Share on Facebook

Main News Page

ਸ਼ਹੀਦੀ ਯਾਦਗਾਰ ਵਿਰੁੱਧ ਰੌਲਾ ਕਿਉਂ…?
-
ਜਸਪਾਲ ਸਿੰਘ ਹੇਰਾਂ, Editor: Daily Pehredar

ਦਰਬਾਰ ਸਾਹਿਬ ਸਾਕੇ ਦੇ ਸ਼ਹੀਦਾਂ ਦੀ ਯਾਦਗਾਰ ਨੂੰ ਲੈ ਕੇ ਜਿਸ ਤਰ੍ਹਾਂ ਸਿੱਖ ਵਿਰੋਧੀ ਸ਼ਕਤੀਆਂ ਅਤੇ ਖ਼ਾਸ ਕਰਕੇ ਦੇਸ਼ ਦੇ ਹਿੰਦੀ ਮੀਡੀਏ ਨੇ ਰੌਲਾ ਪਾਇਆ ਹੈ ਅਤੇ ‘ਅੱਤਵਾਦ ਦਾ ਹਊਆ’ ਖੜ੍ਹਾ ਕੀਤਾ ਹੈ, ਉਸ ਨਾਲ ਇਕ ਵਾਰ ਫਿਰ ਸਾਫ਼ ਹੋ ਗਿਆ ਹੈ ਕਿ ਦੇਸ਼ ਦੀ ਬਹੁਗਿਣਤੀ ਦਾ ਆਮ ਕਰਕੇ ਅਤੇ ਸਿੱਖ ਵਿਰੋਧੀ ਫਿਰਕੂ ਜਾਨੂੰਨੀ ਸ਼ਕਤੀਆਂ ਦਾ ਖ਼ਾਸ ਕਰਕੇ, ਸਿੱਖਾਂ ਪ੍ਰਤੀ ਨਜ਼ਰੀਆ ਅੱਜ ਵੀ ਉਹੀ ਹੈ, ਜਿਹੜਾ ਸਿੱਖ ਧਰਮ ਦੇ ਜਨਮ ਸਮੇਂ ਉਸ ਸਮੇਂ ਦੇ ਪਾਖੰਡੀ, ਕਰਮਕਾਂਡੀ ਤੇ ਆਡੰਬਰੀ, ਉਸ ਸਮੇਂ ਦੇ ਹਿੰਦੂ ਧਰਮ ਦੇ ਠੇਕੇਦਾਰਾਂ ਦਾ ਸੀ।

ਸਿੱਖ ਧਰਮ ਮਨੁੱਖਤਾ ਨੂੰ ਬਰਾਬਰੀ ਦੇਣ ਦਾ ਮੁੱਦਈ ਹੀ ਨਹੀਂ, ਸਗੋਂ ਮਨੁੱਖ ਤੇ ਹੁੰਦੇ ਹਰ ਜ਼ੋਰ-ਜਬਰ ਤੇ ਜ਼ੁਲਮ ਵਿਰੁੱਧ ਡੱਟ ਕੇ ਜੂਝਣ ਵਾਲਾ ਧਰਮ ਹੈ। ਮਾਨਵਤਾ ਦਾ ਝੰਡਾ ਬੁਲੰਦ ਕਰਨ ਅਤੇ ਧਰਮ ਤੇ ਰਾਜ ਦੀ ਆੜ ਥੱਲੇ ਹੁੰਦੇ ਸ਼ੋਸ਼ਣ ਵਿਰੁੱਧ ਜੂਝਣ ਵਾਲੇ ਇਸ ਨਿਆਰੇ ਧਰਮ ਨੂੰ ਨਾ ਤਾਂ ਉਸ ਸਮੇਂ ਦੇ ਪਾਖੰਡੀ ਧਰਮ ਆਗੂਆਂ ਨੇ ਬਰਦਾਸ਼ਤ ਕੀਤਾ ਸੀ, ਅਤੇ ਨਾ ਹੀ ਅੱਜ ਦੇ ਫਿਰਕੂ ਜਾਨੂੰਨੀ ਝੱਲਣ ਲਈ ਤਿਆਰ ਹਨ। ਉਹ ਸਿੱਖਾਂ ’ਚੋਂ ਸਿੱਖੀ ਸਵੈਮਾਣ, ਅਣਖ਼, ਗੈਰਤ, ਬਹਾਦਰੀ, ਕੁਰਬਾਨੀ ਨੂੰ ਹਰ ਹੀਲੇ ਖ਼ਤਮ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਸਿੱਖਾਂ ਨੂੰ ਜਿਸਮਾਨੀ ਤੇ ਮਾਨਸਿਕ ਰੂਪ ’ਚ ਖ਼ਤਮ ਕਰਨ ਲਈ ਹਰ ਢੰਗ ਤਰੀਕੇ, ਜ਼ੋਰ-ਜਬਰ ਦਾ ਸਹਾਰਾ ਲਿਆ ਜਾ ਰਿਹਾ ਹੈ। ਸਿੱਖਾਂ ਨੂੰ ਬਾਣੀ ਤੇ ਬਾਣੇ ਤੋਂ ਦੂਰ ਕਰਨ, ਆਪਣੇ ਵਿਰਸੇ ਤੋਂ ਤੋੜ੍ਹਣ, ਨਵੀਂ ਪੀੜ੍ਹੀ ਨੂੰ ਤਬਾਹ ਕਰਨ ਅਤੇ ਸਰਕਾਰੀ ਤਸ਼ੱਦਦ, ਖੌਫ਼ ਸਿੱਖ ਮਨਾਂ ’ਚ ਪੈਦਾ ਕਰਨ ਲਈ ਸਿੱਖ ਨਸਲਕੁਸ਼ੀ ਤੱਕ ਦੇ ਹਰ ਕੋਝੇ ਹਥਿਆਰ ਵਰਤੇ ਗਏ ਹਨ, ਪ੍ਰੰਤੂ ਸਿੱਖੀ ਜ਼ਜਬੇ ਨੂੰ ਜਿਵੇਂ ਮੁਗਲ ਹਕੂਮਤ ਹਰ ਜ਼ੋਰ ਜਬਰ ਅਜ਼ਮਾ ਕੇ, ਸਿੱਖਾਂ ਦੇ ਸਿਰਾਂ ਦਾ ਮੁੱਲ ਪਾ ਕੇ ਖ਼ਤਮ ਨਹੀਂ ਕਰ ਸਕੀ ਸੀ, ਸਗੋਂ ਸਿੱਖਾਂ ਨੇ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣੇ-ਚੌਣੇ ਹੋਏ, ਦਾ ਨਾਅਰਾ ਬੁਲੰਦ ਕੀਤਾ ਸੀ, ਉਸੇ ਤਰ੍ਹਾਂ ਸਿੱਖ ਦੁਸ਼ਮਣ ਸ਼ਕਤੀਆਂ ਦੀਆਂ ਹਰ ਸਾਜ਼ਿਸ਼ਾਂ ਉਪਰੰਤ ਅਤੇ ਸਿੱਖੀ ’ਤੇ ਅੰਦਰੂਨੀ ਅਤੇ ਬਾਹਰੀ ਚਹੁੰ ਤਰਫ਼ੀ ਵਾਰ ਕਰਨ ਦੇ ਬਾਵਜੂਦ ‘ਕੇਸਰੀ ਕਾਫ਼ਲਿਆਂ’ ਦਾ ਵੇਗ, ਕੌਮ ’ਚ ਆਪ ਮੁਹਾਰਾ ਵੱਗ ਨਿਕਲਿਆ ਸੀ, ਉਸਨੇ ਇਨ੍ਹਾਂ ਸਿੱਖ ਦੁਸ਼ਮਣ ਸ਼ਕਤੀਆਂ ਨੂੰ ਮਨੋ-ਮਨੀ ਭੈ-ਭੀਤ ਕੀਤਾ ਹੋਇਆ ਹੈ ਅਤੇ ਦੂਰ ਦੀ ਵੇਖਣ ਵਾਲੀਆਂ ਇਨ੍ਹਾਂ ਸ਼ਕਤੀਆਂ ਨੂੰ ਦੂਰੋਂ ਕਿਤੇ ਆਉਂਦੀ ‘ਦੇਗ-ਤੇਗ ਫ਼ਤਹਿ’ ਦੇ ਜੈਕਾਰੇ ਦੀ ਅਵਾਜ਼ ਕੰਨਾਂ ’ਚ ਗੂੰਜਦੀ ਹੋਣ ਦਾ ਅਹਿਸਾਸ ਪੈਦਾ ਹੋ ਚੁੱਕਾ ਹੈ, ਜਿਹੜਾ ਇਨ੍ਹਾਂ ਨੂੰ ਹੁਣੇ ਤੋਂ ਵੱਢ-ਵੱਢ ਖਾਣ ਲੱਗ ਹੋਇਆ ਹੈ ਅਤੇ ਹਰ ਘਟਨਾ ਨੂੰ ਇਹ ਆਪਣੇ ਉਸ ਡਰ ਨਾਲ ਜੋੜ ਕੇ ਵੇਖਦੇ ਹਨ।

ਸਾਕਾ ਦਰਬਾਰ ਸਾਹਿਬ, ਸੰਸਾਰ ਦੀ ਇਕ ਵਿਲੱਖਣ ਘਟਨਾ ਹੈ, ਜਿਥੇ ਇਕ ਦੇਸ਼ ਦੀ ਸਰਕਾਰ ਨੇ ਆਪਣੇ ਹੀ ਦੇਸ਼ ਦੀ ਇਕ ਘੱਟ ਗਿਣਤੀ ਦੇ ਕੇਂਦਰੀ ਧਾਰਮਿਕ ਅਸਥਾਨ ਤੇ ਦੁਸ਼ਮਣ ਦੇਸ਼ ਵਾਗੂੰ ਫੌਜੀ ਹਮਲਾ ਕੀਤਾ ਅਤੇ ਹਜ਼ਾਰਾਂ ਬੇਦੋਸ਼ ਸਿੱਖ ਸੰਗਤਾਂ ਨੂੰ ਭਾਰਤੀ ਫੌਜ ਨੇ ਆਪਣੇ ਵਹਿਸ਼ੀਆਨਾ ਕਤਲੇਆਮ ਦਾ ਸ਼ਿਕਾਰ ਬਣਾਇਆ। ਇਸ ਸਾਕੇ ਸਮੇਂ ਮੁੱਠੀ ਭਰ ਸਿੱਖਾਂ ਨੇ ਆਪਣੇ ਪਵਿੱਤਰ ਮਹਾਨ ਗੁਰਧਾਮ ਦੀ ਰੱਖਿਆ ਲਈ ਜਿਸ ਤਰ੍ਹਾਂ ਦੁਨੀਆ ਦੀ ਪੰਜਵੀਂ ਵੱਡੀ ਫੌਜ ਦਾ ਮੁਕਾਬਲਾ ਕੀਤਾ, ਉਸਦੀ ਉਦਾਹਰਣ ਦੁਨੀਆ ’ਚ ਸ਼ਾਇਦ ਹੋਰ ਕਿਧਰੇ ਨਹੀਂ ਮਿਲਦੀ। ਇਸ ਤੋਂ ਪਹਿਲਾ ਵੀ 40 ਸਿੱਖਾਂ ਨੇ ਹੀ ਦਸਮੇਸ਼ ਪਿਤਾ ਦੀ ਅਗਵਾਈ ’ਚ ਮੁਗਲ ਫੌਜ ਦਾ ਚਮਕੌਰ ਗੜ੍ਹੀ ’ਚ ਟਾਕਰਾ ਕੀਤਾ ਸੀ।

ਸਾਕਾ ਦਰਬਾਰ ਸਾਹਿਬ ਦੇ ਸ਼ਹੀਦ ਕੌਮ ਦੇ ਲਾਸਾਨੀ ਸ਼ਹੀਦ ਹਨ, ਉਹ ਕੌਮ ਦਾ ਸਰਮਾਇਆ ਹਨ, ਇਸ ਲਈ ਉਨ੍ਹਾਂ ਦੀ ਯਾਦਗਾਰ ਸਥਾਪਤ ਕਰਨੀ, ਕੌਮ ਦੇ ਮੁੱਢਲੇ ਫਰਜ਼ਾਂ ’ਚ ਸ਼ਾਮਲ ਹੈ। ਇਸ ਸਾਕੇ ਦਾ ਸੇਕ ਰਹਿੰਦੀ ਦੁਨੀਆ ਤੱਕ ਸਿੱਖ ਮਨਾਂ ਨੂੰ ਮਹਿਸੂਸ ਹੁੰਦਾ ਰਹਿਣਾ ਹੈ, ਇਸ ਲਈ ਜੇ ਕੌਮ ਆਪਣੇ ਸਰਮਾਏ ਨੂੰ ਸੰਭਾਲ ਰਹੀ ਹੈ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ ਚਾਹੀਦਾ, ਪ੍ਰੰਤੂ ਜਿਸ ਤਰ੍ਹਾਂ ਅਸੀਂ ਲਿਖਿਆ ਕਿ ਜਿਹੜੀਆਂ ਸ਼ਕਤੀਆਂ, ਸਿੱਖਾਂ ਦੀ ਹੋਂਦ ਤੋਂ ਨਫ਼ਰਤ ਕਰਦੀਆਂ ਹਨ ਅਤੇ ਸਿੱਖੀ ਨੂੰ ਖ਼ਤਮ ਕਰਨ ਲਈ ਤਰਲੋ ਮੱਛੀ ਹਨ, ਉਹ ਕਦੇ ਨਹੀਂ ਚਾਹੁੰਦੀਆਂ ਕਿ ਸਿੱਖਾਂ ’ਚ ਸਵੈਮਾਣ ਤੇ ਕੌਮੀ ਅਣਖ਼ ਜਗਾਈ ਰੱਖਣ ਦੇ ਹੋਰ ਪ੍ਰੇਰਣਾ ਸਰੋਤ ਪੈਦਾ ਕੀਤੇ ਜਾਣ। ਸ੍ਰੀ ਅਕਾਲ ਤਖ਼ਤ ਸਾਹਿਬ ਜਿਹੜਾ ਸਿੱਖਾਂ ਦੀ ਅਜ਼ਾਦ ਪ੍ਰਭੂ ਸੱਤਾ ਦਾ ਪ੍ਰਤੀਕ ਹੈ, ਇਹ ਅੱਜ ਤੱਕ ਸਿੱਖ ਦੁਸ਼ਮਣ ਤਾਕਤਾਂ ਦੀਆਂ ਅੱਖਾਂ ’ਚ ਰੜ੍ਹਕਦਾ ਆ ਰਿਹਾ ਹੈ ਅਤੇ ਸ੍ਰੀ ਦਰਬਾਰ ਸਾਹਿਬ ਸਾਕਾ ਵੀ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ ਲਈ ਹੀ ਵਰਤਾਇਆ ਗਿਆ ਸੀ। ਦਰਬਾਰ ਸਾਹਿਬ ਸਾਕੇ ਦੀ ਯਾਦਗਾਰ ਜਿਹੜੀ ਕੌਮੀ ਸਰਮਾਏ ਨੂੰ ਸੰਭਾਲਣ ਦਾ ਇਕ ਯਤਨ ਹੈ, ਉਸਨੂੰ ਲੈ ਕੇ ਜਿਸ ਤਰ੍ਹਾਂ ਹਿੰਦੂ ਮੀਡੀਏ ਸਮੇਤ ਕਾਂਗਰਸ-ਭਾਜਪਾ ਵੱਲੋਂ ਰੌਲਾ ਪਾਇਆ ਗਿਆ ਹੈ ਅਤੇ ਇਸਨੂੰ ਪੰਜਾਬ ’ਚ ਮੁੜ ਤੋਂ ਅੱਤਵਾਦ ਦੀ ਸ਼ੁਰੂਆਤ ਦੱਸਿਆ ਗਿਆ ਹੈ, ਉਹ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਝੀ ਸਾਜ਼ਿਸ਼ ਤਾਂ ਹੈ ਹੀ, ਅਸਲ ’ਚ ਇਨ੍ਹਾਂ ਲੋਕਾਂ ਦੇ ਮਨ ’ਚ ਲੁੱਕੀਆਂ ਹੋਈਆਂ ਸਿੱਖ ਵਿਰੋਧੀ ਭਾਵਨਾਵਾਂ ਦਾ ਮੂਲ ਪ੍ਰਗਟਾਵਾ ਹੈ।

ਅਸੀਂ ਚਾਹੁੰਦੇ ਹਾਂ ਕਿ ਸਿੱਖਾਂ ਦੀਆਂ ਜੁੰਮੇਵਾਰ ਸਿੱਖ ਜਥੇਬੰਦੀਆਂ ਤੇ ਸਿੱਖ ਬੁੱਧੀਜੀਵੀ, ਇਸ ਕੂੜ ਪ੍ਰਚਾਰ ਦਾ ਡੱਟਵਾ ਮੁਕਾਬਲਾ ਕਰਨ ਅਤੇ ਵਿਸ਼ਵ ਪੱਧਰ ਤੇ ਸਥਾਪਿਤ ਅਜਿਹੀਆਂ ਯਾਦਗਾਰਾਂ, ਜਿਹੜੀਆਂ ਕੌਮੀ ਸ਼ਹੀਦਾਂ ਦੀ ਯਾਦ ’ਚ ਸਥਾਪਿਤ ਹਨ ਅਤੇ ਪੂਰਾ ਵਿਸ਼ਵ ਅੱਜ ਉਨ੍ਹਾਂ ਨੂੰ ਮਾਨਤਾ ਦਿੰਦਾ ਹੈ, ਉਨ੍ਹਾਂ ਦੀਆਂ ਉਦਹਾਰਣਾਂ ਦੇ ਕੇ ਅਤੇ ਸਾਕਾ ਦਰਬਾਰ ਦੇ ਉਸ ਸੱਚ ਨੂੰ ਜਿਹੜਾ ਭਾਰਤ ਦੀ ਹਿੰਦੂਵਾਦੀ ਸਰਕਾਰ ਦੇ ਭਿਆਨਕ ਜ਼ੁਲਮਾਂ ਤੇ ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ ਕਰਦਾ ਹੈ, ਦੁਨੀਆ ਸਾਹਮਣੇ ਪੇਸ਼ ਕਰਕੇ, ਸਿੱਖਾਂ ਦੀ ਇਸ ਕਥਿਤ ਲੋਕਤੰਤਰ ਦੇਸ਼ ’ਚ ਸਥਿਤੀ ਦਾ ਮੁਲਾਂਕਣ ਕੀਤਾ ਜਾਵੇ, ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਅਜ਼ਾਦ ਨਹੀਂ, ਉਲਟਾ ਉਸਦੇ ਮੱਥੇ ਤੇ ‘ਅੱਤਵਾਦੀ’ ਦਾ ਲੇਬਲ ਚਪਕਾਉਣ ਲਈ ਬਹਾਨੇ ਲੱਭੇ ਜਾਂਦੇ ਹਨ, ਉਸ ਦੇਸ਼ ’ਚ ਸਿੱਖਾਂ ਦੀ ਮਾਨਸਿਕਤਾ ਕੀ ਹੋ ਸਕਦੀ ਹੈ? ਇਸ ਬਾਰੇ ਸਮੁੱਚੀ ਦੁਨੀਆਂ ਨੂੰ ਦੱਸਿਆ ਜਾਣਾ ਅੱਜ ਬੇਹੱਦ ਜ਼ਰੂਰੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top