Share on Facebook

Main News Page

ਸਾਕਾ ਦਰਬਾਰ ਸਾਹਿਬ ਦੇ ਸ਼ਹੀਦਾਂ ਦੀ ਯਾਦਗਾਰ ਵਿਰੁੱਧ ਕਾਂਗਰਸ ਨੇ ਦੋ ਵਾਰ ਕੀਤਾ ਵਾਕ ਆਊਟ

ਚੰਡੀਗੜ੍ਹ, 21 ਜੂਨ – ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸਵੇਰੇ 10 ਵਜੇ ਸ਼ੁਰੂ ਹੋਇਆ। ਅੱਜ ਦੇ ਇਹ ਸ਼ੈਸ਼ਨ ਹੰਗਾਮਿਆਂ ਭਰਿਆ ਰਿਹਾ ਜਿਸ ਵਿੱਚ ਵਿਰੋਧੀ ਧਿਰ ਨੇ ਕੀਤਾ ਵਾਕ ਆਊਟ।

ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ ਬਣਾਈ ਜਾਣ ਅਤੇ ਬੇਅੰਤ ਸਿੰਘ ਕਤਲ ਮਾਮਲੇ ’ਚ ਪਟਿਆਲਾ ਜੇਲ੍ਹ ’ਚ ਕੋਠੀ ਲੱਗੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤੇ ਜਾਣ ਦੇ ਮੁੱਦੇ ਤੇ ਗੱਠਜੋੜ ਸਰਕਾਰ ਦੇ ਅਕਾਲੀ ਅਤੇ ਭਾਜਪਾ ਨੁਮਾਇੰਦਿਆਂ ਅਤੇ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸੀ ਵਿਧਾਇਕ ਸੁਨੀਲ ਜਾਖੜ ਵੱਲੋਂ ਵਾਰ ਵਾਰ ਉਠਾਇਆ ਜਾਂਦਾ ਰਿਹਾ। ਜਾਖੜ ਵੱਲੋਂ ਇਹ ਕਿਹਾ ਕਿ ਅੰਮ੍ਰਿਤਸਰ ਸਾਹਿਬ ਵਿੱਚ ਇਹ ਯਾਦਗਾਰ ਬਣਾਉਣ ਅਤੇ ਰਾਜੋਆਣਾ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦੇਣ ਨਾਲ ਪੰਜਾਬ ਦੀ ਸ਼ਾਂਤੀ ਭੰਗ ਹੋਣ ਦਾ ਖਦਸ਼ਾ ਹੈ। ਵਿਰੋਧੀ ਧਿਰ ਨੇ ਮੁੱਖ ਮੰਤਰੀ ਅਤੇ ਭਾਜਪਾ ਨੂੰ ਇਹਨਾਂ ਦੋਹਾਂ ਮੁੱਦਿਆਂ ਤੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ। ਜਦੋਂ ਜਾਖੜ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਬਾਰ ਬਾਰ ਦੋਹਾਂ ਮੁੱਦਿਆਂ ਤੇ ਸਵਾਲ ਕੀਤੇ ਜਾ ਰਹੇ ਸਨ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੱਛੇ ਬੈਠੈ ਮਾਲ ਮੰਤਰੀ ਸ੍ਰ: ਬਿਕਰਮ ਸਿੰਘ ਮਜੀਠੀਆ ਵੀ ਉਠ ਉਠ ਕੇ ਵਿਰੋਧੀ ਧਿਰ ਨੂੰ ਮੂੰਹ ਤੋੜਵੇਂ ਜਵਾਬ ਦੇਣ ਲੱਗੇ ਹੋਏ ਸਨ। ਪਹਿਲਾਂ ਤਾਂ ਸ੍ਰੀ ਜਾਖੜ ਘੁਮਾ-ਫਿਰਾ ਕੇ ਇਹ ਮੁੱਦੇ ਉਠਾਉਂਦੇ ਰਹੇ ਪਰ ਚਾਰੇ ਪਾਸਿਉਂ ਆਵਾਜ਼ਾਂ ਉਠਣ ’ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਯਾਦਗਾਰ ਬਣਾਉਣ ਦੇ ਉਹ ਵਿਰੁੱਧ ਹਨ। ਇਸੇ ਤਰ੍ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ‘ਜ਼ਿੰਦਾ ਸ਼ਹੀਦ’ ਦਾ ਖ਼ਿਤਾਬ ਦੇਣ ਦਾ ਵੀ ਉਹ ਵਿਰੋਧ ਕਰਦੇ ਹਨ। ਮੁੱਖ ਮੰਤਰੀ ਬਾਦਲ ਅਤੇ ਭਾਜਪਾ ਤੋਂ ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਮੁੱਦਿਆਂ ’ਤੇ ਉਹ ਆਪੋ ਅਪਣੇ ਸਟੈਂਡ ਸਪਸ਼ਟ ਕਰਨ।

ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਉਠ ਕੇ ਕਿਹਾ ਕਿ ਉਹ ਹਾਊਸ ’ਚ ਬਿਆਨ ਦੇਣਗੇ ਅਤੇ ਨਾਲ ਹੀ ਕਾਂਗਰਸ ਸਮੇਂ ਉਨ੍ਹਾਂ ਨਾਲ ਹੋਏ ਸਿਆਸੀ ਧੱਕਿਆਂ ਬਾਰੇ ਵੀ ਸਥਿਤੀ ਸਪੱਸ਼ਟ ਕਰਨਗੇ। ਸ. ਬਾਦਲ ਨੇ ਜਦ ਬੋਲਣਾ ਸ਼ੁਰੂ ਕੀਤਾ ਤਾਂ ਪਹਿਲਾਂ ਉਨ੍ਹਾਂ ਸੁਨੀਲ ਜਾਖੜ ਦੀ ਸਿਫ਼ਤ ਕਰ ਕੇ ਭੂਮਿਕਾ ਬੰਨ੍ਹੀ ਅਤੇ ਫਿਰ ਕਿਹਾ ਕਿ ਜਦ ਤਕ ਉਨ੍ਹਾਂ ਦੇ ਸਰੀਰ ’ਚ ਸਾਹ ਚਲਦਾ ਹੈ, ਉਦੋਂ ਤਕ ਉਹ ਕਿਸੇ ਵੀ ਕੀਮਤ ’ਤੇ ਪੰਜਾਬ ਦੀ ਸ਼ਾਂਤੀ ਅਤੇ ਅਮਨ ਭੰਗ ਨਹੀਂ ਹੋਣ ਦੇਣਗੇ। ਕਾਂਗਰਸ ਵਲੋਂ ਖੜਾ ਕੀਤਾ ਜਾ ਰਿਹਾ ਵਿਵਾਦ ਬੇਲੋੜਾ ਹੈ। ਉਨ੍ਹਾਂ ਕਿਹਾ ਕਿ ਕੁੱਝ ਅਨਸਰ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣਾ ਚਾਹੁੰਦੇ ਹਨ। ਇਸ ਤਰ੍ਹਾਂ ਦੀ ਸੋਚ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਮਿਲਦਾ ਹੈ। ਇਥੇ ਯਾਦਗਾਰ ਬਣਨ ਨਾਲ ਕਦੇ ਸ਼ਾਂਤੀ ਭੰਗ ਨਹੀਂ ਹੋਵੇਗੀ ਅਤੇ ਨਾ ਹੀ ਪੰਜਾਬ ਸਰਕਾਰ ਹੋਣ ਦੇਵੇਗੀ। ਸ. ਬਾਦਲ ਨੇ ਕਿਹਾ ਕਿ 1984 ਵਿਚ ਸ੍ਰੀ ਦਰਬਾਰ ਸਾਹਿਬ ਉਪਰ ਕੇਂਦਰ ਦੀ ਉਸ ਵੇਲੇ ਦੀ ਸਰਕਾਰ ਨੇ ਫ਼ੌਜੀ ਹਮਲਾ ਕੀਤਾ ਅਤੇ ਪੰਜਾਬ ਦਾ ਬੁਰੀ ਤਰ੍ਹਾਂ ਖੂਨ ਖਰਾਬਾ ਕੀਤਾ ਜੋ ਸਮੁੱਚੀ ਸਿੱਖ ਕੌਮ ਉਪਰ ਮਨੁੱਖਤਾ ਦੇ ਘਾਣ ਦੇ ਜ਼ਖ਼ਮ ਛੱਡ ਗਿਆ। ਜਦੋਂ ਜਾਖੜ ਵੱਲੋਂ ਵਾਰ-ਵਾਰ ਮੁੜ ਦੋਹਾਂ ਮੁੱਦਿਆਂ ਉਪਰ ਹੀ ਬਹਿਸ ਕੀਤੀ ਜਾਂਦੀ ਰਹੀ ਤਾਂ ਕਈ ਵਾਰ ਸਪੀਕਰ ਸ: ਅਟਵਾਲ ਨੂੰ ਇਸ ਵਿੱਚ ਦਖਲ ਅੰਦਾਜ਼ੀ ਕਰਨੀ ਪਈ ਜਿਨ੍ਹਾਂ ਨੇ ਸ੍ਰੀ ਜਾਖੜ ਨੂੰ ਟੋਕਦਿਆਂ ਹੋਇਆਂ ਕਈ ਵਾਰ ਇਹ ਵੀ ਕਿਹਾ ਕਿ ਤੁਹਾਡੇ ਸਾਥੀ ਆਪਣਾ ਹੀ ਰਾਗ ਅਲਾਪੀ ਜਾਂਦੇ ਹਨ।

ਸ. ਬਾਦਲ ਨੇ ਕਿਹਾ ਕਿ ਸਵ. ਪ੍ਰਧਾਨ ਮੰਤਰੀ ਚੰਦਰ ਸ਼ੇਖ਼ਰ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਵਿਚ ਫ਼ੌਜ ਭੇਜ ਕੇ ਮਾਨਵਤਾ ਨੂੰ ਲਹੂ-ਲੁਹਾਨ ਕੀਤਾ ਹੈ। ਸ. ਬਾਦਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ, ਸਮੁੱਚੀ ਮਨੁੱਖਤਾ ਦੀ ਸ਼ਰਧਾ ਵਾਲਾ ਧਾਰਮਕ ਸਥਾਨ ਹੈ। ਪੂਰੀ ਦੁਨੀਆਂ ਵਿਚ ਬੈਠੇ ਲੋਕ ਸਾਕਾ ਨੀਲਾ ਤਾਰਾ ਦੀ ਯਾਦਗਾਰ ਬਣਾਉਣ ਦੀ ਮੰਗ ਕਰ ਰਹੇ ਸਨ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਸ਼ਹੀਦਾਂ ਦੀ ਯਾਦਗਾਰ ਬਣੇ। ਸ. ਬਾਦਲ ਨੇ ਸਪਸ਼ਟ ਕੀਤਾ ਕਿ ਇਹ ਧਾਰਮਕ ਯਾਦਗਾਰ ਸ਼੍ਰੋਮਣੀ ਕਮੇਟੀ ਵਲੋਂ ਬਣਵਾਈ ਜਾ ਰਹੀ ਹੈ। ਇਹ ਨਿਰੋਲ ਧਾਰਮਕ ਸਥਾਨ ਹੋਵੇਗਾ। ਇਥੇ ਇਕ ਗੁਰਦਵਾਰਾ ਉਸਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਦੇਸ਼ ਦੀ ਰਾਖੀ ਲਈ ਮੋਹਰਲੀ ਕਤਾਰ ਵਿਚ ਖੜ੍ਹਾ ਹੁੰਦਾ ਰਿਹਾ ਹੈ। ਉਨ੍ਹਾਂ ਵਾਰ-ਵਾਰ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਸਮੁੱਚੇ ਹਾਊਸ ਨੂੰ ਯਕੀਨ ਦਿਵਾਉਂਦੀ ਹੈ ਕਿ ਕਿਸੇ ਵੀ ਕੀਮਤ ’ਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿਤਾ ਜਾਵੇਗਾ।

ਸ. ਬਾਦਲ ਨੇ ਕਾਂਗਰਸ ਨੂੰ ਕਿਹਾ ਕਿ ਉਹ ਅਜਿਹਾ ਕੋਈ ਵੀ ਕੰਮ ਨਾ ਕਰੇ ਜਿਸ ਨਾਲ ਪੰਜਾਬ ਦਾ ਅਮਨ-ਕਾਨੂੰਨ ਭੰਗ ਹੁੰਦਾ ਹੋਵੇ। ਸ. ਬਾਦਲ ਨੇ ਕਿਹਾ ਕਿ ਕੁੱਝ ਤਾਕਤਾਂ ਪੰਜਾਬ ਵਿਚ ਅੱਗ ਲਗਾਉਣਾ ਚਾਹੁੰਦੀਆਂ ਹਨ ਅਤੇ ਕਾਂਗਰਸ ਉਨ੍ਹਾਂ ਦੇ ਹੱਥਾਂ ਵਿਚ ਨਾ ਖੇਡੇ। ਇਸ ਮੌਕੇ ਸ. ਬਾਦਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਦੀ ਚਿੱਠੀ ਦੀ ਫ਼ੋਟੋ ਕਾਪੀ ਵੀ ਹਾਊਸ ਵਿਚ ਰੱਖੀ ਜਿਸ ਵਿਚ ਉਨ੍ਹਾਂ ਯਾਦਗਾਰ ਅਤੇ ਭਾਈ ਰਾਜੋਆਣਾ ਨੂੰ ਸਨਮਾਨਤ ਕਰਨ ਬਾਰੇ ਲਿਖਿਆ ਹੈ। ਸ. ਬਾਦਲ ਦੇ ਬਿਆਨ ਤੋਂ ਕਾਂਗਰਸੀ ਸੰਤੁਸ਼ਟ ਨਾ ਹੋਏ ਅਤੇ ਸਾਰੇ ਕਾਂਗਰਸੀ ਵਿਧਾਇਕ ਉਠ ਕੇ ਖੜੇ ਹੋ ਗਏ ਅਤੇ ਸਪੀਕਰ ਦੀ ਕੁਰਸੀ ਦੇ ਸਾਹਮਣੇ ਪੁੱਜ ਕੇ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਦੇ ਰਹੇ। ਕੁੱਝ ਕਾਂਗਰਸੀ ਸ੍ਰੀ ਜਾਖੜ ਨੂੰ ਬਾਂਹ ਤੋਂ ਫੜ ਕੇ ਸਪੀਕਰ ਦੀ ਕੁਰਸੀ ਸਾਹਮਣੇ ਜਾਣ ਲਈ ਵੀ ਕਹਿੰਦੇ ਰਹੇ। ਇਸ ਤਰ੍ਹਾਂ ਜਦ ਕੁੱਝ ਸਮੇਂ ਲਈ ਹਾਊਸ ਖ਼ਤਮ ਹੋਇਆ ਤਾਂ ਸਾਰੇ ਕਾਂਗਰਸੀ ਵਿਧਾਇਕ ਵਿਧਾਇਕਾਂ ਵਾਲੇ ਚੈਂਬਰ ਵਿਚ ਪਹੁੰਚ ਗਏ ਅਤੇ ਉਥੇ ਧਰਨਾ ਦੇ ਕੇ ਨਾਹਰੇਬਾਜ਼ੀ ਕਰਦੇ ਰਹੇ ਪਰ ਸ੍ਰੀ ਜਾਖੜ ਖੜੇ ਰਹੇ ਅਤੇ ਧਰਨੇ ਉਪਰ ਨਾ ਬੈਠੇ।ਇਸੇ ਤਰ੍ਹਾਂ ਸ੍ਰੀ ਜਾਖੜ ਪ੍ਰੈਸ ਗੈਲਰੀ ਵਿਚ ਪੱਤਰਕਾਰਾਂ ਨੂੰ ਸਾਰੀ ਸਥਿਤੀ ਸਪਸ਼ਟ ਕਰਨ ਗਏ ਤਾਂ ਸਵਾਲ ਪੁੱਛਣ ’ਤੇ ਅੱਧੀ ਦਰਜਨ ਕਾਂਗਰਸੀ ਵਿਧਾਇਕ ਉਚੀ ਉਚੀ ਅਪਣਾ ਪੱਖ ਰਖਦੇ ਰਹੇ ਅਤੇ ਸ੍ਰੀ ਜਾਖੜ ਦੀ ਪ੍ਰਵਾਹ ਨਾ ਕੀਤੀ।

ਸ੍ਰੀ ਜਾਖੜ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ. ਰਾਜੋਆਣਾ ਨੂੰ ਸਨਮਾਨਤ ਕਰਨ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਅਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸ. ਬਾਦਲ ਸਰਕਾਰ ਦੇ ਮੁਖੀ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਸੱਭ ਘਟਨਾਵਾਂ ਦਾ ਨੋਟਿਸ ਲੈਣਾ ਚਾਹੀਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਅਪਣੀ ਸਰਕਾਰ ਦੀਆਂ ਨਾਕਾਮੀਆਂ ਤੋਂ ਧਿਆਨ ਪਾਸੇ ਹਟਾਉਣ ਲਈ ਇਹ ਸੱਭ ਕੁੱਝ ਕਰਵਾ ਰਹੇ ਹਨ। ਜਦ ਹਾਊਸ ਮੁੜ ਇਕ ਵਜੇ ਸ਼ੁਰੂ ਹੋਇਆ ਤਾਂ ਮੁੱਖ ਮੰਤਰੀ ਹਾਊਸ ਵਿੱਚ ਨਾ ਆਏ ਪਰ ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਅਪਣੀ ਪਾਰਟੀ ਦਾ ਸਟੈਂਡ ਸਪਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਕਾਤਲ ਨੂੰ ਸ਼ਹੀਦ ਨਹੀਂ ਮੰਨਦੀ। ਸਾਕਾ ਨੀਲਾ ਤਾਰਾ ਸਮੇਂ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ, ਉਹ ਉਨ੍ਹਾਂ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਅਤਿਵਾਦ ਦੀ ਨਿੰਦਾ ਕਰਦੀ ਹੈ ਚਾਹੇ ਉਹ ਪੰਜਾਬ ਵਿਚ ਹੋਵੇ ਜਾਂ ਕਸ਼ਮੀਰ ਵਿਚ ਜਾਂ ਫਿਰ ਕਿਤੇ ਹੋਰ। ਮਿੱਤਲ ਨੇ ਕਿਹਾ ਕਿ ਸੱਭ ਨੂੰ ਪਤਾ ਹੈ ਕਿ ਅੱਤਵਾਦ ਬਾਰੇ ਭਾਜਪਾ ਦਾ ਕੀ ਸਟੈਂਡ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਕਾਂਗਰਸ ਨੇ ਅੱਤਵਾਦ ਪੈਦਾ ਕੀਤਾ। ਜਦ ਉਨ੍ਹਾਂ ਅੱਤਵਾਦ ਬਾਰੇ ਹੋਰ ਕਹਿਣਾ ਚਾਹਿਆ ਤਾਂ ਕਾਂਗਰਸੀ ਵਿਧਾਇਕਾਂ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿਤਾ ਅਤੇ ਉਸ ਨੂੰ ਬੋਲਣ ਨਾ ਦਿਤਾ। ਹਾਊਸ ਵਿੱਚ ਜਦੋਂ ਮਦਨ ਮੋਹਨ ਮਿੱਤਲ ਕਾਂਗਰਸੀਆਂ ਨੂੰ ਆਪਣਾ ਜਵਾਬ ਦੇ ਰਹੇ ਸਨ ਤਾਂ ਜਾਖੜ ਦੇ ਸਾਥੀਆਂ ਵੱਲੋਂ 1:19 ਮਿੰਟ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਅਤੇ ਕੁਰਸੀਆਂ ਛੱਡ ਕੇ ਫਰਸ਼ ਤੇ ਬੈਠ ਗਏ। ਸ: ਅਟਵਾਲ ਵੱਲੋਂ ਨਾਅਰੇਬਾਜੀ ਕਰ ਰਹੇ ਜਾਖੜ ਅਤੇ ਉਹਨਾਂ ਦੇ ਸਾਥੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਹਾਊਸ ਨੂੰ ਚਲਾਉਣ ਲਈ ਵੀ ਕਿਹਾ ਗਿਆ ਪਰ ਜਦੋਂ ਵਿਰੋਧੀ ਧਿਰ ਤੇ ਕੋਈ ਅਸਰ ਨਾ ਹੋਇਆ ਤਾਂ ਲਗਭਗ 1:22 ਮਿੰਟ ਤੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ 25 ਜੂਨ ਬਾਅਦ ਦੁਪਹਿਰ 2 ਵਜੇ ਤੱਕ ਸਦਨ ਨੂੰ ਉਠਾ ਦਿੱਤਾ ਗਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top