Share on Facebook

Main News Page

ਸਿੱਖਾਂ ਦੀ ਨਿਆਰੀ ਹੋਂਦ-ਹਸਤੀ ਅੱਜ ਵੀ ਦਿੱਲੀ ਤਖ਼ਤ ਨੂੰ ਬਰਦਾਸ਼ਤ ਨਹੀਂ: ਅਕਾਲੀ ਦਲ ਪੰਚ ਪਰਧਾਨੀ

ਬਠਿੰਡਾ, 1 ਜੂਨ (ਕਿਰਪਾਲ ਸਿੰਘ): ਸ਼੍ਰੋਮਣੀ ਅਕਾਲੀ ਦਲ ਪੰਚ (ਪ੍ਰਧਾਨੀ) ਮੀਡੀਆ ਕਮੇਟੀ ਮੈਂਬਰ ਭਾਈ ਜਸਪਾਲ ਸਿੰਘ ਮੰਝਪੁਰ ਵੱਲੋਂ ਈਮੇਲ ਰਾਹੀਂ ਭੇਜੇ ਗਏ ਪ੍ਰੈੱਸ ਨੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਚ ਪਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਚ ਪਰਧਾਨੀ ਮੁਤਾਬਕ ਸਿੱਖ ਪਹਿਚਾਣ ਨੂੰ ਮਾਨਤਾ ਦੇਣ ਦੀ ਇਸ ਅਧੂਰੀ ਕਾਰਵਾਈ ਤੋਂ ਇਕ ਵਾਰ ਫਿਰ ਸਪੱਸ਼ਟ ਹੋ ਗਿਆ ਹੈ ਕਿ ਦਿੱਲ਼ੀ ਤਖ਼ਤ ਸਿੱਖਾਂ ਦੀ ਨਿਆਰੀ ਹੋਂਦ-ਹਸਤੀ ਨੂੰ ਬਰਦਾਸ਼ਤ ਨਾ ਕਰਨ ਦੇ ਆਪਣੇ ਪੁਰਾਣੇ ਸਟੈਂਡ ਉੱਤੇ ਹੀ ਖੜ੍ਹਾ ਹੈ। ਦਿੱਲੀ ਤਖ਼ਤ ਜੇਕਰ ਸਿੱਖ ਪੰਥ ਪ੍ਰਤੀ ਸੁਹਿਰਦ ਹੋ ਗਿਆ ਹੁੰਦਾ ਤਾਂ ਉਹਨਾਂ ਨੂੰ ਤੱਟ-ਫੱਟ ਪੰਥ ਦੀ ਨਿਆਰੀ ਹੋਂਦ-ਹਸਤੀ ਨੂੰ ਸਹੀ ਤਰੀਕੇ ਨਾਲ ਸਥਾਪਤ ਤੇ ਵਿਕਸਤ ਹੋਣ ਦੇਣ ਲਈ ਪੰਥ ਨੂੰ ਰਾਜਨੀਤਕ ਆਜ਼ਾਦੀ (ਜਿਸ ਦੇ ਵਾਅਦੇ 1947 ਤੇ ਉਸ ਤੋਂ ਪਹਿਲਾਂ ਕੀਤੇ ਗਏ ਸਨ) ਦੇਣ ਦੀ ਕਵਾਇਦ ਸ਼ੁਰੂ ਕਰਨੀ ਚਾਹੀਦੀ ਸੀ।

ਉਹਨਾਂ ਕਿਹਾ ਕਿ ਜੇਕਰ ਹਿੰਦੋਸਤਾਨੀ ਹਾਕਮਾਂ ਕੋਲ ਅਜਿਹਾ ਵੱਡਾ ਇਤਿਹਾਸਕ ਫੈਸਲਾ ਲੈਣ ਦੀ ਸਮੱਰਥਾ ਅਤੇ ਹੌਸਲਾ ਨਹੀਂ ਹੈ ਤਾਂ ਘੱਟੋ-ਘੱਟ ਉਹਨਾਂ ਨੂੰ ਨਿਆਰੀ ਸਿੱਖ ਪਹਿਚਾਣ ਨਾਲ ਸਬੰਧਤ ਮਸਲੇ ਜਿਵੇਂ ਕਿ ਸੰਵਿਧਾਨ ਦੀ ਧਾਰਾ 25 (2) (ਬੀ) ਵਿਚ ਸੋਧ ਕਰਨ, ਵੱਖਰਾ ਸਿੱਖ ਪਰਸਨਲ ਲਾਅ ਬਣਾਉਂਣ, ਇਕ ਸਰਬ ਹਿੰਦ ਗੁਰਦੁਆਰਾ ਪ੍ਰਬੰਧ ਸਿਰਜਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਿੰਦੋਸਤਾਨੀ ਸੰਸਦ ਤੋਂ ਅਜ਼ਾਦ ਕਰਨ ਦੇ ਨਾਲ ਹੀ ਨਿਆਰੀ ਸਿੱਖ ਪਹਿਚਾਣ ਨੂੰ ਖੋਰਾ ਲਾਉਂਣ ਵਾਲੀਆਂ ਦੇਹਧਾਰੀ ਗੁਰੂ ਡੰਮ ਦੀਆਂ ਦੁਕਾਨਾਂ ਨੂੰ ਦਿੱਤੀ ਜਾਂਦੀ ਸਹਾਇਤਾ ਬੰਦ ਕਰਕੇ ਉਹਨਾਂ ਨੂੰ ਬੰਦ ਕਰਨ ਦੀ ਕਾਰਵਾਈ ਕਰਨ ਦੇ ਨਾਲ-ਨਾਲ ਸਿੱਖ ਪਹਿਚਾਣ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਅਕਾਲ ਤਖ਼ਤ ਸਾਹਿਬ ਨਾਲ ਗੱਲਬਾਤ ਸ਼ੁਰੂ ਕਰਨ ਦੀ ਪਹਿਲ ਕਦਮੀ ਕਰਨੀ ਚਾਹੀਦੀ ਸੀ ਤਾਂ ਕਿ ਦਿੱਲੀ ਦੀ ਸੁਹਿਰਦਤਾ ਦਾ ਪੰਥ ਨੂੰ ਅਹਿਸਾਸ ਹੁੰਦਾ।

ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਸਿੱਖ ਜੋੜਿਆਂ ਦੇ ਵਿਆਹ ਦਰਜ਼ ਕਰਾਉਂਣ ਲਈ ਅਨੰਦ ਮੈਰਿਜ ਐਕਟ ਵਿਚ ਨਵੀਂ ਮੱਦ ਬਣਾਉਂਣ ਦੇ ਅਮਲ ਨੂੰ ਅਕਾਲੀ ਦਲ ਪੰਚ ਪਰਧਾਨੀ ਸਮਝਦਾ ਹੈ ਕਿ ਇਹ ਅੱਧੀ-ਅਧੂਰੀ ਕਾਰਵਾਈ ਦੇ ਸ਼ੋਰਗੁੱਲ ਵਿਚ ਦਿੱਲੀ ਤਖ਼ਤ ਅਸਲ ਸਿੱਖ ਮੁੱਦਿਆਂ ਤੋਂ ਧਿਆਨ ਹਟਾਉਂਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਐਕਟ ਵਿਚ ਨਵੀਂ ਮੱਦ ਬਣਾਉਂਣ ਦਾ ਫੌਰੀ ਕਾਰਨ ਵਿਸ਼ਵ ਭਰ ਵਿਚ ਸਥਾਪਤ ਹੋ ਰਹੀ ਨਿਆਰੀ ਸਿੱਖ ਪਹਿਚਾਣ ਦੇ ਦਬਾਅ ਅਧੀਨ ਦਿੱਲੀ ਤਖ਼ਤ ਵਲੋਂ ਵਿਸ਼ਵ ਭਾਈਚਾਰੇ ਅੱਗੇ ਆਪਣੇ ਧਰਮ ਨਿਰਪੱਖ ਚੇਹਰੇ ਨੂੰ ਬਣਾਉਂਣ ਦਾ ਯਤਨ ਅਤੇ ਕੁਝ ਘਰੇਲੂ ਵੋਟ ਰਾਜਨੀਤੀ ਦੀਆਂ ਮਜਬੂਰੀਆਂ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਪੰਚ ਪਰਧਾਨੀ ਦਿੱਲੀ ਤਖ਼ਤ ਦੇ ਅਧੀਨ ਚੱਲਣ ਵਾਲੀਆਂ ਅਜੋਕੀਆਂ ਸਿੱਖ ਜਥੇਬੰਦੀਆਂ ਅਤੇ ਕੁਝ ਵਿਅਕਤੀਆਂ ਦੀ ਗੁਲਾਮ ਮਾਨਸਿਕਤਾ ਉੱਤੇ ਅਫਸੋਸ ਜ਼ਾਹਰ ਕਰਦਾ ਹੈ। ਸਾਨੂੰ ਦੂਜਿਆਂ ਤੋਂ ਖੈਰਾਤ ਮੰਗਕੇ ਖੁਸ਼ ਹੋਣ ਦੀ ਬਜਾਇ ਆਪਣੇ-ਆਪ ਨੂੰ ਦ੍ਰਿੜ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਸਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਪੰਥਕ ਮਸਲਿਆਂ ਨੂੰ ਹੱਲ ਕਰਾਉਂਣ ਲਈ ਲਾਏ ਗਏ ਧਰਮ ਯੁੱਧ ਮੋਰਚੇ ਦੀਆਂ ਹੱਕੀ ਮੰਗਾਂ, ਜੂਨ 84 ਵਿਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ, ਨਵੰਬਰ 84 ਵਿਚ ਹੋਏ ਸਿੱਖ ਕਤਲੇਆਮ, ਸਿੱਖ ਨੌਜਵਾਨਾਂ ਦੇ ਕਤਲਾਂ ਤੇ ਬੀਬੀਆਂ-ਬਜੁਰਗਾਂ ਦੀ ਬੇਪੱਤੀ ਦਾ ਇਨਸਾਫ ਲੈਣਾ ਅਜੇ ਬਾਕੀ ਹੈ। ਉਹਨਾਂ ਕਿਹਾ ਕਿ ਦੁਨੀਆਂ ਦੇ ਮੌਜੂਦਾ ਰਾਜਨੀਤਕ ਨਿਜ਼ਾਮ ਛੋਟੇ ਹਨ ਅਤੇ ਨਿਆਰੀ ਸਿੱਖ ਪਹਿਚਾਣ ਵੱਡੀ ਹੈ। ਉਨ੍ਹਾਂ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਨਿਆਰੀ ਸਿੱਖ ਪਹਿਚਾਣ ਨੂੰ ਮੁਖਾਤਬ ਹੋ ਕੇ ਕਾਨੂੰਨੀ ਖਰੜੇ ਤਿਆਰ ਕਰਨ ਲਈ ਸਿੱਖ ਪੰਥ ਵਿਚ ਆਮ ਸਹਿਮਤੀ ਬਣਾ ਲਈ ਜਾਵੇ ਤਾਂ ਕਿ ਲੋੜ ਅਨੁਸਾਰ ਮੌਜੂਦਾ ਰਾਜਨੀਤਕ ਨਿਜ਼ਾਮ ਨਾਲ ਸਿੱਖ ਪਹਿਚਾਣ ਸਬੰਧੀ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਸਾਰੀ ਦੁਨੀਆਂ ਦੇ ਸਿੱਖ ਇਕ ਬੱਝਵੀਂ ਸਰਗਰਮੀ ਕਰ ਸਕਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top