Share on Facebook

Main News Page

ਸ਼ਹੀਦ ਦੇ ਭਰਾ ਦਾ ਅਣਖੀ ਫੈਸਲਾ ! ਮੌਕਾ-ਪ੍ਰਸਤਾਂ ਲਈ ਕਰਾਰਾ ਸਬਕ !!
ਜਨਰਲ ਸੁਬੇਗ ਸਿੰਘ ਦੇ ਭਰਾ ਭਾਈ ਬਿਅੰਤ ਸਿੰਘ ਨੇ ‘ਬਾਬੇ ਧੁੰਮੇ’ ਹੱਥੋਂ ਸਨਮਾਨ ਲੈਣੋ ਸਪਸ਼ਟ ਇਨਕਾਰ ਕੀਤਾ

ਜੂਨ ਚੁਰਾਸੀ ਵਾਲੇ ਘੱਲੂ ਘਾਰੇ ਦੀ ਅਠ੍ਹਾਈਵੀਂ ਵਰ੍ਹੇ-ਗੰਢ ਮੌਕੇ ‘ਦਲ ਖਾਲਸਾ’ ਤੇ ਕੁਝ ਹੋਰ ਜਥੇਬੰਦੀਆਂ ਵਲੋਂ ਸ੍ਰੀ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਗਏ ਸ਼ਹੀਦਾਂ ਦੇ ਪ੍ਰਵਾਰਾਂ ਦੇ ਸਨਮਾਨ ਸਮਾਰੋਹ ਮੌਕੇ, ਸ਼ਹੀਦ ਜਨਰਲ ਸੁਬੇਗ ਸਿੰਘ ਦੇ ਭਰਾ ਭਾਈ ਬਿਅੰਤ ਸਿੰਘ ਨੇ ‘ਬਾਬੇ ਧੁੰਮੇ’ ਹੱਥੋਂ ਸਨਮਾਨ ਲੈਣੋ ਸਪਸ਼ਟ ਇਨਕਾਰ ਕਰਕੇ ਸਿਧਾਂਤਕ ਤੇ ਅਣਖੀ ਫੈਸਲਾ ਲਿਆ ਹੈ। ਵਕਤੀ ਵਹਿਣ ‘ਚ ਵਗਣ ਦੀ ਥ੍ਹਾਂ ਸਿਧਾਂਤਕ ਅਡੋਲਤਾ ਨੂੰ ਪਿਆਰ ਕਰਨ ਵਾਲਿਆਂ ਵਲੋਂ ਇਸ ਫੈੇਸਲੇ ਦੀ ਭਰਪੂਰ ਸ਼ਲਾਘਾ ਹੋਣੀ ਚਾਹੀਦੀ ਹੈ। ਸਿੱਖ ਨੌਜਵਾਨਾਂ ਦਾ ਅੰਨ੍ਹੇ ਵਾਹ ਘਾਣ ਕਰਨ ਵਾਲੇ ਇਜ਼ਹਾਰ ਆਲਮ ਜਿਹਾਂ ਨਾਲ ਸਟੇਜਾਂ ਸਾਂਝੀਆਂ ਕਰਨ ਵਾਲੇ ਇੱਕ ਸ਼ਖਸ਼ ਪਾਸੋਂ ਸਨਮਾਨ ਠੁਕਰਾ ਕੇ, ਭਾਈ ਬਿਅੰਤ ਸਿੰਘ ਨੇ ਆਪਣੇ ਸ਼ਹੀਦ ਵੀਰ ਜਨਰਲ ਸੁਬੇਗ ਸਿੰਘ ਦੀ ਮਹਾਨ ਸ਼ਹਾਦਤ ਨੂੰ ਦਾਗੀ ਹੋਣੋ ਬਚਾ ਲਿਆ ਹੈ।

ਸ਼ਹੀਦ, ਕੌਮ ਦਾ ਕੀਮਤੀ ਸਰਮਾਇਆ ਹੁੰਦੇ ਹਨ। ਸਾਡੇ ਸ਼ਹੀਦ ਤੇ ਉਨ੍ਹਾਂ ਦੇ ਵਾਰਿਸ ਪ੍ਰਵਾਰ ਕੌਮੀ ਸਤਿਕਾਰ ਦੇ ਪੂਰੇ ਹੱਕਦਾਰ ਹਨ। ਪਰ ਅਜੋਕੇ ਸਮੇਂ ਦਾ ਇਹ ਸਿੱਖ-ਦੁਖਾਂਤ ਹੈ ਕਿ ਬਹੁਤ ਸਾਰੇ ਸ਼ਹੀਦਾਂ ਦੇ ਪ੍ਰਵਾਰ-ਜਨ, ਸ਼ਹਾਦਤ ਦਾ ਮਹਾਨ ਰੁਤਬਾ ਪ੍ਰਾਪਤ ਕਰ ਗਏ ਆਪਣੇ ਪਿਆਰਿਆਂ ਦੇ ਸਿਧਾਂਤ ਅਤੇ ਸਿਦਕ ਨੂੰ ਭੁੱਲ ਕੇ, ਗੁਰੁ ਪੰਥ ਨੁੰ ਪਿੱਠ ਦੇ ਚੁੱਕੇ ਸਿਆਸਤਦਾਨਾਂ ਦੇ ਪੈਰੋਕਾਰ ਬਣਦੇ ਜਾ ਰਹੇ ਹਨ। ਚੜ੍ਹਦੇ ਸੂਰਜ ਨੂੰ ਸਲਾਮਾਂ ਕਰਨ ਵਾਲੀ ਮੰਦ-ਬਿਰਤੀ ਅਧੀਨ ਅਜਿਹੇ ਕਈ ਪ੍ਰਵਾਰ ਵੀ ਅਜ ਕਲ ਰਾਜਸੀ ਗਲਿਆਰਿਆਂ ਵਿੱਚ ‘ ਤਾੜੀਆਂ ਮਾਰਦੇ’ ਵੇਖੇ ਜਾ ਸਕਦੇ ਹਨ। ਗੰਭੀਰਤਾ ਨਾਲ ਸੋਚਣ ਵਾਲਾ ਨੁਕਤਾ ਹੈ ਕਿ ਸ਼ਹੀਦਾ ਦਾ ਵਾਰਸ ਉਹੀ ਅਖਵਾ ਸਕਦਾ ਹੈ, ਜੋ ਸ਼ਹੀਦੀਆਂ ਪ੍ਰਾਪਤ ਕਰ ਗਿਆਂ ਦੇ ਸੰਕਲਪ ਨੂੰ ਪ੍ਰਣਾਇਆ ਹੋਇਆ ਹੋਵੇ। ਭਲਾ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਸਕੇ ਭਰਾ ਪ੍ਰਿਥੀ ਚੰਦ ਜਾਂ ਮਹਾਂ ਦੇਵ, ਆਪਣੇ ਸ਼ਹੀਦ ਭਰਾ ਦੇ ਵਾਰਸ ਕਿਵੇਂ ਅਖਵਾ ਸਕਦੇ ਸਨ?

ਇਸ ਪੱਖੋਂ ਸਦਕੇ ਜਾਈਏ ਸ਼ਹੀਦ ਸ੍ਰ. ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ, ਬੇਟੀ ਬੀਬਾ ਨਵਕਿਰਨ ਕੌਰ ਅਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵਾਲੇ ਸਿੰਘਾਂ ਦੇ ! ਜੋ ਹਰ ਮੰਚ ਤੇ ਭਾਈ ਖਾਲੜਾ ਦੇ ਕਾਤਲਾਂ ਅਤੇ ਉਨ੍ਹਾਂ ਦੀ ਪੁਸ਼ਤ-ਪਨਾਹੀ ਕਰਨ ਵਾਲੇ ‘ਸਿੱਖ’ (?) ਸਿਆਸਤਦਾਨਾਂ ਦੇ ਬਖੀਏ ੳੋਧੇੜਦੇ ਰਹਿੰਦੇ ਹਨ। ਭਾਈ ਖਾਲੜੇ ਦੀ ਸ਼ਹਾਦਤ ਨੁੰ ਚਾਰ ਚੰਨ ਲਾਉ਼ਦਿਆਂ ਇਸ ਮਿਸ਼ਨ ਦੇ ਸਿੰਘਾਂ ਨੇ ਪੰਜਾਬ ‘ਚ ਬਾਦਲ ਦਲੀਆਂ ਦੀ ਦੂਜੀ ਵਾਰ ਸਰਕਾਰ ਬਣ ਜਾਣ ਤੇ ਵੀ, ਉਸ ‘ਪ੍ਰਵਾਰਕ ਦਲ’ ਦੀ ਈਨ ਨਹੀਂ ਮੰਨੀ !!

ਸਗੋਂ ਈਨ ਮੰਨਣੀ ਤਾਂ ਦੂਰ ਰਿਹਾ, ਉਹ ਦੇਸ਼ ਵਿਦੇਸ਼ ਵਿੱਚ ਘੁੰਮ ਕੇ ਸਿੱਖ ਜਨਤਾ ਨੂੰ ਜਾਗਰੂਕ ਕਰ ਰਹੇ ਹਨ ਕਿ ਕਿਵੇਂ ਬਾਦਲ ਦਲ, ਸ਼੍ਰੋਮਣੀ ਅਕਾਲੀ ਦਲ ਨੂੰ ਰੋਲ ਰਿਹਾ ਹੈ ਅਤੇ ਕਿੰਜ ਸਿੱਖੀ ਸਿਧਾਂਤਾਂ ਨੂੰ ਮਲੀਆਮੇਟ ਕਰੀ ਜਾ ਰਿਹਾ ਹੈ।

ਇਹ ਗੱਲ ਕਹਿਣ ਦਾ ਇਹ ਵੀ ਭਾਵ ਨਹੀਂ ਕਿ ਸ਼ਹੀਦਾਂ ਦੇ ਪ੍ਰਵਾਰ ਜੂਝਦੇ ਹੀ ਰਹਿਣ ਜਾਂ ਅੱਗੇ ਹੋ ਕੇ ਕੁਰਬਾਨੀਆਂ ਕਰੀ ਜਾਣ। ਪਰੰਤੂ ਉਨ੍ਹਾਂ ਨੂੰ ਕਿਸੇ ਸਿਆਸੀ ਦਲ ਦਾ ਸਮਰਥਨ ਕਰਨ ਲੱਗਿਆਂ ਜਾਂ ਕੋਈ ਮਾਣ-ਸਨਮਾਨ ਲੈਣ ਵੇਲੇ, ਉਸ ਦਲ ਦੀ ਜਾਂ ਸਨਮਾਨ ਦੇਣ ਵਾਲੇ ਦੀ ‘ਖ਼ਾਸੀਅਤ’ ਜਰੂਰ ਦੇਖ ਲੈਣੀ ਚਾਹੀਦੀ ਹੈ। ਜਿਵੇਂ ਹੁਣ ਜਨਰਲ ਸੁਬੇਗ ਸਿੰਘ ਦੇ ਭਰਾ ਨੇ ਹਾਕਮ ਧਿਰ ਦੇ ਜੋਟੀਦਾਰ ਬਣੇ ਹੋਏ “ਬਾਬੇ ਧੁੰਮੇ” ਦੀ ਹਕੀਕਤ ਨੂੰ ਜੱਗ ਜਾਹਰ ਕੀਤਾ ਹੈ। ਇਹ ਕਲਗੀਆਂ ਵਾਲੇ ਪਾਤਸ਼ਾਹ ਦੀ ਮਿਹਰ-ਬਖਸਿ਼ਸ਼ ਹੈ ਕਿ ਪੰਥ ਵਿੱਚ ਵਿਰਲਾ ਵਿਰਲਾ ਅਣਖ ਦਾ ਦੀਵਾ ਹਾਲੇ ਜਗਦਾ ਹੈ !!!

ਤਰਲੋਚਨ ਸਿੰਘ ‘ਦੁਪਾਲਪੁਰ’
001-408-915-1268


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top