Share on Facebook

Main News Page

"ਸਮਾਰਕ" ਦੇ ਨਾਮ 'ਤੇ, "ਦੋ ਮੂੰਹੀ" ਸਿਆਸਤ!

ਸਾਕਾ ਨੀਲਾ ਤਾਰਾ ਦੇ 28 ਵਰ੍ਹੇ ਬਾਅਦ ਅਕਾਲੀਆਂ ਅਤੇ  ਟਕਸਾਲੀਆਂ ਨੂੰ ਐਨੀ ਕੇੜ੍ਹੀ ਭਾਜੜ  ਪੈ ਗਈ  ਕਿ ਉਨਾਂ ਨੇ ਕੌਮ ਦੀ ਸਲਾਹ ਲਏ ਬਗੈਰ, ਇਸ ਦੀ ਉਸਾਰੀ ਦੀ ਸੇਵਾ, ਕੌਮ ਵਲੋਂ ਸਮੇਂ ਸਮੇਂ ਤੇ ਦੁਤਕਾਰੇ  ਗਏ,  ਇਕ ਸ਼ਕੀ ਕਿਰਦਾਰ ਵਾਲੇ ਸੰਤ ਸਮਾਜ ਦੇ ਮੁਖੀ ਧੁੰਮੇ ਨੂੰ ਸੌਂਪ ਦਿਤੀ? ਇਹ ਬਹੁਤ ਹੀ ਨਾਜੁਕ ਵਿਸ਼ਾ ਹੈ, ਜਿਸਨੂੰ ਪੰਥ ਦੇ ਵਿਦਵਾਨ ਅਤੇ ਸੁਚੇਤ ਤਬਕਾ ਬਹੁਤ ਹੀ ਬਰੀਕੀ ਨਾਲ ਸਮਝ ਰਿਹਾ ਹੈ, ਲੇਕਿਨ ਇਸ ਬਾਰੇ ਕਰ ਕੁਝ ਵੀ ਨਹੀਂ ਰਿਹਾ। ਇਕ "ਸਮਾਰਕ" ਜਾਂ "ਮਾਨੂੰਮੇਂਟ"  ਦੇ ਰੂਪ ਵਿਚ "1984 ਦੇ ਘਲੂਘਾਰੇ ਅਤੇ ਸਿੱਖਾਂ ਦੀ ਨਸਲਕੁਸ਼ੀ"  ਬਾਰੇ ਇਕ  ਯਾਦਗਾਰ ਜਰੂਰ ਬਨਣੀ ਚਾਹੀਦੀ ਹੈ, ਇਸ ਵਿਚ ਕੋਈ  ਦੋ ਰਾਏ  ਨਹੀਂ। ਲੇਕਿਨ ਇਸ "ਸਮਾਰਕ"  ਦੇ ਪਿਛੇ ਸਿਆਸਤ ਦੀ ਚਾਲ ਚੱਲੀ ਜਾ ਰਹੀ ਹੈ। ਸਿੱਖਾਂ ਨੂੰ ਇਹ ਸਮਝ ਹੀ ਨਹੀਂ ਆਉਣੀ, ਤੇ ਇਹ ਯਾਦਗਾਰ ਇਕ "ਗੁਰਦੁਆਰੇ ਦੇ ਰੂਪ ਵਿਚ " ਖੜੀ ਵੀ ਹੋ ਜਾਣੀ ਹੈ।

ਇਸ ਗੁਰਦੁਆਰੇ ਦੀ ਉਸਾਰੀ ਸ਼ੁਰੂ ਹੋ ਚੁਕੀ ਹੈ, ਲੇਕਿਨ ਹਿੰਦੂ ਰਾਸ਼ਟਰ ਦਾ ਸੁਫਨਾ ਵੇਖਣ ਵਾਲੀ ਬੀ ਜੇ ਪੀ ਦੇ ਸਿਆਸੀ ਭਾਈਵਾਲ,  ਰੋਜ ਇਕ ਨਵਾਂ ਬਆਨ ਦੇ ਕੇ,  ਕੌਮ ਵਿਚ ਭੰਬਲਭੁਸੇ ਖੜੇ ਕਰ ਰਹੇ ਨੇ। ਕਦੀ ਇਹ ਕਹਿਆ ਜਾਂਦਾ ਹੈ, ਕਿ ਇਹ "ਸਾਕਾ ਨੀਲਾ ਤਾਰਾ ਦੀ ਯਾਦਗਾਰ " ਬਣਾਈ ਜਾ ਰਹੀ ਹੈ। ਕਦੀ ਇਹ ਕਹਿੰਦੇ ਨੇ ਕੇ ਇਹ "1984 ਦੇ ਸ਼ਹੀਦਾਂ ਦੀ ਯਾਦਗਾਰ" ਬਣ ਰਹੀ ਹੈ। ਕਦੀ ਇਹ ਕਹਿੰਦੇ ਹਨ "1984 ਦੇ ਸਿੱਖ ਕਤਲੇਆਮ" ਦੀ ਯਾਦਗਾਰ ਬਣ ਰਹੀ ਹੈ। ਕਦੀ ਇਹ ਕਹਿੰਦੇ ਨੇ ਕਿ "ਸਾਕਾ ਨੀਲਾ ਤਾਰਾ ਦੇ ਸ਼ਹੀਦਾਂ " ਦੀ ਸਮਾਰਕ ਬਣਾਈ ਜਾ ਰਹੀ ਹੈ। ਖਾਲਸਾ ਜੀ!  ਅਪਣੇ ਦਿਲ ਤੇ ਹੱਥ ਰੱਖ ਕੇ ਅਪਣੇ ਕੋਲੋਂ ਪੁਛੋ ਕੇ  " ਕੀ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਵਿੱਚ ਕਿਸ ਗਲ ਲਈ ਇਹ  ਗੁਰਦੁਆਰਾ  ਬਣਾਇਆ ਜਾ ਰਿਹਾ ਹੈ ?" , " ਇਸ ਦਾ ਕੀ ਨਾਮ ਰਖਿਆ ਜਾਵੇਗਾ ?"  "ਇਸ ਦਾ ਕੀ ਨਕਸ਼ਾ ਹੋਵੇਗਾ ?"। ਨਹੀਂ ਪਤਾ ਨਾ? ਇਸ ਯਾਦਗਾਰ ਦੇ ਬਹਾਨੇ ਸਿੱਖੀ ਨਾਲ ਇਕ ਹੋਰ ਸਾਜਿਸ਼ ਰਚੀ ਜਾ ਚੁਕੀ ਹੈ, ਅਤੇ ਭੋਲਾ ਸਿੱਖ ਇਸ ਯਾਦਗਾਰ ਲਈ ਅਪਣਾ ਤਨ ਮਨ ਅਤੇ ਧਨ ਸਭ ਅਰਪਣ ਕਰਨ ਨੂੰ ਤਿਆਰ ਬੈਠਾ ਹੈ।

"ਸਾਕਾ ਨੀਲਾ ਤਾਰਾ ਦੀ ਯਾਦਗਾਰ ", "1984 ਦੇ ਸ਼ਹੀਦਾਂ ਦੀ ਯਾਦਗਾਰ", "1984 ਦੇ ਸਿੱਖ ਕਤਲੇਆਮ"  ਦੀ ਯਾਦਗਾਰ  ਅਤੇ "ਸਾਕਾ ਨੀਲਾ ਤਾਰਾ ਦੇ ਸ਼ਹੀਦਾਂ" ਅਤੇ "ਸਿਰਫ ਇਕ ਗੁਰਦੁਆਰਾ"  ਬਨਾਉਣ ਦੀ ਗਲ,  ਇਨ੍ਹਾਂ ਸਾਰਿਆਂ ਵਿਚ ਜਮੀਨ ਆਸਮਾਨ ਦਾ ਫਰਕ ਹੈ , ਇੱਨਾਂ  ਦਾ  ਵਿਸਤਾਰ ਨਾਲ ਜਿਕਰ ਕਰਨ ਵਿੱਚ ਇਹ ਲੇਖ ਬਹੁਤ ਲੰਮਾ ਹੋ ਜਾਵੇਗਾ। ਇਨ੍ਹਾਂ ਨੂੰ  ਧਿਆਨ ਨਾਲ ਪੜ੍ਹਨ ਨਾਲ  ਸੁਚੇਤ ਸਿੱਖ ਆਪ ਵੀ ਸਮਝ ਸਕਦੇ ਨੇ ਕਿ ਇਨ੍ਹਾਂ ਵਿਚ ਕੀ ਫਰਕ ਹੈ?  ਇਸ "ਸਮਾਰਕ" ਦੀ ਉਸਾਰੀ ਵਿਚ ਜੋ ਬਾਹਰੀ ਵਿਰੋਧ ਆ ਰਿਹਾ ਹੈ, ਉਸ ਦਾ ਤੇ ਸਾਨੂੰ, ਮੂਹ ਤੋਂੜ ਕੇ ਜਵਾਬ ਦੇਣਾਂ ਹੀ  ਚਾਹੀਦਾ ਹੈ, ਕਿ ਅਸੀ ਇਨ੍ਹਾਂ ਦੀ ਮਰਜੀ ਨਾਲ ਕੋਈ ਫੈਸਲੇ ਨਹੀਂ ਲੈਂਣੇ ।  ਜੋ ਸਿੱਖ ਵੀ ਇਸ "ਸਮਾਰਕ" ਦਾ ਵਿਰੋਧ ਕਰਦੇ ਨੇ ਉਹ ਵੀ ਕੋਈ ਕੌਮ ਪ੍ਰਸਤ ਨਹੀਂ ਹੋ ਸਕਦੇ , ਇਸ ਵਿਚ ਵੀ ਕੋਈ ਸ਼ਕ ਨਹੀਂ ਹੈ।.

ਲੇਕਿਨ ਜੋ ਤਰੀਕਾ ਅਤੇ ਵਰਤੀਰਾ ਇਸ "ਗੁਰਦੁਆਰੇ" ਨੂੰ ਬਨਾਉਣ ਲਈ ਅਕਾਲੀ ਅਤੇ ਟਕਸਾਲੀ ਅਪਣਾਅ ਰਹੇ ਨੇ ਉਹ 100% ਇਤਰਾਜ ਯੋਗ ਹੈ। ਇਸ "ਸਮਾਰਕ" ਨੂੰ ਬਣਾਉਨ ਵਾਲਾ ਆਪ ਹੁਦਰਾ ਸੇਵਾਦਾਰ , "ਧੁੰਮਾ"  ਇਹ ਐਲਾਨ ਕਰ ਚੁਕਾ ਹੈ, ਕਿ  ਇਥੇ ਕੇਵਲ ਇਕ  ਗੁਰਦੁਆਰੇ ਦੀ  ਉਸਾਰੀ ਕੀਤੀ ਜਾ ਰਹੀ ਹੈ, ਹੋਰ ਕੁਝ ਨਹੀਂ। ਖਾਲਸਾ ਜੀ! ਧੁੰਮੇ ਦਾ ਇਹ ਬਿਆਨ ਹੀ "ਕੌੜਾ  ਅਤੇ ਅਖੀਰਲਾ ਸੱਚ"  ਹੈ ਜੋ ਉਸ ਦੇ ਮੂਹੋ ਨਿਕਲ ਗਇਆ ਹੈ। ਧੁੰਮੇ ਦੇ ਬਿਆਨ ਦੀ ਪੇਪਰ ਕਟਿੰਗ ਇਸ ਲੇਖ ਨਾਲ ਮੌਜੂਦ ਹੈ। ਇਸ ਬਾਰੇ ਦਾਸ ਇਕ ਲੇਖ ਦੋ ਦਿਨ ਪਹਿਲਾਂ ਵੀ ਲਿਖ ਚੁਕਾ ਹੈ, ਜਿਸਦਾ ਸਿਰਲੇਖ ਹੈ "ਸਕਤੱਰੇਤ" ਨੂੰ ਢਾਅ ਕੇ, ਉਸ ਥਾਂ ਤੇ "ਸ਼ਹੀਦਾਂ ਦੀ ਯਾਦਗਾਰ" ਬਣਾਈ ਜਾਣੀ ਚਾਹੀਦੀ ਸੀ। ਇਸ ਲੇਖ ਦਾ ਹੀ ਇਕ ਹਿੱਸਾ ਸਮਝ ਕੇ (ਜੋ ਇਸੇ ਵੇਬਸਾਈਟ 'ਤੇ ਲਗਾ ਹੈ) ਜਰੂਰ ਪੜ੍ਹਨ ਦੀ ਕਿਰਪਾਲਤਾ ਕਰਨੀ ਜੀ, ਕਿਉਂਕਿ ਉਨਾਂ ਗਲਾਂ ਨੂੰ ਦੋਹਰਾ ਕੇ ਇਸ ਲੇਖ ਨੂੰ ਲੰਮਾ ਕਰਨ ਦਾ ਕੋਈ ਫਾਇਦਾ ਨਹੀਂ।

ਦਰਬਾਰ ਸਾਹਿਬ ਕਾਂਮਪਲੇਕਸ ਵਿਚ ਅਕਾਲੀਆਂ ਅਤੇ ਟਕਸਾਲੀਆਂ ਵਲੋਂ ਉਸਾਰੇ ਜਾ ਰਹੇ ਇਸ ਗੁਰਦੁਆਰੇ ਦਾ ਅਸੀ ਪੁਰਜੋਰ ਵਿਰੋਧ ਕਰਦੇ ਹਾਂ ਅਤੇ ਇਸ ਗੁਰਦੁਆਰੇ ਦੀ ਉਸਾਰੀ ਨੂੰ ਫੌਰਨ ਰੋਕ ਦਿਤਾ ਜਾਂਣਾਂ ਚਾਹੀਦਾ ਹੈ। ਕਿਉਂਕਿ ਦਰਬਾਰ ਸਾਹਿਬ ਕਾਂਮਪਲੇਕਸ ਵਿੱਚ ਜਿਨੀਆਂ ਵੀ ਉਸਾਰੀਆਂ ਗਈਆਂ ਇਮਾਰਤਾਂ ਨੇ,  ਇਹ ਗੁਰੂ ਸਾਹਿਬਾਨ ਦੇ ਵੇਲੇ ਦੀਆਂ  ਉਸਾਰੀਆਂ ਗਈਆਂ ਇਮਾਰਤਾਂ ਨੇ। ਭਾਵੇ ਦਰਬਾਰ ਸਾਹਿਬ ਦੀ ਇਮਾਰਤ ਹੋਵੇ, ਭਾਵੇ ਦਰਸ਼ਨੀ ਡਿਉੜੀ ਅਤੇ ਭਾਵੇ ਅਕਾਲ ਤਖਤ। ਇਹ ਗੁਰੂ ਇਤਿਹਾਸ ਅਤੇ ਈਵੇਂਟਸ ਦੇ ਨਾਲ ਸੰਬੰਧਿਤ ਨੇ। ਸਿੱਖੋ ਜਾਗੋ ! ਤੇ ਇਨ੍ਹਾਂ ਅਕਾਲੀਆ ਦੀ ਸਿਯਾਸੀ ਖੇਡ ਨੂੰ ਸਮਝੋ। ਦਰਬਾਰ ਸਾਹਿਬ ਕਾਂਮਪਲੇਕਸ ਦੇ ਅੰਦਰ ਕੋਈ ਐਸਾ ਹੋਰ ਗੁਰਦੁਆਰਾ ਨਹੀਂ ਬਨਣਾਂ ਚਾਹੀਦਾ ਜੋ ਅਕਾਲ ਤਖਤ, ਦਰਬਾਰ ਸਾਹਿਬ ਅਤੇ ਪੁਰਾਤਨ  ਇਮਾਰਤਾਂ ਦੀ ਸ਼ਾਨ ਅਤੇ ਇਸ ਪਵਿਤ੍ਰ ਥਾਂ ਦੇ ਗੌਰਵ ਸ਼ਾਲੀ ਇਤਿਹਾਸਿਕ ਅਤੇ ਅਧਿਯਾਤਮਿਕ ਰੁਤਬੇ ਨੂੰ ਘਟਾ ਦੇਵੇ।

ਦਾਸ ਨੇ ਦੋ ਦਿਨ ਪਹਿਲਾਂ ਇਸ ਬਾਰੇ ਲਿਖਿਆ ਵੀ ਸੀ ਕੇ "ਸਕਤੱਰੇਤ"  ਨੂੰ ਢਾਅ ਕੇ ਉਸ ਥਾਂ ਤੇ "ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਸਮਾਰਕ" ਦੇ ਰੂਪ ਵਿੱਚ ਇਕ ਮਿਉਜਿਅਮ ਬਣਾਂ ਦਿਤਾ ਜਾਂਣਾ ਚਾਹੀਦਾ ਹੈ। ਕੌਮ ਦੇ ਜਾਗਰੂਕ ਤਬਕੇ ਨੂੰ ਸ਼ਾਇਦ ਇਸ ਗਲ ਦਾ ਵੀ  ਇਹਸਾਸ ਹੈ, ਕਿ ਜੇ ਇਹ ਉਸਾਰੀ ਇਕ ਗੁਰਦੁਆਰੇ ਦੇ ਰੂਪ ਵਿੱਚ ਦਰਬਾਰ ਸਾਹਿਬ ਕਾਂਮਪਲੇਕਸ ਦੇ ਅੰਦਰ ਹੋ ਜਾਂਦੀ ਹੈ, ਤੇ ਦਰਬਾਰ ਸਾਹਿਬ ਕਾਂਪਮਲੇਕਸ ਦੇ ਅੰਦਰ ਆਉਣ ਵਾਲੇ ਸਮੇਂ ਵਿਚ ਹੋਰ ਵੀ ਉਸਾਰੀਆਂ ਦਾ ਸਿਲਸਿਲਾ ਸ਼ੁਰੂ  ਹੋ ਸਕਦਾ ਹੈ। ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀ ਈਮਾਰਤ ਦੀ ਸ਼ਾਨ ਵਿੱਚ ਕੋਈ ਖਲਲ ਨਾ ਪਵੇ,  ਇਸੇ ਲਈ ਹੀ ਬਾਬਾ ਦੀਪ ਸਿੰਘ ਸ਼ਹੀਦ ਜੀ ਦੀ ਯਾਦ ਵਿਚ ਇਕ ਛੋਟਾ ਜਿਹਾ ਨਿਸ਼ਾਨ ਹੀ ਪਰਿਕ੍ਰਮਾਂ ਵਿਚ ਬਣਾਇਆ ਗਇਆ ਸੀ। ਕੀ ਉਸ ਥਾਂ ਤੇ ਇਕ ਗੁਰਦੁਆਰਾ ਨਹੀਂ ਬਣ ਸਕਦਾ ਸੀ? ਜੇ ਇਸੇ ਤਰ੍ਹਾਂ ਦਰਬਾਰ ਸਾਹਿਬ ਕਾਂਮਪਲੇਕਸ ਵਿੱਚ ਗੁਰਦੁਆਰੇ ਸਿਰਜੇ ਜਾਂਦੇ ਰਹੇ ਤੇ ਇਹ ਥਾਂ ਵੀ ਬਨਾਰਸ ਦੇ ਮੰਦਰਾਂ ਵਾਂਗ ਲਗਣ ਲਗ ਪਵੇਗੀ। ਜਿਥੇ ਥਾਂ ਵੇਖੀ ਉਥੇ ਇਕ ਮੰਦਿਰ ਬਣਾਂ ਦਿਤਾ ਗਇਆ ਹੈ। ਮੰਦਿਰ ਤੇ ਮੰਦਰ ਬਣੇ ਹੋਏ ਹਨ ਜਿਨ੍ਹਾਂ ਦੀ ਗਿਣਤੀ ਕਰਨਾ ਵੀ ਕਠਿਨ ਹੈ।

ਅਕਾਲੀ ਅਤੇ ਟਕਸਾਲੀ ਇਸ "ਯਾਦਗਾਰ"  ਦੇ ਬਹਾਨੇ "ਦੋ ਮੂਹੀ ਸਿਆਸਤ" ਦਾ ਖੇਡ, ਖੇਡ ਰਹੇ ਨੇ, ਕੋਈ "ਪੰਥ ਦਰਦ" ਨਾਲ  ਇਹ "ਸਮਾਰਕ" ਨਹੀਂ ਬਣਾਂ ਰਹੇ । ਇਕ ਪਾਸੇ ਤੇ ਸਿੱਖਾਂ ਦਾ ਦਿਲ ਪਰਚਾਇਆ ਜਾ ਰਿਹਾ ਹੈ ਕੇ "ਸ਼ਹੀਦੀ ਸਮਾਰਕ"  ਬਣਾਈ ਜਾ ਰਹੀ ਹੈ। ਦੂਜੇ ਪਾਸੇ ਇਹ ਹਿੰਦੂਵਾਦੀ ਵਾਦੀ ਭਾਈਵਾਲਾਂ ਨੂੰ ਸ਼ਾਇਦ ਕੁਝ ਇਸ ਤਰ੍ਹਾਂ ਦੀਆਂ ਗਲਾਂ ਕਹਿ  ਕੇ ਖੁਸ਼ ਕਰ ਰਹੇ ਨੇ (ਜੋ ਖਰਾ ਸੱਚ ਵੀ ਹੈ) ਕਿ "ਆਪ ਪਰੇਸ਼ਾਨ ਨਾਂ ਹੋਂ!  ਸਿਰਫ ਏਕ ਗੁਰਦਵਾਰਾ ਬਣੇਗਾ ਔਰ ਕੁਛ ਨਹੀਂ। ਸਿੱਖ ਤੋਂ ਮੂਰੱਖ ਹੈ, ਵੋ ਤੋਂ ਖੁਦ ਹੀ ਹਰ ਬਾਤ ਪਰ ਆਪਸ ਮੇਂ ਉਲਝ ਜਾਤੇ ਹੈ। ਇਸ ਮੁੱਦੇ ਪੇ ਭੀ ਵੋ ਹਮੇਸ਼ਾ ਕੀ ਤਰ੍ਹਾਂ ਏਕ ਦੂਸਰੇ ਸੇ ਉਲਝ ਜਾਏਗੇ ਕਿ "ਯਾਦਗਾਰ ਬਨਣੀ ਹੈ ਕਿ ਨਹੀਂ?", "ਕੈਸੀ ਬਨਣੀ ਹੈ?" "ਕਹਾਂ ਬਨਣੀ ਚਾਹੀਏ? " ਔਰ ਆਪਸ ਮੇਂ ਹੀ ਟੂਟ ਜਾਏਂਗੇ। ਜਬ ਤਕ ਵਹਿ ਕੁਝ ਤੈਅ ਕਰੇਂਗੇ ਯਹਿ  "ਗੁਰਦੁਆਰਾ"  ਬਣ ਚੁਕਾ ਹੋਗਾ। ਧੁੰਮਾ ਤੋ  ਅਵਲ ਦਰਜੇ ਕਾ ਮੂਰੱਖ ਹੈ,  ਉਸ ਕੋ ਯਹਿ ਬਿਆਨ ਦੇਨੇ ਕੀ ਕਿਆ ਜਰੂਰਤ ਥੀ ਕਿ "ਡਰੋ ਨਹੀਂ! ਸਿਰਫ ਏਕ ਗੁਰਦੁਆਰਾ ਬਣ ਰਹਾ ਹੈ, ਔਰ ਕੁਛ ਨਹੀਂ"। ਉਸ ਮੂਰਖ ਕੋ ਪਤਾ ਨਹੀਂ ਕਿ ਉਸਕਾ ਜਿਹ ਬਿਆਨ ਹਮਾਰੀ ਪੋਲ ਖੋਲ ਸਕਤਾ ਹੈ। 28 ਸਾਲ ਤਕ ਸਿਖੋਂ ਕੀ ਟਾਲਤੇ ਰਹੇ ਅਬ ਔਰ ਟਾਲ ਨਹੀਂ ਸਕਤੇ ਥੇ। ਹਮੇਂ ਉਨਕੇ ਵੋਟ ਭੀ ਤੋਂ ਲੇਨੇ ਹੈ। ਹਮੇ ਸਿਆਸਤ ਕਰਨੀ ਹੈ  ਸਭ ਕੋ ਖੁਸ਼ ਕਰਨਾਂ ਹੈ। ਸਿੱਖ ਭੀ ਖੁਸ਼ ਹੋ ਜਾਏਗੇ ਕਿ "ਸ਼ਹੀਦੀ ਯਾਦਗਾਰ ਬਣ ਗਈ", ਔਰ ਆਪ ਕੀ ਭੀ ਬਾਤ ਰਹਿ ਜਾਏਗੀ "ਏਕ ਗੁਰਦੁਆਰਾ ਬਨਣੇ ਸੇ ਆਪ ਕੋ ਭੀ ਕੋਈ ਫਰਕ ਨਹੀਂ ਪੜੇਗਾ"।

ਖਾਲਸਾ ਜੀ,  ਇਹ ਹੈ ਬੀ.ਜੇ.ਪੀ ਅਤੇ ਆਰ.ਐਸ.ਐਸ ਦੇ ਭਾਈਵਾਲਾਂ ਦੀ ਨੀਤੀ। ਇਹ ਬਹੁਤ ਹੀ ਖਤਰਨਾਕ ਖੇਡਾਂ ਸਿੱਖਾਂ ਨਾਲ ਖੇਡ ਰਹੇ ਨੇ ਇਸ ਨੂੰ ਸਮਝੋ!

ਜਿਸ ਕੌਮ ਦਾ ਜਾਗਰੂਕ ਅਖਵਾਉਣ ਵਾਲਾ ਤਬਕਾ ਜੇ ਇਨ੍ਹਾਂ ਦੇ ਬਣਾਏ ਇਕ ਗੈਰ ਸਿਧਾਂਤਕ ਕਮਰੇ "ਸਕਤਰੇਤ" ਨੂੰ ਬੰਦ ਨਹੀਂ ਕਰਾ ਸਕਿਆ, ਉਹ ਇਨ੍ਹਾਂ ਦੀਆਂ ਉਸਾਰਿਆ ਇਮਾਰਤਾਂ ਨੂੰ ਕਿਵੇਂ ਰੋਕੇਗਾ? ਦਰਬਾਰ ਸਾਹਿਬ ਕਾਂਮਪਲੇਕਸ ਵਿੱਚ ਗੁਰਦੁਆਰੇ ਦੇ ਰੂਪ ਵਿੱਚ ਉਸਾਰੀ ਜਾ ਰਹੀ ਇਮਾਰਤ ਕਿਸੇ ਵੀ ਤਰ੍ਹਾਂ ਬਨਣੀ ਨਹੀਂ ਚਾਹੀਦੀ। ਦਰਬਾਰ ਸਾਹਿਬ ਕਾਂਮਪਲੇਕਸ ਵਿੱਚ ਕੇਵਲ ਉਹੀ ਹੀ ਪੁਰਾਤਨ ਇਮਾਰਤਾਂ ਰਹਿਣ ਜਿਨ੍ਹਾਂ ਨੂੰ ਗੁਰੂ ਨੇ ਆਪ ਸਿਰਜਿਆ ਸੀ ਜਾਂ ਉਨਾਂ ਦੀ ਉਸਾਰੀ ਉਸ ਵੇਲੇ ਕੀਤੀ ਗਈ ਸੀ।

ਵੀਰੋ! ਮੈਂ ਇਸ ਯਾਦਗਾਰ ਦੇ ਕੋਈ ਵਿਰੋਧ ਵਿੱਚ ਨਹੀਂ ਹਾਂ, ਅਤੇ ਨਾਂ ਹੀ ਹੋ ਸਕਦਾ ਹਾਂ। ਕੋਈ ਪੰਥ ਦੋਖੀ ਹੀ ਇਸ ਯਾਦਗਾਰ ਨੂੰ ਉਸਾਰਨ ਦਾ ਵਿਰੋਧ ਕਰੇਗਾ। ਲੇਕਿਨ ਸਿੱਖ ਵਿਦਵਾਨਾਂ ਤੋਂ ਰਾਇ ਲਏ ਬਗੈਰ ਇਹੋ ਜਹੇ ਜਰੂਰੀ ਫੈਸਲੇ ਇਨ੍ਹਾਂ ਅਕਾਲੀਆਂ ਨੂੰ ਆਪ ਹੁਦਰੇ ਤੌਰ ਤੇ ਨਹੀਂ ਲੈਂਣੇ ਚਾਹੀਦੇ। ਇਹ "ਸਮਾਰਕ" ਵੀ ਅਕਾਲੀਆਂ ਦੀ "ਦੋ ਮੂੰਹੀ ਸਿਆਸਤ" ਦੀ ਭੇਂਟ ਚੜ੍ਹ ਚੁਕੀ ਹੈ। 

ਖਾਲਸਾ ਜੀ!  ਦਰਬਾਰ ਸਾਹਿਬ ਕਾਂਮਪਲੇਕਸ ਦੇ ਅੰਦਰ ਕਿਸੇ ਹੋਰ ਗੁਰਦੁਆਰੇ ਦੀ ਉਸਾਰੀ ਨੂੰ ਫੌਰਨ ਰੋਕਨ ਲਈ ਅਗੇ ਆਉ! ਇਸ "ਸਮਾਰਕ"  ਨੂੰ ਇਕ ਬਹੁਤ ਛੋਟੇ ਜਹੇ "ਮਾਨੂਮੇਂਟ " ਦੇ ਰੂਪ ਵਿਚ ਯਾਦਗਾਰ ਵਜੋਂ ਬਣਾਇਆ ਜਾ ਸਕਦਾ ਹੈ, ਇਕ ਗੁਰਦੁਆਰੇ ਦੀ ਇਮਾਰਤ ਦੇ ਰੂਪ ਵਿੱਚ ਨਹੀਂ। ਜਾਂ ਫੇਰ ਇਕ ਮਿਉਜਿਯਮ ਦੇ ਰੂਪ ਵਿਚ "ਸਕਤਰੇਤ" ਵਾਲੀ ਥਾਂ ਨੂੰ ਇਸਤੇਮਾਲ ਕੀਤਾ ਜਾਂਣਾ ਚਾਹੀਦਾ ਹੈ, ਜੋ "ਦਰਬਾਰ ਸਾਹਿਬ ਕਾਂਮਪਲੇਕਸ"  ਨਾਲ ਜੁੜੀ ਵੀ ਹੈ, ਅਤੇ ਇਸ ਕਾਂਮਪਲੇਕਸ ਤੋਂ ਬਾਹਰ ਵੀ ਹੈ। ਇਸ ਗੈਰ ਸਿਧਾਂਤਕ ਸਕੱਤਰੇਤ ਦੀ ਕੋਈ ਜਰੂਰਤ ਵੀ ਸਿੱਖਾਂ ਨੂੰ ਨਹੀਂ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top