ਇਤਿਹਾਸ ਹੈ, ਕਿ ਅੰਮ੍ਰਿਤਸਰ ਸਿੰਘਾਂ ਕੋਲੇ ਇਕ ਬ੍ਰਾਹਮਣ ਆਇਆ। ਕਹਿਣ 
    ਲੱਗਾ ਉਸ ਦੀ ਘਰਵਾਲੀ ਕਸੂਰ ਦੇ ਪਠਾਣਾ ਚੁੱਕ ਲਈ ਹੈ, ਗੁਰੂ ਦਾ ਵਾਸਤਾ ਮੇਰੀ ਬਹੁੜੀ ਕੀਤੀ 
    ਜਾਵੇ। ਕਸੂਰ ਦੀਆਂ ਗੜੀਆਂ ਤੱਕ ਪਹੁੰਚਣਾ ਖਾਲਾ ਜੀ ਦਾ ਵਾੜਾ ਨਹੀਂ ਸੀ। ਪਰ ਮਸਲਾ ਸੀ ਕਿ ਬੰਦਾ 
    ਚਲ ਆਇਆ। ਉਸ ਗੁਰੂ ਦੀ ਬਹੁੜੀ ਪਾਈ। ਕੀ ਕਸੂਰ ਹੁਣ ਤਾਂ ਪਹੁੰਚਿਆ ਹੀ ਜਾਵੇਗਾ। ਇੱਕ ਪੰਡਤਾਣੀ 
    ਖਾਤਰ ਕਈ ਜਾਨਾ ਲੇਖੇ ਲਗੀਆਂ।
    ਅਬਦਾਲੀ ਸਿੰਘਾ ਨੂੰ ਕਹਿੰਦਾ ਮੇਰੀ ਈਨ ਮੰਨੋ ਥੋੜਾ-ਬਾਹਲਾ ਟੱਕਾ ਮੈਨੂੰ 
    ਕਾਬਲ ਭੇਜ ਦਿਆ ਕਰੋ, ਤੇ ਸਾਂਭੋ ਪੰਜਾਬ ਦਾ ਰਾਜ-ਭਾਗ। ਅਗੋਂ ਜਵਾਬ ਜਾਂਦਾ ਹੈ ਤੂੰ ਕੌਣ ਹੁੰਨਾ 
    ਸਾਨੂੰ ਰਾਜ ਦੇਣ ਵਾਲਾ। ਸਾਨੂੰ ਬਾਜਾਂ ਵਾਲੇ ਨੇ ਰਾਜੇ ਬਣਾਇਆ ਹੈ ਅਸੀਂ ਰਾਜ ਲਵਾਂਗੇ ਹਿੱਕ 
    ਦੇ ਜੋਰ ਨਾਲ ਤੂੰ ਇਥੋਂ ਚਲਦਾ ਬਣ।
    ਕਾਜੀ ਨੂਰ ਮੁਹੰਮਦ ਆਪਣੇ ਭਾਈ ਬੰਦਾ ਨੂੰ ਕਹਿੰਦਾ ਉਏ ਇੱਹ ‘ਕੁੱਤੇ’ ਬੜੇ 
    ਇਖਲਾਕ ਵਾਲੇ ਨੇ। ਜੇ ਤੁਸੀਂ ਤਲਵਾਰ ਚਲਾਉਂਣੀ ਸਿੱਖਣੀ ਤਾਂ ਇਨ੍ਹਾਂ ਕੋਲੋਂ ਸਿੱਖੋ। ਕਿਸੇ ਦੀ 
    ਧੀ-ਭੈਣ ਦੀ ਇੱਜਤ ਕਰਨੀ ਸਿੱਖਣੀ ਤਾਂ ਇਨ੍ਹਾ ਕੋਲੋਂ ਸਿੱਖੋ। ਉਹ ਸਿੱਖਾਂ ਨੂੰ ਨਫਰਤ ਕਰਨ ਦੇ 
    ਬਾਵਜੂਦ ਵੀ ਉਨ੍ਹਾਂ ਦੇ ਉੱਚੇ ਇਖਲਾਕ ਦੀ ਗੱਲ ਕਰੋਂ ਨਾ ਰਹਿ ਸਕਿਆ।
    ਸਿੱਖੀ ਸ਼ੁਰੂ ਹੀ ਇਖਲਾਕ ਤੋਂ ਸਵੈਮਾਨ ਤੋਂ ਹੁੰਦੀ। ਸਿੱਖੀ ਭੀੜ ਦਾ ਨਾਂ 
    ਨਹੀਂ। ਸਿੱਖੀ ਕਿਸੇ ਵੱਡੀ ਹੋ ਚੁੱਕੀ ਹੋਈ ਸੰਸਥਾ ਦਾ ਨਾਂ ਨਹੀਂ। ਜੇ ਇੰਝ ਹੁੰਦਾ ਤਾਂ ਹੁਣ 
    ਨੂੰ ਧੁੰਮੇ ਵਾਲੀ ਟਕਸਾਲ ਸਭ ਤੋਂ ਵੱਡੀ ਹੋਣੀ ਸੀ। ਮੱਕੜ ਵਾਲੀ ਸ੍ਰੋਮਣੀ ਕਮੇਟੀ ਦਾ ਕੋਈ ਸਾਨੀ 
    ਨਹੀਂ। ਭੰਗ ਪੀਣੇ ਨਿਹੰਗਾਂ ਦੀਆਂ ਭੀੜਾਂ ਦਾ ਨਾਂ ਹੀ ਫਿਰ ਸਿੱਖ ਹੋਣਾ ਸੀ। ਪਰ ਕੀ ਇੰਝ ਹੋਇਆ?
    ਬਦਕਿਸਤਮੀ ਮੇਰੀ ਕੌਮ ਦੀ ਕਿ ਇਹ ਸਿੱਖੀ ਨੂੰ ਨਫਿਆਂ ਨਾਲ ਤੋਲਣ ਲੱਗ ਪਈ। 
    ਸਿੱਖ ਕਹਿੰਦਾ ਜੇ ਮੈਂ ਦਾਹੜੀ-ਕੇਸ ਰੱਖਾਂ ਮੈਨੂੰ ਇਸ ਦਾ ਨਫਾ ਕੀ ਏ? ਮੈਂ ਪਾਠ ਕਰਾਵਾਂ! ਨਫਾ 
    ਕੀ ਏ? ਮੈਂ ਕਿਸੇ ਡੇਰੇ ਤੇ ਜਾਨਾ ਨਫਾ ਕੀ ਏ? ਸਾਧ ਮੈਨੂੰ ਨਫੇ ਇੰਨੇ ਦੱਸਦਾ ਕਿ ਸ੍ਰੀ ਗੁਰੂ 
    ਗ੍ਰੰਥ ਸਾਹਿਬ ਵਾਲੀ ਗੱਲ ਭੁੱਲ ਹੀ ਜਾਂਦੀ ਹੈ। ਕਿਉਂਕਿ ਸ੍ਰੀ ਗੁਰੂ ਜੀ ਨੇ ਮੈਨੂੰ ਨਫਾ ਕੋਈ 
    ਨਹੀਂ ਦੱਸਣਾ। ਉਸ ਤਾਂ ਦੱਸਣਾ ਕਿ ਕੁੱਤੇ ਕੰਮ ਛੱਡ ਦੇ, ਤੇਰਾ ਜੀਵਨ ਅਪਣੇ ਆਪ ਵਿਚ ਹੀ ਇੱਕ 
    ਬਹੁਤ ਵੱਡਾ ਨਫਾ ਹੈ। ਉਹ ਮੇਰੇ ਕੋਲੋਂ ਛੱਡ ਨਹੀਂ ਹੋਣੇ ਤੇ ਮੈਂ ਕਹਿੰਨਾ ਸੰਤ ਜੀ ਹੀ ਚੰਗੇ 
    ਕੁੱਝ ਛੱਡਣ ਨੂੰ ਤਾਂ ਨਹੀਂ ਕਹਿੰਦੇ। ਮਾਣ ਸਤਿਕਾਰ ਵਾਧੂ ਦਾ। ਗੀਜ਼ਰਾਂ ਵਾਲੇ ਕਮਰੇ ਮਿਲਦੇ 
    ਗਿਆਂ ਨੂੰ, ਕਿ ਸਤਸੰਗੀ ਬਾਹਰੋਂ ਆਏ ਨੇ। ਫਿਰ ਨਫਾ ਕਿਥੇ ਹੋਇਆ।
    ਮੈਂ ਸੁੱਖਣਾ ਸੁਖਦਾਂ। ਨਫੇ ਲਈ ਹੀ ਨਾ! ਜੇ ਪੂਰੀ ਹੋ ਗਈ ਯਾਨੀ ਨਫਾ 
    ਨਿਕਲ ਆਇਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਡਾਹਡਾ, ਨਹੀਂ ਤਾਂ ਹੋਰ ਕਿਸੇ ਨੰਗ ਦੀ ਕਬਰ ਤੇ ਜਾ 
    ਸਿਰ ਰਗੜਾਂਗਾ। ਕਬਰ ‘ਤੇ ਸਿਰ ਰਗੜਦਿਆਂ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਕਦ ਮੇਰੇ ਸਵੈਮਾਨ 
    ਦੀ ਮੌਤ ਹੋ ਜਾਂਦੀ ਹੈ। ਮੈਂ ਜਾਂਦਾ ਹੀ ਸਵੈਮਾਨ ਮਾਰ ਕੇ ਹਾਂ। ਯਾਨੀ ਮੈਂ ਪੈਰ ਹੀ ਕਬਰਾਂ 
    ਜਾਂ ਡੇਰਿਆਂ ਵਲ ਉਦੋਂ ਪੁੱਟਦਾ ਹਾਂ ਜਦ ਮੇਰਾ ਸਵੈਮਾਨ ਦਮ ਤੋੜ ਜਾਏ। ਨਹੀਂ ਤਾਂ ਗੁਰੂ ਨਾਨਕ,
    ਗੁਰੂ ਬਾਜਾਂ ਵਾਲੇ ਵਰਗੇ ਸ਼ੇਰ ਗੁਰੂ ਨੂੰ ਛੱਡ, ਮੈਂ ਕਿਉਂ 
    ਗਿਦੜਾਂ ਦੇ …ਸੁੰਘਦਾ ਫਿਰਾਂ।
    ਕਿਸੇ ਸਾਧ, ਨਕਲੀ ਗੁਰੂ ਦੇ ਜਾਂ ਕੱਬਰ ਤੇ ਮੱਥਾ ਰਗੜਨ ਵਾਲਾ ਸਿੱਖ ਉਹ 
    ਸੱਪ ਹੈ, ਜਿਸ ਵਿਚੋਂ ਅਣਖ ਦੇ ਦੰਦ ਨਿਕਲ ਚੁੱਕੇ ਹੋਏ ਨੇ, ਪਰ ਚੰਗੀ ਤਗੜੀ ਲਾਸ਼ ਦਿੱਸਣ ਨੂੰ 
    ਲੱਗ ਜਰੂਰ ਰਹੀ ਕਿ ਇਹ ਸਿੱਖ ਹੈ। ਉਹ ਜੋਗੀ ਦੀ ਪਟਾਰੀ ਵਿਚ ਪਿਆ ਫੁੰਕਾਰੇ ਜ਼ਰੂਰ ਮਾਰ ਰਿਹੈ। 
    ਲੋਕ ਡਰ ਵੀ ਜਾਂਦੇ ਹੋਣਗੇ, ਉਸ ਦੇ ਫੰਕਾਰਿਆਂ ਤੋਂ ਜਿਵੇਂ ਭੰਗ ਪੀਣੇ ਨਿਹੰਗਾਂ ਤੋਂ ਡਰ ਜਾਂਦੇ 
    ਹਨ, ਪਰ ਜੋਗੀਆਂ ਨੂੰ ਪਤੈ ਕਿ ਇਸ ਕੋਲ ਫੁੰਕਾਰੇ ਹੀ ਹਨ ਵਿੱਚ ਕੁੱਝ ਨਹੀਂ। ਇਸ ਲਈ ਕੁਝ ਚਿਰ 
    ਬਾਅਦ ਦਿੱਲੀ ਵਾਲੇ ‘ਜੋਗੀ’ ਇਸ ਦੀ ਫੰਨ ਤੇ ਟੋਣਾ ਜਿਹਾ ਮਾਰ ਜਾਂਦੇ ਹਨ ਕਿ ਇਹ ਸਿੱਖ ਵੀ ਤਾਂ 
    ਹਿੰਦੂ ਹੀ ਹਨ। ਇਹ ਵੱਖਰੀ ਗੱਲ ਹੈ ਕਿ ਕਦੇ ਕਿਤੇ ਭਾਈ ਰਾਜੋਆਣੇ ਜਾਂ ਹਵਾਰੇ ਵਰਗਾ ਜ਼ਹਿਰੀਲਾ 
    ਸੱਪ ਵੀ ਨਿਕਲ ਆਉਂਦਾ ਹੈ।
    ਅਜਾਦੀ ਸਿੱਖ ਦਾ ਹੱਕ ਹੈ। ਇੱਕ ਤੱਕੜੀ-ਤੋਲੂ 
    ਜਿਹੀ ਕੌਮ ਦੀ ਗੁਲਾਮੀ ਗੈਰਤਮੰਦ ਸਿੱਖ ਦੀ ਹਿੱਕ ਵਿਚ ਕੰਡੇ ਵਾਂਗ ਰੜਕਦੀ ਹੈ। ਪਰ ਆਜ਼ਾਦੀ ਲਈ 
    ਮੈਂ ਕੀਤਾ ਕੀ? ਮੈਂ ਸਿੱਖ ਕੌਮ ਦੀ ਆਜ਼ਾਦੀ ਦੇ ਅਹਿਮ ਅਤੇ ਗੰਭੀਰ ਮਸਲੇ ਉਪਰ ਨਫੇ ਦੀ ਖੇਡ ਹੀ 
    ਖੇਡੀ। ਖਾਲਿਸਤਾਨ ਦੀ ਲਹਿਰ ਇਸ ਕਰਕੇ ਫਿਹਲ ਨਹੀਂ ਹੋਈ ਕਿ ਲੋਕਾਂ ਸਾਥ ਨਹੀਂ ਦਿੱਤਾ, ਬਲਕਿ 
    ਇਸ ਕਰਕੇ ਕਿ ਇਸ ਵਿਚੋਂ ਮੈਂ ਅਪਣੇ ਨਫੇ ਪਹਿਲ ਦੇ ਅਧਾਰ ਤੇ ਰੱਖੇ। ਜਿਹੜੇ ਹੁਣ ਮੈਨੂੰ ਸੌਂ 
    ਗਏ ਹੋਏ ਜਾਪਦੇ ਨੇ, ਇਹ ਉਹੋ ਲੋਕ ਨੇ ਜਿਹੜੇ ਇੱਕ ਆਵਾਜ਼ ‘ਤੇ ਸੜਕਾਂ ਉਪਰ ਨਿਕਲ ਆਉਂਦੇ ਸਨ ਅਤੇ 
    ਭਰੇ ਹੋਏ ਦਿਵਾਨਾਂ ਵਿੱਚ ਬੀਬੀਆਂ ਅਪਣੇ ਕਾਂਟੇ-ਵਾਲੀਆਂ ਤੱਕ ਲਾਹ ਕੇ ਇਨ੍ਹਾਂ ਦੀ ਝੋਲੀ ਪਾ 
    ਦਿਆ ਕਰਦੀਆਂ ਸਨ। 
    ਪਰ ਸਾਡੇ ਇਖਲਾਕ ਵਲ ਦੇਖ ਉਨ੍ਹਾਂ ਨੂੰ ਜਾਪਿਆ ਕਿ ਹੋਣ ਵਾਲੇ ਆਜ਼ਾਦ 
    ਮੁੱਲਖ ਵਿੱਚ ਵੀ ਸਾਨੂੰ ਜੇ ਅਜਿਹੇ ਲੋਕਾਂ ਨੂੰ ਹੀ ਮੁਖਾਤਬ ਹੋਣਾ ਹੈ, ਤਾਂ ਇਸ ਨਾਲੋਂ ਤਾਂ 
    ਗੁਲਾਮੀ ਹੀ ਭਲੀ। ਅੱਜ ਸਿੱਖ ਇਸ ਬਾਰੇ ਬੋਲਣ ਜਾਂ ਸੁਣਨ ਨੂੰ ਹੀ ਤਿਆਰ ਨਹੀਂ ਕਿ ਸਾਡੇ ਨਾਲ 
    ਵਾਪਰਿਆ ਕੀ? ਉਹ ਇਹ ਵੀ ਬੋਲਣ ਲਈ ਤਿਆਰ ਨਹੀਂ ਕਿ ਜਿਹੜੇ ਕੱਲ ਤੱਕ ਖਾਲਿਸਤਾਨ ਦੇ ਝੰਡੇ ਚੁੱਕੀ 
    ਫਿਰਦੇ ਸਨ, ਉਹ ਅੱਜ ਇਸੇ ਲਹਿਰ ਦੇ ਵੈਰੀਆਂ, ਪਿਹੋਵੇ, ਰੰਧਾਵੇ ਅਤੇ ਢੱਡਰੀ ਵਾਲੇ ਨੂੰ ਚੁੱਕੀ 
    ਫਿਰ ਰਹੇ ਹਨ? ਇਹ ਇਤਿਹਾਸ ਨਹੀਂ ਕਿ ਬਾਬਾ ਜਰਨੈਲ ਸਿੰਘ ਇੱਕਲਾ ਹੀ ਦਿੱਲੀ ਨਾਲ ਲੜਿਆ ਕੋਈ 
    ਸਾਧੜਾ ਉਸ ਨਾਲ ਨਹੀਂ ਖੜੋਤਾ। ਕੀ ਇਹ ਓਸ ਲਹਿਰ ਦੇ ਵੈਰੀ ਨਹੀਂ? ਇਥੋਂ ਮੈਨੂੰ ਸਮਝ ਆ ਜਾਣੀ 
    ਚਾਹੀਦੀ ਕਿ ਜਿਵੇਂ ਖਾਲਿਸਤਾਨ ਇਨ੍ਹਾਂ ਦਾ ਪਖੰਡ ਸੀ, ਉਵੇਂ ਅੱਜ ਹਾਉਕੇ ਲੈ ਲੈ ਕੀਤੇ ਜਾ ਰਹੇ 
    ਸਿਮਰਨ ਵੀ ਪੰਖਡ ਤੋਂ ਵੱਧ ਕੁੱਝ ਨਹੀਂ। ਉਦੋਂ ਖਾਲਿਸਤਾਨ ਵਿੱਕਦਾ ਸੀ ਹੁਣ ਸਿਮਰਨ ਵਿੱਕਦਾ 
    ਹੈ। ਯਾਨੀ ਨਫਾ??
    ਪਿੱਛੇ ਜਿਹੇ ਇੱਕ ਖਾਲਿਸਤਾਨੀ ਦੇ ਗੜਵਈ ਦਾ ਮੈਨੂੰ ਫੋਨ ਆਇਆ। ਲੋਕਲ 
    ਜਾਪਦਾ ਸੀ। ਕਿ ਤੂੰ ਖਾਲਿਸਤਾਨ ਲਈ ਕੀ ਕੀਤਾ?
    ਮੈਂ ਤਾਂ ਭਰਾ ਕੁਝ ਵੀ ਨਹੀਂ ਕੀਤਾ। ਪਰ ਮੈਂ ਘੱਟੋ-ਘੱਟ ਇਹ ਵੀ ਨਹੀਂ 
    ਕੀਤਾ ਕਿ ਮੈਂ ਤੱਤੇ ਨਾਹਰਿਆਂ ਨਾਲ ਇਥੇ ਬੈਠੇ ਹੀ ਮਾਵਾਂ ਦੇ ਪੁੱਤ ਮਰਵਾਏ। ਤੇ ਫਿਰ ਮਾਰਨ 
    ਵਾਲੇ ਕਾਤਲਾਂ ਨਾਲ ਦਿੱਲੀ ਬੈਠ ਚਾਹਵਾਂ ਦੀਆਂ ਚੁਸਕੀਆਂ ਲਈਆਂ। ਅਡਵਾਨੀ ਵਰਗਿਆਂ ਸਿੱਖੀ ਦੇ 
    ਕੱਟੜ ਦੁਸ਼ਮਨਾਂ ਨਾਲ ਮਿਲਣ ਲਈ ਦਿੱਲੀ ਜਾ ਕੇ ਲੇਲੜੀਆਂ ਕੱਢੀਆਂ। ਬਾਬਾ ਜਰਨੈਲ ਸਿੰਘ ਵਰਗੇ 
    ਸੂਰਬੀਰਾਂ ਨੂੰ ਮਰਵਾਉਂਣ ਵਾਲੇ ਕਾਲੀਆਂ ਦੇ ਸੱਦੇ ਤੇ ਝੰਡੀਆਂ ਵਾਲੀਆਂ ਗੱਡੀਆਂ ਝੂਟੀਆਂ। 
    ਗੈਰਤਮੰਦ ਸਿੱਖ ਦੀ ਗੁਰੂ ਬਾਜਾਂ ਵਾਲੇ ਕੋਲੋਂ ਇੱਕੋ ਮੰਗ ਹੁੰਦੀ, ਕਿ ਉਹ ਮਰ ਜਾਵੇ ਪਰ ਸਿੱਖੀ 
    ਦੇ ਕਾਤਲਾ ਵਿਹੜੇ ਪੈਰ ਨਾ ਪਾਵੇ।
    ਪਿੱਛਲੇ ਸਾਲ ਮੇਰੀਆਂ ਕਿਡਨੀਆਂ ਫਿਹਲ ਹੋ ਗਈਆਂ। 
    ਮੈਂ ਪੰਜਾਬ ਗਿਆ। ਪਰ ਉਥੇ ਸਖਤਾਈ ਬਹੁਤ ਹੋਣ ਕਾਰਨ ਬਾਹਰੋਂ ਲਈ ਹੋਈ ਕਿਡਨੀ ਕੋਈ ਵੀ ਹਸਪਤਾਲ 
    ਟਰਾਂਸ-ਪਲਾਟ ਨਹੀਂ ਸੀ ਕਰਦਾ। ਸ਼ਫਾਰਸ਼ ਚਲਦੀ ਹੈ। ਬਾਦਲਕੇ ਜੋ ਮਰਜੀ ਕਰਵਾ ਸਕਦੇ। ਮੇਰੇ ਪਿੰਡ 
    ‘ਸੰਤ’ ਗੁਰਪਾਲ ਸਿੰਘ ਦੇ ਮੁੰਡੇ, ਸੰਤਰਾਮ ਕੋਲੇ ਸੁਖਬੀਰ ਹਰੇਕ ਮਹੀਨੇ ਆਉਂਦਾ। ਉਸ ਨੂੰ ਜਾਪਦਾ 
    ਕਿ ਮੇਰੇ ਘਰ ਹੋਇਆ ਮੁੰਡਾ ਇਸ ‘ਸੰਤ’ ਦੀ ਦੇਣ ਹੈ। ਸੰਤਰਾਮ ਮੇਰੇ ਬਾਪੂ ਦਾ ਚੰਗਾ ਆਦਰ ਕਰਦਾ। 
    ਬਾਪੂ ਨੇ ਬੜਾ ਜੋਰ ਲਾਇਆ ਕਿ ਸੁਖਬੀਰ ਦੀ ਸਫਾਰਸ਼ ਪਵਾ ਲੈਂਦੇ ਹਾਂ ਕਿਉਂ ਇਧਰ-ਉਧਰ ਦੌੜੀ ਫਿਰਦਾਂ। 
    ਇਥੋਂ ਮੇਰੇ ਮਿੱਤਰਾਂ ਵੀ ਕਿਹਾ ਕਿ ਇਸ ਨਾਲ ਕੀ ਫਰਕ ਪੈਂਦਾ। ਹੋ ਸਕਦਾ ਨਾ ਪੈਂਦਾ ਹੁੰਦਾ ਪਰ 
    ਮੇਰੀ ਗੁਰੂ ਬਾਜਾਂ ਵਾਲੇ ਇਕੋ ਅਰਦਾਸ ਸੀ ਕਿ ਮੈਂ ਅਪਣੇ ਜੀਵਨ ਦੀ ਭੀਖ ਸਿੱਖੀ ਦੇ ਕਾਤਲਾਂ 
    ਕੋਲੋਂ ਨਾ ਮੰਗਾ। ਤੇ ਧੱਕੇ-ਧੁੱਕੇ ਖਾ ਕੇ ਮੈਂ ਮੁੜ ਆਇਆ। ਹੁਣ ਮੈਂ ਡਾਇਲਸਿਸ
    'ਤੇ ਹਾਂ। ਕੱਲ ਦਾ ਭਰਾਵੋ ਕੋਈ ਭਰੋਸਾ ਨਹੀਂ ਮੈ ਕੀ ਹੋਵਾਂ 
    ਪਰ ……ਗੁਰੂ ਮੈਨੂੰ ਪੈਰ ਪੈਰ ‘ਤੇ ਜਿਉਂਣਾ ਸਿਖਾਉਂਦਾ ਪਰ ਮੈਂ ਜਿਉਂਣਾ ਹੀ ਨਹੀਂ ਚਾਹੁੰਦਾ, 
    ਤਾਂ ਗੁਰੂ ਕੋਈ ਪੁੜੀ ਘੋਲ ਕੇ ਮੇਰੇ ਸਿਰ ਤਾਂ ਪਾਉਂਣੋ ਰਿਹਾ।
    ਵੈਨਕੁਵਰ ਦੀ ਗੱਲ ਹੈ। ਉਥੇ ਉਦੋਂ ਕੁਰਸੀਆਂ-ਤੱਪੜਾਂ ਦਾ ਰੌਲਾ ਚਲ ਰਿਹਾ 
    ਸੀ। ਅਸੀਂ ਉਦੋਂ ਤੱਪੜਾਂ ਵਾਲੀ ਪਾਰਟੀ ਨਾਲ ਸਾਂ। ਇਸ ਗੱਲ ਤੋਂ ਅਨਜਾਣ ਕਿ ਤੱਪੜਾਂ-ਕੁਰਸੀਆਂ 
    ਦਾ ਅਸਲ ਵਿਚ ਮਸਲਾ ਹੀ ਕੋਈ ਨਹੀਂ ਸੀ, ਬਲਕਿ ਗੁਰਦੁਆਰਿਓਂ ਬਾਹਰ ਹੋਈ ਖਾਲਿਤਸਾਨੀ ਧਿਰ ਨੇ 
    ਅਪਣੇ ਨਫਿਆਂ ਲਈ ਉਸ ਮਸਲੇ ਨੂੰ ਅਜਿਹੀ ਚਰਮਸੀਮਾ ਤੱਕ ਪਹੁੰਚਾਇਆ ਕਿ ਉਸ ਦੇ ਨਤੀਜੇ ਦੇ ਰੂਪ 
    ਵਿੱਚ, ਪੂਰੀ ਕੌਮ ਦਾ ਨਿਕਲਿਆ ਜਲੂਸ ਕੁੱਲ ਦੁਨੀਆਂ ਨੇ ਵੇਖਿਆ। ਹਾਰੀ ਹੋਈ ਖਾਲਿਸਤਾਨੀ ਧਿਰ 
    ਜਿਹੜੀ ਜਾਣ-ਬੁੱਝ ਕੇ ਅਪਣਾ ਨਵਾ ‘ਬਿਜਨੈੱਸ’ ਸ਼ੁਰੂ ਕਰਨ ਦੇ ਚੱਕਰ ਵਿਚ ਹਾਰੀ ਸੀ, ਨੇ ਹਾਰਨ 
    ਤੋਂ ਫੌਰਨ ਬਾਅਦ ਰਾਤੋਂ-ਰਾਤ ਗੁਰਦੁਆਰਾ ਸ਼ੁਰੂ ਕਰ ਲਿਆ ਸੀ। ਮੈਨੂੰ ਯਾਦ ਏ ਅਲੈਕਸ਼ਨ ਤੋਂ ਇੱਕ 
    ਰਾਤ ਪਹਿਲਾਂ ਮੈਂ ਅਪਣੇ ਕੁੱਝ ਮਿੱਤਰਾਂ ਨਾਲ ‘ਚ੍ਹੜਦੀ ਕਲ੍ਹਾ’ ਦੇ ਦਫਤਰ ਦੀ ਕੰਧ ਨਾਲ ਢੋਹ 
    ਲਾ ਕੇ ਖੜਾ ਸਾਂ ਤਾਂ ਇੱਕ ‘ਖਾਲਿਸਤਾਨੀ’ ਸਾਡੇ ਕੋਲੇ ਆਇਆ ਤੇ ਕਹਿਣ ਲੱਗਾ,
    ਸਿੰਘੋ ਹੁਣੇ ਹੀ ਕੰਧਾਂ ਨਾਲ ਲੱਗੇ ਖੜੇ ਹੋ ਕੱਲ ਨੂੰ ਤਾਂ ਲੱਗਣਾ ਹੀ ਹੈ’!! ਯਾਨੀ 
    ਉਸ ਨੂੰ ਪਹਿਲਾਂ ਹੀ ‘ਬ੍ਰਹਮਗਿਆਨ’ ਹੋ ਚੁੱਕਾ ਸੀ ਕਿ ਜਿਹੜੀ ਖੇਡ ਅਸੀਂ ਖੇਡ ਰਹੇ ਹਾਂ ਉਹ 
    ਹਾਰਨ ਵਾਲੀ ਹੈ ਯਾਨੀ ਕੰਧਾਂ ਨਾਲ ਲੱਗਣ ਵਾਲੀ??
    ਸਰੀ ਗੁਰਦੁਆਰੇ ਦੀ ਓਸ ਹਾਰ ਨੇ ਸਾਨੂੰ ਇਨਾ ਦੁੱਖੀ ਤੇ ਜਲੀਲ ਨਹੀਂ ਸੀ 
    ਕੀਤਾ, ਜਿੰਨਾ ਕਾਬਜ ਹੋਏ ਕਾਮਰੇਡਾਂ ਸਾਨੂੰ ਟਰੰਟੋ ਦੇ ਖਾਲਿਸਤਾਨੀ ਦੀ ਓਸ ਵੇਲੇ ਮਾਰਕਿਟ ਵਿਚ 
    ਚਲ ਰਹੀ ‘ਮੌਜਾਂ ਹੀ ਮੌਜਾਂ’ ਦੀ ਟੇਪ ਦੇ ਮਿਹਣਿਆਂ ਨੇ ਕੀਤਾ!!!!
    ਯਾਦ ਰਹੇ ਕਿ ਖਾਲਿਸਤਾਨੀ ਸੰਬੋਧਨ ਹੋਣ ਦਾ ਮੱਲਤਬ ਹਰਗਿਜ ਨਹੀਂ ਕਿ ਮੈਂ 
    ਖਾਲਿਸਤਾਨ ਦੇ ਵਿਰੋਧ ਵਿੱਚ ਹਾਂ। ਸਿੱਖ ਵਿਚੋਂ ਸਿੱਖੀ ਦੀ ਗੈਰਤ ਮਰ ਚੁੱਕੀ ਜਿਹੜਾ ਇਸ ਦੀ 
    ਆਜ਼ਾਦੀ ਲਈ ਸੋਚਣਾ ਛੱਡ ਬੈਠਾ ਹੈ। ਪਰ ਉਹ ਸਿੱਖ ਵੀ ਮੂਰਖਤਾ ਦੀ ਦੁਨੀਆਂ ਵਿਚ ਹਨ ਜਿਹੜੇ 
    ਖਾਲਿਸਤਾਨੀਆਂ ਦੀਆਂ ਚਲ ਚੁੱਕੀਆਂ ਛੁਰਲੀਆਂ ਵਿਚੋਂ ਕਿਸੇ ਪ੍ਰਮਾਣੂ ਧਮਾਕਿਆਂ ਦੀ ਆਸ ਲਾਈ ਬੈਠੇ 
    ਹਨ ਤੇ ਇਸ ਉਪਰ ਹੀ ਸਮਝੌਤਾ ਜਿਹਾ ਕਰੀ ਬੈਠੇ ਹਨ, ਕਿ ਚਲੋ ਜੀ ਕੁਝ ਤਾਂ ਗੱਲ ਕਰਦੇ ਹੀ ਨੇ। 
    ਉਨ੍ਹਾਂ ਭੋਲਿਆਂ ਨੂੰ ਇਹ ਨਹੀਂ ਪਤਾ ਕਿ ਇਹ ਉਹ ਉੱਲੀ ਲੱਗੇ ਭਾਂਡੇ ਹਨ, ਜੀਹਨਾਂ ਵਿਚ ਚੰਗਾ 
    ਸਵੱਛ ਪਾਇਆ ਹੋਇਆ ਦੁੱਧ ਵੀ ਭ੍ਰਸ਼ਟਿਆ ਜਾਂਦਾ ਹੈ। ਜੇ ਅੱਜ ਇਸ ਲਹਿਰ ਨਾਲ ਕੋਈ ਨਹੀਂ ਤੁਰ ਰਿਹਾ 
    ਤਾਂ ਇਸ ਦਾ ਕਾਰਨ ਲੋਕਾਂ ਵਿਚੋਂ ਉੱਠ ਚੁੱਕਾ ਵਿਸਵਾਸ਼ ਹੈ। ਜਿਸ ਦੇ ਜਿੰਮੇਵਾਰ ਵੀ ਇਹੀ ਲੋਕ 
    ਹਨ। ਤੁਸੀਂ ਕਿਵੇਂ ਕਰੋਂਗੇ ਵਿਸਵਾਸ਼ ਕਿ ਜਿਸ ਦੇ ਮੋਢੀ ਨੇ 22 ਸਾਲ ਝੂਠ ਬੋਲਕੇ, ਇਸ ਲਹਿਰ ਨੂੰ 
    ਰੋਲ ਕੇ ਰੱਖ ਦਿੱਤਾ, ਪਰ ਉਹ ਹਾਲੇ ਵੀ ਬ੍ਰਹਮਗਿਆਨੀ?
    ਭਰਾਵੋ ਸੋਚਣ ਕਿਸੇ ਹੋਰ ਨਹੀਂ ਆਉਂਣਾ ਤੁਹਾਡੇ ਲਈ ਕਿ ਤੁਸੀਂ ਇਨ੍ਹਾਂ 
    ਨੂੰ ਬਰਦਾਸ਼ਤ ਵੀ ਕਰੀ ਜਾਵੋ ਤੇ ਆਸ ਵੀ ਰੱਖੀ ਜਾਵੋ ਕਿ ਕੌਮ ਦਾ ਕੁੱਝ ਸੰਵਰ ਜਾਵੇਗਾ। ਬਾਦਲਾਂ 
    ਨੂੰ ਹੁਣ ਤੱਕ ਬਚਾਈ ਰੱਖਣ ਵਾਂਗ ਸੈਂਟਰ ਕਦੇ ਨਹੀਂ ਚਾਹੁੰਦੀ ਕਿ ਤੁਹਾਡੇ ਬਾਹਰਲੇ ਬੱਚ ਗਏ 
    ਖਾਲਿਸਤਾਨੀ ਵੀ ਖਤਮ ਕੀਤੇ ਜਾਣ। ਕਿਉਂਕਿ ਜਦ ਵੀ ਕੋਈ ਲਹਿਰ ਚਲਣ ਲੱਗੀ ਉਨ੍ਹਾਂ ਇਹ ਅਗੇ ਕਰ 
    ਦੇਣੇ ਹਨ ਲੋਕਾਂ ਆਪੇ ਦੌੜ ਜਾਣਾ ਹੈ। ਅਜਿਹੀ ਰਹਿੰਦ-ਖੂੰਦ ਹਰੇਕ ਸ਼ਹਿਰ ਵਿਚ ਉਨੀ ਪਾਲੀ ਹੋਈ 
    ਹੈ। ਨਫੇ ਦਾ ਸੌਦੇ ਵਾਲੇ ਬਹੁਤ ਹਨ ਉਨ੍ਹਾਂ ਕੋਲੇ।
    ਧਰਮਾਂ-ਕੌਮਾਂ ਦੀ ਦੁਨੀਆਂ ਵਿੱਚ ਵੀ ਖੁਲ੍ਹੀ ਮਾਰਕਿਟ ਹੈ, ਜੋ ਜਿਸ ਵੇਲੇ 
    ਵਿੱਕਦਾ ਹੋਵੇ ਸ਼ਾਤਰ ਲੋਕ ਉਹੀ ਵੇਚ ਲੈਂਦੇ ਨੇ। ਬਹੁਤ ਲੋਕ ਨੇ ਜਿਹੜੇ ਗੁਰੂ ਦੀ ਬਖਸ਼ਸ਼ ਯਾਨੀ 
    ਦਾਹੜੀ ਵੀ ਵੇਚਦੇ ਹਨ! ਸਿਰ ਤੇ ਬੰਨੀ ਦਸਤਾਰ ਵੇਚਦੇ ਹਨ। ਸਿੱਖ ਪਹਿਰਾਵੇ ਨੂੰ ਵੇਚਦੇ ਹਨ। 
    ਅੱਜ ਕੱਲ ਲੰਮਾ ਚੋਲਾ ਬਹੁਤ ਵਿੱਕ ਰਿਹੈ। ਸਿਮਰਨ ਵਿੱਕ ਰਿਹੈ? ਇਹੀ ਲੋਕ ਪਹਿਲਾਂ ਖਾਲਿਸਤਾਨ 
    ਵੇਚਦੇ ਰਹੇ ਨੇ। ਫਿਰ ਇਨ੍ਹਾਂ ਪਿਹੋਵਾ ਵੇਚਿਆ, ਢੱਡਰੀ ਵੇਚਿਆ ਤੇ ਹੁਣ ਆਪ ਹੀ ਵਿੱਕਣ ਲੱਗ ਪਏ? 
    ਮੁਨਾਫਾ ਖੋਰ ਵੇਖਦਾ ਹੈ ਮਾਰਕਿਟ ਕਿਸਦੀ ਹੈ।
    ਪਰ ਅੱਣਖ ਤੇ ਨਫਾ 
    ਦੋਵੇਂ ਇਕੱਠਾ ਕਿਵੇਂ ਹੋ ਸਕਦੇ। ਹੋ ਸਕਦੇ? ਜ਼ਕਰੀਆ 
    ਪੁੱਛਦਾ, ਤਾਰੂ ਸਿੰਘਾ ਦੋ ਰਾਹ ਨੇ ਜਾਂ ਤਾਂ ਕੇਸ ਕਟਾ ਲੈ ਜਾਂ ਖੋਪਰੀ ਲੁਹਾ ਲੈ! ਖੋਪਰੀ ਵਾਲਾ 
    ਰਾਹ ਕਿਤੇ ਸੌਖਾ ਥੋੜੋ ਸੀ। ਪਰ ਮਸਲਾ ਸਵੈਮਾਨ ਦਾ ਸੀ ਕਿ ਗੁਰੂ ਦੀ ਬਖਸ਼ਸ਼ ਬਦਲੇ ਮੈਂ ਖੋਪਰੀ 
    ਬਚਾਵਾਂ? 
    ਅੱਜ ਲੱਚਰਤਾ ਦਾ ਰੌਲਾ ਪਿਆ ਹੈ। ਲੋਕ ਲੱਚਰਤਾ ਵਲ ਗਏ 
    ਕਿਉਂ? ਅੱਜ ਲੁੱਚਾ 
    ਜਿਹਾ ਬੰਦਾ ਵੀ ਰੇਡੀਓ ਦੇ ਮਾਇਕ ਉਪਰ ਬੈਠਾ ਮੱਤਾਂ ਦਿੰਦਾ ਹੈ, ਕਿ ਲੱਚਰਤਾ ਕੀ ਹੁੰਦੀ ਤੇ ਕੀ 
    ਨਹੀਂ ਹੁੰਦੀ। ਉਸ ਨੂੰ ਪੱਤੈ ਕਿ ਜੋ ਗੰਦ ਮੈਂ ਪਾ ਰਿਹਾਂ ਉਹੀ ਬਦਲਵੇਂ ਰੂਪ ਵਿਚ ਖਾਲਿਸਤਾਨੀ 
    ਵੀ ਪਾ ਰਹੇ, ਗੁਰਦੁਆਰੇ ਵੀ ਪਾ ਰਹੇ। ਆਪਣੇ ਨਫਿਆਂ ਵਿਚ ਫਸੇ ਉਹ ਇੰਨੇ ਬੇਗੈਰਤ ਹੋ ਚੁੱਕੇ ਕਿ 
    ਉਹ ਮਾਇਕ ਉਪਰ ਬੈਠੇ ਮਸ਼ਟੰਡੇ ਜਿਹੇ ਬੰਦੇ ਨੂੰ ਸਾਹਬ-ਸਾਹਬ ਕਰਦੇ, ਉਨ੍ਹਾਂ ਦੀ ਹੋਰ ਚ੍ਹੜ ਮਚਾ 
    ਰਹੇ ਹਨ। ਕੋਰਟ ਵਿਚੋਂ ਹਾਰਿਆ ਜਾਂ ਜਿੱਤਿਆ ਪ੍ਰਬੰਧਕ, ਇਨ੍ਹਾਂ ਦੀ ਜੀ-ਹਜੂਰੀ ਕਰਦਾ ਜਦ ਲੋਕ 
    ਵੇਖਦੇ ਤਾਂ ਉਹ ਸੋਚਦੇ ਇਹ ਜ਼ਰੂਰ ਸਿਆਣੇ ਹੀ ਹੋਣੇ ਨੇ, ਤਾਂ ਹੀ ਤਾਂ ਗੁਰਦੁਆਰਿਆਂ ਵਾਲੇ ਇਨ੍ਹਾਂ 
    ਦੀਆਂ ਲਿਲੜੀਆਂ ਲੈ ਰਹੇ ਹਨ। ਤੇ ਉਹ ਅਜਿਹੇ ਲੋਕਾਂ ਦਾ ਸਭਿਆਚਾਰ ਦੇ ਨਾਂ ਤੇ ਸਿਰਾਂ ਵਿਚ ਪਾਏ 
    ਹੋਏ ਮਿੱਟੀ-ਘੱਟੇ ਨੂੰ ਤਿੰਨ ਕਾਲ ਸਤ ਹੀ ਮੰਨੀ ਜਾਂਦੇ ਹਨ।
    ਮੁੱਕਦੀ ਗੱਲ ਕਿ ਨਫਿਆਂ ਦੀ ਰਾਜਨੀਤੀ ਵਿਚ ਅਸੀਂ ਅਪਣਾ ਸਵੈਮਾਨ, ਅੱਣਖ, 
    ਗੈਰਤ ਸਭ ਤਬਾਹ ਕਰ ਚੁੱਕੇ ਹਾਂ ਇਸ ਲਈ ਕੌਮ ਮੇਰੀ ਵਿਚ ਛੇਤੀ ਦੇਣੀ ਕੋਈ ਹਿੱਲਜੁਲ ਨਹੀਂ ਹੁੰਦੀ।
    ਕਿ ਹੁੰਦੀ?