Share on Facebook

Main News Page

ਇਨਸਾਫ਼ ਮਾਰਚ ਲਈ ਰਵਾਨਾ ਹੋਣ ਸਮੇਂ ਬਾਬਾ ਦਾਦੂਵਾਲ ਉਨ੍ਹਾਂ ਦੇ ਹੈੱਡਕੁਆਟਰ ਜੰਡਾਲੀਸਰ ਤੋਂ ਪੁਲਿਸ ਹਿਰਾਸਤ ਵਿੱਚ ਲਏ

* ਹਾਲਾਤਾਂ ਦੇ ਮੱਦੇਨਜ਼ਰ ਚੌਕਸੀ ਵਜੋਂ ਹਿਰਾਸਤ ਵਿੱਚ ਲਿਆ ਗਿਆ, ਹਾਲਾਤ ਠੀਕ ਹੋਣ ’ਤੇ ਰਿਹਾਅ ਕਰ ਦਿੱਤਾ ਜਾਵੇਗਾ: ਐੱਸਐੱਸਪੀ
* ਬਾਬਾ ਦਾਦੂਵਾਲ ਨੂੰ ਸ਼ਾਮ 5 ਵਜੇ ਕੀਤਾ ਰਿਹਾਅ
* ਜੇ ਬਾਕੀ ਦੇ ਸਾਰੇ ਆਗੂਆਂ ਦੇ ਇਨਸਾਫ਼ ਮਾਰਚ ’ਚ ਸ਼ਾਮਲ ਹੋਣ ਨਾਲ ਹਾਲਾਤ ਨਹੀਂ ਵਿਗੜੇ ਤਾਂ ਮੇਰੇ ਜਾਣ ਨਾਲ ਕਿਹੜਾ ਬੰਬ ਡਿੱਗ ਪੈਣਾ ਸੀ
* ਜੇ ਸਾਨੂੰ ਅਕਾਲੀ ਦਲ ਦੀ ਸਰਕਾਰ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਹੀ ਇਨਸਾਫ ਨਹੀਂ ਮਿਲਦਾ ਤਾਂ ਕਾਂਗਰਸ ਸਰਕਾਰ ਤੋਂ ਇਨਸਾਫ਼ ਮਿਲਣ ਦੀ ਕੀ ਆਸ ਰੱਖੀ ਜਾ ਸਕਦੀ ਹੈ: ਬਾਬਾ ਦਾਦੂਵਾਲ

ਬਠਿੰਡਾ, 20 ਜੂਨ (ਕਿਰਪਾਲ ਸਿੰਘ): ਬਾਬਾ ਬਲਜੀਤ ਸਿੰਘ ਦਾਦੂਵਾਲ ਅੱਜ ਸਵੇਰੇ 8.15 ਵਜੇ ਆਪਣੇ ਜਥੇ ਸਮੇਤ ਚੌੜ ਸਿੱਧਵਾਂ ਤੋਂ ਗੁਰਦਾਸਪੁਰ ਤੱਕ ਕੱਢੇ ਜਾਣ ਵਾਲੇ ਇਨਸਾਫ਼ ਮਾਰਚ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਣ ਲੱਗੇ ਤਾਂ ਉਨ੍ਹਾਂ ਨੂੰ ਗੇਟ ਤੋਂ ਬਾਹਰ ਨਿਕਲ ਕੇ ਗੱਡੀ ਵਿੱਚ ਸਵਾਰ ਹੋਣ ਤੋਂ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ ਲੈ ਲਿਆ ਤੇ ਨੰਦਗੜ੍ਹ ਦੇ ਰੈਸਟ ਹਾਊਸ ਵਿਖੇ ਰੱਖਿਆ ਗਿਆ ਤੇ ਸ਼ਾਮ 5 ਵਜੇ ਰਿਹਾਅ ਕਰ ਦਿੱਤਾ ਗਿਆ।

ਜਿਸ ਪ੍ਰਕਾਸ਼ ਸਿੰਘ ਬਾਦਲ ਨੂੰ ਜੋਗਾ ਵਿਖੇ ਪਿਛਲੇ ਦਿਨੀਂ ਕੁਝ ਗਊਆਂ ਦੇ ਹੋਏ ਕਤਲਾਂ ਨੇ ਇਤਨਾ ਦੁੱਖ ਪਹੁੰਚਾਇਆ ਕਿ ਉਸ ਨੇ ਜਿਲ੍ਹਾ ਮਾਨਸਾ ਦੇ ਐੱਸਐੱਸਪੀ ਅਤੇ ਜੋਗਾ ਥਾਣਾ ਮੁੱਖੀ ਨੂੰ ਅਜੇਹੀ ਮੰਦਭਾਗੀ ਘਟਨਾ ਹੋਣ ਤੋਂ ਰੋਕਣ ਵਿੱਚ ਅਸਫਲ ਰਹਿਣ ਕਰਕੇ ਤੁਰੰਤ ਬਰਖਾਸਤ ਕਰਕੇ ਡੀਜੀਪੀ ਪੰਜਾਬ ਨੂੰ ਹੁਕਮ ਜਾਰੀ ਕਰ ਦਿੱਤਾ ਕਿ ਗਊਆਂ ’ਤੇ ਅਤਿਆਚਾਰ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ, ਉਸ ਸ: ਬਾਦਲ ਨੂੰ ਨਾ ਤਾਂ ਗੁਰਦਾਸਪੁਰ ਵਿਖੇ ਸਿੱਖ ਨੌਜਾਵਾਨਾਂ ਦੀਆਂ ਸ਼ਿਵਸੈਨਕਾਂ ਵਲੋਂ ਦਸਤਾਰਾਂ ਲਾਹ ਕੇ ਅੱਗ ਲਾ ਕੇ ਸਾੜੇ ਜਾਣ ਦਾ ਕੋਈ ਦੁੱਖ ਹੈ ਤੇ ਨਾ ਹੀ ਦਸਤਾਰ ਦੀ ਬੇਅਦਬੀ ਕਰਨ ਵਾਲੇ ਸ਼ਿਵਸੈਨਕਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਭਾਈ ਜਸਪਾਲ ਸਿੰਘ ਨੂੰ ਪੁਲਿਸ ਦੀ ਗੋਲੀ ਨਾਲ ਮਾਰੇ ਜਾਣ ਦਾ ਕੋਈ ਦੁੱਖ ਹੈ। ਢਾਈ ਮਹੀਨੇ ਤੋਂ ਵੱਧ ਦਾ ਸਮਾ ਬੀਤ ਜਾਣ ’ਤੇ, ਭਾਈ ਜਸਪਾਲ ਸਿੰਘ ਦੇ ਕਾਤਲ ਥਾਣੇਦਾਰ, ਜਿਸ ’ਤੇ ਕਤਲ ਦਾ ਮੁਕੱਦਮਾ ਵੀ ਦਰਜ ਹੈ, ਨੂੰ ਹਾਲੀ ਤੱਕ ਗ੍ਰਿਫ਼ਤਾਰ ਨਹੀ ਕੀਤਾ ਗਿਆ। ਅਖੀਰ ਇਨਸਾਫ ਦੀ ਮੰਗ ਕਰਨ ਲਈ ਸ਼ਹੀਦ ਭਾਈ ਜਸਪਾਲ ਸਿੰਘ ਦੇ ਪ੍ਰਵਾਰ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਚੌੜ ਸਿੱਧਵਾਂ ਤੋਂ ਡੀਸੀ ਦਫ਼ਤਰ ਗੁਰਦਾਸਪੁਰ ਤੱਕ ਅੱਜ 20 ਜੂਨ ਨੂੰ ਇਨਸਾਫ਼ ਮਾਰਚ ਕੱਢੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਿਸ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਸਮੂਹ ਪੰਥਕ ਆਗੂਆਂ ਨੂੰ ਸੱਦਾ ਦਿੱਤਾ ਸੀ। ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਆਪਣੇ ਹੈੱਡਕੁਆਟਰ ਜੰਡਾਲੀਸਰ ਪਿੰਡ ਕੋਟਸ਼ਮੀਰ ਤੋਂ ਅੱਜ ਸਵੇਰੇ ਰਵਾਨਾ ਹੋਣਾ ਸੀ। ਪਰ ਐੱਸਪੀ (ਐੱਚ) ਬਠਿੰਡਾ ਸ: ਅਮਰਜੀਤ ਸਿੰਘ ਨੇ ਸਵੇਰੇ 6 ਵਜੇ ਹੀ ਭਾਰੀ ਪੁਲਿਸ ਨਾਲ ਗੁਰਦੁਆਰੇ ਦੇ ਗੇਟ ਅੱਗੇ ਹੀ ਪੁਲਿਸ ਦੀਆਂ ਗੱਡੀਆਂ ਲਾ ਕੇ ਨਾਕਾ ਲਾ ਦਿੱਤਾ। ਜਦੋਂ ਹੀ ਸਵੇਰੇ 8.15 ਵਜੇ ਬਾਬਾ ਦਾਦੂਵਾਲ ਆਪਣੇ ਜਥੇ ਸਮੇਤ ਰਵਾਨਾ ਹੋਣ ਲੱਗੇ ਤਾਂ ਉਨ੍ਹਾਂ ਨੂੰ ਗੇਟ ਤੋਂ ਬਾਹਰ ਨਿਕਲ ਕੇ ਗੱਡੀ ਵਿੱਚ ਸਵਾਰ ਹੋਣ ਤੋਂ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ ਲੈ ਲਿਆ ਤੇ ਨੰਦਗੜ੍ਹ ਦੇ ਰੈਸਟ ਹਾਊਸ ਵਿਖੇ ਰੱਖਿਆ ਗਿਆ।

ਜਦੋਂ ਐੱਸ.ਐੱ. ਪੀ. ਬਠਿੰਡਾ ਸ: ਸੁਖਚੈਨ ਸਿੰਘ ਗਿੱਲ ਤੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਕਾਰਣ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਸੂਬੇ ਵਿੱਚ ਸ਼ਾਤੀ ਬਣਾਏ ਰੱਖਣ ਲਈ ਹਾਲਾਤਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਚੌਕਸੀ ਵਜੋਂ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਹਾਲਾਤ ਠੀਕ ਹੋਣ ਬਾਅਦ ਛੱਡ ਦਿੱਤੇ ਜਾਣਗੇ। ਅਖੀਰ ਸ਼ਾਮ 5 ਵਜੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਈ ਉਪ੍ਰੰਤ ਬਾਬਾ ਬਲਜੀਤ ਸਿੰਘ ਨੇ ਇਸ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਿਹਾ ਜੇ ਬਾਕੀ ਦੇ ਸਾਰੇ ਆਗੂਆਂ ਦੇ ਇਨਸਾਫ਼ ਮਾਰਚ ’ਚ ਸ਼ਾਮਲ ਹੋਣ ਨਾਲ ਹਾਲਾਤ ਨਹੀਂ ਵਿਗੜੇ ਤਾਂ ਮੇਰੇ ਜਾਣ ਨਾਲ ਕਿਹੜਾ ਬੰਬ ਡਿੱਗ ਪੈਣਾ ਸੀ। ਉਨ੍ਹਾਂ ਕਿਹਾ ਹਾਲਾਤ ਵਿਗੜਨ ਦਾ ਇਹ ਕਿਹੜਾ ਪੈਮਾਨਾ ਹੈ ਕਿ ਜੇ ਸੌਦਾ ਸਾਧ ਦੇ ਚੇਲੇ ਸਰਕਾਰੀ ਜਾਇਦਾਦ ਦੀ ਭੰਨਤੋੜ ਕਰਨ ਬੱਸਾਂ ਦੀ ਸਾੜਫੂਕ ਕਰਨ ਤਾਂ ਕੋਈ ਹਾਲਾਤ ਨਹੀਂ ਵਿਗੜਦੇ, ਜੇ ਬੱਲਾਂ ਡੇਰੇ ਦੇ ਚੇਲੇ ਲਗਾਤਾਰ ਕਈ ਦਿਨ ਤੱਕ ਸਰਕਾਰੀ ਤੇ ਗੈਰਸਰਕਾਰੀ ਜਾਇਦਾਦਾਂ ਦੀ ਭੰਨਤੋੜ ਤੇ ਸਾੜਫੂਕ ਕਰਨ ਤਾਂ ਕੋਈ ਹਾਲਤ ਨਹੀਂ ਵਿਗੜਦੇ, ਆਸ਼ੂਤੋਸ਼ ਸਰਕਾਰ ਦੀ ਸ਼ਹਿ ’ਤੇ ਲੁਧਿਆਣੇ ’ਚ ਆਪਣੇ ਸਮਾਗਮ ਕਰਕੇ ਭਾਈ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਦਾ ਕਾਰਣ ਬਣੇ ਤਾਂ ਕੋਈ ਹਾਲਤ ਨਹੀਂ ਵਿਗੜਦੇ, ਜੋਗਾ ਘਟਨਾ ਵਿੱਚ ਕੀਤੀ ਗਈ ਭੰਨਤੋੜ ਤੇ ਸਾੜਫੂਕ ਕਰਨ ਨਾਲ ਕੋਈ ਹਾਲਾਤ ਨਹੀਂ ਵਿਗੜੇ ਤੇ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਪਰ ਜੇ ਸਿੱਖ ਇਨਸਾਫ ਦੀ ਮੰਗ ਲਈ ਡੀਸੀ ਨੂੰ ਮੰਗਪੱਤਰ ਦੇਣ ਲਈ ਵੀ ਇਕੱਠੇ ਹੋ ਜਾਣ ਤਾਂ ਪੰਜਾਬ ਸਰਕਾਰ ਲਈ ਹਾਲਾਤ ਵਿਗੜ ਜਾਂਦੇ ਹਨ।

ਬਾਬਾ ਬਲਜੀਤ ਸਿੰਘ ਨੇ ਕਿਹਾ ਸ: ਪ੍ਰਕਾਸ਼ ਸਿੰਘ ਬਾਦਲ ਸਮੇਤ ਅਸੀਂ ਸਾਰੇ ਦੋਸ਼ ਲਾਉਂਦੇ ਹਾਂ ਕਿ ਕੇਂਦਰ ਦੀ ਕਾਂਗਰਸ ਸਰਕਾਰ ਕਾਨੂੰਨ ਦੇ ਦੂਹਰੇ ਮਾਪਦੰਡ ਅਪਣਾਉਂਦੇ ਹੋਏ ਸਿੱਖਾਂ ਨਾਲ ਦੋ ਨੰਬਰ ਦੇ ਸ਼ਹਿਰੀਆਂ ਵਾਲਾ ਵਰਤਾਉ ਕਰਦੀ ਹੈ, ਪਰ ਸ: ਬਾਦਲ ਆਪਣੇ ਅੰਦਰ ਇਹ ਝਾਤ ਮਾਰ ਕੇ ਵੇਖ ਲੈਣ ਕਿ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠੇ ਉਹ ਖ਼ੁਦ ਹੀ ਕਾਨੂੰਨ ਦੇ ਦੂਹਰੇ ਮਾਪਦੰਡ ਅਪਣਾਉਂਦੇ ਹੋਏ ਸਿੱਖਾਂ ਨਾਲ ਦੋ ਨੰਬਰ ਦੇ ਸ਼ਹਿਰੀਆਂ ਵਾਲਾ ਵਰਤਾਉ ਕਰ ਰਹੇ ਹਨ। ਉਨ੍ਹਾਂ ਕਿਹਾ ਜੇ ਸਾਨੂੰ ਅਕਾਲੀ ਦਲ ਦੀ ਸਰਕਾਰ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਹੀ ਇਨਸਾਫ ਨਹੀਂ ਮਿਲਦਾ ਤਾਂ ਕਾਂਗਰਸ ਸਰਕਾਰ ਤੋਂ ਇਨਸਾਫ਼ ਮਿਲਣ ਦੀ ਕੀ ਆਸ ਰੱਖੀ ਜਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top