Share on Facebook

Main News Page

15 ਹਜਾਰ ਮਾਸੂਮ ਸ਼ਰਧਾਲੂਆਂ ਦਾ ਕਤਲ ਕਰਨ ਵਾਲਿਆਂ ਨੂੰ ਸਜਾ ਕੌਣ ਦੇਵੇਗਾ, ਸ਼ਹੀਦੀ ਯਾਦਗਾਰ ਲਈ ਸਮੁੱਚਾ ਪੰਥ ਇਕਮੁੱਠ ਹੋਵੇ:ਭਾਈ ਤਰਸੇਮ ਸਿੰਘ ਖਾਲਸਾ

ਅਨੰਦਪੁਰ ਸਾਹਿਬ, 11 ਜੂਨ (ਸੁਰਿੰਦਰ ਸਿੰਘ ਸੋਨੀ) : ਸਰਕਾਰੀ ਰਿਕਾਰਡ ਮੁਤਾਬਕ ਜੂਨ 1984 ਨੂੰ ਸ਼੍ਰੀ ਹਰਿਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਫੋਜੀ ਹਮਲੇ ਦਾ ਮੁਕਾਬਲਾ ਕਰਨ ਵਾਲੇ ਸਿੰਘਾਂ ਦੀ ਗਿਣਤੀ 50 ਤੋ 100 ਦਰਮਿਆਨ ਸੀ ਪਰ ਉਥੇ 12 ਤੋ 15 ਹਜਾਰ ਤੱਕ ਸਿੱਖ ਸ਼ਰਧਾਲੁੂਆਂ ਨੂੰ ਸ਼ਹੀਦ ਕਰ ਦਿਤਾ ਗਿਆ ਸੀ ਜੋ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇਕੱਤਰ ਹੋਏ ਸਨ। ਇਨਾਂ ਸ਼ਹੀਦ ਹੋਏ ਮਾਸੂਮ ਬੱਚੇ, ਬੀਬੀਆਂ,ਬਜੁਰਗਾਂ ਤੇ ਹੋਰ ਸ਼ਰਧਾਲੂਆਂ ਦੀ ਮੌਤ ਦਾ ਜਿੰਮੇਵਾਰ ਕੋਣ ਹੈ ਤੇ ਸਰਕਾਰ ਨੇ ਇਸ ਘਟਨਾ ਵਿਚ ਸ਼ਾਮਲ ਕਿੰਨੇ ਦੋਸ਼ੀਆਂ ਨੂੰ ਹੁਣ ਤੱਕ ਕੀ ਸਜਾ ਦਿਤੀ ਹੈ। ਇਹ ਗੰਭੀਰ ਸੁਆਲ ਦਿੱਲੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ ਖਾਲਸਾ ਨੇ ਕੀਤਾ।

ਉਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਅੱਜ ਉਨਾਂ ਕੌਮੀ ਸ਼ਹੀਦ ਤੇ ਮਾਸੂਮ ਸ਼ਰਧਾਲੂਆਂ ਦੀ ਯਾਦ ਵਿਚ ਬਨਣ ਵਾਲੀ ਯਾਦਗਾਰ ਦੇ ਖਿਲਾਫ ਸਾਰੀਆਂ ਗੈਰ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਹਨ ਜਦੋ ਕਿ 12 ਤੋ 15 ਹਜਾਰ ਦੀ ਗਿਣਤੀ ਵਿਚ ਸ਼ਹੀਦ ਕੀਤੇ ਗਏ ਸ਼ਰਧਾਲੂਆਂ ਲਈ ਇਨਸਾਫ ਦਾ ਨਾਅਰਾ ਮਾਰਨ ਵਾਲਾ ਕੋਈ ਨਜਰ ਨਹੀਂ ਆ ਰਿਹਾ। ਉਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਇਹ ਫੈਸਲਾ ਦਿਤਾ ਹੈ ਕਿ 1984 ਤੋ 1994 ਦਰਮਿਆਨ ਪੁਲਿਸ ਵਲੋ ਬੇ ਦੋਸ਼ੇ ਲੋਕਾਂ ਨੂੰ ਮਾਰਿਆ ਗਿਆ, ਜਿਸ ਲਈ 1 ਲੱਖ 75 ਹਜਾਰ ਰੁਪਏ ਮੁਆਵਜਾ ਪ੍ਰਤੀ ਜੀਅ ਹਰੇਕ ਨੂੰ ਦੇਣ ਲਈ ਸਰਕਾਰ ਨੂੰ ਕਿਹਾ ਗਿਆ। ਉਨਾਂ ਕਿਹਾ ਕਿ ਭਾਂਵੇ ਜਸਵੰਤ ਸਿੰਘ ਖਾਲੜਾ ਮੁਤਾਬਕ ਇਕੱਲੇ ਗੁਰਦਾਸਪੁਰ ਜਿਲੇ ਵਿਚ ਹੀ 40 ਹਜਾਰ ਲਾਸ਼ਾ ਲਾਵਾਰਸ ਕਹਿ ਕੇ ਸਾੜ ਦਿਤੀਆਂ ਗਈਆਂ ਸਨ ਪਰ ਸੁਪਰੀਮ ਕੋਰਟ ਨੇ ਇਕ ਹਜਾਰ ਤੋ ਵੱਧ ਮਾਰੇ ਗਏ ਲੋਕਾਂ ਲਈ ਮੁਆਵਜੇ ਦੇ ਹੁਕਮ ਦਿਤੇ ਹਨ।

ਉਨਾਂ ਕਿਹਾ ਸਰਕਾਰ ਨੇ ਮੁਆਵਜਾ ਤਾਂ ਦੇ ਦਿਤਾ ਪਰ ਬੇ ਦੋਸ਼ੇ ਲੋਕਾਂ ਨੂੰ ਮਾਰਨ ਵਾਲਿਆਂ ਦੇ ਖਿਲਾਫ ਹੁਣ ਤੱਕ ਕੀ ਕਾਰਵਾਈ ਕੀਤੀ ਗਈ। ਭਾਈ ਤਰਸੇਮ ਸਿੰਘ ਨੇ ਕਿਹਾ ਕਿ ਜਿਵੇ ਜਲਿਆਂ ਵਾਲੇ ਬਾਗ ਦੀ ਯਾਦਗਾਰ ਅੱਜ ਵੀ ਅੰਗਰੇਜਾਂ ਦੇ ਜੁਲਮ ਨੂੰ ਬਿਆਨਦੀ ਹੈ, ਉਸੇ ਤਰਾਂ ਇਹ ਸ਼ਹੀਦੀ ਯਾਦਗਾਰ ਵੀ 1984 ਨੂੰ ਹੋਏ ਜੁਲਮਾਂ ਦੀ ਯਾਦ ਤਾਜਾ ਕਰਵਾਉਂਦੀ ਰਹੇਗੀ। ਉਨਾਂ ਕਿਹਾ ਭਾਂਵੇ ਅਸੀਂ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਇਹ ਸੇਵਾ ਦੇਣ ਦੇ ਖਿਲਾਫ ਹਾਂ, ਪਰ ਇਸ ਸ਼ਹੀਦੀ ਯਾਦਗਾਰ ਬਨਾਉਣ ਦੇ ਵਿਰੋਧ ਵਿਚ ਖੜੀਆਂ ਗੈਰ ਸਿੱਖ ਜਥੇਬੰਦੀਆਂ ਦੇ ਰੋਲ ਨੂੰ ਦੇਖਦਿਆਂ ਅਸੀਂ ਇਹ ਅਪੀਲ ਕਰਦੇ ਹਾਂ ਕਿ ਸਮੁੱਚੀਆਂ ਸਿੱਖ ਜਥੇਬੰਦੀਆਂ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਇਹ ਸ਼ਹੀਦੀ ਯਾਦਗਾਰ ਜਲਦ ਤੋ ਜਲਦ ਬਨਾਉਣ ਲਈ ਹੰਭਲਾ ਮਾਰਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top