Share on Facebook

Main News Page

ਜੋਗਾ ਮਾਨਸਾ ਵਿਖੇ ਵਾਪਰੀਆਂ ਘਟਨਾਵਾਂ ਦੱਸਦੀਆਂ ਹਨ ਕਿ ਇਸ ਦੇਸ਼ ਵਿੱਚ ਘੱਟ ਗਿਣਤੀ ਕੌਮਾਂ ਦੇ ਮਨੁੱਖਾਂ ਨਾਲੋਂ ਪਸ਼ੂਆਂ ਦਾ ਵੱਧ ਸਤਿਕਾਰ ਹੈ
-
ਭਾਈ ਪੰਥਪ੍ਰੀਤ ਸਿੰਘ

* ਕੀ ਗਊਆਂ ਦੀ ਯਾਦਗਰ ਬਣਾਉਣ ਵਾਲੇ ਦੱਸਣਗੇ ਕਿ ਇਸ ਦੇਸ਼ ਵਿੱਚ ਹਜਾਰਾਂ ਸਿੱਖਾਂ ਦੇ ਹੋਏ ਕਤਲੇਆਮ ਦੀਆਂ ਯਾਦਗਾਰਾਂ ਵੀ ਬਣਗੀਆਂ ?
* ਕੀ ਗਊ ਸ਼ਾਲਾਵਾਂ ਬਣਾਉਣ ਵਾਲੇ ਬੇਸਾਹਾਰਾ ਮਨੁੱਖਾਂ ਲਈ ਮਨੁੱਖ ਸ਼ਾਲਾਵਾਂ ਵੀ ਬਣਾਉਣਗੇ ?
* ਗਊ ਨੂੰ ਮਾਂ ਦੱਸਣ ਵਾਲੇ ਦੱਸਣ ਕਿ ਇੰਨੇ ਪੁੱਤਾਂ ਦੇ ਹੁੰਦਿਆਂ ਮਾਂ ਬੇਸਹਾਰਾ ਕਿਵੇਂ ਬਣ ਜਾਂਦੀ ਹੈ ?
* ਸਿੱਖਾਂ ਲਈ ਗਊ ਦੁੱਧ ਦੇਣ ਵਾਲਾ ਪਸ਼ੂ ਹੈ ਪੂਜਣਯੋਗ ਮਾਂ ਬਿਲਕੁਲ ਨਹੀਂ

ਬਠਿੰਡਾ, 17 ਜੂਨ (ਕਿਰਪਾਲ ਸਿੰਘ): ਜੋਗਾ-ਮਾਨਸਾ ਵਿਖੇ ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਦੱਸਦੀਆਂ ਹਨ ਕਿ ਇਸ ਦੇਸ਼ ਵਿੱਚ ਘੱਟ ਗਿਣਤੀ ਕੌਮ ਦੇ ਮਨੁੱਖਾਂ ਨਾਲੋਂ ਅਵਾਰਾ ਪਸ਼ੂਆਂ ਦਾ ਵੱਧ ਸਤਿਕਾਰ ਹੈ। ਇਹ ਸ਼ਬਦ ਗੁਰਮਤਿ ਦੇ ਪ੍ਰਸਿੱਧ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਭਾਈ ਬਖਤੌਰ ਵਾਲਿਆਂ ਨੇ ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਵਾਂ ਵਿਖੇ ਬੀਤੇ 13-14-15 ਜੂਨ ਨੂੰ ਹੋਏ ਤਿੰਨ ਦਿਨਾਂ ਗੁਰਮਤਿ ਸਮਾਗਮ ਦੇ ਅਖੀਰਲੇ ਦਿਨ 15 ਜੂਨ ਨੂੰ ਭਖਦੇ ਮਸਲਿਆਂ ’ਤੇ ਵੀਚਾਰ ਕਰਦੇ ਹੋਏ ਕਹੇ।

ਉਨ੍ਹਾਂ ਕਿਹਾ ਪਿਛਲੇ ਦਿਨੀਂ ਮਾਨਸਾ ਮੰਡੀ ਦੇ ਨਜ਼ਦੀਕ ਜੋਗਾ ਵਿਖੇ ਇੱਕ ਫੈਕਟਰੀ ਵਿੱਚ ਕੁਝ ਗਊਆਂ ਦੇ ਮਾਰਨ ਉਪ੍ਰੰਤ ਜਿਸ ਤਰ੍ਹਾਂ ਭਾਰੀ ਹੰਗਾਮਾਂ ਹੋਇਆ, ਮੰਤਰੀਆਂ, ਪ੍ਰਸ਼ਾਸ਼ਨਕ ਅਧਿਕਾਰੀਆਂ ਅਤੇ ਹੋਰ ਆਗੂਆਂ ਦੇ ਬਿਆਨ ਆਏ, ਮਾਨਸਾ ਜਿਲ੍ਹੇ ਦੇ ਐੱਸਐੱਸਪੀ ਤੇ ਜੋਗਾ ਥਾਣੇ ਦੇ ਮੁਖੀ ਨੂੰ ਬਰਖਾਸਤ ਕੀਤਾ ਗਿਆ, ਗਊਆਂ ਮਾਰਨ ਵਾਲਿਆਂ ਨੂੰ ਵੱਧ ਤੋਂ ਵੱਧ ਸਜਾ ਦੇਣ ਦੀ ਮੰਗ ਅਤੇ ਗਊਆਂ ਦੀ ਯਾਦਗਾਰ ਬਣਾਉਣ ਦੇ ਬਿਆਨ ਆਏ, ਪਰ ਦੂਸਰੇ ਪਾਸੇ ਇਸ ਦੇਸ਼ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਹੋਰ ਅਨੇਕਾਂ ਸ਼ਹਿਰਾਂ ਵਿੱਚ ਹਜਾਰਾਂ ਸਿੱਖਾਂ ਦਾ ਕਤਲੇਆਮ ਹੋਇਆ, ਉਸ ਤੋਂ ਪਿਛੋਂ ਇੱਕ ਦਹਾਕੇ ਤੱਕ ਪੰਜਾਬ ਵਿੱਚ ਘਰੋਂ ਚੁੱਕੇ ਗਏ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਦੱਸ ਕੇ ਸਸਕਾਰ ਕੀਤਾ ਗਿਆ। ਗੁਜਰਾਤ ਵਿੱਚ ਮੁਸਲਮਾਨ ਭਰਾਵਾਂ ਦਾ ਕਤਲੇਆਮ ਕੀਤਾ ਗਿਆ। ਕਰਨਾਟਕਾ ਉੜੀਸਾ ਵਿੱਚ ਈਸਾਈਆਂ ਦਾ ਕਤਲੇਆਮ ਹੋਇਆ, ਈਸਾਈ ਪ੍ਰਚਾਰਕ ਗ੍ਰਾਹਮ ਸਟੇਨਜ ਨੂੰ ਉਸ ਦੇ ਦੋ ਮਸੂਮ ਬੱਚਿਆਂ ਸਮੇਤ ਆਪਣੀ ਗੱਡੀ ਵਿੱਚ ਆਰਾਮ ਕਰ ਰਿਹਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ, ਅਨੇਕਾਂ ਥਾਵਾਂ ’ਤੇ ਦਲਿਤਾਂ ਦਾ ਕਤਲੇਆਮ ਕੀਤਾ ਗਿਆ ਪਰ ਕਿਸੇ ਨੇ ਇਨ੍ਹਾਂ ਘੱਟ ਗਿਣਤੀ ਅਤੇ ਦਲਿਤਾਂ ਦੇ ਮਾਰੇ ਗਏ ਬੇਕਸੂਰ ਲੋਕਾਂ ਦੇ ਹਤਿਅਰਿਆਂ ਨੂੰ ਵੱਧ ਤੋਂ ਵੱਧ ਸਜਾ ਦੇਣ ਦੀ ਮੰਗ ਨਹੀਂ ਕੀਤੀ, ਅਜਿਹੀਆਂ ਹਿਰਦੇਵੇਧਕ ਘਟਨਾਵਾਂ ਰੋਕਣ ’ਚ ਅਸਮਰਥ ਰਹਿਣ ਵਾਲੇ ਅਧਿਕਾਰੀਆਂ ਨੂੰ ਬਰਖਾਸਤ ਨਹੀਂ ਕੀਤਾ ਗਿਆ ਸਗੋਂ ਪੰਜਾਬ ਵਿੱਚ ਵੀ ਤੇ ਦਿੱਲੀ ਵਿੱਚ ਵੀ ਸਿੱਖਾਂ ਨੂੰ ਮਾਰਨ ਵਾਲੇ ਉਚੇ ਅਹੁਦਿਆਂ ਦਾ ਸੁਖ ਮਾਣ ਰਹੇ ਹਨ, ਹਜਾਰਾਂ ਦੀ ਗਿਣਤੀ ਵਿੱਚ ਮਰਨ ਵਾਲਿਆਂ ਦੀ ਕਿਸੇ ਨੇ ਯਾਦਗਾਰ ਨਹੀਂ ਬਣਾਈ।

ਪਿੱਛੇ ਜਿਹੇ ਖ਼ਬਰ ਆਈ ਸੀ ਕਿ ਇੱਕ ਹਿਰਨ ਮਾਰਨ ਕਰਕੇ ਸਲਮਾਨ ਖਾਂ ਨੂੰ ਅਦਾਲਤਾਂ ਵਿੱਚ ਕਈ ਸਾਲ ਚੱਕਰ ਕੱਟਣੇ ਪਏ। ਇਸ ਦਾ ਭਾਵ ਹੈ ਕਿ ਇਸ ਦੇਸ਼ ਵਿੱਚ ਘੱਟ ਗਿਣਤੀ ਕੌਮ ਦੇ ਮਨੁੱਖਾਂ ਨਾਲੋਂ, ਅਵਾਰਾ ਪਸ਼ੂਆਂ ਦਾ ਵੱਧ ਸਤਿਕਾਰ ਅਤੇ ਅਧਿਕਾਰ ਹੈ। ਭਾਈ ਪੰਥਪ੍ਰੀਤ ਸਿੰਘ ਨੇ ਪੁੱਛਿਆ ਕਿ ਕੀ ਗਊਆਂ ਦੀ ਯਾਦਗਰ ਬਣਾਉਣ ਵਾਲੇ ਦੱਸਣਗੇ ਕਿ ਇਸ ਦੇਸ਼ ਵਿੱਚ ਹਜਾਰਾਂ ਸਿੱਖਾਂ ਦੇ ਹੋਏ ਕਤਲੇਆਮ ਦੀਆਂ ਯਾਦਗਾਰਾਂ ਵੀ ਬਣਗੀਆਂ? ਮੁਸਲਮਾਨਾਂ ਈਸਾਈਆਂ ਦੇ ਕਤਲੇਆਮ ਦੀਆਂ ਯਾਦਗਾਰਾਂ ਵੀ ਬਣਗੀਆਂ? ਕੀ ਗਊਆਂ ਦੇ ਹਤਿਆਰਿਆਂ ਨੂੰ ਵੱਧ ਤੋਂ ਵੱਧ ਸਜਾ ਦੀ ਮੰਗ ਕਰਨ ਵਾਲੇ, ਸਿੱਖਾਂ ਦਲਿਤਾਂ ਮੁਸਲਮਾਨਾਂ ਈਸਾਈਆਂ ਦੇ ਕਾਤਲਾਂ ਲਈ ਵੀ ਵੱਧ ਤੋਂ ਵੱਧ ਸਜਾ ਦੀ ਮੰਗ ਕਰਨਗੇ?

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਕਈ ਗਊ ਭਗਤ ਕਹਿੰਦੇ ਹਨ ਕਿ ਗਊ ਨੂੰ ਅਵਾਰਾ ਨਾ ਕਹੋ ਇਸ ਨੂੰ ਬੇਸਹਾਰਾ ਕਹੋ। ਉਨ੍ਹਾਂ ਕਿਹਾ ਪੁੱਤਾਂ ਦੇ ਹੁੰਦਿਆਂ ਮਾਂ ਬੇਸਹਾਰਾ ਹੋ ਹੀ ਨਹੀਂ ਸਕਦੀ ਇਸ ਲਈ ਗਊ ਨੂੰ ਮਾਂ ਕਹਿਣ ਵਾਲੇ ਦੱਸਣ ਕਿ ਇੰਨੇ ਪੁੱਤਾਂ ਦੇ ਹੁੰਦਿਆਂ ਮਾਂ ਬੇਸਹਾਰਾ ਕਿਵੇਂ ਬਣ ਜਾਂਦੀ ਹੈ? ਜੇ ਕੋਠੀਆਂ ਵਿੱਚ ਸੌਣ ਵਾਲਿਆਂ ਦੀ ਮਾਂ ਬੇਸਹਾਰਾ ਹੈ ਅਤੇ ਸੜਕਾਂ ’ਤੇ ਲੋਕਾਂ ਦੇ ਸਕੂਟਰਾਂ ਕਾਰਾਂ ਵਿੱਚ ਵੱਜ ਰਹੀ ਹੈ, ਭੁੱਖੀ ਮਰਦੀ ਕਿਸਾਨਾਂ ਦੇ ਖੇਤ ਉਜਾੜ ਰਹੀ ਹੈ ਤਾਂ ਕਹਿਣਾ ਪਏਗਾ ਕਿ ਉਸ ਦੇ ਪੁੱਤ ਨਲਾਇਕ ਹਨ। ਉਨ੍ਹਾਂ ਕਿਹਾ ਕਿ ਬੇਸਹਾਰਾ ਗਊਆਂ ਦਾ ਹੱਲ ਇਕੋ ਹੀ ਹੈ ਕਿ ਇਸ ਨੂੰ ਮਾਂ ਕਹਿਣ ਵਾਲੇ ਇੱਕ ਇੱਕ ਗਊਮਾਤਾ ਨੂੰ ਅਤੇ ਸਰਦੇ ਪੁਜਦੇ ਪੁੱਤ ਇੱਕ ਇੱਕ ਜੋੜੇ ਨੂੰ ਆਪਣੇ ਘਰ ਲੈ ਜਾਣ ਤਾਂ ਬੇਸਾਹਰਾ ਗਊਆਂ ਦਾ ਮਸਲਾ ਆਪਣੇ ਆਪ ਹੱਲ ਹੋ ਜਾਵੇਗਾ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਸਾਡੇ ਲਈ ਗਊ ਸਿਰਫ ਦੁੱਧ ਦੇਣ ਵਾਲਾ ਪਸ਼ੂ ਹੈ ਪੂਜਣਯੋਗ ਮਾਂ ਬਿਲਕੁਲ ਨਹੀਂ ਕਿਉਂਕਿ ਤਰਕ ਦੇ ਅਧਾਰ ’ਤੇ ਕੋਈ ਵੀ ਪਸ਼ੂ ਮਨੁੱਖ ਦੀ ਮਾਂ ਹੋ ਹੀ ਨਹੀਂ ਸਕਦੀ। ਉਨ੍ਹਾਂ ਕਿਹਾ ਜੇ ਗਊ ਦੁੱਧ ਦੇਣ ਕਰਕੇ ਹੀ ਸਾਡੀ ਮਾਂ ਹੈ ਤਾਂ ਦੁੱਧ ਤਾਂ ਮੱਝ ਵੀ ਦਿੰਦੀ ਹੈ, ਬੱਕਰੀ ਵੀ ਦੁੱਧ ਦਿੰਦੀ ਹੈ ਤਾਂ ਫਿਰ ਮੱਝ ਤੇ ਬੱਕਰੀ ਨੂੰ ਮਾਂ ਕਿਉਂ ਨਹੀਂ ਕਹਿੰਦੇ? ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਇਸ ਦੇਸ਼ ਵਿੱਚ ਕਰੋੜਾਂ ਗਰੀਬ ਲੋਕਾਂ ਲਈ ਰਹਿਣ ਵਾਸਤੇ ਮਕਾਨ, ਖਾਣ ਲਈ ਰੋਟੀ ਤੇ ਪਹਿਨਣ ਲਈ ਕਪੜਾ ਨਹੀਂ। ਝੁੱਗੀਆਂ ਵਿੱਚ ਉਨ੍ਹਾਂ ਦੇ ਬੱਚੇ ਭੁੱਖ ਨਾਲ ਮਰ ਰਹੇ ਹਨ, ਸ਼ਰਦੀਆਂ ਵਿੱਚ ਬਿਨਾਂ ਕਪੜਿਆਂ ਤੋਂ ਠੰਡ ਅਤੇ ਗਰਮੀਆਂ ਵਿੱਚ ਤੱਤੀ ਲੂ ਨਾਲ ਮਰ ਰਹੇ ਹਨ। ਕੀ ਗਊਸਸ਼ਾਲਾਵਾਂ ਬਣਾਉਣ ਵਾਲੇ, ਬੇਸਾਹਾਰਾ ਇਨ੍ਹਾਂ ਮਨੁੱਖਾਂ ਲਈ ਮਨੁੱਖਸ਼ਾਲਵਾਂ ਵੀ ਬਣਾਉਣਗੇ? ਉਨ੍ਹਾਂ ਕਿਹਾ ਸਿੱਖ ਲਈ ਗਰੀਬ ਹੀ ਗਊ ਹੈ ਤੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ ਇਸ ਲਈ ਗਰੀਬਾਂ ਦੀ ਸੇਵਾ ਕਰਨਾਂ ਹੀ ਸਾਡੇ ਲਈ ਸਭ ਤੋਂ ਉਤਮ ਧਰਮ ਹੈ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਪਿੱਛੇ ਜਿਹੇ ਹੀ ਖ਼ਬਰ ਆਈ ਸੀ ਕਿ ਸਰਦੂਲਗੜ੍ਹ ਦੇ ਨੇੜਲੇ ਪਿੰਡਾਂ ਦੇ ਲੋਕ ਗਊਸ਼ਾਲਾ ਵਾਲਿਆਂ ਕੋਲ ਗਏ ਤੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਖੇਤਾਂ ਦਾ ਉਜਾੜਾ ਕਰ ਰਹੀਆਂ ਗਊਆਂ ਨੂੰ ਗਊਸ਼ਾਲਾਵਾਂ ਵਿੱਚ ਸਾਂਭਿਆ ਜਾਵੇ ਤਾਂ ਉਨ੍ਹਾਂ ਸਾਫ ਨਾਂਹ ਕਰ ਦਿੱਤੀ ਸੀ ਕਿ ਉਹ ਸਿਰਫ ਦੁੱਧ ਦੇਣ ਵਾਲੀਆਂ ਗਊਆਂ ਨੂੰ ਹੀ ਰੱਖ ਸਕਦੇ ਹਨ। ਇਸ ਦਾ ਭਾਵ ਇਹ ਹੋਇਆ ਕਿ ਗਊਸ਼ਾਲਾਵਾਂ ਦੇ ਨਾਮ ’ਤੇ ਵਪਾਰ ਹੋ ਰਿਹਾ ਹੈ ਜਿੱਥੇ ਪੀਣ ਲਈ ਦੁੱਧ, ਖਾਣ ਲਈ ਦਹੀਂ ਮੱਖਣ ਅਤੇ ਵੇਚਣ ਲਈ ਦੁੱਧ ਤੋਂ ਇਲਾਵਾ ਸੇਵਾ ਦੇ ਨਾਮ ’ਤੇ ਵਾਧੂ ਦਾਨ ਮਿਲ ਰਿਹਾ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਗਊਸ਼ਾਲਵਾਂ ਵਿੱਚ ਬੈਠੇ ਸਾਧ, ਸਿੱਖ ਨੌਜਵਾਨਾਂ ਨੂੰ ਗੁਰਦੁਆਰਿਆਂ ਨਾਲੋਂ ਤੋੜ ਕੇ ਨਸ਼ੇੜੀ ਬਣਾ ਰਹੇ ਹਨ, ਗਊਆਂ ਦੀ ਸੇਵਾ ਦੇ ਨਾਮ ’ਤੇ ਨੌਜਵਾਨਾਂ ਨੂੰ ਗਊਸ਼ਾਲਵਾਂ ਵਿੱਚ ਜਾ ਕੇ ਉਨ੍ਹਾਂ ਨੂੰ ਪੱਠੇ ਪਾਉਣ ਤੇ ਗੋਹਾ ਚੁੱਕਣ ਲਈ ਉਕਸਾਉਂਦੇ ਹਨ। ਜਿਹੜੇ ਸਿੱਖ ਨੌਜਵਾਨ ਗੁਰਦੁਆਰੇ ਨਹੀਂ ਜਾਂਦੇ, ਗੁਰਬਾਣੀ ਨਹੀਂ ਪੜ੍ਹਦੇ ਉਹ ਗਊਸ਼ਾਲਾਵਾਂ ਵਿੱਚ ਗਊਆਂ ਦੀ ਸੇਵਾ ਲਈ ਜਾਂਦੇ ਹਨ ਤੇ ਇਸ ਸੇਵਾ ਬਦਲੇ ਭੁੱਕੀ ਆਦਿ ਨਸ਼ੇ ਉਨ੍ਹਾਂ ਨੂੰ ਪ੍ਰਸ਼ਾਦਿ ਦੇ ਤੌਰ ’ਤੇ ਦੇ ਦਿੰਦੇ ਹਨ। ਇਸ ਤਰ੍ਹਾਂ ਨੌਜਵਾਨ ਨਸ਼ੇੜੀ ਬਣ ਰਹੇ ਹਨ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਇਹ ਸਾਧ ਗਊਸ਼ਾਲਾਵਾਂ ਵਿੱਚ ਬੈਠੇ ਸਾਧ ਨਸ਼ਿਆਂ ਦਾ ਵਾਪਾਰ ਵੀ ਕਰ ਰਹੇ ਹਨ ਪਰ ਪੁਲਿਸ਼ ਪ੍ਰਸ਼ਾਸ਼ਨ ਵਾਲੇ ਡਰਦੇ ਉਨ੍ਹਾਂ ਵਿਰੁਧ ਕੋਈ ਕਾਰਵਾਈ ਇਸ ਲਈ ਨਹੀਂ ਕਰਦੇ ਕਿਉਂਕਿ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਮ ’ਤੇ ਜਹਾਦ ਖੜ੍ਹਾ ਕਰ ਦਿੱਤਾ ਜਾਂਦਾ ਹੈ। ਭਾਈ ਪੰਥਪ੍ਰੀਤ ਸਿੰਘ ਨੇ ਮੰਗ ਕੀਤੀ ਕਿ ਧਰਮ ਦੇ ਨਾਮ ’ਤੇ ਗਲਤ ਕੰਮ ਕਰਨ ਵਾਲਿਆਂ ਵਿਰੁਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top