਾ ਗੁਰੂ ਸਾਹਿਬਾਨ ਦੇ "ਸਭੈ ਸਾਂਝੀਵਾਲ ਸਦਾਇਨ ਕੋਇ ਨਾ ਦਿਸੇ ਬਾਹਰਾ ਜੀਓ" ਦੇ ਸਿਧਾਂਤ ਦੀਆਂ ਧੱਜੀਆਂ ਉਡਾਵੇਗਾ, ਕਿਉਂ ਕਿ ਗੁਰੂ ਸਾਹਿਬ ਦਾ ਫਰਮਾਨ ਸੀ, ਕਿ ਇਸ ਦਰ ’ਤੇ ਭੁੱਖੇ ਨੂੰ ਭੋਜਨ ਅਤੇ ਰਾਤ ਰਹਿਣ ਲਈ ਰਹਾਇਸ ਦਾ ਪ੍ਰਬੰਧ ਹੋਵੇਗਾ, ਪਰ ਸ੍ਰੋਮਣੀ ਕਮੇਟੀ ਨੇ ਸਰਾਵਾਂ ਵਿੱਚ ਜਾ ਕੇ ਇੰਝ ਮਹਿਸੂਸ ਹੁੰਦਾ ਹੈ ਕਿ ਉਪਰੋਕਤ ਸਬਦ ਸਿਰਫ ਸਟੇਜਾਂ ਤੇ ਹੀ ਪੜਨ-ਸੁਣ ਲਈ ਰਹਿ ਗਿਆ ਹੈ, ਜੋ ਦੁਰਦਸਾ ਅੱਜ ਸੰਗਤ ਦੀ ਸ੍ਰੋਮਣੀ ਕਮੇਟੀ ਦੀਆਂ ਸਰਾਵਾਂ ਵਿੱਚ ਕਮਰਾ ਲੈਣ ਲਈ ਹੋਣ ਰਹੀ ਹੈ। ਉਹ ਸਾਇਦ ਹੀ ਕਦੇ ਹੋਈ ਹੋਵੇ, ਸਰਾਵਾਂ ਵਿੱਚ ਕਮਰਾ ਲੈ ਲੈਣਾ ਬਹੁਤ ਵੱਡੀ ਪ੍ਰਾਪਤ ਸਮਝੀ ਜਾ ਰਹੀ ਹੈ, ਸ੍ਰੋਮਣੀ ਕਮੇਟੀ ਨੇ ਸੰਗਤਾਂ ਤੋਂ ਖਹਿੜਾ ਛਡਾਉਣ ਅਤੇ ਲਾਗਲੇ ਹੋਟਲਾਂ ਦੇ ਮਾਲਕਾਂ ਨੂੰ ਖੁਸ਼ ਕਰਨ ਲਈ ਕਮਰਿਆਂ ਦੇ ਕਿਰਾਏ ਦੁੱਗਣੇ ਕਰ ਦਿੱਤੇ ਹਨ, ਜਦਕਿ ਇਹਨਾਂ ਕਮਰਿਆਂ ਵਿੱਚ ਤਕੜੀ ਪਹੁੰਚ ਵਾਲੇ ਲੋਕ ਫ਼ਰੀ ਰਹਿ ਰਹੇ ਹਨ, ਇਹਨਾਂ ਸਰਾਵਾਂ ਵਿੱਚੋਂ ਮਾਤਾ ਭਾਗ ਕੌਰ ਸਰਾਂ ਦੇ ਕੁਝ ਕਮਰੇ ਇੱਕ ਮੰਤਰੀ ਦੇ ਗੰਨਮੈਨ ਅਤੇ ਚਹੇਤਿਆਂ ਨੂੰ ਦਿੱਤੇ ਹੋਏ ਹਨ।

ਬਾਬਾ ਦੀਪ ਸਿੰਘ ਨਿਵਾਸ ਦੇ ਕੁਝ ਕਮਰੇ ਇੱਕ ਐਮ.ਐਲ.ਏ. ਦੇ ਗੰਨਮੈਨ ਅਤੇ ਚਹੇਤਿਆਂ ਨੂੰ ਦਿੱਤੇ ਹੋਏ ਹਨ, ਸ੍ਰੀ ਗੁਰੂ ਹਰਗੋਬਿੰਦ ਨਿਵਾਸ ਵਿੱਚ ਇੱਕ ਸਾਬਕਾ ਮੰਤਰੀ ਹਰ ਮਹੀਨੇ ਧਾੜਵੀਆਂ ਵਾਂਗ ਆਉਂਦਾ ਹੈ, ਸਾਰੇ ਕਮਰਿਆਂ ਦੀਆਂ ਚਾਬੀਆਂ ਆਪਣੇ ਚਹੇਤਿਆਂ ਨੂੰ ਫ਼ਰੀ ਵੰਡ ਦਿੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਅਤੇ ਮਾਤਾ ਗੰਗਾ ਜੀ ਨਿਵਾਸ ਸ੍ਰੋਮਣੀ ਕਮੇਟੀ ਮੈਂਬਰਾਂ ਐਮ.ਐਲ.ਏ/ਮੰਤਰੀ ਜਾਂ ਹੋਰ ਸਿਫ਼ਾਰਸੀਆਂ ਦੀ ਫ਼ਰੀ ਭੇਟਾ ਚੜ੍ਹ ਜਾਂਦੇ ਹਨ। ਇਹਨਾਂ ਸਰਾਵਾਂ ਵਿੱਚ ਇੱਕ ਵਿਅਕਤੀ ਅਜਿਹਾ ਵੀ ਹੈ, ਜੋ ਕਿ ਅਗੁਠਾ ਛਾਪ ਹੈ, ਪਰ ਜੇਕਰ ਉਸ ਦੀ ਪਹੁੰਚ ਜਾਂ ਦਾਦਗਿਰੀ ਦੀ ਗੱਲ ਕਰੀਏ ਤਾਂ ਇਹ ਵਿਅਕਤੀ ਤਰੱਕੀ ਦੀਆਂ ਸਾਰੀਆਂ ਪੌੜੀਆਂ ਸਰ ਕਰ ਚੁੱਕਾ ਹੈ। ਸ੍ਰੋਮਣੀ ਕਮੇਟੀ ਪ੍ਰਧਾਨ ਦੇ ਨਾਮ ਤੇ ਸਰਾਵਾਂ ਦੇ ਬਾਕੀ ਮੁਲਾਜਮਾਂ ਦੀ ਨੱਕ ਵਿੱਚ ਦਮ ਕੀਤਾ ਹੋਇਆ ਹੈ, ਇਹ ਵਿਅਕਤੀ ਸਾਰੀਆਂ ਸਰਾਵਾਂ ਦੀਆਂ ਚਾਬੀਆਂ ਆਪਣੀ ਜੇਬ ਵਿੱਚ ਰੱਖਦਾ ਹੈ, ਤੇ ਮੁਲਾਜਮਾਂ ਨੂੰ ਹਦਾਇਤਾਂ ਕਰਦਾ ਹੈ, ਕਿ ਉਸ ਦੇ ਕਹੇ ਤੋਂ ਬਿਨ੍ਹਾਂ ਕਿਸੇ ਨੂੰ ਕੋਈ ਕਮਰੇ ਦੀ ਚਾਬੀ ਨਹੀਂ ਦੇਣੀ, ਲਾਗਲੇ ਪੰਜ-ਸੱਤ ਮਾਲਕ ਅਤੇ ਨੌਕਰ ਇਸ ਵਿਅਕਤੀ ਦੇ ਆਲੇ ਦੁਆਲੇ ਘੁੰਮਦੇ ਸ਼ਰੇਆਮ ਦੇਖੇ ਜਾ ਸਕਦੇ ਹਨ, ਇਹ ਵਧੇਰੇ ਸਰਧਾਲੂਆਂ ਨੂੰ ਉਹਨਾਂ ਹੋਟਲ ਮਾਲਕਾਂ ਕੋਲੇ ਵੇਚ (ਭੇਜ) ਦਿੰਦਾ ਹੈ। ਇਹ ਵਿਅਕਤੀ ਜੇਬ ਵਿੱਚ ਰੱਖੀਆਂ ਚਾਬੀਆਂ ਗਿਆਰਾਂ ਵਜੇ ਤੱਕ ਲਾਰੇ ਲਾ ਕੇ ਦੁਰਕਾਰੇ ਸਰਧਾਲੂਆਂ ਨੂੰ ਪੂਰੀ ਦੌੜ-ਭੱਜ ਕਰਵਾ ਕੇ ਸਵੇਰੇ ਸੱਤ ਵਜੇ ਤੋਂ ਪਹਿਲਾਂ ਪਹਿਲਾਂ ਖਾਲੀ ਕਰਨ ਦੀ ਸਰਤ ਤੇ ਚਾਬੀਆਂ ਦਿੰਦਾ ਹੈ, ਜਿਸ ਦੀ ਐਂਟਰੀ ਸਿਰਫ ਕੱਚੇ ਕਾਗਜ ਤੇ ਹੁੰਦੀ ਹੈ, ਤੇ ਇਹ ਕਮਰੇ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿੱਚ ਪ੍ਰਧਾਨ ਦੇ ਨਾਮ ਤੇ ਰਿਜਰਵ ਕਹਿ ਕੇ ਖਾਲੀ ਰੱਖ ਲਏ ਜਾਂਦੇ ਹਨ, ਪਰ ਇਸ ਦੀ ਕਮਾਈ ਇਸ ਗੈਂਗ ਦੇ ਲੇਖੇ ਲੱਗ ਜਾਂਦੀ ਹੈ, ਇਸ ਅਗੂਠਾ ਛਾਪ ਮੁਲਾਜ਼ਮ ਦੀ ਪਹੁੰਚ ਅਤੇ ਦਹਿਸਤ ਤੋਂ ਡਰਦੇ ਬਾਕੀ ਮੁਲਾਜ਼ਮ ਸ਼ਾਹ ਤੱਕ ਨਹੀਂ ਕੱਢਦੇ, ਭਾਂਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਸਮੇਤ ਸਾਰੀਆਂ ਸਰਾਵਾਂ ਵਿੱਚ ਸਪੱਸ਼ਟ ਲਿਖਿਆ ਹੋਇਆ ਹੈ, ਕਿ ਸਾਰੇ ਕਮਰਿਆਂ ਦੀ ਬੁਕਿੰਗ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਵਿੱਚ ਹੀ ਹੁੰਦੀ ਹੈ, ਪਰ ਇਸ ਪੁਰ ਅਮਲ ਨਾ ਦੀ ਕੋਈ ਚੀਜ਼ ਨਹੀਂ ਹੈ।

ਕਮਰਿਆਂ ਦੀ ਅਲਾਟਮੈਂਟ ਜਿੰਮੇਵਾਰ ਖਿੜਕੀਆਂ ਦੀ ਬਜਾਏ, ਜੇਬਾਂ ਵਿੱਚ ਰੱਖੀਆਂ ਪਰਚੀਆਂ ਤੋਂ ਸ਼ਰੇਆਮ ਕੀਤੀ ਜਾਂਦੀ ਹੈ, ਸਰਧਾਲੂਆਂ ਨੂੰ 10-10 ਗੇੜੇ ਮਰਵਾ ਕੇ ਵੀ ਕਮਰਾ ਨਹੀਂ ਮਿਲਦਾ, ਫੋਨਾਂ ਤੇ ਵੱਡੇ ਸਾਹਬਾਂ ਦੀਆਂ ਸਿਫ਼ਾਰਸਾਂ (ਗੱਲ ਕਰਾ ਕੇ) ਕਰਾਉਣ ਵਾਲੇ ਝੱਟ ਕਮਰੇ ਦੀ ਚਾਬੀ ਲੈਣ ਜਾਂਦੇ ਹਨ, ਬੇਸਹਾਰਾ ਲੋਕ ਇਸ ਨਿਆਸਰਿਆਂ ਦੇ ਦਰ ਤੋਂ ਨਿਰਾਸ਼ ਹੋ ਥੱਕ ਹਾਰ ਕੇ ਚਲੇ ਜਾਂਦੇ ਹਨ, ਇਹਨਾਂ ਸਰਾਵਾਂ ਦੇ ਕਾਊਂਟਰਾਂ ਤੇ ਬੈਠੇ ਮੁਲਾਜ਼ਮਾਂ ਦੀ ਔਕਾਤ ਸਿਰਫ ਪਰਚੀ ਕੱਟਣ ਤੋਂ ਵੱਧ ਹੋਰ ਕੁਝ ਵੀ ਨਹੀਂ, ਇਹ ਮੁਲਾਜ਼ਮ ਫੋਨ ਸੁਣਨ ਤੋਂ ਵੀ ਕੰਨੀ ਕਤਰਾਉਂਦੇ ਹਨ। ਇਹ ਆਪਣੇ ਰਜਿਸਟਰਾਂ ਵਿੱਚ ਬਾਕੀ ਸਰਾਵਾਂ ਚੋਂ ਆਈ ਲਿਸਟ ਮੁਤਾਬਿਕ ਐਂਟਰੀਆਂ ਦਰਜ਼ ਕਰਨ ਤੋਂ ਵੱਧ ਹੋਰ ਕੁਝ ਵੀ ਨਹੀਂ ਕਰ ਸਕਦੇ, ਇੱਕ ਕੋਨੇ ਵਿੱਚ ਬੈਠੇ ਦੋ ਤਿੰਨ ਕਰਮਚਾਰੀ ਅਲਾਂਟਮੈਂਟਾਂ ਦੀਆਂ ਪਰਚੀਆਂ ਦੇ ਰਹੇ ਹਨ, ਕਾਫੀ ਜੱਦੋ-ਜਹਿਦ ਤੋਂ ਬਾਅਦ ਪਰਚੀ ਲੈ ਕੇ ਸਰਧਾਲੂ ਕਾਫੀ ਖੁਸ਼ ਹੋ ਜਾਂਦੇ ਹਨ, ਜਦ ਦੇਖਦੇ ਹਨ ਕਿ ਐਨੀਆਂ ਮਿਨਤਾਂ-ਤਰਲਿਆਂ ਨਾਲ ਇੱਕ ਪਰਚੀ ਮਿਲੀ, ਉਹ ਵੀ ਸਮਾਨ ਰੱਖਣ ਲਈ ਲਾਕਰ ਦੀ ਤਾਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹਨ, ਤੇ ਉਹ ਸਰਧਾਲੂ ਸ੍ਰੋਮਣੀ ਕਮੇਟੀ ਨੂੰ ਕੋਸਦੇ ਹੋਏ, ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਦੀਆਂ ਪੌੜੀਆਂ ਉਤਰ ਜਾਂਦੇ ਹਨ, ਤੇ ਅੱਗੋ ਫਿਰ ਹੋਟਲਾਂ ਦੇ ਕਰੇਦੇਂ ਉਹਨਾਂ ਸਤਾਏ ਹੋਏ ਸਰਧਾਲੂਆਂ ਨੂੰ ਧਰਵਾਸ ਦੇਕੇ ਆਪਣੇ ਮਹਿੰਗੇ ਹੋਟਲਾਂ ਵਿੱਚ ਲੈ ਜਾਂਦੇ ਹਨ।

ਸ੍ਰੀ ਗੁਰੂ ਅਰਜਨ ਦੇਵ ਨਿਵਾਸ ਦੀਆਂ ਪੌੜੀਆਂ ਸਿਰਫ ਵੱਡੀ ਸਿਫ਼ਾਰਸ ਵਾਲੇ ਲੋਕ ਹੀ ਚੜਦੇ ਹਨ, ਵੱਡੀ ਸਿਫ਼ਾਰਸ ਵੱਡੀ ਸਹਾਇਤਾ ਦੀ ਤਰ੍ਹਾਂ ਵੱਡੀ ਸਿਫ਼ਾਰਸ ਅਤੇ ਵੱਡਾ ਵਧੀਆ ਕਮਰਾ ਮਿਲਦਾ ਹੈ, ਸਭ ਨੂੰ ਬਰਾਬਰਤਾ ਦਾ ਮਾਨ ਸਨਮਾਨ ਦੇਣ ਵਾਲੇ ਘਰ ਵਿੱਚ ਵਿਤਕਰੇ ਦਾ ਇਹ ਵਾਧਾ ਸੰਗਤਾਂ ਨੂੰ ਗੁਰੂ ਘਰ ਤੋਂ ਦੂਰ ਕੋਹਾਂ ਦੂਰ ਲੈ ਜਾਵੇਗਾ, ਸ੍ਰੋਮਣੀ ਕਮੇਟੀ ਨੇ ਜੇਕਰ ਕਿਰਾਇਆ ਤਹਿ ਹੀ ਕਰਨਾ ਹੈ ਤਾਂ ਇਹ ਸਭ ਤੋਂ ਭਾਵ ਕਿ ਵੱਡੇ ਛੋਟੇ ਮੰਤਰੀ/ਐਮ.ਐਲ.ਏ/ ਮੈਂਬਰ/ਜੱਥੇਦਾਰਾਂ ਤੋਂ ਵੀ ਕਿਰਾਇਆ ਵਸੂਲ ਕਰੇ, ਇਹ ਵੀ ਲਾਜ਼ਮੀ ਹੋਵੇ ਕਿ ਕਮਰਾ ਵੱਧ ਦਿਨਾਂ ਲਈ ਕਿਸੇ ਨੂੰ ਵੀ ਨਾ ਦਿੱਤਾ ਜਾਵੇ, ਕਮਰਿਆਂ ਦੇ ਕਿਰਾਏ ਨਾਲ ਸ੍ਰੋਮਣੀ ਕਮੇਟੀ ਜਿਆਦਾ ਅਮਰੀ ਨਹੀਂ ਹੋ ਸਕਦੀ, ਜੇਕਰ ਲੱਖਾਂ ਸਰਧਾਲੂਆਂ ਨੂੰ ਲੰਗਰ ਫ਼ਰੀ ਛਕਾਇਆ ਜਾ ਸਕਦਾ ਹੈ ਤਾਂ ਰਹਾਇਸ ਦੇ ਪ੍ਰਬੰਧ ਫ਼ਰੀ ਕਿਉਂ ਨਹੀਂ ਹੋ ਸਕਦੇ। ਗੁਰੂ ਸਾਹਿਬਾਨ ਦੇ ਬਰਾਬਰਤਾ ਦੇ ਸਿਧਾਂਤ ਨੂੰ ਵੱਡੀ ਸੱਟ ਉਸ ਵੇਲੇ ਲਗਦੀ ਹੈ ਕਿ ਜਦੋਂ ਤਕੜੀ ਪਹੁੰਚ ਵਾਲੇ ਲੋਕ ਵੀ.ਆਈ.ਪੀਜ਼ ਕਮਰੇ ਲੈ ਜਾਂਦੇ ਹਨ, ਤੇ ਬੇਸ਼ਹਾਰਾ ਲੋਕ ਸੜਕਾਂ ਤੇ ਸੌ ਕੇ ਪੱਖੇ ਵਾਲੇ ਕਮਰੇ ਤੋਂ ਵੀ ਵਾਝਾਂ ਰਹਿ ਜਾਂਦੇ ਹਨ, ਫਿਰ ਕਿੱਥੇ ਰਹਿ ਗਈ ਬਰਾਬਰਤਾ, ਇਹ ਨਿਘਾਰ ਸਾਨੂੰ ਕਿੱਥੇ ਲੈ ਜਾਵੇਗੀ, ਸਾਨੂੰ ਸੋਚਣਾ ਪਵੇਗਾ।

Source: Daily Pehredar


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top