Share on Facebook

Main News Page

“ਸ੍ਰੀ ਸਾਹਿਬ” ਦਾ ਨਿਰਾਦਰ ਰੋਕਿਆ ਜਾਏ?
-
ਤਰਲੋਕ ਸਿੰਘ‘ਹੁੰਦਲ’, ਟੋਰਾਂਟੋ-ਕਨੇਡਾ

ਦੁਨੀਆਂ ਦਾ ਕੋਈ ਖਿੱਤਾ ਹੋਵੇ, ਗੁਰੂ ਦੇ ਲਾਡਲੇ ਸਿੱਖ ਕਹਿਲਾਊਂਦੇ ਪ੍ਰਬੰਧ ਸਜੱਣ, ਕਿਸੇ ਪਿੰਡ, ਕਸਬੇ, ਸ਼ਹਿਰ ਜਾਂ ਦਰਗਾਹੇ-ਆਮ–ਵ-ਖ਼ਾਸ (ਭਾਵ ਮੈਦਾਨੇ-ਮੈਚ, ਮੌਜ-ਮੇਲਾ, ਜਸ਼ਨ, ਸੰਮੇਲਨ, ਗੀਤਾਂ-ਸੀਤਾਂ ਦੇ ਪੰਡਾਲ ਇੱਤਆਦਿ ਤੋਂ ਹੈ) ਵਿੱਚ, ਲੀਡਰਾਂ-ਫੀਡਰਾਂ ਦੀ ਆਮਦ ਉੱਤੇ, ਬਗੈਰ ਚੰਗੇ-ਮੰਦੇ ਦੀ ਪਰਖ-ਪੜਤਾਲ ਤੋਂ ਵਾਹੋ-ਦਾਹੀ ਭੱਜੇ ਜਾਣਗੇ ਤੇ ਸਮੇਤ ਦੋ ਕੁ ਗਜ਼ ਦੇ ਪੀਲੇ ਕਪੜੇ ਦੇ “ਕਿਰਪਾਨ” ਭੇਂਟ ਕਰਕੇ, ਮੂਰਤ ਖਿਚਵਾ ਕੇ ਹੀ ਸਾਹ ਲੈਣਗੇ। ਪਜਾਮੀਂ ਗਿੱਟਿਆਂ ਤੋ ਚਾਰ ਕੁ ਇੰਚ ਉੱਤਾਂਹ ਚੁੱਕੀ ਅਗਲੇ ਤੜਕਸਾਰ, ਅਖ਼ਬਾਰਾਂ ਦੇ ਹਾਕਰਾਂ ਮਗਰ ਭੱਜੇ ਫਿਰਦੇ ਵੇਖੇ ਜਾ ਸਕਦੇ ਹਨ। ਬਦ-ਕਿਸਮਤੀ ਨਾਲ, ਜੇ ਕਿਧਰੇ ‘ਜਮਰੌਦ ਦਾ ਕਿਲ੍ਹਾ ਫ਼ਤਹਿ ਕਰਨ ਵਾਲੀ’ ਉਨ੍ਹਾਂ ਦੀ ਮੂਰਤ ਛੱਪਣੋਂ ਰਹਿ ਜਾਏ, ਤਾਂ ਫਿਰ ਲੋਹਾਰ ਦੀ ਭੱਠੀ ਵਿੱਚ ਪਏ ਫ਼ਾਲੇ ਵਾਂਗ ਤੱਪੇ ‘ਗਰੀਬ’ ਪੱਤਰਕਾਰ ਦੀ ਜਾਨ ਲੈਣ ਤਕ ਚਲੇ ਜਾਂਦੇ ਹਨ। ਅੱਗੋਂ ਉਹ ਵੀ ਖਹਿੜਾ ਛੁਡਾਉਂਣ ਲਈ ਪਿਓ ਦਾ ਪੁੱਤ ‘ਜਨਾਬ! ਮੈਂ ਹੁਣੇ ਜਾ ਕੇ ਲੁਆ ਆਉਂਦਾ ਹਾਂ’? ਏਨੀ ਕੁ ਤਸਲੀ ਦੇਣ ਨਾਲ ਖੋਤੇ ਦੇ ਕੰਨ ਵਰਗੇ ਦੋ-ਚਾਰ ਹਰੇ ਨੋਟ ਖਰੇ ਕਰ ਲੈਂਦਾ ਹੈ। ਖੈਰ!ਇਹ ਤਾਂ ਧੰਦੇ ਦੀ ਗੱਲ ਹੈ।

ਸਿੱਖ ਪੰਥ ਦੇ ਦਰਪੇਸ਼ ਬੇਹੱਦ ਸੰਜੀਦਗੀ ਨਾਲ ਵਿਚਾਰਯੋਗ ਮਸਲਿਆਂ ਵਿਚੋਂ ਜਿਹੜਾ ਬਹੁਤ ਗਹਿਰ ਗੰਭੀਰ ਮਸਲਾ, ਢੁਕਵੇਂ ਹੱਲ ਦੀ ਤਲਾਸ਼ ਲਈ ਮੂੰਹ-ਅੱਡੀ ਖੜਾ ਹੈ, ਉਹ ਹੈ ਕਿ ਹਰ ਥਾਂਵੇਂ, ਹਰ ਸਮਾਗਮ ਦੇ ਉਦਘਾਟਨੀ ਸਮਾਰੋਹ ਵਿੱਚ “ਸਿੰਘ” ਨੂੰ ਗੁਰੂ ਬਖ਼ਸ਼ਿਸ਼ ‘ਕਿਰਪਾਨ,ਕਿਰਪਾ-ਨਿਧਾਨ’ ਨੂੰ ਹੀ ਕਿਊਂ ਭੇਂਟ ਕਰਕੇ ‘ਬੱਲੇ-ਬੱਲੇ’ ਕਰਵਾਈ ਜਾਂਦੀ ਹੈ?

ਘਟਨਾ ਜਿਆਦਾ ਪੁਰਾਣੀ ਨਹੀਂ, ਕਿ ਇਕ ਗਾਉਂਣ ਵਾਲੇ ਦੇ ਸਮਾਗਮ ਦਾ ਉਦਘਾਟਨ ਕਰਨ ਸਾਡਾ ਜਾਣਕਾਰ ਉਹ ਵਿਅਕਤੀ ਆਇਆ, ਜਿਹੜਾ ਜਵਾਨੀ ਵੇਲੇ ਵੀ ਭੱਜੀ ਜਾਂਦੀ ‘ਚੂਹੀ’ ਵੇਖ ਕੇ ਧਾਂਹੀਂ ਰੋਣ ਲਗ ਪੈਂਦਾ ਸੀ। ਬਦਕਿਸਮਤੀ ਨਾਲ ਅਸੀਂ ਵੀ ਉਥੇ ਹਾਜ਼ਰ ਸਾ। ਸੋਚੋਗੇ! ਕਿ ਮੱਤਾਂ ਦੇਣ ਵਾਲਿਆ, ਭਲਾ ਤੂੰ ਉਥੇ ਪੇਂਜੂ ਲੈਣ ਗਿਆ ਸੀ? ਨਹੀਂ, ਨਾ ਜਾਂਦਾ ਤਾਂ ਇਹ ਸਿਖਿਆਦਾਇਕ ਕਹਾਣੀ ਤੁਹਾਡੇ ਨਾਲ ਕਿਵੇਂ ਸਾਂਝੀ ਕਰ ਸਕਦਾ? ਉਸ ਨੂੰ ਸਨਮਾਨਤ ਕਰਦਿਆਂ ਅਣਜਾਣ ਕੁੰਢੇ ਮੁਛੈਹਰਿਆਂ ਵਾਲੇ ਮੁਹਤਬਰ ਪ੍ਰਬੰਧਕ ਨੇ ਉਸਨੂੰ ‘ਕਿਰਪਾਨ’ ਪੁੱਠੀ {ਸਿਰ ਤਲੇ,ਪੈਰ ਉਪਰੈ) ਫੜਾ ਦਿੱਤੀ। ਸਫੈਦਪੋਸ਼ ਗੱਲ’ਚ ਸਾਫ਼ਾ ਪਾਉਂਣ ਲਗੇ ਤਾਂ ਢਿੱਲੇ ਮਿਆਨ’ ਚੋਂ ਨਿਕਲ ਕੇ ਜੰਗਾਲ ਖਾਧੀ ਕਿਰਪਾਨ ਭੁੜਕ ਕੇ ਪੀਲਾ ਪਰਨਾ ਪਾਉਂਣ ਵਾਲੇ ਦੇ ਨੰਗੇ ਪੈਰ ਤੇ ਜਾ ਵੱਜੀ। ਰੱਤ, ਵਾਹਵਾ ਨਿਕਲੀ। ਕਾਹਲੀ ਨਾਲ ਉਸੇ ਪੀਲੇ ਪਰਨੇ ਦੀ ਕੰਨ੍ਹੀ ਪਾੜ ਕੇ ਪੱਟੀ ਬੰਨ੍ਹ ਦਿੱਤੀ। ਜ਼ਾਹਰਾ ਮੰਨਣ ’ਚ ਕੋਈ ਹਰਜ਼ ਨਹੀਂ ਕਿ ਸਾਡੇ ਰੋਕਣ ਦੇ ਬਾਬਜੂਦ ਇਹ ਕਾਰਾ ਹੋਇਆ। ਸਾਬ੍ਹ ਆਏ ਤੇ ਚਲੇ ਗਏ। ਕਿਰਪਾਨ ਵਾਰ ਕਰਕੇ ਫਿਰ ਉਸੇ ਮਿਆਨ’ਚ। ਮੇਲਾ ਵਿਛੜਿਆ ਤਾਂ ਗਲ’ਚ ਸਾਫਾ ਪਾਉਂਣ ਵਾਲੇ ਜਨਾਬ, ਨਾਲੇ ਲੰਙੇ-ਲੰਙੇ ਆਪਣੇ ਘਰ ਵੱਲ ਨੂੰ ਤੁਰੇ ਜਾਣ, ਤੇ ਨਾਲੇ ਰਾਹ ਵਿੱਚ ਪੁੱਛਣ ਵਾਲਿਆਂ ਨੂੰ ਦਸਦੇ ਜਾਣ, ‘ਭਈ! ਅਜ ਤਾਂ ਹੱਦ ਹੋ ਗਈ। ਕਦੇ ਇੰਞ ਨਹੀਂ ਸੀ ਹੋਇਆ…ਬਚਗੇ’। ਢਾਈ, ਵੱਧ ਤੋਂ ਵੱਧ ਪੌਣੇ ਤਿੰਨ ਕੁ ਸਾਲਾਂ ਬਾਅਦ ਇਕ ਲੱਤ ਨਾਲ ‘ਫੌੜੀਆਂ’ ਸਹਾਰੇ ਤੁਰਦਾ ਟੱਕਰਿਆ ਸੀ।

ਸਿੱਖ ਧਰਮ ਵਿੱਚ ‘ਮੀਰੀ-ਪੀਰੀ’ ਦੇ ਸਿਧਾਂਤ ਦੀ ਆਰੰਭਤਾ ‘ਕਿਰਪਾਨ’ਨਾਲ ਹੋਈ। ਛੇਵੇਂ ਗੁਰੂ-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬਹਾਦਰ ਸਿੱਖਾਂ ਨੇ ਇਸ ਦੇ ਸਹਾਰੇ ਚਾਰ ਜੰਗਾਂ ਜਿੱਤ ਕੇ ਗੁਰੂ ਜੀ ਦੀ ਝੋਲੀ ’ਚ ਪਾਈਆਂ ਸਨ। 1699 ਈ: ਦੀ ਵਿਸਾਖੀ ਨੂੰ ਦਸਮੇਸ਼ ਪਿਤਾ ਜੀ ਨੇ ਨੰਗੀ ‘ਕਿਰਪਾਨ’ ਬੁਲੰਦ ਕਰਕੇ ਪੰਜ ਪਿਆਰਿਆਂ ਦੀ ਚੋਣ ਕੀਤੀ ਤੇ ‘ਖਾਲਸਾ ਪੰਥ’ ਸਾਜਿਆ। ‘ਸਿੰਘ’ ਵਿਰਸੇ ਦੀ ਚੜ੍ਹਦੀ ਕਲਾ ਲਈ ਅੰਮ੍ਰਿਤ-ਧਾਰੀ ਸਿੱਖ ਲਈ ਪੰਜ ਕਰਾਰਾਂ ਵਿੱਚੋਂ ਇਕ, ਕਿਰਪਾਨ ਧਾਰਨੀ ਜ਼ਰੂਰੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੁਚੱਜੀ ਅਗਵਾਈ ਹੇਠ, ਗੁਰੂ ਕੀਆਂ ਲਾਡਲੀਆਂ ਫੌਜ਼ਾਂ ਨੇ ਕਿਰਪਾਨ ਦੇ ਬਲਬੂਤੇ 14 ਜੰਗਾਂ ਲੜੀਆਂ ਤੇ ਸਾਰੀਆਂ ਹੀ ਜਿੱਤੀਆਂ। ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਜੀ ਤੇ ਹੋਰ ਅਨੇਕਾਂ ਜੁਝਾਰੂ ਯੋਧੇ ਤੇਗ ਦੇ ਸਹਾਰੇ ਆਪਣੇ ਖੂੰਨ ਨਾਲ ਸਿੱਖ ਇਤਿਹਾਸ ਦੇ ਅਮਿੱਟ ਪਤਰੇ ਲਿਖ ਗਏ। ਜ਼ੁਲਮ ਤੇ ਜਬਰ ਵਿਰੁਧ ਲੜਦਿਆਂ, ਇਨ੍ਹਾਂ ਦੇ ਸਾਹਮਣੇ ਸਿਰਫ਼ ‘ਦੇਗੋ ਤੇਗੋ ਫਤਹਿ’ ਦਾ ਨਿਸ਼ਾਨਾ ਹੀ ਹੁੰਦਾ ਸਨ। ਕਿਉਜੁ, ‘ਗੁਰੂ ਆਸ਼ੇ ਅਨੁਸਾਰ ਸਿੱਖ ਦੇ ਹੱਥ ਵਿੱਚ ਕਿਰਪਾਨ ਸਦਾ ਪੁੰਨ ਦਾ ਕੰਮ ਕਰਦੀ ਹੈ, ਜਦੋਂ ਕਿ ਜ਼ਾਲਮ ਦੇ ਹੱਥ ’ਚ ਤਲਵਾਰ ਜ਼ੁਲਮ ਕਰਦੀ ਹੈ। ਇਸੇ ਕਰਕੇ ਕਲਗੀਧਰ ਪਾਤਸ਼ਾਹ ਬਾਰੇ ਕਿਸੇ ਦੇ ਗੂੜੇ ਅਜ਼ਲੀ ਖਿਆਲ ਹੈਂਨ:-

ਖਾਲਸੋ ਬੇ ਕੀਨਹ ਗੁਰ ਗੋਬਿੰਦ ਸਿੰਘ,ਹੱਕ ਹੱਕ ਆਈਨਹ ਗੁਰ ਗੋਬਿੰਦ ਸਿੰਘ।
ਹੱਕ ਹੱਕ ਆਦੇਸ਼ ਗੁਰ ਗੋਬਿੰਦ ਸਿੰਘ , ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ।
ਕਾਦਿਰ ਹਰ ਕਾਰ ਗੁਰ ਗੋਬਿੰਦ ਸਿੰਘ , ਬੇਕਸਾਂ ਕਾ ਯਾਰ ਗੁਰ ਗੋਬਿੰਦ ਸਿੰਘ।
……………………………………………………………
’।

“ਕਿਰਪਾਨ” ਪੇਸ਼ ਕਰਨੀ ਖਾਲਸਾਈ ਯੁਧ-ਨੀਤੀ ਦੀ ਰੀਤੀ ਹੈ। ਇਹ ਖਾਲਸੇ ਦਾ ਧਾਰਮਿਕ ਚਿੰਨ੍ਹ ਹੈ। ਗੁਰਮਤਿ ਦੇ ਅਸੂਲਾਂ ਮੁਤਾਬਿਕ, ਇਸ ਦਾ ਲਾਜਮੀ ਤੇ ਭਰਪੂਰ ਸਤਿਕਾਰ ਹੋਣਾ ਚਾਹੀਦਾ ਹੈ। ਇਹ ਸੱਚੇ-ਸੁੱਚੇ ਸਿੱਖ ਦਾ ਮੁੱਢਲਾ ਫ਼ਰਜ਼ ਹੈ। ਐਵੇਂ ਹੈਰੀ-ਸੈਰੀ ਨੂੰ ਮਹਾਨ ‘ਕਿਰਪਾਨ’ ਭੇਂਟ ਕਰਕੇ ਫੋਟੋ-ਕਲਚਰ ਬੰਦ ਹੋਣਾ ਚਾਹੀਦਾ ਹੈ। ਵਿਸ਼ਵ ਪੱਧਰ ਤੇ ਸਿੱਖ ‘ਦਸਤਾਰ’ ਦੀ ਹੋਂਦ ਨੂੰ ਕਾਇਮ-ਦਾਇਮ ਰੱਖਣ ਹਿਤ ਸਿਰਤੋੜ ਕੋਸ਼ਿਸ਼ ਕਰ ਰਿਹਾ ਹੈ। ਇਸ ਦਿਸ਼ਾਂ ਵੱਲ ਸ਼ਲਾਘਾ-ਯੋਗ ਕਦਮ ਵੀ ਪੁੱਟੇ ਗਏ ਹਨ। ਪਰ ਸਿਤਮ-ਜ਼ਰੀਫ਼ੀ ਵੇਖੋ ਕਿ ਨਾ-ਸਮਝ ਸਿੱਖ, ਗੁਰੂ ਬਖ਼ਸ਼ਿਸ਼ ‘ਸ੍ਰੀ ਸਾਹਿਬ’ ਦੀ ਆਪੇ ਹੀ ਹੇਠੀ ਕਰੀ ਜਾਂਦਾ ਹੈ। ਇਹ ਅਨਭੋਲ ਵਰਤਾਰਾ ਨਹੀਂ, ਮਾਨੋ! ਸਿਰੇ ਦਾ ਸ਼ਾਤਰਪੁਣਾ ਹੈ। ਜਾਗਰੂਕ ਸਿੱਖਾਂ ਤੇ ਵਿਦਵਾਨ ਭਾਈਬੰਦਾਂ ਨੂੰ ਬੰਦਨਾਂ ਸਹਿਤ ਤੁਰੰਤ ‘ਸ੍ਰੀ ਅਕਾਲ ਤਖਤ ਸਾਹਿਬ’ਤੋਂ ਹੁਕਮ-ਨਾਮੇ ਦੀ ਮੰਗ ਕਰਨੀ ਚਾਹੀਦੀ ਹੈ ਕਿ ‘ਸ੍ਰੀ ਸਾਹਿਬ’ ਭੇਂਟ ਕਰਨ ਦੀ ਖੁੱਲ੍ਹ, ਕੇਵਲ ਤੇ ਕੇਵਲ ਸਿੱਖਾਂ ਦੇ ਧਾਰਮਿਕ ਸਮਾਗਮਾਂ ਵਿੱਚ ਸਿੱਖਾਂ ਦੀਆਂ ਮਹਾਨ ਪ੍ਰਚਾਰਿਕ ਤੇ ਸਤਿਕਾਰਤ ਸ਼ਖ਼ਸੀਅਤਾਂ (ਜਿਨ੍ਹਾਂ ਸਿੱਖੀ ਦੇ ਪ੍ਰਸਾਰ ਲਈ ਵਿਸ਼ੇਸ਼ ਮੱਲ੍ਹਾਂ ਮਾਰੀਆਂ ਹੋਵਨ)ਨੂੰ ਕੇਵਲ ਯਾਦਗਾਰੀ ਚਿੰਨ੍ਹ ਵਜੋਂ ਭੇਂਟ ਕੀਤੀ ਜਾਵੇ।

ਸਿੱਖ ਰਾਜਨੀਤਕ ਅਦਾਰਿਆਂ ਵਿੱਚ ਇਸ ਰੂਪ-ਸਰੂਪ ਦੀ ਪੇਸ਼ਕਾਰੀ ਦਾ ਕੋਈ ਹੋਰ ਬਦਲ ਲੱਭਿਆ ਜਾਵੇ। ਹੋ ਸਕੇ ਤਾਂ ਫ਼ੀਤਾ ਕੱਟਣ ਲਈ ਯਾਦਗਾਰੀ ‘ਕੈਚੀ’, ਨੀਂਹ ਪੱਥਰ ਰੱਖਣ ਵਾਲੇ ਨੂੰ ਸੋਹਣੀ ਕਾਂਡੀ-ਤੇਸੀ,  ਹਾਕੀ, ਫੁਟਬਾਲ, ਕਿੰਗ, ਤੂੰਬੀ ਜਾਂ ਫਿਰ ਉਦਘਾਟਨ ਕਰਨ ਵਾਲੇ ਨੂੰ ਕੋਈ ਵੀ ‘ਚਿੱਤਰ-ਬਚਿੱਤਰ’ ਦੇ ਕੇ ਵੀ ਪਰਚਾਇਆ ਜਾ ਸਕਦਾ ਹੈ। ਵੱਧ ਤੋਂ ਵੱਧ, ਰਾਜਨੀਤਕ ਖੇਤਰ ਵਿੱਚਲੇ ਗੈਰ-ਸਿੱਖ ਮੁਖੀਆਂ ਨੂੰ ਪ੍ਰਮੁੱਖ ਧਾਰਮਿਕ ਸਥਾਨ ਦਾ ਮਾਡਲ ਪੇਸ਼ ਕੀਤਾ ਜਾਵੇ। ਅਸੀਂ, ਚਹੇਤਾਦਾਰੀ ਪਾਲਦੇ ਗੈਰ-ਸਿਖ ਵਰਗ/ਧਰਮ/ਸੰਪ੍ਰਦਾਵਾਂ/ ਸੰਸਥਾਵਾਂ ਦੇ ਸੰਚਾਲਕਾਂ ਨੂੰ ‘ਸ੍ਰੀ ਸਾਹਿਬ’ ਪੇਸ਼ ਕਰ ਦਿੰਦੇ ਹਾਂ, ਜਿਹੜੇ ‘ਹਮਾਯੂੰ’ ਵਾਂਗ ਬਦ-ਨੀਅਤ, ਸਾਡੇ ਉਦਾਲੇ ਹੀ ਹੁੰਦੇ ਰਹਿੰਦੇ ਹਨ, ਕਿਉਂਕਿ ਰਾਜ-ਨੀਤੀ ਦਾ ਸੁਭਾਅ ਵੱਖਰੀ ਕਿਸਮ ਦਾ ਹੁੰਦਾ ਹੈ।

ਗੁਰੂ ਸਾਹਿਬ ਜੀਓ! ਇੱਕ ਜ਼ਰੂਰੀ ਗੱਲ ਹੋਰ! ਆਪ ਜੀ ਦਾ ਫੁਰਮਾਨ ਹੈ ਕਿ, ਸਚਹੁ ਉਰੈ ਸਭੁ ਕੋ, ਊਪਰਿ ਸਚੁ ਆਚਾਰੁ॥ ਸੱਚ ਬੋਲਿਆ ਹੈ। ਕਲਗੀਆਂ ਵਾਲਿਆ! ‘ਪੰਥ ਤੇਰੇ ਦੀਆਂ ਦਰਦਾਂ, ਦਿਲ ਨੂੰ ਚੀਰਦੀਆਂ’ ਦੀ ਅਸਹਿ ਪੀੜਾ ਨੇ ਬਿਲਕੁਲ ਸੱਚ ਬੋਲਾਇਆ ਤੇ ਲਿਖਵਾਇਆ ਹੈ। ‘ਹਮ ਗਰੀਬ ਮਸਕੀਨ ਪ੍ਰਭ ਤੇਰੇ’ ਦੇ ਮਹਾਂ-ਵਾਕ ਅਨੁਸਾਰ ਸਾਡੇ ਤੇ ਮਿਹਰ ਦੀ ਨਜ਼ਰ ਰੱਖੀਂ। ਇਹ ਜ਼ਮਾਨਾ ਖਰਾਬ ਹੈ। ਡੰਡਉਤ ਕਰਦਿਆਂ ਹੋਇਆਂ ਹੱਥ-ਬੰਨ੍ਹ ਕੇ ਨਿਮਰ ਜੋਦੜੀ ਹੈ, ਕਿ ਗਰੀਬ-ਨਿਵਾਜ਼! ਉਨ੍ਹਾਂ ਨੂੰ ਵੀ ਸੁਮੱਤ ਬਖਸ਼ੀਂ, ਜਿਹੜੇ ਸਿੱਖ ਘੱਟ ਤੇ ਰਾਜਨੀਤਕ ਬਹੁਤੇ ਹਨ ਅਤੇ ਜਿਨ੍ਹਾਂ ਨੂੰ ਮੈਦਾਨੇ-ਜੰਗ ਵਿੱਚ ਸੂਰਮਗਤੀ ਦੇ ਜੌਹਰ ਵਿਖਾਉਂਣ ਲਈ, ਤੁਸਾਂ ‘ਕਿਰਪਾਨ-ਕਿਰਪਾ ਨਿਧਾਨ’ਦੀ ਬਖਸ਼ਿਸ਼ ਕੀਤੀ ਹੈ’। ਇਹ ਆਮ ਵੇਖਿਆ ਹੈ ਕਿ ਉਹ ਸ਼ੇਰ ਜਦੋਂ ਚਿੱਤ ਕਰੇ ਗੁਰਦੁਆਰਿਆਂ ਵਿੱਚ ਹੀ ‘ਖੰਡੇ-ਖੜਕਾਉਂਣ’ ਲਗ ਪੈਂਦੇ ਹਨ, ਕਿਰਪਾਨਾਂ ਧੂਹ ਲੈਂਦੇ ਹਨ। ਆਈ ਤੇ ਆ ਜਾਣ ਤਾਂ, ‘ਵਾਲੀਬਾਲ’ ਦੇ ਖਿਡਾਰੀਆਂ ਵਾਂਕੁਰ ਦਸਤਾਰਾਂ ਦੀਆਂ ਬੂੱਚੀਆਂ ਵੀ ਪੁੱਵਾ ਦੇਂਦੇ ਹਨ। ਸਮਝ ਨਹੀਂ ਪੈਂਦੀ ਕਿ ਤੁਫ਼ਾਨ ਵਾਂਗੂੰ ਇਹ ਮੰਦ-ਕਰਮੀਂ ਵਰਤਾਰਾ ਸਿੱਖਾਂ ਦੇ ਦਿਲੋ-ਦਿਮਾਗ ਦੇ ਅੰਬਰ ਵਿੱਚ ਕਿਉ ਛਾਇਆ ਰਹਿੰਦਾ ਹੈ? ਉਂਝ ਤਾਂ ਤੁਹਾਡੇ ਛੇਤੀ ਪਿੱਛੋਂ ਸਿੱਖਾਂ ਦੇ ਨਿਘਰਦੇ ਕਿਰਦਾਰ ਦਾ ਮੁਲਾਂਕਣ ਕਰਦੇ ਗਿਆਨੀ ਗਿਆਨ ਸਿੰਘ ਜੀ ਲਿਖ ਗਏ ਸਨ ਕਿ

ਧੰਨ ਗੁਰੂ ਕੇ ਸਿੱਖ , ਅਕਲ ਦੇ ਪੱਕੇ ਵੈਰੀ।

-ਤਥਾ-

ਬੇਇਤਫ਼ਾਕ ਬਾਕ ਕੇ ਕਾਦਰ , ਨਾਮ ਸਿੰਘ ਕਰਨੀ ਕੇ ਗਾਦਰ। ਖਾਨ ਪਾਨ ਇੰਦਯੰ ਆਰਾਮੀ , ਕਾਮੀ ਕੁਟਲ ਸੁਰਾਪੀ ਬਾਮੀ ।9।
ਬੇਮੁਖ ਸੰਤ ਸੇਵ ਤੇ ਹੂਏ , ਪਰੇ ਮੋਹ ਮਤਸਰ ਕੇ ਕੂਏ। ਮੁੱਖ ਤੇ ਕਹਿਤ ਸਿੰਘ ਹਮ ਸਾਚੇ,ਸ਼ਰਮ ਧਰਮ ਕਰਮਨ ਕੇ ਕਾਚੇ
’।10।

ਸਾਡੀ ਤਾਂ ਮਿਸ਼ਾਲੀ ਜਦੋ-ਜਹਿਦ ਹੈ ਕਿ ਹਰੇਕ ਸਮਾਰੋਹ ਵਿੱਚ ‘ਸ੍ਰੀ ਸਾਹਿਬ ਦੇ ਬੈਨਰ ਥੱਲੇ ਕਿਰਪਾਨ’ ਭੇਂਟ ਦੀ ਦੁਰ-ਵਰਤੋਂ ਤੇ ਰੋਕ ਲਗੇ ਤਾਂ ਜੋ ਸਿੱਖੀ ਦੇ ਅਲੰਬਰਦਾਰ ‘ਸ੍ਰੀ ਸਾਹਿਬ’ ਦਾ ਨਿਰਾਦਰ ਨਾ ਕਰ ਸਕਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top