Share on Facebook

Main News Page

ਅਖੌਤੀ ਦਸਮ ਗ੍ਰੰਥ ਮਾਂ ਪਿਉਂ ਨੂੰ ਧੋਖਾ ਦੇ ਕੇ ਧੀਆਂ-ਭੈਣਾਂ ਨੂੰ ਯਾਰ ਨਾਲ ਘਰੋਂ ਭੱਜਣ ਦੀ ਟ੍ਰੇਨਿੰਗ ਦਿੰਦਾ ਹੈ
-
ਸ਼ਿੰਗਾਰਾ ਸਿੰਘ ਫਰੀਦਾਬਾਦ

(13 ਜੂਨ 2012; ਸਤਨਾਮ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਾਲਾ ਦਿਵਸ ਮੌਕੇ ਗੁਰਸਿੱਖ ਫੈਮਿਲ਼ੀ ਕਲੱਬ ਫਰੀਦਾਬਾਦ ਦੇ ਆਗੂ ਸ. ਸ਼ਿੰਗਾਰਾ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਸ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰ ਕੇ ਮੱਥੇ ਟਿਕਵਾਏ ਜਾ ਰਹੇ ਹਨ ਉਸ ਵਿਚ ਧੀਆਂ-ਭੈਣਾਂ ਨੂੰ ਅਪਣੇ ਮਾਂ ਪਿਉਂ ਨੂੰ ਧੋਖਾ ਦੇ ਕੇ ਯਾਰ ਨਾਲ ਘਰੋਂ ਭੱਜ ਜਾਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਸ ਅਸ਼ਲੀਲ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਦੱਸਦੇ ਹਨ ਕੀ ਉਹ ਇਹ ਮੰਨਣ ਨੂੰ ਤਿਆਰ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਧੀਆਂ-ਭੈਣਾਂ ਨੂੰ ਅਪਣੇ ਯਾਰ ਨਾਲ ਘਰੋਂ ਭੱਜ ਜਾਣ ਦੀ ਸਿਖਿਆ ਦਿੰਦੇ ਹੋਣਗੇ ? ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਚਰਿਤਰੋਪਖਿਆਨ ਦੇ ਚਰਿਤ੍ਰ ਨੰ 119 ਵਿਚ ਮੁਟਿਆਰ ਰੁਦ੍ਰਕਲਾ ਦੀ ਸ਼ਰਮਨਾਕ ਕਾਮ ਕਲਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿਚ ਉਹ ਅਪਣੇ ਮਾਂ-ਪਿਉਂ ਦੇ ਡਰ ਤੋਂ ਬੱਚਣ ਲਈ ਵਾਲਸਫਾ ਨਾਲ ਅਪਣੇ ਯਾਰ ਦੀ ਦਾੜ੍ਹੀ ਸਾਫ ਕਰ ਕੇ ਉਸ ਨੂੰ ਇਸਤਰੀ ਵਾਂਗ ਸ਼ਿੰਗਾਰ ਕਰਵਾ ਕੇ ਉਸ ਨੂੰ ਅਪਣੀ ਧਰਮ-ਭੈਣ ਦੱਸਦੀ ਹੈ ਇਤਨਾ ਹੀ ਨਹੀਂ ਉਹ ਮਾਂ-ਪਿਉਂ ਤੋਂ ਇਸ ਧਰਮ-ਭੈਣ (ਯਾਰ) ਨੂੰ ਬੇਅੰਤ ਧਨ ਵੀ ਦਿਵਾਉਂਦੀ ਹੈ ਅਤੇ ਉਸ ਨੂੰ ਬਜ਼ਾਰ ਤੇ ਬਗੀਚੇ ਦੀ ਸੈਰ ਕਰਵਾਉਣ ਦਾ ਪ੍ਰਸਤਾਵ ਰਖਦੀ ਹੈ ।

ਉਹਦੇ ਮਾਂ-ਪਿਉਂ ਬਜ਼ਾਰ ਤੇ ਬਗੀਚੇ ਦੀ ਸੈਰ ਲਈ ਇਕ ਪਾਲਕੀ ਤੇ ਅੱਠ ਕਹਾਰ ਮੰਗਵਾਦੇ ਹਨ। ਜਦ ਉਹ ਪਾਲਕੀ ਵਿਚ ਅਪਣੇ ਯਾਰ ਨਾਲ ਬੈਠ ਕੇ ਬਜ਼ਾਰ ਤੋਂ ਗੁਜ਼ਰਦੀ ਹੈ ਤਾਂ ਬੇਸ਼ਰਮੀ ਦੀ ਹੱਦ ਪਾਰ ਕਰਦੇ ਹੋਏ ਅਪਣੇ ਯਾਰ ਨਾਲ ਮੰਦਾ ਕੰਮ ਸ਼ੁਰੂ ਕਰ ਦਿੰਦੀ ਹੈ। ਇਤਨਾ ਹੀ ਨਹੀਂ ਕਹਾਰ ਜਦ ਪਾਲਕੀ ਨੂੰ ਧਰਤੀ ’ਤੇ ਰਖਦੇ ਹਨ ਤਾਂ ਉਹ ਇਕ ਚਿੱਠੀ ਛੱਡਦੀ ਹੈ ਕਿ ਮੈਂ ਅਪਣੇ ਯਾਰ ਨਾਲ ਭੱਜ ਰਹੀ ਹਾਂ। ਸ. ਸ਼ਿੰਗਾਰਾ ਸਿੰਘ ਨੇ ਕਿਹਾ ਕਿ ਇਹੋ ਜਿਹੇ ਅਸ਼ਲੀਲ ਤੇ ਗੰਦੀ ਸਿੱਖਿਆਵਾਂ ਵਾਲੀ ਪੁਸਤਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਸਾਬਤ ਕੀਤਾ ਜਾ ਰਿਹਾ ਹੈ। ਅਤੇ ਜਿਹੜਾ ਕੋਈ ਇਸ ਸੱਚਾਈ ਨੂੰ ਸਾਹਮਣੇ ਲਿਆਉਂਦਾ ਹੈ ਤਾਂ ਉਸ ਨੂੰ ਗੁਰੂ ਦੋਖੀ ਕਰਾਰ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸੰਗਤਾਂ ਆਪ ਇਸ ਗ੍ਰੰਥ ਨੂੰ ਪੜ੍ਹ ਕੇ ਫੈਸਲਾ ਕਰਣ ਕਿ ਗੁਰੂ ਦੋਖੀ ਕੌਣ ਹਨ ? ਇਸ ਮੌਕੇ ਹਰ ਮਹੀਨੇ ਦੀ 13 ਨੂੰ ਛੱਪਣ ਵਾਲਾ ਅਖੌਤੀ ਦਸਮ ਗ੍ਰੰਥ ਦਾ ਪਾਜ਼ ਉਘੇੜਦਾ ਇਸ਼ਤਿਹਾਰ ਸੰਗਤਾਂ ਵਿਚ ਵੰਡਿਆ ਗਿਆ। ਇਸ ਵੇਲੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ, ਖਾਲਸਾ ਨਾਰੀ ਮੰਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਗੁਰਸਿੱਖ ਫੈਮਿਲ਼ੀ ਕਲੱਬ ਫਰੀਦਾਬਾਦ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top