Share on Facebook

Main News Page

ਜ਼ਿੰਦਾ ਸ਼ਹੀਦ ਦੇ ਅਵਾਰਡ ਦੇਣ ਵਾਲਿਓ! ਜਿੰਦਾ ਸ਼ਹੀਦ ਦੀਆਂ ਭਾਵਨਾਵਾਂ ਨੂੰ ਅਣਗੌਲਿਆ ਕਰਕੇ, ਉਸ ਦਾ ਅਪਮਾਨ ਨਾ ਕਰੋ
-
ਕਿਰਪਾਲ ਸਿੰਘ ਬਠਿੰਡਾ

ਕਿਸੇ ਕੌਮ ਦੇ ਸ਼ਹੀਦ ਆਪਣੀ ਕੌਮ ਲਈ ਪ੍ਰੇਰਣਾ ਸ੍ਰੋਤ ਹੁੰਦੇ ਹਨ। ਕੌਮ ਦੇ ਆਗੂ ਤਾਂ ਕੀ ਕੌਮੀ ਦਰਦ ਰੱਖਣ ਵਾਲਾ ਕੋਈ ਵੀ ਵਿਅਕਤੀ ਸੋਚ ਵੀ ਨਹੀਂ ਸਕਦਾ ਕਿ ਉਹ ਸ਼ਹੀਦ ਦੀਆਂ ਉਨ੍ਹਾਂ ਭਾਵਨਾਵਾਂ, ਜਿਨ੍ਹਾਂ ਨੂੰ ਮੁੱਖ ਰੱਖ ਕੇ ਉਸ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ, ਦੀ ਬੇਕਦਰੀ ਕਰਨ ਦਾ ਹੌਸਲਾ ਕਰ ਸਕੇ। ਜਿਸ ਸਮੇਂ ਵੀ ਕੋਈ ਕੌਮੀ ਆਗੂ ਜਾਂ ਕੌਮ ਦੇ ਬਹੁਗਿਣਤੀ ਮੈਂਬਰ ਆਪਣੇ ਨਿਜੀ ਹਿੱਤਾਂ ਕਾਰਣ, ਆਪਣੇ ਧਰਮ ਲਈ ਨਿਸਚਿਤ ਕੀਤੇ ਧਾਰਮਮਿਕ ਅਸੂਲਾਂ ਦੀ ਉਲੰਘਣਾ ਕਰਨ ਜਾਂ ਕੌਮ ਲਈ ਨਿਸਚਿਤ ਕੀਤੇ ਰਾਜਨੀਤਕ ਟੀਚਿਆਂ ਦੀ ਪ੍ਰਾਪਤੀ ਕਰਨ ਦੇ ਰਾਹ ਵਿੱਚ ਰੋੜਾ ਅਟਕਾਉਣ ਦੀ ਹਿਕਾਮਤ ਕਰਦੇ ਹਨ ਤਾਂ ਉਸ ਸਮੇਂ ਆਪਣੀ ਕੌਮ ਦੇ ਸ਼ਹੀਦਾਂ ਵੱਲੋਂ ਪਾਏ ਗਏ ਪੂਰਨਿਆਂ ਦਾ ਚੇਤਾ ਕਰਵਾ ਕੇ ਉਨ੍ਹਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਸ਼ਹੀਦਾਂ ਦੀ ਰੂਹ ਤੁਹਾਨੂੰ ਲਾਹਨਤਾਂ ਪਾਏਗੀ। ਜਿੰਦਾ ਸ਼ਹੀਦ ਦਾ ਕੇਸ ਤਾਂ ਇਸ ਤੋਂ ਵੀ ਵੱਧ ਅਹਿਮ ਹੁੰਦਾ ਹੈ ਕਿਉਂਕਿ ਸ਼ਹੀਦਾਂ ਦੀਆਂ ਭਾਵਨਾਵਾਂ ਦੀ ਕਦਰ ਨਾ ਕਰਨ ਵਾਲਿਆਂ ਨੂੰ ਤਾਂ ਸੁਚੇਤ ਉਹ ਆਗੂ ਜਾਂ ਵਿਅਕਤੀ ਹੀ ਕਰਦੇ ਹਨ ਜਿਨ੍ਹਾਂ ਦਾ ਆਪਣਾ ਰੁਤਬਾ ਸ਼ਹੀਦਾਂ ਵਾਲਾ ਨਹੀਂ ਹੁੰਦਾ। ਇਸੇ ਕਾਰਣ ਸ਼ਹੀਦਾਂ ਦੀਆਂ ਭਾਵਨਾਵਾਂ ਨੂੰ ਅਣਗੌਲਿਆਂ ਕਰਨ ਵਾਲੇ ਸੁਆਰਥੀ ਆਗੂ, ਸੁਚੇਤ ਕਰਨ ਵਾਲੇ ਦਾਨਸ਼ਵਰਾਂ ਨੂੰ, ਆਪਣੇ ਰਾਜਨੀਤਕ ਵਿਰੋਧੀ ਦੱਸ ਕੇ, ਉਨ੍ਹਾਂ ਵੱਲੋਂ ਦਿੱਤੇ ਜਾ ਰਹੇ ਤਰਕ ਨੂੰ ਬੇਅਸਰ ਕਰਨ ਦਾ ਯਤਨ ਕਰ ਸਕਦੇ ਹਨ। ਪਰ ਜਿੰਦਾ ਸ਼ਹੀਦ ਤਾਂ ਸਥੂਲ ਰੂਪ ਵਿੱਚ ਹੀ ਇਸ ਦੁਨੀਆਂ ਵਿੱਚ ਹੋਣ ਕਰਕੇ ਕੋਈ ਵੀ ਮਨੁੱਖ ਉਨ੍ਹਾਂ ਵੱਲੋਂ ਦਿੱਤੀ ਗਈ ਰਾਇ ਜਾਂ ਪ੍ਰਗਟਾਈਆਂ ਗਈਆਂ ਭਾਵਨਾਵਾਂ ਨੂੰ ਅਣਗੌਲਿਆ ਕਰਨ ਦਾ ਹੌਸਲਾ ਨਹੀਂ ਕਰ ਸਕਦਾ। ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਜਿੰਦਾ ਸ਼ਹੀਦ ਵੱਲੋਂ ਦਿੱਤੇ ਗਏ ਤਰਕ ਦੇ ਅੱਗੇ ਉਹ ਟਿੱਕ ਨਹੀਂ ਸਕੇਗਾ।

ਭਾਈ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਨੂੰ ਜੇ ਗਹੁ ਨਾਲ ਵਾਚਿਆ ਜਾਵੇ ਤਾਂ ਜਿਸ ਸਮੇਂ ਹਾਲੀ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ਜਿੰਦਾ ਸ਼ਹੀਦ ਦੀ ਉਪਾਧੀ ਤੇ ਅਵਾਰਡ ਪ੍ਰਦਾਨ ਨਹੀਂ ਵੀ ਕੀਤਾ ਗਿਆ ਸੀ ਤਾਂ ਉਸ ਸਮੇਂ ਉਨ੍ਹਾਂ ਦੀ ਇੱਕ ਆਵਾਜ਼ ’ਤੇ ਸਮੁਚੇ ਸਿੱਖ, ਭਾਵੇਂ ਉਹ ਕਿਸੇ ਵੀ ਰਾਜਨੀਤਕ ਧੜੇ ਜਾਂ ਧਾਰਮਕ ਗੁੱਟ ਨਾਲ ਸਬੰਧ ਰੱਖਦੇ ਸਨ, ਉਹ ਕੇਸਰੀ ਨਿਸ਼ਾਨ ਫੜ ਕੇ ਕੌਮ ਲਈ ਨਿਆਂ ਦੀ ਪ੍ਰਾਪਤੀ ਲਈ ਸੜਕਾਂ ’ਤੇ ਨਿਕਲ ਆਏ ਸਨ। ਜਿਸ ਦਾ ਫੌਰੀ ਅਸਰ ਇਹ ਹੋਇਆ ਕਿ ਕੇਂਦਰੀ ਸਰਕਾਰ, ਜਿਸ ਨੇ ਅੱਜ ਤੱਕ ਕਦੀ ਵੀ ਸਿੱਖਾਂ ਦੀ ਕਿਸੇ ਮੰਗ ਵੱਲ ਉਕਾ ਹੀ ਧਿਆਨ ਨਹੀਂ ਸੀ ਦਿੱਤਾ, ਉਸ ਨੂੰ ਵੀ ਅਦਾਲਤੀ ਹੁਕਮਾਂ ਦੇ ਬਾਵਯੂਦ 31 ਮਾਰਚ ਨੂੰ ਭਾਈ ਰਾਜੋਆਣਾ ਨੂੰ ਦਿੱਤੀ ਜਾਣ ਵਾਲੀ ਫਾਂਸੀ ’ਤੇ ਭਾਵੇਂ ਆਰਜੀ ਹੀ ਸਹੀ ਪਰ ਰੋਕ ਲਾਉਣੀ ਪਈ। ਇਹ ਕੌਮ ਲਈ ਇੱਕ ਵੱਡੀ ਪ੍ਰਪਤੀ ਸੀ। ਸਿੱਖਾਂ ਦੀ ਨਸਲਘਾਤ ਕਰਨ ਲਈ ਕਾਂਗਰਸ ਦੀ ਕੇਂਦਰ ਸਰਕਾਰ ਦਾ ਮੋਹਰਾ ਬਣੇ ਉਸ ਸਮੇਂ ਦੇ ਮੁੱਖ ਮੰਤਰੀ ਪੰਜਾਬ, ਬੇਅੰਤ ਸਿੰਘ ਨੂੰ, ਭਾਈ ਰਾਜੋਆਣਾ ਵੱਲੋਂ ਸਿੱਖੀ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ, ਸੋਧਣ ਲਈ ਕੀਤੇ ਮਹਾਨ ਕਾਰਨਾਮੇ ਅਤੇ ਉਸ ਤੋਂ ਪਿੱਛੋਂ ਭਾਰਤ ਦੀ ਬੇਇਨਸਾਫੀ ਵਾਲੇ ਨਜ਼ਾਮ ਜਾਂ ਉਸ ਦੀਆਂ ਅਦਾਲਤਾਂ, ਜਿਹੜੀਆਂ ਕਿ ਅੱਜ ਤੱਕ ਘੱਟ ਗਿਣਤੀਆਂ ਨੂੰ ਇਨਸਾਫ਼ ਦੇਣ ਵਿੱਚ ਅਸਫਲ ਰਹੀਆਂ ਹਨ, ਅੱਗੇ ਆਪਣੀ ਜਾਨ ਦੀ ਭੀਖ ਮੰਗਣ ਲਈ ਗੋਡੇ ਟੇਕਣ ਜਾਂ ਰਹਿਮ ਦੀਆਂ ਅਪੀਲਾਂ ਨਾ ਕਰਨ ਦੇ ਦ੍ਰਿੜਤਾ ਭਰੇ ਲਏ ਗਏ ਸਟੈਂਡ ਨੂੰ ਮੁੱਖ ਰੱਖ ਕੇ 23 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ਜਿੰਦਾ ਸ਼ਹੀਦ ਤੇ ਉਨ੍ਹਾਂ ਦੇ ਸਾਥੀ ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਐਲਾਨਿਆਂ ਗਿਆ। ਭਾਈ ਰਾਜੋਆਣਾ ਦੇ ਜੇਲ੍ਹ ਵਿੱਚ ਬੰਦ ਹੋਣ ਕਰਕੇ, 6 ਜੂਨ 2012 ਨੂੰ ਬਕਾਇਦਾ ਤੌਰ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਉਨ੍ਹਾਂ ਦੀ ਭੈਣ ਬੀਬੀ ਕਮਲਦੀਪ ਕੌਰ ਨੇ ਪੰਜ ਸਿੰਘ ਸਾਹਿਬਾਨ ਤੋਂ ਜਿੰਦਾ ਸ਼ਹੀਦ ਦਾ ਅਵਾਰਡ ਪ੍ਰਾਪਤ ਕੀਤਾ।

ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ 21 ਅਪ੍ਰੈਲ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੰਬੋਧਤ ਹੁੰਦਿਆਂ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਕਾਂਗਰਸੀ ਹੁਕਮਰਾਨਾਂ ਨੂੰ ਸਿੱਖਾਂ ਦੀ ਅਣਖ਼ ਅਤੇ ਗੈਰਤ ਦਾ ਅਹਿਸਾਸ ਕਰਵਾਉਣ ਲਈ ਸਿੱਖਾਂ ਦੀ ਸਰਵ-ਉੱਚ ਅਦਾਲਤ “ਸ੍ਰੀ ਅਕਾਲ ਤਖ਼ਤ ਸਾਹਿਬ” ਵੱਲੋਂ ਸਿੱਖਾਂ ਲਈ ਇਹ ਹੁਕਮਨਾਮਾ ਜਾਰੀ ਕੀਤਾ ਜਾਵੇ ਕਿ ਅਗਰ ਹਿੰਦੋਸਤਾਨੀ ਹੁਕਮਰਾਨ ਅਤੇ ਨਿਆਇਕ ਸਿਸਟਮ ਸਿੱਖਾਂ ਨੂੰ ਇਨਸਾਫ਼ ਨਹੀਂ ਦਿੰਦਾ ਤਾਂ ਕੋਈ ਵੀ ਸਿੱਖ, ਸਿੱਖ ਧਰਮ ’ਤੇ ਹਮਲਾ ਕਰਨ ਵਾਲੀ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਾ ਰੱਖੇ। ਪੰਜਾਬ ਦੀ ਧਰਤੀ ’ਤੇ ਇਨ੍ਹਾਂ ਕਾਂਗਰਸੀਆਂ ਦੀਆਂ ਰੈਲੀਆਂ ਤੇ ਮੀਟਿੰਗਾਂ ਕਰਨ ’ਤੇ ਪੂਰਨ ਰੂਪ ਵਿੱਚ ਪਾਬੰਦੀ ਲਗਾਈ ਜਾਵੇ। ਇਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਕਿਸੇ ਵੀ ਸਿੱਖ ਨੂੰ, ਸਿੱਖ ਕੌਮ ਦਾ ਗੱਦਾਰ ਘੋਸ਼ਿਤ ਕੀਤਾ ਜਾਵੇ। ਉਨ੍ਹਾਂ ਅੱਗੇ ਲਿਖਿਆ ਕਿ ਅਗਰ ਭਾਰਤੀ ਜਨਤਾ ਪਾਰਟੀ ਦਾ ਕੌਮੀ ਨੇਤਾ ਅਡਵਾਨੀ ਸਿੱਖ ਧਰਮ ’ਤੇ ਹਮਲਾ ਕਰਵਾਉਣ ਵਿੱਚ ਆਪਣੀ ਪਾਰਟੀ ਵੱਲੋਂ ਦਿੱਤੇ ਸਹਿਯੋਗ ’ਤੇ ਮਾਣ ਕਰਦਾ ਹੈ ਤਾਂ ਭਾਰਤੀ ਜਨਤਾ ਪਾਰਟੀ ਨਾਲ ਕੋਈ ਸਬੰਧ ਨਾ ਰੱਖਣ ਦਾ ਹੁਕਮਨਾਮਾ ਵੀ ਸਿੱਖਾਂ ਲਈ ਜਾਰੀ ਕੀਤਾ ਜਾਵੇ। ਕੋਈ ਵੀ ਸਿੱਖ ਅਜਿਹੀ ਫਿਰਕੂ ਪਾਰਟੀ ਨਾਲ ਕੋਈ ਸਬੰਧ ਨਾ ਰੱਖੇ । ਉਨ੍ਹਾਂ ਹੋਰ ਲਿਖਿਆ ਕਿ ਇਥੇ ਮੈਂ ਇੱਕ ਬੇਨਤੀ ਹੋਰ ਕਰਨੀ ਚਾਹਾਂਗਾ ਕਿ ਮੌਜੂਦਾ ਅਕਾਲੀ ਸਰਕਾਰ ਨੂੰ ਵੀ ਇਹ ਆਦੇਸ ਜਾਰੀ ਕੀਤਾ ਜਾਵੇ ਕਿ ਸੈਂਕੜੇ ਹੀ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲੇ ਪੁਲਿਸ ਅਫ਼ਸਰ ਸੁਮੇਧ ਸਿੰਘ ਸੈਣੀ ਨੂੰ ਪੁਲਿਸ ਮੁਖੀ ਦੇ ਆਹੁਦੇ ਤੋਂ ਤੁਰੰਤ ਹਟਾਇਆ ਜਾਵੇ।

ਭਾਈ ਰਾਜੋਆਣਾ ਨੇ ਇਸ ਚਿੱਠੀ ਵਿੱਚ ਸਮੁੱਚੀ ਸਿੱਖ ਕੌਮ ਨੂੰ, ਟਕਸਾਲਾਂ ਨੂੰ ਧਾਰਮਿਕ ਸੰਸਥਾਵਾਂ ਨੂੰ, ਗਰਮ ਖਿਆਲੀ ਜੱਥੇਬੰਦੀਆਂ ਨੂੰ, ਅਜ਼ਾਦੀ ਦੇ ਦਾਅਵੇਦਾਰਾਂ ਨੂੰ ਵੀ ਇਹ ਬੇਨਤੀ ਕੀਤੀ ਸੀ ਕਿ ਸਾਰੇ ਹੀ ਲਿਖਤੀ ਤੌਰ ਤੇ ਜੱਥੇਦਾਰ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਅਜਿਹਾ ਹੁਕਮਨਾਮਾ ਜਾਰੀ ਕਰਨ ਦੀ ਬੇਨਤੀ ਕਰਨ ਤਾਂ ਕਿ ਇਸ ਵਾਰ ਜੂਨ ਦੇ ਪਹਿਲੇ ਹਫ਼ਤੇ ਅਜਿਹਾ ਹੁਕਮਨਾਮਾ ਜਾਰੀ ਕਰਕੇ ਜ਼ੁਲਮ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਸਰਧਾਂਜਲੀ ਦਿੱਤੀ ਜਾ ਸਕੇ।

ਪਰ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ, ਗੁਰਮਤਿ ਸੇਵਾ ਲਹਿਰ ਦੇ ਸ੍ਰਪਰਸਤ ਬਾਬਾ ਬਲਜੀਤ ਸਿੰਘ ਦਾਦੂਵਾਲਾ ਅਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੂੰ ਛੱਡ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਕਿਸੇ ਵੀ ਹੋਰ ਜਥੇਬੰਦੀ ਨੇ ਅਪਣੇ ਜਿੰਦਾ ਸ਼ਹੀਦ ਦੀ ਇਸ ਅਪੀਲ ਵੱਲ ਧਿਆਨ ਨਹੀਂ ਦਿੱਤਾ। 26 ਮਈ ਨੂੰ ਜਿੰਦਾ ਸ਼ਹੀਦ ਨੇ ਦੁਬਾਰਾ ਇਹ ਅਪੀਲ ਦੁਹਰਾਈ ਜਿਸ ਵਿੱਚ ਉਨ੍ਹਾਂ ਜਾਣ ਬੁੱਝ ਕੇ ਜਾਂ ਸਹਿਜ ਸੁਭਾ ਹੀ ਹੁਕਮਨਾਮਾ ਜਾਰੀ ਕਰਨ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕਰਨ ਦੀ ਥਾਂ ਸਿਰਫ ਸਮੁੱਚੀਆਂ ਸਿੱਖ ਸੰਸਥਾਵਾਂ ਅਤੇ ਧਾਰਮਿਕ ਜੱਥੇਬੰਦੀਆਂ ਨੂੰ ਹੀ ਬੇਨਤੀ ਕੀਤੀ ਕਿ ਇਨ੍ਹਾਂ ਕਾਤਲ ਤਾਕਤਾਂ ਦਾ ਪੰਜਾਬ ਦੀ ਧਰਤੀ ਤੇ ਮੁਕੰਮਲ ਬਾਈਕਾਟ ਕਰਨ ਲਈ “ਸ੍ਰੀ ਅਕਾਲ ਤਖ਼ਤ ਸਾਹਿਬ” ਦੇ ਜੱਥੇਦਾਰ ਸਹਿਬਾਨ ਨੂੰ ਲਿਖਤੀ ਤੌਰ ’ਤੇ ਬੇਨਤੀਆਂ ਕੀਤੀਆਂ ਜਾਣ। ਇੱਕ ਹੋਰ ਮਝੇਦਾਰ ਗੱਲ ਇਹ ਹੈ ਕਿ ਇਸ ਪੱਤਰ ਵਿੱਚ ਜਿਥੇ ਕਾਂਗਰਸ ਦੀ ਖੁਲ੍ਹ ਕੇ ਅਲੋਚਨਾ ਕੀਤੀ ਗਈ ਹੈ ਉਥੇ ਭਾਜਪਾ ਅਤੇ ਸੁਮੇਧ ਸੈਣੀ ਦਾ ਸਿੱਧੇ ਤੌਰ ’ਤੇ ਕੋਈ ਜ਼ਿਕਰ ਤੱਕ ਨਹੀਂ ਹੈ। ਪਰ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਸਾਰੀਆਂ ਹੀ ਜਥੇਬੰਦੀਆਂ ਨੇ ਉਨ੍ਹਾਂ ਦੀ ਇਸ ਅਪੀਲ ਵੱਲ ਵੀ ਕੋਈ ਤਵੱਜੋਂ ਨਹੀਂ ਦਿੱਤੀ। ਇਥੋਂ ਤੱਕ ਕਿ 6 ਜੂਨ ਨੂੰ ਬੀਬੀ ਕਮਲਦੀਪ ਕੌਰ ਰਾਹੀਂ ਭਾਈ ਰਾਜੋਆਣਾ ਨੂੰ ਜਿੰਦਾ ਸ਼ਹੀਦ ਦਾ ਆਵਾਰਡ ਪ੍ਰਦਾਨ ਕਰਨ ਸਮੇਂ ਕਿਸੇ ਵੀ ਬੁਲਾਰੇ ਨੇ ਉਨ੍ਹਾਂ ਦੀ ਇਸ ਦੋ ਵਾਰ ਕੀਤੀ ਅਪੀਲ ਦਾ ਜ਼ਿਕਰ ਤੱਕ ਨਹੀਂ ਕੀਤਾ। ਇਸ ਤੋਂ ਵੱਧ ਹੋਰ ਤਰਾਸਦੀ ਕੀ ਹੋ ਸਕਦੀ ਹੈ ਕਿ ਭਾਈ ਰਾਜੋਆਣਾ ਨੂੰ ਜਿੰਦਾ ਸ਼ਹੀਦ ਦਾ ਰੁਤਬਾ ਐਲਾਨਣ ਤੇ ਅਵਾਰਡ ਪ੍ਰਦਾਨ ਕਰਨ ਵਾਲੀਆਂ ਪ੍ਰਮੁੱਖ ਹਸਤੀਆਂ ਨੇ ਵੀ, ਉਨ੍ਹਾਂ ਵੱਲੋਂ ਪ੍ਰਗਟਾਈਆਂ ਗਈਆਂ ਭਾਵਨਾਵਾਂ ਦਾ ਉਸ ਸਮਾਗਮ ਦੌਰਾਨ ਵੀ ਜ਼ਿਕਰ ਤੱਕ ਨਹੀ ਕੀਤਾ। ਮੈਂ ਸਮਝਦਾ ਹਾਂ ਕਿ ਜਿੰਦਾ ਸ਼ਹੀਦ ਦਾ ਇਸ ਤੋਂ ਵੱਧ ਅਪਮਾਨ ਹੋਰ ਕੋਈ ਨਹੀਂ ਹੋ ਸਕਦਾ ਕਿ ਉਸ ਨੂੰ ਸਨਮਾਨਤ ਕਰਨ ਵਾਲੇ ਸਮਾਗਮ ਵਿੱਚ ਵੀ, ਉਸ ਵੱਲੋਂ ਪ੍ਰਗਟ ਕੀਤੀਆਂ ਭਾਵਨਾਵਾਂ ਨੂੰ ਸਮਾਗਮ ਦੇ ਪ੍ਰਬੰਧਕਾਂ ਤੇ ਸਨਮਾਨਤ ਕਰ ਰਹੀਆਂ ਹਸਤੀਆਂ ਵੱਲੋਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਜਾਵੇ। ਐਸੇ ਵਿਵਹਾਰ ਨੂੰ ਕਿਸੇ ਦਾ ਸਨਮਾਨ ਕਰਨਾ ਨਹੀ ਬਲਕਿ ਮਜ਼ਬੂਰੀ ਵੱਸ ਇੱਕ ਰਸਮ ਪੂਰਤੀ ਕਿਹਾ ਜਾ ਸਕਦਾ ਹੈ।

ਆਖ਼ਰ ਉਹ ਕਿਹੜੇ ਕਾਰਣ ਹਨ ਕਿ ਜਿਸ ਭਾਈ ਰਾਜੋਆਣਾ ਦੀ ਇੱਕ ਅਵਾਜ਼ ’ਤੇ ਵੀਚਾਰਧਾਰਕ ਵਖਰੇਵਿਆਂ ਤੋਂ ਉਪਰ ਉਠ ਕੇ ਸਮੁੱਚੇ ਸਿੱਖ ਕੇਸਰੀ ਨਿਸ਼ਾਨ ਫੜ ਕੇ ਸਿਰਫ ਸੜਕਾਂ ’ਤੇ ਹੀ ਨਹੀਂ ਨਿਕਲੇ ਸਨ ਬਲਕਿ ਚੜ੍ਹਦੀ ਜਵਾਨੀ ’ਚ ਹੀ ਮਾਤਾ ਪਿਤਾ ਦੇ ਇਕਲੌਤੇ ਪੁੱਤਰ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਨੇ ਸ਼ਹੀਦੀ ਦੇਣ ਤੋਂ ਵੀ ਗੁਰੇਜ ਨਹੀਂ ਸੀ ਕੀਤਾ ਪਰ ਜਿੰਦਾ ਸ਼ਹੀਦ ਐਲਾਨੇ ਤੇ ਅਵਾਰਡ ਪ੍ਰਦਾਨ ਕੀਤੇ ਜਾਣ ਪਿੱਛੋਂ ਉਸੇ ਭਾਈ ਰਾਜੋਆਣਾ ਦੀ ਅਪੀਲ ਨੂੰ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਸਮੁੱਚੀਆਂ ਪੰਥਕ ਜਥੇਬੰਦੀਆਂ (ਸਿਵਾਏ ਉਕਤ ਵਰਨਤ ਤਿੰਨ ਜਥੇਬੰਦੀਆਂ) ਨੇ ਉਨ੍ਹਾਂ ਦੀ ਦੋ ਵਾਰ ਕੀਤੀ ਅਪੀਲ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ। ਇਹ ਰੁਝਾਨ ਜਿੰਦਾ ਸ਼ਹੀਦ ਭਾਈ ਰਾਜੋਆਣਾ ਦਾ ਅਪਮਾਨ ਤਾਂ ਹੈ ਹੀ ਸਮੁੱਚੀ ਕੌਮ ਨੂੰ ਵੀ ਨਿਰਾਸਤਾ ਦੀ ਡੂੰਘੀ ਖਾਈ ਵਿੱਚ ਸੁੱਟ ਸਕਦਾ ਹੈ ਕਿ ਜੇ ਕੱਲ੍ਹ ਨੂੰ ਕੌਮੀ ਹਿੱਤਾਂ ਵਿੱਚ ਕੋਈ ਅਵਾਜ਼ ਉਠਾਉਣੀ ਪਈ ਤਾਂ ਕੌਣ ਇਹ ਕੌਮੀ ਫਰਜ ਨਿਭਾਉਣ ਦਾ ਜੌਖ਼ਮ ਉਠਾਉਣ ਦੀ ਹਿੰਮਤ ਕਰੇਗਾ। ਅਤੇ ਜੇ ਕਿਸੇ ਨੇ ਜੌਖ਼ਮ ਉਠਾ ਵੀ ਲਿਆ ਤਾਂ ਕਿਤਨੇ ਕੁ ਸਿੱਖ ਆਪਣੀ ਜਾਨ ਨੂੰ ਤਲੀ ’ਤੇ ਰੱਖ ਕੇ ਉਸ ’ਤੇ ਅਮਲ ਕਰਨ ਲਈ ਅੱਗੇ ਆਉਣਗੇ। ਪੈਦਾ ਹੋ ਜਾਣ ਵਾਲੀ ਐਸੀ ਸਥਿਤੀ ਤੋਂ ਬਚਣ ਦੀ ਭਾਰੀ ਲੋੜ ਹੈ। ਇਸ ਲਈ ਹਰ ਸਿੱਖ ਤੇ ਪੰਥਕ ਜਥੇਬੰਦੀ ਦਾ ਇਹ ਮੁਢਲਾ ਫਰਜ਼ ਬਣਦਾ ਹੈ ਕਿ ਭਾਈ ਰਾਜੋਆਣਾ ਦੇ ਕੇਸ ਵਿੱਚ ਬਹੁਤ ਹੀ ਛੇਤੀ ਆਈ ਇਸ ਤਬਦੀਲੀ ਦੇ ਕਾਰਣਾਂ ਦਾ ਪਤਾ ਕਰਕੇ ਉਸ ਦੇ ਯੋਗ ਹੱਲ ਲੱਭਣ ਲਈ ਆਪਣਾ ਯੋਗਦਾਨ ਪਾਵੇ।

ਮੇਰੀ ਆਪਣੀ ਸੋਚ ਅਨੁਸਾਰ ਅਕਾਲ ਤਖ਼ਤ ਦੇ ਜਥੇਦਾਰ ਦੀ ਤਾਂ ਆਪਣੀ ਕੋਈ ਹਸਤੀ ਹੀ ਨਹੀਂ ਕਿ ਉਹ ਉਸ ਨੂੰ ਇਸ ਮਹਾਨ ਉਚ ਆਹੁਦੇ ’ਤੇ ਬਿਰਾਜਮਾਨ ਕਰਨ ਵਾਲੇ ਅਕਾਲੀ ਦਲ ਬਾਦਲ ਦੇ ਸ੍ਰਪਰਸਤ ਪ੍ਰਕਾਸ਼ ਸਿੰਘ ਬਾਦਲ ਦੇ ਰਾਜਨੀਤਕ ਹਿੱਤਾਂ ਦੇ ਵਿਰੁੱਧ ਜਾਣ ਵਾਲਾ ਕੋਈ ਵੀ ਫੈਸਲਾ ਕਰ ਸਕੇ, ਬੇਸ਼ੱਕ ਉਹ ਕੌਮ ਦੇ ਕਿਤਨੇ ਵੀ ਹਿੱਤ ਵਿੱਚ ਕਿਉਂ ਨਾ ਹੋਵੇ! ਇਸ ਲਈ ਜਿਸ ਸਮੇਂ ਭਾਈ ਰਾਜੋਆਣਾ ਨਿਰੋਲ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਦੱਸਦਾ ਰਿਹਾ, ਕਾਂਗਰਸ ਅਤੇ ਬਾਦਲ ਦੀਆਂ ਪੰਥ ਵਿਰੋਧੀ ਨੀਤੀਆਂ ਦੀਆਂ ਅਲੋਚਕ ਪੰਥਕ ਜਥੇਬੰਦੀਆਂ ਦੀ ਉਸੇ ਸ਼ਬਦਾਵਲੀ ਵਿੱਚ ਅਲੋਚਨਾ ਕੀਤੀ ਜਿਹੜੀ ਕਿ ਸ: ਬਾਦਲ ਵੱਲੋਂ ਵਰਤੀ ਜਾ ਰਹੀ ਸ਼ਬਦਾਵਲੀ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਸੀ, ਤਾਂ 17 ਸਾਲਾਂ ਪਿੱਛੋਂ ਉਨ੍ਹਾਂ ਨੂੰ ਜਿੰਦਾ ਸ਼ਹੀਦ ਤੇ ਉਨ੍ਹਾਂ ਦੀ ਮੰਗ ’ਤੇ ਭਾਈ ਦਿਲਵਾਰ ਸਿੰਘ ਨੂੰ ਕੌਮੀ ਸ਼ਹੀਦ ਐਲਾਣ ਦਿੱਤਾ ਗਿਆ ਹਾਲਾਂਕਿ ਇਹ ਕੰਮ ਬਗੈਰ ਕਿਸੇ ਦੀ ਮੰਗ ਤੋਂ ਹੀ ਬਹੁਤ ਪਹਿਲਾਂ ਹੀ ਕਰਨ ਵਾਲਾ ਸੀ। ਪਰ ਜਿਸ ਸਮੇਂ ਉਨ੍ਹਾਂ ਨੇ ਕਾਂਗਰਸ ਦੇ ਨਾਲ ਨਾਲ, ਸਿੱਖਾਂ ਨਾਲ ਨਹੁੰ ਮਾਸ ਦਾ ਰਿਸ਼ਤਾ ਰੱਖਣ ਦਾ ਢਕਵੰਜ ਕਰਨ ਵਾਲੀ ਭਾਜਪਾ ਦਾ ਬਾਈਕਾਟ ਕਰਨ ਦਾ ਸੁਝਾਉ ਦੇਣ ਤੋਂ ਇਲਾਵਾ ਉਨ੍ਹਾਂ ਦੇ ਚਹੇਤੇ ਪੁਲਿਸ ਅਫਸਰ ਪਰ ਸਿੱਖਾਂ ਦੇ ਕਾਤਲ ਸਮਝੇ ਜਾਂਦੇ ਸੁਮੇਧ ਸੈਣੀ ਨੂੰ ਪੁਲਿਸ ਮੁਖੀ ਦੇ ਅਹੁਦੇ ਤੋਂ ਤੁਰੰਤ ਹਟਾਉਣ ਦੀ ਮੰਗ ਕਰ ਦਿੱਤੀ ਤਾਂ ਇਸ ਪੱਤਰ ਦੀਆਂ ਦੋ ਮਦਾਂ (ਭਾਜਪਾ ਦਾ ਬਾਈਕਾਟ ਅਤੇ ਸੁਮੇਧ ਸੈਣੀ ਨੂੰ ਅਹੁਦੇ ਤੋਂ ਹਟਾਉਣਾ) ਸ: ਬਾਦਲ ਦੇ ਫਿੱਟ ਨਾ ਬੈਠਣ ਕਰਕੇ ਜਥੇਦਾਰਾਂ ਲਈ ਇਹ ਫੈਸਲਾ ਲੈਣਾ ਸਿਰਫ ਔਖਾ ਹੀ ਨਹੀਂ ਬਲਕਿ ਅਸੰਭਵ ਹੈ। ਇਸ ਲਈ ਉਨ੍ਹਾਂ ਵੱਲੋਂ ਜਿੰਦਾ ਸ਼ਹੀਦ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਹੈ।

ਸਿੱਖ ਜਥੇਬੰਦੀਆਂ ਵੱਲੋਂ ਭਾਈ ਰਾਜੋਆਣਾ ਨੂੰ ਨਜ਼ਰਅੰਦਾਜ਼ ਕਰਨ ਦਾ ਜੋ ਕਾਰਣ ਮੈਨੂੰ ਸਮਝ ਆ ਰਿਹਾ ਹੈ ਉਸ ਅਨੁਸਾਰ ਸ਼ਹੀਦ ਜਾਂ ਜਿੰਦਾ ਸ਼ਹੀਦ ਕਿਸੇ ਇੱਕ ਧੜੇ ਦੇ ਨਹੀਂ ਬਲਕਿ ਸਮੁੱਚੀ ਕੌਮ ਦੇ ਹੁੰਦੇ ਹਨ। ਪੰਥਕ ਜਥੇਬੰਦੀਆਂ ਸ਼ੱਕ ਜ਼ਾਹਰ ਕਰ ਰਹੀਆਂ ਹਨ ਕਿ 31 ਮਾਰਚ ਤੋਂ ਬਾਅਦ (21 ਅਪ੍ਰੈਲ ਵਾਲੇ ਪੱਤਰ ਨੂੰ ਛੱਡ ਕੇ ਬਾਕੀ ਦੇ) ਸਾਰੇ ਪੱਤਰਾਂ ਵਿੱਚ ਭਾਈ ਰਾਜੋਆਣਾ ਸਮੁੱਚੀ ਸਿੱਖ ਕੌਮ ਦੀ ਅਵਾਜ਼ ਬਣਨ ਦੀ ਥਾਂ ਨਿਰੋਲ ਅਕਾਲੀ ਦਲ ਬਾਦਲ ਦੀ ਆਵਾਜ਼ ਬਣਨ ਦਾ ਪ੍ਰਭਾਵ ਦੇ ਰਹੇ ਹਨ। ਇਨ੍ਹਾਂ ਜਥੇਬੰਦੀਆਂ ਦਾ ਖਿਆਲ ਹੈ ਕਿ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਕਾਂਗਰਸ ਨੇ ਤਾਂ ਬਹੁਗਿਣਤੀ ਦੀਆਂ ਵੋਟਾਂ ਹਾਸਲ ਕਰਨ ਲਈ ਸਿੱਖਾਂ ਨਾਲ ਦੁਸ਼ਮਣੀ ਕਮਾਈ ਹੀ ਹੈ ਪਰ ਦੁਸ਼ਮਣੀ ਕਮਾਉਣ ਵਿੱਚ ਭਾਜਪਾ ਕਾਂਗਰਸ ਨਾਲੋਂ ਵੀ ਦੋ ਕਦਮ ਅੱਗੇ ਹੋ ਕੇ ਚਲਦੀ ਰਹੀ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਪੰਜਾਬ ਦੀ ਮੂਲ ਸਮੱਸਿਆ ਦੀ ਅਸਲ ਜੜ ਜਨਸੰਘ/ਭਾਜਪਾ ਵੱਲੋਂ ਮਾਤ-ਭਾਸ਼ਾ ਪੰਜਾਬੀ ਤੋਂ ਮੁਨਕਰ ਹੋਣਾਂ ਤੇ ਸਿੱਖਾਂ ਨੂੰ ਅਜਾਦ ਤੇ ਸੰਪੂਰਨ ਧਰਮ ਸਵੀਕਾਰ ਕਰਨ ਤੋਂ ਇਨਕਾਰ ਕਰਨਾ ਹੀ ਹੈ।

ਅਕਾਲੀ ਦਲ ਵੱਲੋਂ ਸਿੱਖਾਂ ਤੇ ਪੰਜਾਬ ਦੀ ਲੋਕਤੰਤਰਕ ਢੰਗ ਨਾਲ ਰੱਖੀ ਗਈ ਹਰ ਮੰਗ ਨੂੰ ਜਨਸੰਘ/ਭਾਜਪਾ ਵੱਲੋਂ ਵੱਖਵਾਦੀ ਤੇ ਦੇਸ਼ ਵਿਰੋਧੀ ਵਜੋਂ ਪੇਸ਼ ਕਰਨ ਦੇ ਅਪਣਾਏ ਗਏ ਪੈਂਤੜੇ ਨੇ ਹੀ ਕਾਂਗਰਸ ਨੂੰ ਸਿੱਖ ਕੌਮ ’ਤੇ ਹਰ ਜੁਲਮ ਢਾਹੁੰਣ ਲਈ ਬਲ ਬਖ਼ਸ਼ਿਆ ਹੈ। ਪੰਜਾਬ ਵਿੱਚ ਮੁੱਖ ਤੌਰ ’ਤੇ ਦੋ ਹੀ ਪ੍ਰਮੁਖ ਰਾਜਨੀਤਕ ਪਾਰਟੀਆਂ ਹਨ- ਕਾਂਗਰਸ ਤੇ ਅਕਾਲੀ ਦਲ। ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਤੋਂ ਸਤਾ ਹਥਿਆਉਣ ਲਈ ਉਸ ਭਾਜਪਾ ਨਾਲ ਗੈਰਸਿਧਾਂਤਕ ਭਾਈਵਾਲੀ ਪਾਈ ਜਿਸ ਨੇ ਅਕਾਲੀ ਦਲ ਵੱਲੋਂ ਅਰੰਭੇ ਪੰਜਾਬੀ ਸੂਬੇ ਦੀ ਮੰਗ ਅਤੇ ਉਸ ਪਿੱਛੋਂ ਪੰਜਾਬ ਦੀਆਂ ਹੋਰ ਮੰਗਾਂ ਲਈ ਲਾਏ ਗਏ ਸਾਰੇ ਮੋਰਚਿਆਂ ਦਾ ਡਟ ਕੇ ਵਿਰੋਧ ਕੀਤਾ ਤੇ ਭਾਈਵਾਲੀ ਪਾਉਣ ਦੇ ਬਾਵਯੂਦ ਅੱਜ ਤੱਕ ਵੀ ਉਨ੍ਹਾਂ ਮੰਗਾਂ ਲਈ ਇਸ ਦਾ ਵਿਰੋਧ ਬਾਦਸਤੂਰ ਜਾਰੀ ਹੈ। ਇਹੋ ਕਾਰਣ ਹੈ ਕਿ ਪੰਜਾਬ ਅਤੇ ਖ਼ਾਲਸਾ ਪੰਥ ਦੀਆਂ ਸਾਰੀਆਂ ਧਾਰਮਕ ਅਤੇ ਰਾਜਨੀਤਕ ਮੰਗਾਂ ਜਿਨ੍ਹਾਂ ਨੂੰ ਲੈ ਕੇ ਅਕਾਲੀ ਦਲ ਮੋਰਚੇ ਲਾਉਂਦਾ ਰਿਹਾ ਹੈ ਤੇ ਉਨ੍ਹਾਂ ਨੂੰ ਨਾ ਮੰਨਣ ਕਰਕੇ ਕਾਂਗਰਸ ਨੂੰ ਸਿੱਖਾਂ ਤੇ ਪੰਜਾਬ ਦੀ ਦੁਸ਼ਮਣ ਜਮਾਤ ਮੰਨਿਆ ਜਾ ਰਿਹਾ ਹੈ, ਨੂੰ ਸ: ਬਾਦਲ ਅਤੇ ਇਸ ਦੇ ਪ੍ਰਵਾਰਕ ਅਕਾਲੀ ਦਲ ਨੇ ਆਪਣੀ ਭਾਈਵਾਲ ਭਾਜਪਾ ਨੂੰ ਖੁਸ਼ ਰੱਖਣ ਲਈ ਡੂੰਘੇ ਖਾਤੇ ਵਿਚ ਦਫ਼ਨ ਕਰ ਦਿੱਤਾ ਹੈ। ਸ: ਬਾਦਲ ਦੇ ਰਾਜ ਵਿੱਚ ਨਿਰੰਕਾਰੀ ਕਾਂਡ, ਪਿਆਰਾ ਭਨਿਆਰਾ ਕਾਂਡ, ਆਸ਼ੂਤੋਸ਼ ਕਾਂਡ, ਸੌਦਾ ਸਾਧ ਕਾਂਡ, ਵਿਆਨਾ ਵਿੱਚ ਵਾਪਰੇ ਕਾਂਡ ਉਪ੍ਰੰਤ ਜਲੰਧਰ ਵਿੱਚ ਵਾਪਰੀਆਂ ਘਟਨਾਵਾਂ ਆਦਿ ਕਿਤਨੀਆਂ ਹੀ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਜਿਸ ਵਿੱਚ ਜੇ ਗੋਲੀ ਚੱਲਣ ਦੀ ਨੌਬਤ ਆਈ ਤਾਂ ਉਸ ਦਾ ਮੂੰਹ ਹਮੇਸ਼ਾਂ ਹੀ ਹੁਲੜਬਾਜਾਂ ਦੀ ਥਾਂ ਸਿੱਖਾਂ ਵੱਲ ਰਿਹਾ ਹੈ।

ਬਹੁਤਾ ਪਿੱਛੇ ਨਾ ਵੀ ਜਾਈਏ ਤਾਂ 28/29 ਮਾਰਚ ਨੂੰ ਗੁਰਦਾਸਪੁਰ ਅਤੇ 10/11 ਜੂਨ ਨੂੰ ਜੋਗਾ (ਮਾਨਸਾ) ਵਿੱਚ ਵਾਪਰੇ ਕਾਂਡ ਦੀ ਪੁਣਛਾਣ ਹੀ ਕਰ ਲਈ ਜਾਵੇ ਤਾਂ ਸ: ਬਾਦਲ ਦੀ ਅਗਵਾਈ ਹੇਠ ਪੰਜਾਬ ਪੁਲਿਸ ਦਾ ਸਿੱਖ ਵਿਰੋਧੀ ਚਿਹਰਾ ਸਪਸ਼ਟ ਨਜ਼ਰ ਆ ਜਾਂਦਾ ਹੈ। 28 ਮਾਰਚ ਨੂੰ ਜਿੰਦਾ ਸ਼ਹੀਦ ਭਾਈ ਰਾਜੋਆਣਾ ਦੀ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਸਿੱਖ ਜਥੇਬੰਦੀਆਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ, ਜਿਸ ਨੂੰ ਅਕਾਲ ਤਖ਼ਤ ਸਾਹਿਬ ਅਤੇ ਅਸਿੱਧੇ ਤੌਰ ’ਤੇ ਬਾਦਲ ਦਲ ਦੀ ਵੀ ਹਮਾਇਤ ਪ੍ਰਾਪਤ ਸੀ। ਕਿਸੇ ਵੀ ਜਗ੍ਹਾ ਸਿੱਖਾਂ ਵੱਲੋਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਜਦੋਂ ਕਿ ਭਾਜਪਾ ਦੀ ਸ਼ਹਿ ਪ੍ਰਾਪਤ ਹਿੰਦੂ ਜਥੇਬੰਦੀਆਂ ਤੇ ਖਾਸ ਕਰਕੇ ਗੁਰਦਾਸਪੁਰ ਵਿੱਚ ਸ਼ਿਵ ਸੈਨਿਕਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਲਈ ਇੱਕ ਸਿੱਖ ਦੀ ਦਸਤਾਰ ਲਾਹ ਕੇ ਉਸ ਦੀ ਬੇਅਦਬੀ ਕਰਨ ਉਪ੍ਰੰਤ ਅਗਨ ਭੇਂਟ ਕਰ ਦਿੱਤੀ। ਗੁਰਦਾਸਪੁਰ ਜਿਲ੍ਹਾ ਪੁਲਿਸ ਇਸ ਸਭ ਕੁਝ ਨੂੰ ਤਮਾਸ਼ਬੀਨ ਬਣ ਕੇ ਵੇਖਦੀ ਰਹੀ। 28 ਮਾਰਚ ਨੂੰ ਸਿੱਖ ਕੌਮ ਵੱਲੋਂ ਵਿਖਾਈ ਇਕਮੁੱਠਤਾ ਦੇ ਦਬਾਅ ਹੇਠ ਆ ਕੇ ਰਾਸ਼ਟਰਪਤੀ ਨੇ ਭਾਈ ਰਾਜੋਆਣਾ ਦੀ ਫਾਂਸੀ ’ਤੇ ਆਰਜੀ ਰੋਕ ਲਾ ਦਿੱਤੀ। ਨਹੁੰ ਮਾਸ ਦਾ ਰਿਸ਼ਤਾ ਰੱਖਣ ਦਾ ਢਕਵੰਜ ਕਰਨ ਵਾਲਿਆਂ ਦੇ ਢਿੱਡ ਪੀੜ ਹੋਈ ਤੇ ਇਸ ਦੇ ਵਿਰੋਧ ਵਿੱਚ 29 ਮਾਰਚ ਨੂੰ ਗੁਰਦਾਸਪੁਰ ਬੰਦ ਦਾ ਸੱਦਾ ਦੇ ਦਿੱਤਾ।

ਇਸ ਦੌਰਾਨ ਸਿੱਖਾਂ ਨੇ ਦਸਤਾਰ ਦੀ ਵਾਪਸੀ ਅਤੇ ਇਸ ਦੀ ਬੇਅਦਬੀ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸ਼ਾਤਮਈ ਧਰਨਾ ਲਾ ਦਿੱਤਾ। ਬਗੈਰ ਕਿਸੇ ਅਗਾਊਂ ਸੂਚਨਾ ਦਿੱਤਿਆਂ ਸ਼ਾਤਮਈ ਧਰਨਾਕਾਰੀਆਂ ’ਤੇ ਪੁਲਿਸ ਨੇ ਸਿੱਧੀਆਂ ਗੋਲੀਆਂ ਵਰਸਾ ਦਿੱਤੀਆਂ ਜਿਸ ਨਾਲ ਭਾਈ ਜਸਪਾਲ ਸਿੰਘ ਸ਼ਹੀਦ ਤੇ ਭਾਈ ਰਣਜੀਤ ਸਿੰਘ ਸਖ਼ਤ ਜਖ਼ਮੀ ਹੋ ਗਿਆ। ਪ੍ਰਵਾਰ ਅਤੇ ਸਿੱਖਾਂ ਵੱਲੋਂ ਭਾਈ ਜਸਪਾਲ ਸਿੰਘ ਦੇ ਸਸਕਾਰ ਤੋਂ ਪਹਿਲਾਂ ਕਾਤਲਾਂ ਵਿਰੁੱਧ ਕਾਰਵਾਈ ਦੀ ਮੰਗ ਰੱਖੀ ਤਾਂ ਉਨ੍ਹਾਂ ਨੂੰ ਸ਼ਾਂਤ ਕਰਕੇ ਮੌਕਾ ਸੰਭਾਲਣ ਲਈ ਇੱਕ ਥਾਣੇਦਾਰ ਵਿਰੁੱਧ ਕਤਲ ਦਾ ਕੇਸ ਦਰਜ ਕਰਨ ਤੋਂ ਇਲਾਵਾ ਡੀਐਸਪੀ ਨੂੰ ਮੁਅੱਤਲ ਤੇ ਐੱਸਐੱਸਪੀ ਦੀ ਬਦਲੀ ਕਰ ਦਿੱਤੀ। ਉਸ ਸਮੇਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਦਮਦਮੀ ਟਕਸਾਲ ਦੇ ਇੱਕ ਧੜੇ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਐਲਾਣ ਕੀਤਾ ਸੀ ਕਿ ਜੇ ਭਾਈ ਜਸਪਾਲ ਸਿੰਘ ਦੇ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਕੋਈ ਵੀ ਸਖ਼ਤ ਫੈਸਲਾ ਲੈ ਸਕਦੇ ਹਨ। ਪਰ ਢਾਈ ਮਹੀਨੇ ਬੀਤ ਗਏ ਹਨ ਭਾਈ ਜਸਪਾਲ ਸਿੰਘ ਦੇ ਕਾਤਲ, ਜਿਸ ਵਿਰੁਧ, ਅੱਖੀਂ ਘੱਟਾ ਪਾਉਣ ਲਈ ਕਤਲ ਦਾ ਕੇਸ ਵੀ ਦਰਜ ਕਰ ਲਿਆ ਸੀ, ਉਸ ਨੂੰ ਅੱਜ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਕਿਉਂਕਿ ਭਾਜਪਾ ਨਹੀਂ ਚਾਹੁੰਦੀ ਕਿ ਸਿੱਖਾਂ ਨੂੰ ਮਾਰਨ ਵਾਲੇ ਕਿਸੇ ਪੁਲਸੀਏ ਦਾ ਮਨੋਬਲ ਡਿੱਗੇ। ਸਖ਼ਤ ਫੈਸਲਾ ਲੈਣ ਦੀਆਂ ਚੇਤਾਵਨੀਆਂ ਦੇਣ ਵਾਲੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਬਾਬਾ ਧੁੰਮਾਂ ਵੀ ਬਿਲਕੁਲ ਸ਼ਾਂਤ ਹੋਏ ਬੈਠੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀਆਂ ਗਿੱਦੜ ਭਬਕੀਆਂ ਉਨ੍ਹਾਂ ਲਈ ਹੀ ਮਾਰੂ ਸਿੱਧ ਹੋ ਸਕਦੀਆਂ ਹਨ। ਭਾਈ ਰਾਜੋਆਣਾ, ਜਿਸ ਦੀ ਦਿੱਤੀ ਅਵਾਜ਼ ਸੁਣ ਕੇ ਹੀ ਸਿੱਖ ਸੰਗਤਾਂ ਸੜਕਾਂ ’ਤੇ ਆਈਆਂ ਜਿਸ ਦੇ ਸਿੱਟੇ ਵਜੋਂ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਹੋਈ, ਉਨ੍ਹਾਂ ਨੇ ਵੀ ਅੱਜ ਤੱਕ ਉਸ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਵੀ ਬਿਆਨ ਨਹੀਂ ਦਿੱਤਾ। ਇਸੇ ਕਾਰਣ ਪੰਥਕ ਜਥੇਬੰਦੀਆਂ ਸ਼ੱਕ ਕਰ ਰਹੀਆਂ ਹਨ ਕਿ ਭਾਈ ਰਾਜੋਆਣਾ ਸਿਰਫ ਉਹ ਬਿਆਨ ਹੀ ਦਿੰਦੇ ਹਨ ਜਿਹੜੇ ਸ: ਬਾਦਲ ਦੇ ਅਨੂਕੂਲ ਹੋਣ। ਜਿਹੜੇ ਬਿਆਨ ਬਾਦਲ ਲਈ ਸੁਖਾਵੇ ਨਾ ਹੋਣ ਉਨ੍ਹਾਂ ਤੋਂ ਟਾਲ਼ਾ ਵੱਟ ਕੇ ਉਨ੍ਹਾਂ ਨੂੰ ਭੁਲਾਉਣ ਦਾ ਯਤਨ ਕੀਤਾ ਜਾਂਦਾ ਹੈ। ਸਮੁਚੇ ਪੰਥ ਨੂੰ ਉਨ੍ਹਾਂ ਜਥੇਦਾਰਾਂ ਅੱਗੇ ਪੂਰਨ ਤੌਰ ’ਤੇ ਸਮਰਪਤ ਹੋਣ ਦੀਆਂ ਅਪੀਲਾਂ ਕਰਦੇ ਰਹਿੰਦੇ ਹਨ, ਜਿਹੜੇ ਜਥੇਦਾਰ ਸ: ਬਾਦਲ ਦੇ ਗੁਪਤ ਇਸ਼ਰਿਆਂ ’ਤੇ ਹੀ ਮੂੰਹ ਖੋਲ੍ਹਣ ਲਈ ਪਾਬੰਦ ਹਨ। ਇਸ ਤਰ੍ਹਾਂ ਪੰਥਕ ਜਥੇਬੰਦੀਆਂ ਦਾ ਸ਼ੱਕ ਹੈ ਕਿ ਜਿੰਦਾ ਸ਼ਹੀਦ ਦਾ ਅਕਸ਼ ਸਮੁੱਚੇ ਪੰਥ ਦਾ ਨਾ ਹੋ ਕੇ ਸਿਰਫ ਸ: ਬਾਦਲ ਦੇ ਹਿੱਤ ਪੂਰਨ ਵਾਲਾ ਬਣਦਾ ਜਾ ਰਿਹਾ ਹੈ।

ਦੂਸਰੇ ਪਾਸੇ ਜੋਗਾ ਵਿੱਚ ਕੁਝ ਗਊਆਂ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਤਾਂ ਭਾਜਪਾ ਹਮਾਇਤ ਪ੍ਰਾਪਤ ਗਊ ਭਗਤਾਂ ਨੇ ਜਿਸ ਤਰ੍ਹਾਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ, ਫੈਕਟਰੀ ਨੂੰ ਅੱਗ ਲਾਈ, ਹੋਰ ਸਮਾਨ ਸਮੇਤ ਚਾਰ ਮੋਟਰ ਸਾਈਕਲਾਂ ਨੂੰ ਕਚਹਿਰੀ ਰੋਡ ’ਤੇ ਲਿਆ ਕੇ ਅੱਗ ਲਾ ਦਿੱਤੀ, ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਤੇ ਕਥਿਤ ਗਊ ਤਸ਼ਕਰਾਂ ਦੇ ਘਰਾਂ ਨੂੰ ਅੱਗ ਲਾੳਣ ਦੀ ਕੋਸ਼ਿਸ਼ ਕੀਤੀ ਗਈ। ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਵਾਲੇ ਵਿਅਕਤੀਆਂ ਨੂੰ ਖਿੰਡਾਉਣ ਲਈ ਹਵਾਈ ਫਾਇਰ ਜਾਂ ਪਾਣੀ ਦੀਆਂ ਬੁਛਾੜਾਂ ਤੱਕ ਨਹੀਂ ਮਾਰੀਆਂ। ਇਸ ਦੇ ਬਾਵਯੂਦ ਮਾਨਸਾ ਜਿਲ੍ਹੇ ਦੇ ਐੱਸਐੱਸਪੀ ਸੁਖਦੇਵ ਸਿੰਘ ਚਾਹਲ ਅਤੇ ਜੋਗਾ ਥਾਣਾ ਦੇ ਮੁਖੀ ਨੂੰ ਡਿਊਟੀ ਦੀ ਕੌਤਾਹੀ ਦੇ ਦੋਸ਼ ਹੇਠ ਤੁਰੰਤ ਮੁਅਤਲ ਕਰ ਦਿਤਾ ਗਿਆ ਹੈ। ਇਥੇ ਇਹ ਵਰਨਣਯੋਗ ਹੈ ਕਿ ਇਹ ਸੁਖਦੇਵ ਸਿੰਘ ਚਾਹਲ ਉਹੀ ਪੁਲਿਸ ਅਫ਼ਸਰ ਹੈ ਜਿਸ ਨੇ ਬਠਿੰਡਾ ਵਿਖੇ ਡੀਐੱਸਪੀ ਹੁੰਦਿਆਂ ਕਲਕੱਤਾ ਵਿਖੇ ਪਹੁੰਚ ਕੇ ਬਸ਼ੀਰ ਮੁਹੰਮਦ (ਜਿਹੜਾ ਕਿ ਧਰਮ ਤਬਦੀਲ ਕਰਕੇ ਸਿੰਘ ਸਜ ਚੁੱਕਿਆ ਸੀ) ਨੂੰ ਉਸ ਦੀ ਪਤਨੀ ਅਤੇ ਇੱਕ ਬੱਚੇ ਸਮੇਤ ਪੁਲਿਸ ਹਿਰਾਸਤ ਵਿੱਚ ਲੈਣ ਪਿੱਛੋਂ ਮਾਰ ਕੇ ਉਥੇ ਹੀ ਖਪਾ ਆਇਆ ਸੀ। ਇਹ ਕੇਸ ਪੰਜਾਬ ਵਿੱਚ ਹੁੰਦਾ ਤਾਂ ਇਸ ਦੀ ਭਾਫ਼ ਤੱਕ ਨਹੀਂ ਸੀ ਨਿਕਲਣੀ ਪਰ ਪੱਛਮੀ ਬੰਗਾਲ ਵਿੱਚ ਹੋਣ ਕਰਕੇ ਇਹ ਕੇਸ ਚੱਲ ਪਿਆ ਤੇ ਸ੍ਰੀ ਚਾਹਲ ਨੂੰ ਉਮਰ ਕੈਦ ਹੋ ਗਈ ਪਰ ਇਸ ਦੇ ਬਾਵਯੂਦ ਪੰਜਾਬ ਸਰਕਾਰ ਦੀ ਦਇਆ ਦ੍ਰਿਸ਼ਟੀ ਸਦਕਾ ਉਸ ਨੂੰ ਮੁਆਫ਼ੀ ਮਿਲ ਗਈ ਤੇ ਇਨਾਮ ਵਿੱਚ ਤਰੱਕੀਆਂ ਪਾਉਂਦਾ ਹੋਇਆ ਅੱਜ ਜਿਲ੍ਹਾ ਐੱਸਐੱਸਪੀ ਦੇ ਅਹੁੱਦੇ ’ਤੇ ਤਾਇਨਾਤ ਹੈ। ਪਰ ਉਸ ਦੀ ਬਦਕਿਸਮਤੀ ਹੈ ਕਿ ਗਊ ਹੱਤਿਆ ਰੋਕਣ ਵਿੱਚ ਅਸਫਲ ਰਹਿਣ ਦੇ ਦੋਸ਼ ਅਧੀਨ ਮੁਅਤਲ ਹੋ ਬੈਠਾ। ਕੀ ਸ੍ਰੀ ਚਾਹਲ ਇਹ ਨਹੀਂ ਸੋਚਦੇ ਹੋਣਗੇ ਕਿ ਇਸ ਦੇਸ਼ ਵਿੱਚ ਅਵਾਰਾ ਪਸ਼ੂਆਂ ਦੀ ਹੱਤਿਆ ਦੀ ਸਜਾ ਸਿੱਖਾਂ ਦੇ ਕਤਲ ਨਾਲੋਂ ਕਿਤੇ ਵੱਧ ਹੈ।

ਜਿਥੋਂ ਤੱਕ ਮੈਨੂੰ ਜਾਣਕਾਰੀ ਹੈ ਕਿ ਇਸ ਸਮੇਂ ਤੱਕ ਭਾਰਤ ਵਿੱਚ ਗਊ ਹੱਤਿਆ ’ਤੇ ਪਾਬੰਦੀ ਵਾਲਾ ਕੋਈ ਕਾਨੂੰਨ ਪਾਸ ਨਹੀਂ ਹੋਇਆ। ਇੱਕ ਵਾਰ ਐੱਨਡੀਏ ਦੀ ਅਗਵਾਈ ਵਾਲੀ ਵਾਜਪਾਈ ਸਰਕਾਰ ਦੌਰਾਨ ਇਹ ਕਾਨੂੰਨ ਪਾਸ ਕਰਵਾਉਣ ਲਈ ਕੋਸ਼ਿਸ਼ ਕੀਤੀ ਸੀ ਪਰ ਦੱਖਣੀ ਭਾਰਤ ਦੀਆਂ ਇਸ ਦੀਆਂ ਭਾਈਵਾਲ ਪਾਰਟੀਆਂ ਦੇ ਵਿਰੋਧ ਕਾਰਣ ਉਸ ਨੂੰ ਸਫਲਤਾ ਨਹੀਂ ਸੀ ਮਿਲ ਸਕੀ। ਜੇ ਕਦੀ ਇਹ ਕਾਨੂੰਨ ਪਾਸ ਹੋਇਆ ਹੈ ਤਾਂ ਮੇਰੀ ਅਤੇ ਆਮ ਲੋਕਾਂ ਦੀ ਜਾਣਕਾਰੀ ਲਈ ਉਸ ਦੀ ਫੋਟੋ ਕਾਪੀ ਇੰਟਰਨੈੱਟ ’ਤੇ ਪਾਈ ਜਾਵੇ। ਪਰ ਜੇ ਇਹ ਕਾਨੂੰਨ ਦੇਸ਼ ਵਿੱਚ ਲਾਗੂ ਵੀ ਹੋਵੇ ਤਾਂ ਵੀ ਅਖੌਤੀ ਗਊ ਭਗਤਾਂ ਨੂੰ ਇਹ ਹੱਕ ਹਾਸਲ ਨਹੀਂ ਕਿ ਜਿਸ ਨੂੰ ਮਰਜੀ ਉਹ ਗਊੂ ਹਤਿਆਰਾ ਦੱਸ ਕੇ ਟਰੱਕਾਂ ਸਮੇਤ ਅੱਗ ਲਾ ਕੇ ਸਾੜ ਦੇਣ, ਜਿਵੇਂ ਕਿ ਉਹ ਅੱਜ ਧਮਕੀਆਂ ਦੇ ਰਹੇ ਹਨ। ਮੈਨੂੰ ਯਾਦ ਹੈ ਕਿ 4 ਕੁ ਸਾਲ ਪਹਿਲਾਂ ਮੱਝਾਂ ਦਾ ਇਕ ਵਾਪਾਰੀ ਜਿਹੜਾ ਕਿ ਗੁਜਰਾਤ ਵਿੱਚ ਵੇਚਣ ਲਈ ਸੱਜਰ ਸੂਈਆਂ ਮੱਝਾਂ ਲੱਦ ਕੇ ਲਿਜਾ ਰਿਹਾ ਸੀ, ਬਠਿੰਡਾ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੁਝ ਹੁਲੜਬਾਜਾਂ ਨੇ ਟਰੱਕ ਦੀ ਭੰਨਤੋੜ ਅਤੇ ਡਰਾਇਵਰ ਕੰਡਕਟਰ ਦੀ ਇਸ ਕਰਕੇ ਕੁੱਟ ਮਾਰ ਕਰ ਦਿੱਤੀ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਇਸ ਟਰੱਕ ਵਿੱਚ ਗਊਆਂ ਲੱਦ ਕੇ ਉਨ੍ਹਾਂ ਨੂੰ ਬੁੱਚੜਖਾਨੇ ਭੇਜਿਆ ਜਾ ਰਿਹਾ ਹੈ। ਕੁੱਟਮਾਰ ਕਰਨ ਪਿੱਛੋਂ ਜਦੋਂ ਟਰੱਕ ਵਿੱਚ ਗਊਆਂ ਦੀ ਵਜਾਏ ਮੱਝਾਂ ਵੇਖੀਆਂ ਤਾਂ ਉਨ੍ਹਾਂ ਹੁਲੜਬਾਜਾਂ ਕੋਲ ਕੋਈ ਜਵਾਬ ਨਹੀਂ ਸੀ।

ਇਨ੍ਹਾਂ ਗਊ ਭਗਤਾਂ ਦਾ ਕਹਿਣਾਂ ਹੈ ਕਿ ‘ਗਊ ਅਵਾਰਾ ਨਹੀਂ ਬੇਸਹਾਰਾ ਹੈ’ ਅਤੇ ਗਊ ਹੱਤਿਆ ਦੇ ਜਿੰਮੇਵਾਰ ਦੋਸ਼ੀਆਂ ਨੂੰ ਮੌਤ ਦੀ ਸਜਾ ਦਿਤੀ ਜਾਵੇ। ਜੇ ਇਹ ਗੱਲ ਠੀਕ ਹੈ ਤਾਂ ਕੀ ਜਿਹੜੇ ਗਊ ਨੂੰ ਆਪਣੀ ਮਾਤਾ ਜਾਣ ਕੇ ਪੂਜਦੇ ਹਨ ਉਹ ਇਸ ਨੂੰ ਬੇਸਹਾਰਾ ਕਰਕੇ ਉਨ੍ਹਾਂ ਦੀ ਹੱਤਿਆ ਲਈ ਜਿੰਮੇਵਾਰ ਨਹੀਂ ਹਨ? ਕੀ ਕੋਈ ਆਪਣੀ ਪੂਜਯ ਮਾਂ ਨੂੰ ਬੇਸਾਹਰਾ ਕਰਕੇ ਘਰੋਂ ਕੱਢਦਾ ਹੈ? ਕੀ ਇਹ ਫਸਾਦ ਕਰਨ ਵਾਲੇ ਲੋਕ ਇੱਕ ਇੱਕ ਗਊਮਾਤਾ ਨੂੰ ਆਪਣੇ ਘਰ ਰੱਖ ਕੇ ਉਸ ਦੀ ਸੇਵਾ ਨਹੀਂ ਕਰ ਸਕਦੇ? ਮੇਰਾ ਖ਼ਿਆਲ ਹੈ ਕਿ ਜੇ ਜੋਗਾ ਮਾਨਸਾ, ਬਰੇਟਾ, ਬੁਢਲਾਡਾ, ਬਰਨਾਲਾ ਵਿੱਚ ਬੰਦ ਕਰਵਾਉਣ ਅਤੇ ਹਿੰਸਾ ਭੜਕਾਉਣ ਵਾਲੇ ਅਤੇ 13 ਜੂਨ ਨੂੰ ਸਮੁੱਚੇ ਪੰਜਾਬ ਬੰਦ ਦਾ ਸੱਦਾ ਦੇਣ ਵਾਲੇ ਸਾਰੇ ਆਗੂ ਤੇ ਕਾਰਕੁਨ ਇੱਕ ਇੱਕ ਗਊ ਨੂੰ ਆਪਣੇ ਘਰ ਰੱਖ ਕੇ ਉਸ ਦੀ ਸੇਵਾ ਕਰਨ ਦਾ ਪੁੰਨ ਖੱਟ ਲੈਣ ਤਾਂ ਗਊ ਬੇਸਹਾਰਾ ਨਹੀਂ ਰਹੇਗੀ ਤੇ ਗਊ ਹੱਤਿਆ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਸਕਦੀ ਹੈ। ਪਰ ਜੇ ਨਹੀਂ ਕਰ ਸਕਦੇ ਤਾਂ ਉਨ੍ਹਾਂ ਦੀ ਮਨਸ਼ਾ ਗਊ ਰੱਖਿਆ ਨਹੀਂ ਬਲਕਿ ਗਊ ਰੱਖਿਆ ਦੇ ਨਾਮ ’ਤੇ ਹਿੰਸਾ ਭੜਕਾ ਕੇ ਘੱਟ ਗਿਣਤੀਆਂ ਨੂੰ ਧਮਕਾਉਣਾ ਹੈ।

ਮੇਰੀ ਜਿੰਦਾ ਸ਼ਹੀਦ ਭਾਈ ਰਾਜੋਆਣਾ ਅਤੇ ਉਨ੍ਹਾਂ ਨੂੰ ਇਸ ਰੁਤਬੇ ਨਾਲ ਸਨਮਾਨਤ ਕਰਨ ਵਾਲੇ ਜਥੇਦਾਰਾਂ ਤੇ ਭਾਈ ਧੁੰਮਾ ਨੂੰ ਬੇਨਤੀ ਹੈ ਕਿ ਉਹ ਸਿਰਫ ਬਾਦਲ ਦੇ ਬੁਲਾਰੇ ਬਣ ਕੇ ਕਾਂਗਰਸ ਤੇ ਕੈਪਟਨ ਨੂੰ ਭੰਡਣ ਤੱਕ ਸੀਮਤ ਨਾ ਰਹਿਣ ਪਰ ਜਿਸ ਬਾਦਲ ਦੇ ਰਾਜ ਵਿੱਚ ਸਿੱਖ ਦੀ ਜਾਨ ਦੀ ਕੀਮਤ ਇੱਕ ਗਊ ਦੇ ਬਰਾਬਰ ਵੀ ਨਹੀ ਪਾਈ ਜਾਂਦੀ ਉਸ ਦੀਆਂ ਪੰਥ ਵਿਰੋਧੀ ਕਾਰਵਾਈਆਂ ਵਿਰੁੱਧ ਵੀ ਉਸੇ ਢੰਗ ਨਾਲ ਅਵਾਜ਼ ਉਠਾਉਣ ਜਿਵੇਂ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਉਠਾਈ ਜਾਂਦੀ ਹੈ। ਇੱਕ ਦੁਸ਼ਮਣ ਤਾਂ ਦੁਸ਼ਮਣ ਹੈ ਹੀ ਉਸ ਵੱਲੋਂ ਭਲੇ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ ਇਸ ਲਈ ਇਕੱਲੇ ਪਛਾਣੇ ਜਾ ਚੁੱਕੇ ਦੁਸ਼ਮਣ ਨੂੰ ਨਿੰਦੇ ਜਾਣਾ ਕੋਈ ਹੱਲ ਨਹੀਂ। ਪਰ ਜਿਹੜਾ ਸਿੱਖੀ ਦੇ ਭੇਖ ਵਿੱਚ ਸਿੱਖਾਂ ਨਾਲ ਉਹੀ ਵਤੀਰਾ ਅਪਣਾ ਰਿਹਾ ਹੈ ਜਿਹੜਾ ਦੁਸ਼ਮਣ ਦੀ ਸਰਕਾਰ ਨੇ ਅਪਣਾਇਆ ਹੈ ਤੇ ਇਸ ਦੇ ਬਾਵਯੂਦ ਉਸ ਨੂੰ ਅਕਾਲ ਤਖ਼ਤ ਦੀ ਸਰਪ੍ਰਸਤੀ ਹਾਸਲ ਹੈ, ਤਾਂ ਉਸ ਨੂੰ ਦੁਸ਼ਮਣ ਨਾਲੋਂ ਕਿਸੇ ਵੀ ਹਾਲਤ ਵਿੱਚ ਚੰਗਾ ਮੰਨਣਾ ਕੌਮੀ ਹਿਤਾਂ ਵਿੱਚ ਨਹੀਂ ਹੋਵੇਗਾ। ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਸਿੱਖ ਭਾਈ ਰਾਜੋਆਣਾ ਦੀ ਅਵਾਜ਼ ਧਿਆਨ ਨਾਲ ਸੁਣਨ ਲਈ ਤਿਆਰ ਹੋਏ ਹਨ। ਪਰ ਜੇ ਜਥੇਦਾਰਾਂ ਵੱਲੋਂ ਆਪਣੇ ਇਸ ਫਰਜ ਨੂੰ ਨਾ ਪਛਾਣੇ ਜਾਣ ਕਰਕੇ ਕੱਲ੍ਹ ਨੂੰ ਜਿੰਦਾ ਸ਼ਹੀਦ ਦੀਆਂ ਅਪੀਲਾਂ ਵੀ ਬੇਅਸਰ ਹੋਣ ਲੱਗ ਪਈਆਂ ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਇਸ ਦਾ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਏਗਾ ਇਸ ਲਈ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਜਿੰਦਾ ਸ਼ਹੀਦਾਂ ਦੀਆਂ ਅਪੀਲਾਂ ਨੂੰ ਅਣਗੌਲਿਆ ਕਰਕੇ ਕੌਮ ਨੂੰ ਨਿਘਾਰ ਵਾਲੇ ਪਾਸੇ ਤੋਰਨ ਵੱਲ ਨਾ ਵਧਣ। ਜਿੰਦਾ ਸ਼ਹੀਦ ਭਾਈ ਰਾਜੋਆਣਾ ਨੂੰ ਵੀ ਬੇਨਤੀ ਹੈ ਕਿ ਉਹ ਤਸ਼ਵੀਰ ਦਾ ਇੱਕੋ ਪਾਸਾ ਨਾ ਵੇਖਣ ਦੂਜੇ ਪਾਸੇ ਵੀ ਬਰਾਬਰ ਧਿਆਨ ਦੇਣ ਦੀ ਖੇਚਲ ਕਰਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top