Share on Facebook

Main News Page

ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ

ਸਮੇਂ-ਸਮੇਂ ਦੌਰਾਨ ਕਈ ਡੇਰੇਦਾਰ ਸੰਤ, ਬਾਬੇ ਅਨੈਤਿਕ ਕੰਮਾਂ ਕਰਕੇ ਚਰਚਾ ਵਿਚ ਰਹੇ ਹਨ। ਸਾਲ 2002 ਦੌਰਾਨ ਬਾਬਾ ਧਨਵੰਤ ਸਿੰਘ ਬਲਾਤਕਾਰ ਕਾਂਡ, ਸੰਤ ਸਮਸ਼ੇਰ ਸਿੰਘ ਜਗੇੜਾ ਬਲਾਤਕਾਰ ਕਾਂਡ, ਸੰਤ ਮਾਨ ਸਿੰਘ ਪਿਹੋਵਾ ਬਲਾਤਕਾਰ ਕਾਂਡ, ਸੰਤ ਦਲਜੀਤ ਸਿੰਘ ਸ਼ਿਕਾਗੋ ਦਾ ਵੋਕਾਂਡਾ ਮੋਟਲ ਕਾਂਡ ਅਤੇ ਹੁਣ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਚਰਿੱਤਰ 'ਤੇ ਲੱਗ ਰਹੇ ਦੋਸ਼ ਸਿੱਖ ਕੌਮ ਦਾ ਹੀ ਸਿਰ ਨੀਵਾਂ ਕਰ ਰਹੇ ਹਨ। ਦੁਨੀਆ ਵਿਚ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਦਾਅਵਾ ਕਰਨ ਵਾਲੇ ਬਾਬਿਆਂ ਦਾ ਅਨੈਤਿਕ ਤੇ ਵਿਭਚਾਰ ਦੇ ਮਾੜੇ ਕੰਮਾਂ ਵਿਚ ਫ਼ਸਣਾ ਸਿਰਫ਼ ਸਿੱਖ ਕੌਮ ਨੂੰ ਹੀ ਨਹੀਂ, ਸਗੋਂ ਸਮੁੱਚੀ ਧਰਮੀ ਲੋਕਾਈ ਨੂੰ ਸ਼ਰਮ ਨਾਲ ਨਿਮੋਝੂਣਾ ਕਰਦਾ ਹੈ। ਇਹ ਸੰਤ-ਬਾਬੇ ਲੋਕਾਂ ਨੂੰ ਸਦਾਚਾਰ ਅਤੇ ਨੈਤਿਕਤਾ ਦਾ ਪਾਠ ਪੜ੍ਹਾਉਂਦੇ ਹਨ ਪਰ ਖੁਦ ਨੈਤਿਕਤਾ 'ਚ ਪੂਰੇ ਨਹੀਂ ਉਤਰਦੇ।

ਗੁਰਬਾਣੀ ਦਾ ਇਕ ਕਥਨ ਹੈ, 'ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ।' ਇਹ ਕਥਨ ਉਨ੍ਹਾਂ ਲੋਕਾਂ ਲਈ ਹੈ, ਜਿਹੜੇ ਸਿਰਫ਼ ਭੇਖ ਜਾਂ ਕਰਮਕਾਂਡਾਂ ਰਾਹੀਂ ਹੀ ਪਵਿੱਤਰ ਬਣਨ ਦਾ ਢੌਂਗ ਰਚਦੇ ਹਨ ਅਤੇ ਰੱਬ ਨੂੰ ਹਾਸਲ ਕਰਨ ਦੇ ਢਕਵੰਜ ਕਰਦੇ ਹਨ। ਇਹ ਕਥਨ ਅੱਜ-ਕੱਲ੍ਹ ਦੇ ਸਾਧ ਬਾਣਿਆਂ ਵਿਚ ਬੈਠੇ ਚੋਰ ਮਨਾਂ ਵਾਲੇ ਕਈ ਲੋਕਾਂ 'ਤੇ ਪੂਰਾ ਢੁੱਕਦਾ ਹੈ। ਸਾਧ ਇਕ ਬਹੁਤ ਪਵਿੱਤਰ ਲਫ਼ਜ਼ ਹੈ ਅਤੇ ਸਾਧ ਦਾ ਰੱਬ ਨਾਲ ਰਿਸ਼ਤਾ ਓਵੇਂ ਹੁੰਦਾ ਹੈ, ਜਿਵੇਂ ਪਿਓ ਦਾ ਆਗਿਆਕਾਰੀ ਪੁੱਤਰ ਨਾਲ। ਪਰ ਕਹਿੰਦੇ ਹਨ ਕਿ ਕਲਯੁੱਗ ਵਿਚ ਚੋਰਾਂ ਨੇ ਸਾਧਾਂ ਦਾ ਭੇਖ ਧਾਰ ਲਿਆ ਹੈ ਤੇ ਇਸੇ ਕਰਕੇ ਸਾਧਾਂ ਨੂੰ ਹੀ ਲੋਕ ਚੋਰ ਸਮਝੀ ਜਾ ਰਹੇ ਹਨ। ਕਹਿੰਦੇ ਹਨ ਕਿ ਕਲਯੁੱਗ ਦੀ ਨਿਸ਼ਾਨੀ ਇਹ ਹੈ ਕਿ 'ਸੱਚ' ਝੂਠ ਵਰਗਾ ਲੱਗਦਾ ਹੈ ਤੇ 'ਝੂਠ' ਸੱਚ ਵਰਗਾ। ਇਸੇ ਕਰਕੇ ਅੱਜ-ਕੱਲ੍ਹ ਸਾਧਾਂ ਤੇ ਚੋਰਾਂ ਵਿਚਾਲੇ ਨਿਤਾਰਾ ਕਰਨਾ ਵੀ ਔਖਾ ਹੈ। ਅੰਨ੍ਹੀ ਸ਼ਰਧਾ ਕਾਰਨ ਕਲਯੁੱਗੀ ਸਾਧਾਂ ਦਾ ਤੋਰੀ-ਫ਼ੁਲਕਾ ਚੱਲੀ ਜਾ ਰਿਹਾ ਹੈ। ਪਰ ਕੀਤਾ ਵੀ ਕੀ ਜਾਵੇ? ਸ਼ਰਧਾ ਤੋਂ ਬਿਨ੍ਹਾਂ ਤਾਂ ਪ੍ਰਮਾਰਥ ਦੇ ਰਾਹ 'ਤੇ ਚੱਲਿਆ ਵੀ ਨਹੀਂ ਜਾ ਸਕਦਾ, ਤੇ ਜੇਕਰ ਲੋਕ ਅੰਨ੍ਹੀ ਸ਼ਰਧਾ ਰੱਖਦੇ ਹਨ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਤੇ ਸ਼ਰਧਾ ਨਾਲ ਅਜਿਹਾ ਖਿਲਵਾੜ ਹੁੰਦਾ ਹੈ, ਜਿਹਾ ਕਿਸੇ 2 ਸਾਲ ਦੀ ਮਾਸੂਮ ਤੇ ਰੱਬ ਵਰਗੀ ਅਣਭੋਲ ਬਾਲੜੀ ਨਾਲ ਕਿਸੇ ਹਵਸ਼ੀ ਦਾਨਵ ਵਲੋਂ ਕੀਤਾ ਜਾਂਦਾ ਹੈ। ਕਲਯੁਗੀ ਸੰਤ ਵੀ ਗੁਰਬਾਣੀ ਦਾ ਆਸਰਾ ਲੈ ਕੇ ਲੋਕਾਂ ਨੂੰ ਲੁੱਟਦੇ ਹਨ ਤੇ ਇਹ ਗੁਰਬਾਣੀ ਹੀ ਹੈ, ਜਿਹੜੀ ਸਾਨੂੰ ਵਹਿਮਾਂ-ਭਰਮਾਂ ਅਤੇ ਪਾਖੰਡਾਂ ਤੋਂ ਛੁਟਕਾਰਾ ਦਿਵਾਉਂਦੀ ਹੈ। ਅਸਲ ਵਿਚ ਸਮਝ ਦੀ ਫ਼ਰਕ ਹੈ।

ਗੁਰਬਾਣੀ ਦਾ ਸੰਤ ਤੇ ਮਾਇਆਧਾਰੀ ਸਾਧ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਗੁਰਬਾਣੀ ਵਿਚ ਆਦਰਸ਼ਵਾਦੀ ਤੇ ਨਾਮ ਰਤੇ ਇਨਸਾਨ ਨੂੰ ਸੰਤ ਆਖਿਆ ਗਿਆ ਹੈ ਜੋ ਆਪਣੀ ਕਿਰਤ ਕਮਾਈ 'ਚੋਂ ਦਸਵੰਧ ਕੱਢ ਕੇ ਲੋਕਾਂ ਦਾ ਭਲਾ ਕਰਦਾ ਹੈ, ਜ਼ੁਲਮ ਵਿਰੁੱਧ ਅਵਾਜ਼ ਬੁਲੰਦ ਕਰਦਾ ਹੈ। ਜਦਕਿ ਮਾਇਆਧਾਰੀ ਸਾਧ ਚੋਲੇ ਪਹਿਨ ਕੇ ਪਹਿਰਾਵੇ ਤੱਕ ਸੀਮਤ ਰਹਿੰਦਾ ਹੈ ਅਤੇ ਕਰਮਕਾਂਡਾਂ ਵਿਚ ਪਾ ਕੇ ਲੋਕਾਂ ਨੂੰ ਠੱਗਦਾ ਹੈ ਅਤੇ ਆਪ ਕਿਰਤ ਕਮਾਈ ਨਾ ਕਰਕੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਦਵਾ ਕੇ ਆਪਣੀ ਗੋਗੜ ਵਧਾਉਣ, ਐਸ਼ੋ ਇਸ਼ਰਤ ਕਰਨ ਤੱਕ ਸੀਮਤ ਰਹਿੰਦਾ ਹੈ, ਇਹ ਗੋਰਖਧੰਦਾ ਕੋਈ ਨਵਾਂ ਨਹੀਂ ਹੈ, ਜਦੋਂ 15ਵੀਂ ਸਦੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਧਰਤੀ 'ਤੇ ਆਏ ਤਾਂ ਉਸ ਵੇਲੇ ਵੀ ਅਜਿਹੇ ਲੋਕਾਂ ਦਾ ਧੰਦਾਂ ਜ਼ੋਰਾਂ 'ਤੇ ਸੀ:

ਗਜ ਸਾਢੈ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਤਿਨ੍ਰਾ ਜਪਮਾਲੀਆ ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 476)

ਗੁਰਬਾਣੀ ਵਿਚ ਸੰਤ ਦੀ ਵਰਤੋਂ ਭਗਤ ਸਾਹਿਬਾਨਾਂ ਲਈ ਹੋਈ ਹੈ, ਜਿਨ੍ਹਖ਼ਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਦੂਸਰਾ ਸੰਤ ਦੀ ਵਰਤੋਂ ਸੱਚੀ ਸੰਗਤ ਲਈ ਕੀਤੀ ਹੈ ਜਾਂ ਗੁਰਸਿੱਖ ਲਈ ਵੀ ਕਰ ਲਈ ਗਈ ਹੈ। ਸਿੱਧ ਗੋਸਟਿ ਵਿਚ 'ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ' ਦਾ ਭਾਵ ਸਿੱਖਾਂ ਦੀ ਸੰਗਤ ਤੋਂ ਹੈ ਜੋ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੀ ਅਗਵਾਈ 'ਚ ਸਿੱਧਾਂ ਨਾਲ ਗੋਸ਼ਟ ਕਰਨ ਆਏ ਸਨ। ਇਸ ਵਿਚ ਦੱਸਿਆ ਹੈ ਕਿ ਸਿੱਧਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਜੁੜੀ ਹੋਈ ਸੰਗਤ ਵਿਚ ਆ ਕੇ ਸੰਤਾਂ ਨੂੰ ਨਮਸਕਾਰ ਕੀਤਾ ਹੈ। ਸਪੱਸ਼ਟ ਹੈ ਕਿ ਇਥੇ ਗੋਸ਼ਟ ਸੁਣਨ ਲਈ ਇਕੱਤਰ ਹੋਏ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ 'ਸੰਤ' ਆਖਿਆ ਗਿਆ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਤ ਸ਼ਬਦ ਦੀ ਵਰਤੋਂ ਗੁਰਬਾਣੀ ਦੇ ਭਗਤਾਂ ਲਈ ਕੀਤੀ ਹੈ। ਉਹ ਫੁਰਮਾਉਂਦੇ ਹਨ ਕਿ ਸੰਤਾਂ ਦੇ ਸੱਚੇ ਵਿਚਾਰ ਸੁਣਨੇ ਚਾਹੀਦੇ ਹਨ, ਉਹ ਜੋ ਵਿਚਾਰ ਫੁਰਮਾਉਂਦੇ ਹਨ, ਸੱਚੇ ਹੁੰਦੇ ਹਨ ਅਤੇ ਉਨਖ਼੍ਹਾਂ ਨੂੰ ਅਕਾਲ ਪੁਰਖ ਬਾਰੇ ਪੂਰਾ ਅਨੁਭਵ ਹੁੰਦਾ ਹੈ:

ਸੰਤਨ ਕੀ ਸੁਣਿ ਸਾਚੀ ਸਾਖੀ॥ ਸੋ ਬੋਲਹਿ ਜੋ ਪੇਖਹਿ ਆਖੀ॥ ਨਹੀ ਲੇਪੁ ਤਿਸੁ ਪੁੰਨਿ ਨ ਪਾਪਿ॥ ਨਾਨਕ ਕਾ ਪ੍ਰਭੁ ਆਪੇ ਆਪਿ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 894)

ਗੁਰਬਾਣੀ ਵਿਚ ਸੰਤ ਦੀ ਵਰਤੋਂ ਗੁਰੂ ਲਈ ਵੀ ਕੀਤੀ ਗਈ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਵੱਲ ਲਿਖੀਆਂ ਚਿੱਠੀਆਂ ਇਸ ਦਾ ਪ੍ਰਮਾਣ ਹਨ :

ਹਉ ਘੋਲੀ ਜੀਉ ਘੋਲਿ ਘੁਮਾਈ॥ ਗੁਰ ਦਰਸਨ ਸੰਤ ਪਿਆਰੇ ਜੀਉ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 96)

ਭਾਗ ਹੋਆ ਗੁਰਿ ਸੰਤੁ ਮਿਲਾਇਆ॥ ਪ੍ਰਭੂ ਅਬਿਨਾਸੀ ਘਰ ਮਹਿ ਪਾਇਆ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 97)

ਗੁਰਬਾਣੀ ਵਿਚ ਆਦਰਸ਼ਵਾਦੀ ਲੋਕਾਂ ਦੀ ਸੰਗਤ ਲਈ ਸਾਧ ਸੰਗਤ ਸ਼ਬਦ ਵਰਤਿਆ ਗਿਆ ਹੈ। ਸੰਤ ਕਬੀਰ ਸਾਹਿਬ ਫੁਰਮਾਉਂਦੇ ਹਨ ਕਿ ਚੰਗੇ ਲੋਕਾਂ ਅਰਥਾਤ ਸੰਤਾਂ ਦੀ ਸੰਗਤ ਨਾਲ ਜੁੜਿਆ ਜਾਵੇ ਤਾਂ ਮੁਕਤੀ ਪ੍ਰਾਪਤ ਹੋ ਸਕਦੀ ਹੈ। ਭਾਵੇਂ ਤੁਸੀਂ ਵੇਦਾਂ ਨੂੰ ਵਿਚਾਰ ਲਓ, ਪਰ ਮੁਕਤੀ ਹਾਸਲ ਨਹੀਂ ਹੋਣੀ। ਮੁਕਤੀ ਤਾਂ ਆਦਰਸ਼ਵਾਦੀ ਤੇ ਨਾਮ ਰੱਤੇ ਲੋਕਾਂ ਵਿਚ ਰਹਿ ਕੇ ਨਾਮ ਸਿਮਰਨ ਨਾਲ ਪ੍ਰਾਪਤ ਹੋਣੀ ਹੈ:

ਸੰਤ ਜਨਾ ਕੈ ਸੰਗਿ ਮਿਲੁ ਬਉਰੇ ਤਉ ਪਾਵਹਿ ਮੋਖ ਦੁਆਰੁ॥ ਬਿਨ ਸਤਸੰਗ ਸੁਖੁ ਕਿਨੈ ਨ ਪਾਇਆ ਜਾਇ ਪੂਛਹੁ ਬੇਦ ਬੀਚਾਰੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1200)

ਇਹ ਗੱਲ ਪਰਤੱਖ ਹੈ ਕਿ ਗੁਰਬਾਣੀ ਕਰਮਕਾਂਡ ਨੂੰ ਨਹੀਂ ਮੰਨਦੀ, ਭੇਖ, ਪਹਿਰਾਵੇ ਨੂੰ ਨਹੀਂ ਮੰਨਦੀ, ਗੁਣਾਂ ਨੂੰ ਪ੍ਰਵਾਨਗੀ ਦਿੰਦੀ ਹੈ, ਪਰ ਪਤਾ ਨਹੀਂ ਸਿੱਖ ਪੰਥ ਵਿਚ ਕਰਮਕਾਂਡੀ ਚਿੱਟ ਕਪੜੇ, ਭਗਵੇਂ ਕਪੜੇ ਤੇ ਚੋਲਿਆਂ ਵਾਲੀ ਸਾਧ ਜਮਾਤ ਕਿਥੋਂ ਤੇ ਕਿਵੇਂ ਪੈਦਾ ਹੋ ਗਈ? ਜਿਸ ਦਾ ਵਰਤਾਰਾ ਵੀ ਗੁਰਮਤਿ ਵਿਰੋਧੀ ਹੈ। ਇਹ ਪਖੰਡੀ ਜਮਾਤ ਨਾ ਕਿਰਤ ਕਰਦੀ ਹੈ, ਨਾ ਗੁਰਮਤਿ ਅਨੁਸਾਰ ਜੀਵਨ ਜਿਉਂਦੀ ਹੈ, ਬੀਬੀਆਂ ਨੂੰ ਹਵਸ਼ ਦਾ ਸ਼ਿਕਾਰ ਬਣਾਉਂਦੀ ਹੈ, ਪੈਸਿਆਂ ਨਾਲ ਮੱਥੇ ਟਿਕਾਉਂਦੀ, ਨਵੀਆਂ-ਨਵੀਆਂ ਵਿਦੇਸ਼ੀ ਕਾਰਾਂ ਦੇ ਝੂਟੇ ਲੈਂਦੀ ਹੈ, ਗੁਰੂਆਂ ਦੀ ਬਾਣੀ ਦੇ ਬਰਾਬਰ ਆਪਣੀਆਂ ਟੁੱਟੀਆਂ-ਭੱਜੀਆਂ ਧਾਰਨਾਵਾਂ ਬਣਾ ਕੇ ਕੱਚੀ ਬਾਣੀ ਪੜਖ਼੍ਹਦੀ ਹੈ, ਫਿਰ ਵੀ ਇਹ ਜਮਾਤ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਦਵਾਉਂਦੀ ਹੈ। ਅੰਧ ਵਿਸ਼ਵਾਸਾਂ ਵਿਚ ਜਕੜੇ ਸਿੱਖ ਅੱਖਾਂ ਮੀਟ ਕੇ ਇਨਖ਼੍ਹਾਂ ਦੀ ਹੋਂਦ ਨੂੰ ਸਵੀਕਾਰ ਕਰੀ ਜਾਂਦੇ ਹਨ। ਕਈ ਸਾਧ ਸੰਪਰਦਾਵਾਂ ਦਾ ਸੰਨਿਆਸੀਆਂ ਵਾਂਗ ਗ੍ਰਹਿਸਤ ਆਸ਼ਰਮ ਵਿਚ ਵਿਸ਼ਵਾਸ ਨਹੀਂ, ਅਤੇ ਉਨਖ਼੍ਹਾਂ ਨੇ ਛੜਾ ਬਿਰਤੀ ਨੂੰ ਪ੍ਰਵਾਨਗੀ ਦੇਣ ਲਈ 'ਬਿਹੰਗਮ' ਸ਼ਬਦ ਦਾ ਆਸਰਾ ਲੈ ਲਿਆ ਹੈ। ਜਿਵੇਂ ਹਿੰਦੂ ਧਰਮ ਵਿਚ ਕੁਆਰੀਆਂ ਇਸਤਰੀਆਂ ਨੂੰ ਦੇਵਦਾਸੀ ਬਣਾਇਆ ਜਾਂਦਾ ਹੈ, ਉਸੇ ਤਰਖ਼੍ਹਾਂ ਇਨਖ਼੍ਹਾਂ ਸਾਧਾਂ ਨੇ ਸਿੱਖ ਧਰਮ ਵਿਚ ਨੌਜਵਾਨਾਂ ਨੂੰ ਛੜਾ ਰੱਖਣ ਲਈ ਬਿਹੰਗਮ ਪ੍ਰਥਾ ਜਾਰੀ ਕਰ ਦਿੱਤੀ । ਅਜਿਹਾ ਕਰਕੇ ਇਹ ਸਾਧ ਆਪਣੇ ਆਪ ਨੂੰ ਗੁਰੂ ਤੋਂ ਵੱਡੇ ਬ੍ਰਹਮ ਗਿਆਨੀ ਘੋਸ਼ਿਤ ਕਰ ਰਹੇ ਹਨ। ਗੁਰੂ ਸਾਹਿਬ ਨੇ ਤਾਂ ਗ੍ਰਹਿਸਥ ਨੂੰ ਮੁਕਤੀ ਦਾ ਬਿਹਤਰ ਰਾਹ ਦੱਸਿਆ ਹੈ ਤੇ ਬਿਹੰਗਮ ਸ਼ਬਦ ਨੂੰ ਰੱਦ ਕਰਦਿਆਂ ਕਿਹਾ ਹੈ, ਕਿ ਜੇਕਰ ਮਨੁੱਖ ਨੂੰ ਗ੍ਰਹਿਸਤ ਤੋਂ ਪ੍ਰਹੇਜ਼ ਕਰਕੇ ਮੁਕਤੀ ਮਿਲਨੀ ਹੁੰਦੀ ਤਾਂ ਇਹ ਮੁਕਤੀ ਸਭ ਤੋਂ ਪਹਿਲਾਂ ਖੁਸਰੇ ਨੂੰ ਮਿਲ ਜਾਂਦੀ:

ਬਿੰਦੁ ਰਾਖਿ ਜੁ ਤਰੀਐ ਭਾਈ॥ ਖੁਸਰੈ ਕਿਉ ਨਾ ਪਰਮ ਗਤਿ ਪਾਈ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 324)

ਲੱਗਦਾ ਇਉਂ ਹੈ ਕਿ ਅਜੋਕੇ ਸਾਧ ਗ੍ਰਹਿਸਥ ਜੀਵਨ ਤੋਂ ਭੱਜ ਕੇ ਆਪਣੇ ਮਨ ਦੀਆਂ ਕਾਮਨਾਵਾਂ, ਵਾਸ਼ਨਾਵਾਂ ਅਤੇ ਇੱਛਾਵਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਅਜਿਹਾ ਕਰਕੇ ਉਨ੍ਹਾਂ ਦੇ ਅੰਦਰ ਦੇ ਵਿਕਾਰਾਂ ਦੀ ਅੱਗ ਨਹੀਂ ਬੁੱਝਦੀ। ਨਤੀਜਾ ਇਹ ਹੁੰਦਾ ਹੈ ਕਿ ਚਿੱਟੇ ਚੋਲਿਆਂ ਵਿਚ ਬੈਠੇ ਇਨ੍ਹਾਂ ਬਗਲੇ ਸਾਧਾਂ 'ਤੇ ਵਾਸ਼ਨਾਵਾਂ ਭਾਰੂ ਹੋ ਜਾਂਦੀਆਂ ਹਨ ਤਾਂ ਇਹ ਸਾਧਾਂ ਵਾਲੇ ਪਵਿੱਤਰ ਬਾਣੇ ਨੂੰ ਦਾਗ਼ ਲਗਵਾ ਦਿੰਦੇ ਹਨ, ਜਿਸ ਕਰਕੇ ਸਮੁੱਚੇ ਧਰਮੀ ਲੋਕਾਂ ਦੀ ਕਿਰਦਾਰਕੁਸ਼ੀ ਹੋ ਜਾਂਦੀ ਹੈ।

ਸਮੇਂ-ਸਮੇਂ ਦੌਰਾਨ ਕਈ ਡੇਰੇਦਾਰ ਸੰਤ, ਬਾਬੇ ਅਨੈਤਿਕ ਕੰਮਾਂ ਕਰਕੇ ਚਰਚਾ ਵਿਚ ਰਹੇ ਹਨ। ਸਾਲ 2002 ਦੌਰਾਨ ਬਾਬਾ ਧਨਵੰਤ ਸਿੰਘ ਵਲੋਂ ਕੀਤੇ ਬਲਾਤਕਾਰ ਕਾਂਡ ਨੇ ਤਾਂ ਸਿਰਫ਼ ਸਿੱਖ ਕੌਮ ਹੀ ਨਹੀਂ, ਸਗੋਂ ਸਮੁੱਚੀ ਧਰਮੀ ਲੋਕਾਈ ਨੂੰ ਸ਼ਰਮ ਨਾਲ ਨਿਮੋਝੂਣਾ ਕਰ ਦਿੱਤਾ ਸੀ। ਉਦੋਂ ਸਾਧ ਵਲੋਂ ਸ਼ਰਧਾ ਦੇ ਨਾਂਅ 'ਤੇ ਇਕ ਬੱਚੀ ਦੀ ਪੱਤ ਲੁੱਟਣ ਦਾ ਮਾਮਲਾ ਉਸ ਵੇਲੇ ਹੋਰ ਜ਼ਿਆਦਾ ਸੰਗੀਨ ਬਣ ਗਿਆ ਸੀ, ਜਦੋਂ ਧਰਮ ਨਾਲ ਸਬੰਧਤ ਇਸ ਮਾਮਲੇ 'ਤੇ ਪੀੜਤ ਨੂੰ ਧਰਮ ਦੀ ਅਦਾਲਤ 'ਤੇ ਬੈਠੇ ''ਕਾਜੀ ਹੋਏ ਰਿਸਵਤੀ ਵਢੀ ਲੈਕੇ ਹਕ ਗਵਾਈ'' ਭ੍ਰਿਸ਼ਟ ਨਿਆਂਕਾਰਾਂ ਨੇ ਇਨਸਾਫ਼ ਦੀ ਥਾਂ ਧੱਕੇ ਦਿੱਤੇ ਤੇ ਦੁਨਿਆਵੀ ਅਦਾਲਤ ਨੇ ਵਿਭਚਾਰੀ ਬਾਬੇ ਧਨਵੰਤ ਸਿੰਘ ਨੂੰ ਸੀਖਾਂ ਪਿੱਛੇ ਸੁੱਟ ਦਿੱਤਾ। ਇਸ ਤੋਂ ਇਲਾਵਾ ਸੰਤ ਸਮਸ਼ੇਰ ਸਿੰਘ ਜਗੇੜਾ, ਸੰਤ ਮਾਨ ਸਿੰਘ ਪਿਹੋਵਾ, ਸੰਤ ਦਲਜੀਤ ਸਿੰਘ ਸ਼ਿਕਾਗੋ ਚਰਿੱਤਰਹੀਣਤਾ ਦੇ ਦੋਸ਼ਾਂ ਵਿਚ ਘਿਰੇ ਰਹੇ ਹਨ ਅਤੇ ਹੁਣ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਵੀ ਅਨੈਤਿਕਤਾ ਦੇ ਸੰਗੀਨ ਦੋਸ਼ ਲੱਗ ਰਹੇ ਹਨ।

ਪਤਾ ਨਹੀਂ ਬਾਬਿਆਂ ਦੇ ਡੇਰਿਆਂ 'ਚ ਕਿੰਨੀਆਂ ਕੁ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਇਨਸਾਫ਼ ਕਿਸੇ ਪੀੜਤ ਅਬਲਾ ਨੂੰ ਨਹੀਂ ਮਿਲਦਾ। ਇਸ ਤਰਖ਼੍ਹਾਂ ਦੇ ਡੇਰੇਦਾਰ ਸਾਧਾਂ ਦੇ ਡੇਰੇ 20ਵੀਂ ਸਦੀ ਦੇ ਕੁਕਰਮੀ ਮਹੰਤਾਂ ਵਾਂਗ ਐਸ਼ਪ੍ਰਸਤੀ ਤੇ ਬਦਮਾਸ਼ੀ ਦੇ ਅੱਡੇ ਬਣਦੇ ਜਾ ਰਹੇ ਹਨ। ਹੋਰ ਖ਼ਤਰਨਾਕ ਪਹਿਲੂ ਇਹ ਹੈ ਕਿ ਇਹ ਸਾਧ ਬਾਣਿਆਂ ਵਿਚ ਲੁਕੇ ਲੋਕ ਕਈ ਵਾਰ ਆਪਣੀਆਂ ਅਨੈਤਿਕ ਕਾਰਵਾਈਆਂ ਦਾ ਪਰਦਾਫ਼ਾਸ਼ ਹੋਣ ਤੋਂ ਬਾਅਦ ਖੂੰਖਾਰ ਰੂਪ ਧਾਰਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਪਿੱਛੇ ਜਿਹੇ ਜਦੋਂ ਸੰਤ ਮਾਨ ਸਿੰਘ ਪਿਹੋਵੇ ਵਾਲੇ ਦੇ ਨਾਲ ਕਈ ਸਾਲ ਪੀ.ਏ. ਰਹੇ ਸਾਹਿਬ ਸਿੰਘ ਨੇ ਉਸ ਦੇ ਅਨੈਤਿਕ ਕੰਮਾਂ ਦਾ ਪਰਦਾਫਾਸ਼ ਕਰਕੇ ਉਸ ਦਾ ਇਕ ਘਿਨਾਉਣਾ ਚਿਹਰਾ ਸਾਹਮਣੇ ਲਿਆਂਦਾ ਸੀ ਤਾਂ ਸਾਹਿਬ ਸਿੰਘ ਨੂੰ ਬੇਤਹਾਸ਼ਾ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਸੀ। ਉਸ ਦੀਆਂ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ। ਸਾਹਿਬ ਸਿੰਘ ਦੋਸ਼ ਲਗਾਉਂਦਾ ਹੈ ਕਿ ਸੰਤ ਮਾਨ ਸਿੰਘ ਪਿਹੋਵਾ ਦੇ ਕਹਿਰ ਕਾਰਨ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ।

ਇਸ ਤੋਂ ਬਾਅਦ ਸਾਹਿਬ ਸਿੰਘ ਅੱਤਵਾਦੀ ਗਤੀਵਿਧੀਆਂ ਦੇ ਦੋਸ਼ 'ਚ ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਚੁੱਕ ਕੇ ਜੇਲ੍ਹ ਵਿਚ ਸੁੱਟ ਦਿੱਤਾ, ਜਿਸ ਨੂੰ ਪਿਛਲੇ ਦਿਨੀਂ ਹੀ ਫ਼ਤਿਹਗੜ੍ਹ ਸਾਹਿਬ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਸਾਹਿਬ ਸਿੰਘ ਦੋਸ਼ ਲਗਾਉਂਦਾ ਹੈ ਕਿ ਸੰਤ ਮਾਨ ਸਿੰਘ ਪਿਹੋਵਾ ਦੇ ਵੱਡੇ ਪੁਲਿਸ ਅਤੇ ਸਿਆਸੀ ਸ਼ਖ਼ਸਾਂ ਦੇ ਨਾਲ ਨਜ਼ਦੀਕੀ ਸਬੰਧ ਹਨ ਅਤੇ ਸੰਤ ਪਿਹੋਵਾ ਨੇ ਉਸ ਖਿਲਾਫ਼ ਝੂਠਾ ਕੇਸ ਪੁਆਇਆ ਸੀ। ਇਸੇ ਤਰ੍ਹਾਂ ਹੁਣ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਇਕ ਪੁਰਾਣੇ ਸਾਥੀ ਸੁਖਵਿੰਦਰ ਸਿੰਘ ਨੇ ਵੀ ਦੋਸ਼ ਲਗਾਏ ਹਨ ਕਿ ਸੰਤ ਢੱਡਰੀਆਂ ਵਾਲੇ ਨੇ ਉਸ ਨੂੰ ਪੁਲਿਸ ਕੋਲੋਂ ਚੁਕਵਾ ਕੇ ਉਸ 'ਤੇ ਖੂੰਖਾਰ ਅੱਤਵਾਦੀਆਂ ਵਾਂਗ ਤਸ਼ੱਦਦ ਦਾ ਸ਼ਿਕਾਰ ਬਣਾਇਆ ਅਤੇ ਫ਼ਿਰ ਉਸ ਦੇ ਕੇਸ ਤੱਕ ਕਤਲ ਕਰ ਦਿੱਤੇ ਗਏ। ਸੱਚਮੁੱਚ ਸਿੱਖੀ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲੇ ਇਨ੍ਹਾਂ ਸੰਤ-ਬਾਬਿਆਂ ਦੇ ਖਿਲਾਫ਼ ਲੱਗ ਰਹੇ ਇਹ ਦੋਸ਼ ਅਤਿ ਸੰਗੀਨ ਹਨ ਅਤੇ ਇਹ ਸਮੁੱਚੇ ਸਿੱਖ ਭਾਈਚਾਰੇ ਦੀ ਕਿਰਦਾਰਕੁਸ਼ੀ ਕਰਦੇ ਹਨ।

ਇਸ ਦੇ ਬਾਵਜੂਦ ਇਨਖ਼੍ਹਾਂ ਡੇਰਿਆਂ ਤੇ ਸੰਤਾਂ ਦੇ ਸ਼ਰਧਾਲੂ ਕਦੇ ਇਹ ਨਹੀਂ ਸੋਚਦੇ ਕਿ ਤਿਆਗੀ ਜੀਵਨ ਦਾ ਦਾਅਵਾ ਤੇ ਪ੍ਰਚਾਰ ਕਰਨ ਵਾਲੇ ਡੇਰੇਦਾਰ ਖੁਦ ਕਿੰਨੇ ਕੁ ਨੈਤਿਕ ਜੀਵਨ, ਸਦਾਚਾਰ ਤੇ ਗੁਰਮਤਿ ਜੀਵਨ-ਜਾਚ ਦੇ ਧਾਰਨ ਹਨ। ਇਹ ਲੋਕਾਂ ਨੂੰ ਮੋਹ-ਮਾਇਆ ਦਾ ਤਿਆਗ ਕਰਨ ਦੇ ਆਦੇਸ਼ ਦਿੰਦੇ ਹਨ ਪਰ ਖੁਦ ਸੰਗਤ ਦੇ ਚੜ੍ਹਾਵੇ ਨਾਲ ਸੁੱਖ-ਸਹੂਲਤਾਂ ਦਾ ਆਨੰਦ ਮਾਣ ਰਹੇ ਹਨ। ਇਨ੍ਹਖ਼ਾਂ ਡੇਰਿਆਂ ਵਿਚੋਂ ਬਹੁਤਿਆਂ ਦੀ ਆਮਦਨੀ ਦੇ ਸਾਧਨ ਵੀ ਸਪੱਸ਼ਟ ਨਹੀਂ ਹੁੰਦੇ।

ਇਨਖ਼੍ਹਾਂ ਵਿਚੋਂ ਕਈ ਡੇਰੇ ਤੇ ਉਨ੍ਹਖ਼ਾਂ ਦੇ ਮੁਖੀ ਆਪਣੀਆਂ ਵੱਡੀਆਂ ਜਾਇਦਾਦਾਂ ਅਤੇ ਆਮਦਨੀ ਸਦਕਾ ਇੰਨਖ਼ੇ ਤਾਕਤਵਰ ਹੋ ਚੁੱਕੇ ਹਨ ਕਿ ਉਨਖ਼੍ਹਾਂ ਦੇ ਵਿਰੁੱਧ ਖੜਖ਼੍ਹਣ ਜਾਂ ਟੱਕਰ ਲੈ ਸਕਣ ਦਾ ਹੌਂਸਲਾ ਕਰਨਾ ਵੀ ਐਨਾ ਸੌਖਾ ਨਹੀਂ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਜਿਸ ਪੜਖ਼੍ਹੀ-ਲਿਖੀ ਮੱਧ ਸ਼੍ਰੇਣੀ ਨੇ ਲੋਕਾਂ ਨੂੰ ਅੰਧ-ਵਿਸ਼ਵਾਸਾਂ ਤੋਂ ਮੁਕਤ ਕਰਕੇ ਉਨਖ਼੍ਹਾਂ ਦੀ ਸ਼ਕਤੀ ਨੂੰ ਉਸਾਰੂ ਪਾਸੇ ਲਗਾਉਣਾ ਸੀ, ਉਹ ਖੁਦ ਇਨ੍ਹਖ਼ਾਂ ਦੇ ਮੱਕੜਜਾਲ ਵਿਚ ਫ਼ਸੀ ਹੋਈ ਹੈ।

ਜਿਥੇ ਡੇਰਿਆਂ 'ਚ ਸਾਧਾਂ ਕੋਲ ਭੀੜ ਵੱਧ ਜੁੜੀ ਹੁੰਦੀ ਹੈ, ਉਥੇ ਨੇਤਾਵਾਂ ਨੂੰ ਵੀ ਆਪਣੀਆਂ ਵੋਟਾਂ ਲੱਭਦੀਆਂ ਹਨ ਇਸੇ ਕਰਕੇ ਉਹ ਡੇਰਿਆਂ ਵਿਚ ਭੱਜੇ ਆਉਂਦੇ ਹਨ। ਨੇਤਾਵਾਂ ਨੂੰ ਵੋਟਾਂ ਦੀ ਲੋੜ ਹੁੰਦੀ ਹੈ, ਅਫ਼ਸਰਾਂ ਨੂੰ ਸਾਧਾਂ ਰਾਹੀਂ ਨੇਤਾਵਾਂ ਕੋਲੋਂ ਕੰਮ ਕਢਵਾਉਣ ਦੀ ਹੈ, ਫ਼ਿਰ ਸਾਧ ਵੀ ਉਨਖ਼੍ਹਾਂ ਦੇ ਕਾਰਜ ਸੰਵਾਰਨਗੇ, ਆਪਣੇ ਵੀ ਸੰਵਾਰਨਗੇ, ਡੇਰਾ ਮਹਾਨ ਬਣਾਉਣਗੇ, ਲੋਕਾਂ 'ਚ ਗੱਲ ਧੁਮਾ ਦਿੱਤੀ ਜਾਵੇਗੀ ਕਿ ਸੰਤ ਮਹਾਰਾਜ ਇੰਨੇ ਮਹਾਨ ਹਨ ਕਿ ਵੱਡੇ-ਵੱਡੇ ਨੇਤਾ ਅਤੇ ਅਫ਼ਸਰ ਉਨਖ਼੍ਹਾਂ ਦੇ ਦਰਸ਼ਨਾਂ ਨੂੰ ਆਉਂਦੇ ਹਨ।

ਸੰਤ ਸਮਾਜ ਦੇ ਸਾਬਕਾ ਪ੍ਰਧਾਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੰਸ਼ ਵਿਚੋਂ ਬਾਬਾ ਸਰਬਜੋਤ ਸਿੰਘ ਬੇਦੀ ਕਹਿੰਦੇ ਹੁੰਦੇ ਹਨ, ''ਮੈਂ ਸਾਧ ਮੰਡਲੀ ਵਿਚ ਪੈਰ ਤਾਂ ਧਰ ਲਿਆ ਹੈ ਪਰ ਇਨ੍ਹਾਂ ਕੋਲ ਸਿੱਖਾਂ ਨੂੰ ਦੇਣ ਲਈ ਕੁਝ ਵੀ ਨਹੀਂ। ਮਾਇਆ ਤੇ ਹਉਮੈ 'ਚ ਗ੍ਰਸੇ ਹੁੰਦੇ ਹਨ। ਕੁਝ ਚੰਗੇ ਵੀ ਸੰਤ ਹਨ ਜਿਨਖ਼੍ਹਾਂ ਦੀ ਕਰਨੀ ਮਹਾਨ ਹੈ, ਉਨਖ਼੍ਹਾਂ ਬਾਰੇ ਮੈਂ ਇਹ ਗੱਲ ਨਹੀਂ ਕਰਦਾ। ਪਰ ਬਹੁਤੇ ਸਾਧਾਂ ਦਾ ਇਹੀ ਹਾਲ ਹੈ। ਸਿੱਖੀ ਦੇ ਕਾਰਜ ਲਈ ਪੈਸਾ ਖਰਚਣ ਨੂੰ ਵੀ ਤਿਆਰ ਨਹੀਂ। ਸਿੱਖ ਯੂਨੀਵਰਸਿਟੀ ઠਬਣਾਉਣ ਦਾ ਪ੍ਰੋਗਰਾਮ ਉਲੀਕਿਆ ਸੀ, ਮੀਟਿੰਗ 'ਚ ਸਾਰੇ ਸੰਤਾਂ ਨੇ ਹਾਂ ਕਰ ਦਿੱਤੀ, ਪਰ ਹੁਣ ਪੈਸੇ ਪੱਖੋਂ ਸਭ ਤਿੰਨ-ਪੰਜ ਕਰ ਰਹੇ ਹਨ। ਉਤੋਂ ਸੰਤਾਂ ਦੇ ਘਟੀਆ ਚਰਿੱਤਰ ਬਾਰੇ ਗੱਲਾਂ ਸੁਣਨ ਵੀ ਆ ਰਹੀਆਂ ਹਨ। ਇਸ ਨਾਲ ਚੰਗੇ ਸੰਤਾਂ ਦੀ ਵੀ ਬਦਨਾਮੀ ਹੋ ਰਹੀ ਹੈ। ਜੇ ਇਕ ਸੰਤ ਦੂਸਰੇ ਸੰਤ ਦੇ ਇਲਾਕੇ ਵਿਚ ਪ੍ਰਚਾਰ ਕਰਨ ਚਲਾ ਜਾਂਦਾ ਹੈ ਤਾਂ ਇਹ ਸੰਤ ਬਰਦਾਸ਼ਤ ਨਹੀਂ ਕਰਦੇ। ਆਖਿਰ ਸਿੱਖੀ ਦਾ ਪ੍ਰਚਾਰ ਕਰਨਾ ਹੈ ਤਾਂ ਅਸੀਂ ਈਰਖਾ ਕਿਉਂ ਇਕ ਦੂਜੇ ਨਾਲ ਕਰੀਏ।''

ਕਹਾਣੀ ਭਾਵੇਂ ਕਾਰ-ਸੇਵਾ ਵਾਲੇ ਬਾਬਿਆਂ ਦੀ ਲੈ ਲਵੋ, ਪਰ ਉਨ੍ਹਖ਼ਾਂ ਨੇ ਗੁਰੂ-ਘਰਾਂ ਨੂੰ ਢਾਹ ਕੇ ਅਖੌਤੀ ਸੁੰਦਰੀਕਰਨ ਦਾ ਨਾਂਅ ਦੇ ਕੇ ਸਿੱਖ ਵਿਰਸੇ ਨੂੰ ਢਾਹ ਲਗਾਈ ਹੈ। ਇਥੋਂ ਤੱਕ ਕਿ ਜੂਨ '84 ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ 'ਚ ਗੋਲੀਆਂ ਦੇ ਲੱਗੇ ਨਿਸ਼ਾਨ ਵੀ ਮਿਟਾ ਦਿੱਤੇ ਹਨ ਜੋ ਸਰਕਾਰੀ ਜ਼ੁਲਮਾਂ ਦੀ ਦਾਸਤਾਨ ਕਹਿੰਦੇ ਸਨ। ਪੰਜਾਬ ਵਿਚ ਹੁਣ ਗੁਰੂ ਕਾਲ ਦੇ ਸਮੇਂ ਦੀ ਕੋਈ ਇਤਿਹਾਸਕ ਯਾਦਗਾਰ ਨਹੀਂ ਮਿਲਦੀ ਜੋ ਕਿ ਨਾਨਕਸ਼ਾਹੀ ਇੱਟਾਂ ਨਾਲ ਸਿਰਜੀ ਹੋਵੇ। ਹੁਣ ਰਾਜਸਥਾਨੀ ਚਿੱਟੇ ਪੱਥਰਾਂ ਨਾਲ ਉਸਰੀਆ ਇਕੋ ਜਿਹੀਆਂ ਇਮਾਰਤਾਂ ਸਾਧਾਂ ਦੀ ਯਾਦਗਾਰ ਦੇ ਰੂਪ ਵਿਚ ਦਿਖਾਈ ਦੇਂਦੀਆਂ ਹਨ। ਕਈ ਲੋਕਾਂ ਦਾ ਇਲਜ਼ਾਮ ਹੈ ਕਿ ਸ਼੍ਰੋਮਣੀ ਕਮੇਟੀ ਪੈਸੇ ਲੈ ਕੇ ਇਹ ਕਾਰ-ਸੇਵਾ ਦਿੰਦੀ ਹੈ।

ਸਿੱਖ ਲੀਡਰਸ਼ਿਪ, ਤਖ਼ਤਾਂ ਦੇ ਸਿੰਘ ਸਾਹਿਬਾਨ ਇਨ੍ਹਖ਼ਾਂ ਦੇ ਡੇਰਿਆਂ ਦੀ ਪਰਿਕਰਮਾ ਕਰੀ ਜਾਂਦੇ ਹਨ। ਕਈ ਵਾਰ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੇ ਆਦੇਸ਼ ਅਖ਼ਬਾਰਾਂ 'ਚ ਪੜਖ਼੍ਹਣ ਨੂੰ ਮਿਲਦੀ ਹੈ ਕਿ ਸਿੱਖ ਸੰਗਤਾਂ ਡੇਰੇਦਾਰ ਸਾਧਾਂ ਦੇ ਡੇਰੇ ਨਾ ਜਾਣ, ਗੁਰੂ ਮਰਿਯਾਦਾ ਨਾਲ ਜੁੜਨ, ਪਰ ਆਪ ਇਹ ਸਿੰਘ ਸਾਹਿਬਾਨ ਉਨਖ਼੍ਹਾਂ ਦੇ ਡੇਰੇ ਵਹੀਰਾਂ ਘੱਤ ਕੇ ਇਹ ਪ੍ਰਚਾਰ ਕਰਦੇ ਹਨ ਕਿ ਇਹ ਸਾਧ ਜਾਂ ਸੰਤ ਦੀ ਸਿੱਖ ਪੰਥ ਲਈ ਬਹੁਤ ਵੱਡੀ ਦੇਣ ਹੈ। ਫਿਰ ਸੰਗਤ ਕੀ ਕਰੇ, ਕਿਧਰ ਜਾਵੇ?

ਚਾਹੀਦਾ ਤਾਂ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਸੰਪਰਦਾਵਾਂ ਤੇ ਗੁਰਸਿੱਖਾਂ ਨੂੰ ਉਭਾਰ ਕੇ ਪੰਥਕ ਜਾਗ੍ਰਿਤੀ ਪੈਦਾ ਕੀਤੀ ਜਾਵੇ ਤਾਂ ਜੋ ਪੰਥ ਦੀ ਚੜ੍ਹਖ਼ਦੀ ਕਲਾ ਹੋ ਸਕੇ ਤੇ ਡੇਰਾਵਾਦ ਰੂਪੀ ਕੈਂਸਰ ਤੋਂ ਪੰਥ ਦਾ ਬਚਾਅ ਹੋ ਸਕੇ। ਇਹ ਗੱਲ ਬਿਲਕੁਲ ਸੱਚ ਹੈ ਕਿ ਇਨਖ਼੍ਹਾਂ ਸਾਧਾਂ ਦੀ ਪੰਥ ਲਈ ਕੋਈ ਦੇਣ ਨਹੀਂ। ਇਨਖ਼੍ਹਾਂ ਸਾਧਾਂ ਨੇ ਕਦੇ ਵੀ ਮਨੁੱਖੀ ਅਧਿਕਾਰਾਂ ਲਈ ਅਵਾਜ਼ ਬੁਲੰਦ ਨਹੀਂ ਕੀਤੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਜਿਹੇ ਭੇਖੀ ਸੰਤਾਂ ਲਈ ਅਸੰਤ ਸ਼ਬਦ ਦੀ ਵਰਤੋਂ ਕੀਤੀ ਹੈ ਜੋ ਭੋਲੀ ਭਾਲੀ ਜਨਤਾ ਨੂੰ ਕੁਰਾਹੇ ਪਾ ਕੇ ਲੁੱਟਦੇ ਰਹਿੰਦੇ ਹਨ :

ਅਸੰਤੁ ਅਨਾੜੀ ਕਦੇ ਨ ਬੂਝੈ॥ ਕਥਨੀ ਕਰੈ ਤੈ ਮਾਇਆ ਨਾਲਿ ਲੂਝੈ॥ ਅੰਧੁ ਅਗਿਆਨੀ ਕਦੇ ਨ ਸੀਝੈ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 160)

ਕੁੱਝ ਅਹਿਮ ਬਾਬਿਆਂ ਦੇ ਕਾਂਡ, ਜਿਹੜੇ ਚਰਚਾ 'ਚ ਰਹੇ

 

ਸੰਤ ਢੱਡਰੀਆਂ ਵਾਲੇ ਮੁੜ ਵਿਵਾਦਾਂ 'ਚ

ਸਮੇਂ-ਸਮੇਂ ਵਿਵਾਦਾਂ ਵਿਚ ਰਹਿਣ ਵਾਲੇ ਕੌਮਾਂਤਰੀ ਪ੍ਰਸਿੱਧ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ 'ਸਤਿਕਾਰਤ ਸ਼ਖ਼ਸੀਅਤ' ਇਕ ਵਾਰ ਮੁੜ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਲੱਖਾਂ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਗਾਉਣ ਦਾ ਦਾਅਵਾ ਕਰਨ ਵਾਲੇ ਸਭ ਤੋਂ ਛੋਟੀ ਉਮਰ ਦੇ ਸੰਤ ਢੱਡਰੀਆਂ ਵਾਲੇ ਦੇ ਇਕ ਪੁਰਾਣੇ ਚੇਲੇ ਨੇ ਦੋਸ਼ ਲਗਾਇਆ ਹੈ ਕਿ ਸੰਤ ਢੱਡਰੀਆਂ ਵਾਲੇ ਦੇ ਕਹਿਣ 'ਤੇ ਪੁਲਿਸ ਨੇ ਉਸ ਨੂੰ ਖਾੜਕੂਵਾਦ ਵੇਲੇ ਦੇ ਬਦਨਾਮ ਤੇ ਡਰਾਉਣੇ ਤਸੀਹਾ ਕੇਂਦਰ ਲੱਡਾ ਕੋਠੀ ਵਿਚ ਰੱਖ ਕੇ ਅੰਨ੍ਹਾ ਤਸ਼ੱਦਦ ਕੀਤਾ, ਅਲਫ਼ ਨੰਗਾ ਕਰਕੇ ਗੁਪਤ ਅੰਗਾਂ ਅਤੇ ਕੰਨ੍ਹਾਂ 'ਤੇ ਕਰੰਟ ਲਗਾਏ ਅਤੇ ਕੇਸ ਤੱਕ ਕਤਲ ਕਰ ਦਿੱਤੇ। ਚੇਲੇ ਦਾ ਦੋਸ਼ ਸਿਰਫ਼ ਇਹ ਸੀ ਕਿ ਉਹ ਸੰਤ ਢੱਡਰੀਆਂ ਵਾਲੇ ਦੇ ਡੇਰੇ ਵਿਚ ਨਹੀਂ ਰਹਿਣਾ ਚਾਹੁੰਦਾ ਸੀ ਅਤੇ ਡੇਰੇ ਵਿਚ ਹੁੰਦੇ ਅਨੈਤਿਕ ਕੰਮਾਂ ਵਿਰੁੱਧ ਬੋਲਦਾ ਸੀ।

ਜ਼ਿਲ੍ਹਾ ਸੰਗਰੂਰ ਦੇ ਪਿੰਡ ਬਲਿਆਲ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਪੁੱਤਰ ਹੁਸ਼ਿਆਰ ਸਿੰਘ ਵਲੋਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੁੱਧ ਚਿੱਟੇ ਦਾਮਨ ਨੂੰ ਤਾਰ-ਤਾਰ ਕਰਨ ਵਾਲੇ ਲਗਾਏ ਦੋਸ਼ ਅੱਜ-ਕੱਲ੍ਹ ਇੰਟਰਨੈਟ 'ਤੇ ਸੁਰਖੀਆਂ ਵਿਚ ਹਨ। ਉਹ ਦੱਸਦਾ ਹੈ ਕਿ ਢੱਡਰੀਆਂ ਵਾਲੇ ਦੇ ਡੇਰੇ ਵਿਚ ਰਹਿਣ ਵਾਲੇ ਕੁਝ ਸੇਵਾਦਾਰ ਛੋਟੇ-ਛੋਟੇ ਭੁਝੰਗੀਆਂ ਨਾਲ ਮੂੰਹ ਕਾਲਾ ਕਰਦੇ ਹਨ, ਕਈ ਸੇਵਾਦਾਰ ਰਾਤਾਂ ਨੂੰ ਵੇਸ਼ਵਾਵਾਂ ਲਿਆਉਂਦੇ ਹਨ। ਉਹ ਦੋਸ਼ ਲਗਾਉਂਦਾ ਹੈ ਕਿ ਸੰਤ ਢੱਡਰੀਆਂ ਵਾਲੇ ਦਾ ਆਪਣਾ ਦਾਮਨ ਵੀ ਸਾਫ਼ ਨਹੀਂ ਹੈ, ਉਹ ਵੀ ਮੂੰਹ-ਹਨੇਰੇ ਡੇਰੇ ਵਿਚੋਂ ਇਕੱਲਾ ਕਿਸੇ ਅਗਿਆਤ ਥਾਂ 'ਤੇ ਜਾਂਦਾ-ਆਉਂਦਾ ਰਹਿੰਦਾ ਹੈ। ਹਾਲਾਂਕਿ ਸੰਤ ਢੱਡਰੀਆਂ ਵਾਲੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਦੀ ਬੜੇ ਜ਼ੋਰਦਾਰ ਤਰੀਕੇ ਨਾਲ ਸਫ਼ਾਈ ਦਿੰਦਿਆਂ ਇਸ ਸਾਰੇ ਮਾਮਲੇ ਨੂੰ ਡੂੰਘੀ ਸਾਜ਼ਿਸ਼ ਦਾ ਹਿੱਸਾ ਦੱਸਦੇ ਹਨ।

ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਸੰਤ ਹੋਣ ਕਰਕੇ ਵੱਖਰੀ ਪਛਾਣ ਰੱਖਦਾ ਹੈ। ਉਹ ਸੰਨ 1999 ਵਿਚ 16 ਸਾਲ ਦੀ ਉਮਰ ਵਿਚ 'ਸੰਤ' ਬਣ ਕੇ ਸਿੱਖੀ ਪ੍ਰਚਾਰ ਖੇਤਰ ਵਿਚ ਆਇਆ ਸੀ। ਸੰਤ ਢੱਡਰੀਆਂ ਵਾਲੇ ਨੇ ਜਿਥੇ ਆਪਣੀ ਛੋਟੀ ਉਮਰ, ਸੁਨੱਖਾ ਰੰਗ, ਬੋਲਚਾਲ ਦੇ ਪ੍ਰਭਾਵਸ਼ਾਲੀ ਅਤੇ ਮਨਮੋਹਨੇ ਅੰਦਾਜ਼ ਕਰਕੇ ਬਹੁਤ ਛੇਤੀ ਸ਼ੋਹਰਤ ਦੀਆਂ ਬੁਲੰਦੀਆਂ ਹਾਸਲ ਕਰ ਲਈਆਂ, ਉਥੇ ਉਹ ਸਮੇਂ-ਸਮੇਂ 'ਤੇ ਵਿਵਾਦਾਂ ਵਿਚ ਫ਼ਸਦੇ ਰਹੇ ਅਤੇ ਉਨ੍ਹਾਂ ਦੀ ਸੰਤ ਸ਼ਖ਼ਸੀਅਤ ਅਤੇ ਗੁਰਮਤਿ ਸੂਝ-ਬੂਝ 'ਤੇ ਵੀ ਸਵਾਲ ਉਠਦੇ ਰਹੇ। ਲਗਭਗ 4-5 ਸਾਲ ਪਹਿਲਾਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਇਕ ਵੀਡੀਓ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਸਨ, ਜਿਸ ਵਿਚ ਦਿਖਾਇਆ ਗਿਆ ਸੀ ਕਿ ਸੰਤ ਢੱਡਰੀਆਂ ਵਾਲੇ ਨੇ ਆਪਣੇ ਸਿਰ 'ਤੇ ਕਲਗੀ ਲਗਾਈ ਹੋਈ ਹੈ ਅਤੇ ਉਹ ਦੇਹਧਾਰੀ ਗੁਰੂਆਂ ਵਾਂਗ ਔਰਤਾਂ, ਬਜ਼ੁਰਗਾਂ, ਬੱਚਿਆਂ ਅਤੇ ਮੁਟਿਆਰਾਂ ਕੋਲੋਂ ਮੱਥੇ ਟਿਕਵਾ ਰਹੇ ਹਨ ਅਤੇ ਆਸ਼ਰੀਵਾਦ ਦੇ ਰਹੇ ਹਨ। ਅਜਿਹਾ ਗੁਰਮਤਿ ਵਿਚ ਵਰਜ਼ਿਤ ਹੋਣ ਕਰਕੇ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਹੋਇਆ ਸੀ। ਬਾਅਦ ਵਿਚ ਸੰਤ ਢੱਡਰੀਆਂ ਵਾਲੇ ਨੇ ਇਹ ਕਹਿ ਕੇ ਮੁਆਫ਼ੀ ਮੰਗੀ ਸੀ ਕਿ ਉਨ੍ਹਾਂ ਨੂੰ ਗੁਰਮਤਿ ਵਿਚ ਮੱਥਾ ਟਿਕਵਾਉਣ ਦੀ ਮਨਾਹੀ ਦਾ ਪਤਾ ਨਹੀਂ ਸੀ। ਇਸ ਤੋਂ ਇਲਾਵਾ ਸੰਤ ਢੱਡਰੀਆਂ ਵਾਲੇ 'ਤੇ ਰੰਗ-ਬਿਰੰਗੇ ਚੋਲੇ ਪਹਿਨਣ, ਕੱਚੀ ਬਾਣੀ ਪੜ੍ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਭਨਿਆਰਾਂਵਾਲੇ 'ਤੇ ਹਮਲਾ ਕਰਨ ਵਾਲੇ ਇਕ ਨੌਜਵਾਨ ਦੇ ਪਰਿਵਾਰ ਦਾ ਨਿਰਾਦਰ ਕਰਨ ਵਰਗੇ ਦੋਸ਼ ਲੱਗਦੇ ਰਹੇ। ਦੋ ਸਾਲ ਪਹਿਲਾਂ ਪੰਜਾਬੀ ਗਾਇਕ ਬੱਬੂ ਮਾਨ ਵਲੋਂ ਗਾਏ ਗੀਤ 'ਇਕ ਬਾਬਾ ਨਾਨਕ ਸੀ, ਜਿਨ੍ਹੇ ਤੁਰ ਕੇ ਦੁਨੀਆ ਗਾਹ 'ਤੀ, ਇਕ ਅੱਜ-ਕੱਲ੍ਹ ਬਾਬੇ ਨੇ ਬੱਤੀ ਲਾਲ ਗੱਡੀ 'ਤੇ ਲਾ 'ਤੀ' ਨੂੰ ਲੈ ਕੇ ਵੀ ਸੰਤ ਢੱਡਰੀਆਂ ਵਾਲੇ ਬੇਲੋੜੇ ਵਿਵਾਦਾਂ ਵਿਚ ਘਿਰ ਗਏ ਸਨ। ਇਸ ਗੀਤ ਵਿਚ ਉਨ੍ਹਾਂ ਦਾ ਕੋਈ ਜ਼ਿਕਰ ਨਾ ਹੋਣ ਦੇ ਬਾਵਜੂਦ ਸੰਤ ਢੱਡਰੀਆਂ ਵਾਲੇ ਨੇ ਬੱਬੂ ਮਾਨ ਦੀ ਜੰਮ ਕੇ ਆਲੋਚਨਾ ਕੀਤੀ ਸੀ ਅਤੇ 'ਚੋਰ ਦੀ ਦਾੜ੍ਹੀ 'ਚ ਤਿਨਕਾ' ਦੀ ਕਹਾਵਤ ਅਨੁਸਾਰ ਆਪਣੇ ਆਪ ਵਿਵਾਦਾਂ ਵਿਚ ਫ਼ਸ ਗਏ ਸਨ। ਉਸ ਵੇਲੇ ਵੀ ਸੂਝਵਾਨ ਅਤੇ ਬੁੱਧੀਜੀਵੀ ਵਰਗ ਨੇ ਛੋਟੀ ਉਮਰ ਦੇ ਇਸ ਸੰਤ ਨੂੰ ਚੰਚਲ ਬਿਰਤੀ ਵਾਲਾ, ਨਿਆਣਮਤੀਆ ਅਤੇ ਅਸਹਿਣਸ਼ੀਲ ਆਖਿਆ ਸੀ।

ਪਿਛਲੇ ਕੁਝ ਸਮੇਂ ਤੋਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਆਪਣੇ ਪ੍ਰਚਲਿਤ ਧਾਰਨਾਵਾਂ ਵਾਲੇ ਕੀਰਤਨ ਦੇ ਨਾਲ ਅਖੰਡ ਕੀਰਤਨੀ ਜਥੇ ਦੀ ਰਵਾਇਤ ਵਾਂਗ ਕੀਰਤਨ ਕਰਨ ਲੱਗ ਪਏ ਸਨ ਅਤੇ ਉਨ੍ਹਾਂ ਨੇ ਆਪਣਾ ਬਾਣਾ ਵੀ ਨਿਹੰਗ ਸਿੰਘਾਂ ਵਾਲਾ ਅਪਣਾ ਲਿਆ ਸੀ।

ਸੰਤ ਸਮਸ਼ੇਰ ਸਿੰਘ ਜਗੇੜਾ - ਬਲਾਤਕਾਰ ਕਾਂਡ

ਸੰਤ ਸਮਸ਼ੇਰ ਸਿੰਘ ਜਗੇੜਾ ਇੰਟਰਨੈਸ਼ਨਲ ਸੰਤ ਸਮਾਜ ਦਾ ਪ੍ਰਧਾਨ ਹੈ। ਉਹ ਸੰਤ ਨਛੱਤਰ ਸਿੰਘ ਕੰਬਲੀ ਵਾਲਿਆਂ ਦੇ ਡੇਰਾ ਮਸਤੂਆਣਾ, ਦੁਗਰੀ, ਲੁਧਿਆਣਾ ਵਿਚ ਰਹਿੰਦਾ ਸੀ। ਸਾਲ 1999 ਵਿਚ ਜਦੋਂ ਬਾਦਲ-ਟੌਹੜਾ ਤੋੜ-ਵਿਛੋੜਾ ਹੋਇਆ ਤਾਂ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਵਾਲਾ ਸਮੁੱਚਾ ਸੰਤ ਸਮਾਜ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪੱਖ ਵਿਚ ਚਲਾ ਗਿਆ। ਉਸ ਵੇਲੇ ਤਤਕਾਲੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਸੰਤ ਸਮਸ਼ੇਰ ਸਿੰਘ ਜਗੇੜਾ ਨੂੰ ਥਾਪੜਾ ਦੇ ਕੇ 'ਇੰਟਰਨੈਸ਼ਨਲ ਸੰਤ ਸਮਾਜ' ਨਾਂਅ ਦੀ ਸੰਸਥਾ ਬਣਵਾ ਦਿੱਤੀ, ਜਿਸ ਵਿਚ ਪ੍ਰਮੁੱਖ ਸੰਤ ਸਮਾਜ ਤੋਂ ਨਾਰਾਜ਼ ਕੁਝ ਸੰਤ-ਬਾਬੇ ਸ਼ਾਮਲ ਸਨ। ਇਸ ਕਰਕੇ ਸੰਤ ਸਮਸ਼ੇਰ ਸਿੰਘ ਜਗੇੜਾ ਪ੍ਰਕਾਸ਼ ਸਿੰਘ ਬਾਦਲ ਦਾ ਖ਼ਾਸਮ-ਖ਼ਾਸ ਸੀ। ਸੰਤ ਸਮਸ਼ੇਰ ਸਿੰਘ ਜਗੇੜਾ 'ਤੇ ਇਹ ਵੀ ਦੋਸ਼ ਲੱਗਦੇ ਹਨ ਕਿ ਉਸ ਨੇ ਸਾਲ 2001 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਵਿਚ ਇਕ ਮੀਟਿੰਗ ਲਈ ਵਿਵਾਦਗ੍ਰਸਤ ਅਤੇ ਸਿੱਖ ਵਿਰੋਧੀ ਸਾਧ ਪਿਆਰਾ ਸਿੰਘ ਭਨਿਆਰਾਂਵਾਲੇ ਨੂੰ ਵੀ ਸੱਦਾ ਭੇਜਿਆ ਸੀ। ਇਸ ਮਾਮਲੇ ਦੀ ਵੀ ਸ਼ਿਕਾਇਤ ਖ਼ਾਲਸਾ ਪੰਚਾਇਤ ਜਥੇਬੰਦੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਲੈ ਕੇ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਤ ਸਮਸ਼ੇਰ ਸਿੰਘ ਜਗੇੜਾ ਨੂੰ ਧਾਰਮਿਕ ਸਜ਼ਾ ਵੀ ਲਗਾਈ ਗਈ ਸੀ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲੈਟਰਪੈਡ 'ਤੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਸੰਤ ਸਮਸ਼ੇਰ ਸਿੰਘ ਜਗੇੜਾ ਨੂੰ ਵਧੀਆ ਸਿੱਖੀ ਪ੍ਰਚਾਰਕ ਤੇ ਸੰਤ ਦੱਸਦਿਆਂ ਅਮਰੀਕਾ ਭੇਜਣ ਦੀ ਸਿਫ਼ਾਰਿਸ਼ੀ ਚਿੱਠੀ ਦੇਣ ਦਾ ਮਾਮਲਾ ਵੀ ਚਰਚਾ 'ਚ ਰਿਹਾ। ਬਾਅਦ ਵਿਚ ਖ਼ਾਲਸਾ ਪੰਚਾਇਤ ਨੇ ਸੰਤ ਸਮਸ਼ੇਰ ਸਿੰਘ ਜਗੇੜਾ ਨੂੰ ਵੀ ਦੁਨਿਆਵੀ ਅਦਾਲਤ ਵਿਚ ਧੂਹ ਲਿਆ। ਉਸ 'ਤੇ ਸਾਲ 2002 ਦੌਰਾਨ ਨਕਲੀ ਪਾਸਪੋਰਟ 'ਤੇ ਅਮਰੀਕਾ ਜਾਣ, ਤਿੰਨ ਜਾਅਲੀ ਪਾਸਪੋਰਟ ਰੱਖਣ ਦੀ ਸ਼ਿਕਾਇਤ ਦਰਜ ਕਰਵਾਈ ਗਈ। ਪਹਿਲਾਂ ਤਾਂ ਪੁਲਿਸ ਸੰਤ ਜਗੇੜਾ ਦੇ ਖਿਲਾਫ਼ ਮਾਮਲਾ ਦਰਜ ਕਰਨ ਤੋਂ ਆਨਾਕਾਨੀ ਕਰਦੀ ਰਹੀ, ਪਰ ਖ਼ਾਲਸਾ ਪੰਚਾਇਤ ਵਲੋਂ ਰਾਸ਼ਟਰਪਤੀ ਕੋਲ ਸ਼ਿਕਾਇਤ ਕਰਨ ਤੋਂ ਬਾਅਦ ਰਾਸ਼ਟਰਪਤੀ ਦੇ ਦਖ਼ਲ 'ਤੇ ਪੁਲਿਸ ਨੇ ਸੰਤ ਜਗੇੜਾ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ। ਉਸ ਨੂੰ ਜਾਅਲੀ ਪਾਸਪੋਰਟ ਰੱਖਣ, ਧੋਖਾਧੜ੍ਹੀ ਅਤੇ ਜਾਅਲਸਾਜ਼ੀ ਦੇ ਦੋਸ਼ ਵਿਚ ਪੰਜ ਸਾਲ ਦੀ ਸਜ਼ਾ ਹੋਈ ਸੀ।

ਸਾਲ 2003 ਵਿਚ ਸੰਤ ਸਮਸ਼ੇਰ ਸਿੰਘ ਜਗੇੜਾ 'ਤੇ ਉਸ ਦੇ ਡਰਾਈਵਰ ਅਮਰਜੀਤ ਸਿੰਘ ਕਾਲਾ ਦੀ ਪਤਨੀ ਨੇ ਬਲਾਤਕਾਰ ਦਾ ਦੋਸ਼ ਲਗਾ ਦਿੱਤਾ। ਅਮਰਜੀਤ ਸਿੰਘ ਡਰਾਈਵਰ ਨੂੰ ਸੰਤ ਜਗੇੜਾ ਨੇ ਕਿਸੇ ਕੰਮ ਲਈ ਬਾਹਰ ਭੇਜ ਕੇ ਉਸ ਦੀ ਪਤਨੀ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਇਆ। ਡਰਾਈਵਰ ਦੀ ਪਤਨੀ ਦੇ ਰੌਲਾ ਪਾਉਣ 'ਤੇ ਲੋਕ ਇਕੱਠੇ ਹੋ ਗਏ ਤੇ ਸੰਤ ਜਗੇੜਾ ਨੂੰ ਫੜ ਲਿਆ। ਉਸ 'ਤੇ ਬਲਾਤਕਾਰ ਦਾ ਮਾਮਲਾ ਦਰਜ ਹੋਇਆ। ਸੰਤ ਜਗੇੜਾ ਬਲਾਤਕਾਰ ਦੇ ਮਾਮਲੇ 'ਚ ਤਿੰਨ ਸਾਲ ਜੇਲ੍ਹ ਵਿਚ ਬੰਦ ਰਿਹਾ। ਬਾਅਦ ਵਿਚ ਉਹ ਪੀੜਤ ਧਿਰ ਨਾਲ ਸਮਝੌਤਾ ਹੋਣ 'ਤੇ ਜੇਲ੍ਹ ਵਿਚੋਂ ਰਿਹਾਅ ਹੋਇਆ। ਇਸ ਮਾਮਲੇ ਤੋਂ ਬਾਅਦ ਸੰਤ ਜਗੇੜਾ ਤੋਂ ਡੇਰਾ ਖ਼ਾਲੀ ਕਰਵਾ ਲਿਆ ਗਿਆ।

ਸੰਤ ਮਾਨ ਸਿੰਘ ਪਿਹੋਵਾ ਕਾਂਡ

ਸੰਤ ਮਾਨ ਸਿੰਘ ਪਿਹੋਵਾ ਵਾਲਾ ਕਈ ਵਾਰ ਵਿਵਾਦਾਂ ਵਿਚ ਘਿਰਿਆ ਰਿਹਾ ਹੈ। ਉਸ ਦਾ ਮੁੱਖ ਡੇਰਾ ਹਰਿਆਣਾ ਦੇ ਪਿਹੋਵਾ ਸ਼ਹਿਰ ਵਿਚ ਹੈ। ਉਸ 'ਤੇ ਵਿਦੇਸ਼ਾਂ ਵਿਚ ਜਾ ਕੇ ਗਿਲਾਸਾਂ ਵਿਚ ਪਾ ਕੇ ਅੰਮ੍ਰਿਤ ਛਕਾ ਕੇ ਸਿੱਖੀ ਪ੍ਰੰਪਰਾਵਾਂ ਤੇ ਮਰਿਆਦਾ ਦੀ ਖਿੱਲੀ ਉਡਾਉਣ, ਐਸ਼ਪ੍ਰਸਤੀ ਕਰਨ ਸਮੇਤ ਸੁਨਾਮੀ ਪੀੜਤ ਇਕ ਕੁੜੀ ਨਾਲ ਬਲਾਤਕਾਰ ਕਰਨ ਦੇ ਗੰਭੀਰ ਦੋਸ਼ ਵੀ ਲੱਗੇ। ਉਸ 'ਤੇ ਸਾਲ 2007 ਦੇ ਮਈ-ਜੂਨ ਮਹੀਨੇ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਦੀਆਂ ਦੋ ਸਕੀਆਂ ਭੈਣਾਂ ਨੇ ਬਲਤਾਕਾਰ ਦਾ ਦੋਸ਼ ਲਗਾਇਆ ਸੀ। ਇਨ੍ਹਾਂ ਦੋਹਾਂ ਭੈਣਾਂ ਦਾ ਪਰਿਵਾਰ ਸੰਤ ਪਿਹੋਵਾ ਦਾ ਸ਼ਰਧਾਲੂ ਸੀ ਅਤੇ ਸ਼ਰਧਾ ਦੀ ਆੜ ਹੇਠ ਸੰਤ ਪਿਹੋਵਾ ਆਪਣੀਆਂ ਧੀਆਂ ਦੀ ਉਮਰ ਦੀਆਂ ਦੋ ਸਕੀਆਂ ਭੈਣਾਂ ਨਾਲ ਜ਼ਬਰ-ਜਿਨਾਹ ਕਰਦਾ ਰਿਹਾ। ਇਸ ਤੋਂ ਇਲਾਵਾ ਤੀਰਥ ਸਿੰਘ ਪੁੱਤਰ ਸਰਬਣ ਸਿੰਘ ਵਾਸੀ ਪਿੰਡ ਬੁੱਢਾ ਭੌਰਾ ਜ਼ਿਲ੍ਹਾ ਰੋਪੜ ਹਾਲ ਵਾਸੀ ਮਕਾਨ ਨੰਬਰ 286 ਗੋਬਿੰਦਪੁਰਾ ਦੋਰਾਹਾ ਜ਼ਿਲ੍ਹਾ ਲੁਧਿਆਣਾ ਨੇ ਪਿਹੋਵਾ ਵਾਲੇ ਸੰਤ ਮਾਨ ਸਿੰਘ 'ਤੇ ਜ਼ਮੀਨ ਹੜੱਪਣ ਦਾ ਦੋਸ਼ ਲਗਾਇਆ ਸੀ। ਉਸ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਬਾਬੇ ਤੋਂ ਪ੍ਰਭਾਵਿਤ ਹੋ ਕੇ ਆਪਣੀ ਸਾਢੇ ਤਿੰਨ ਏਕੜ ਜ਼ਮੀਨ ਜਿਸ ਵਿਚ ਕਿੰਨੂਆਂ ਦਾ ਬਾਗ਼ ਲੱਗਾ ਹੋਇਆ ਹੈ, 1992 ਵਿਚ ਡੇਰੇ ਦੇ ਨਾਂਅ ਕਰਵਾ ਦਿੱਤੀ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਬਾਬੇ ਦੇ ਫੂਲ ਪਿੰਡ ਸਥਿਤ ਡੇਰੇ 'ਚ ਸੇਵਾ ਕਰਨ ਲੱਗ ਪਿਆ, ਪਰ ਬਾਅਦ 'ਚ ਜਦ ਉਨ੍ਹਾਂ ਨੂੰ ਡੇਰੇ ਵਿਚ ਰਹਿੰਦਿਆਂ ਬਾਬੇ ਅਤੇ ਉਸ ਦੇ ਸੇਵਕਾਂ ਦੀਆਂ ਹਰਕਤਾਂ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ, ਜਿਸ 'ਤੇ ਬਾਬੇ ਨੇ ਉਨ੍ਹਾਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਅੰਤ ਉਨ੍ਹਾਂ ਨੇ 1994 'ਚ ਇਹ ਡੇਰਾ ਛੱਡ ਦਿੱਤਾ। ਆਪਣੀ ਫੀਏਟ ਤੇ ਅੰਬੈਸਡਰ ਕਾਰ ਅਤੇ ਮਹਿੰਦਰਾ ਜੀਪ ਬਾਬੇ ਨਾਂਅ ਕਰਨ ਵਾਲੇ ਹਰਪਾਲ ਸਿੰਘ ਸੋਢੀ ਵਾਸੀ ਰੋਪੜ ਅਤੇ 14 ਸਾਲ ਬਾਬੇ ਦੇ ਗੜਵਈ (ਪੀ: ਏ:) ਰਹੇ ਸਾਹਿਬ ਸਿੰਘ ਬੱਸੀ ਪਠਾਣਾ ਨੇ ਵੀ ਬਾਬੇ 'ਤੇ ਇਸ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਸਨ।

ਸਾਹਿਬ ਸਿੰਘ ਨੇ ਬਾਬੇ ਦੇ ਚਰਿੱਤਰ ਨੂੰ ਤਾਰ-ਤਾਰ ਕਰਨ ਵਾਲੇ ਕਈ ਸੰਗੀਨ ਦੋਸ਼ ਲਗਾਏ ਸਨ। ਉਸ ਦਾ ਕਹਿਣਾ ਸੀ ਕਿ ਸੰਤ ਮਾਨ ਸਿੰਘ ਪਿਹੋਵਾ ਵਾਲਾ ਡੇਰੇ ਵਿਚ ਆਪਣੀਆਂ ਅਨੇਕਾਂ ਸ਼ਰਧਾਲੂ ਬੀਬੀਆਂ ਨਾਲ ਜ਼ਬਰ-ਜਿਨਾਹ ਕਰਦਾ ਹੈ ਅਤੇ ਮੂੰਹ ਬੰਦ ਰੱਖਣ ਲਈ ਧਮਕੀਆਂ ਦਿੰਦਾ ਹੈ। ਸਾਹਿਬ ਸਿੰਘ ਨੇ ਜਦੋਂ ਪਿਛੇ ਜਿਹੇ ਸੰਤ ਮਾਨ ਸਿੰਘ ਪਿਹੋਵਾ ਦੇ ਦੁੱਧ ਚਿੱਟੇ ਦਾਮਨ ਨੂੰ ਤਾਰ-ਤਾਰ ਕਰਨ ਵਾਲੇ ਖੁਲਾਸੇ ਕੀਤੇ ਸਨ ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਮਿਲੀਆਂ ਸਨ। ਸਾਹਿਬ ਸਿੰਘ ਨੇ ਦੋਸ਼ ਲਗਾਇਆ ਸੀ ਕਿ ਉਸ 'ਤੇ ਸੰਤ ਮਾਨ ਸਿੰਘ ਪਿਹੋਵਾ ਨੇ ਅੰਨ੍ਹਾ ਤਸ਼ੱਦਦ ਕਰਕੇ ਉਸ ਨੂੰ ਅੱਖਾਂ ਦੀ ਜੋਤ ਤੋਂ ਹੀਣਾ ਕਰ ਦਿੱਤਾ ਹੈ। ਸਾਹਿਬ ਸਿੰਘ ਨੇ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਬੱਸੀ ਪਠਾਣਾ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪਰ ਦੂਜੇ ਪਾਸੇ ਪਿਛਲੇ ਸਾਲਾਂ ਦੌਰਾਨ ਸਾਹਿਬ ਸਿੰਘ ਨੂੰ ਹੀ ਪੁਲਿਸ ਨੇ ਖਾੜਕੂਆਂ ਨਾਲ ਸਬੰਧ ਰੱਖਣ ਦੇ ਦੋਸ਼ 'ਚ ਗ੍ਰਿਫ਼ਤਾਰ ਕਰਕੇ ਜੇਲ੍ਹ ਵਿਚ ਸੁੱਟ ਦਿੱਤਾ ਸੀ। ਉਸ ਵੇਲੇ ਵੀ ਸਾਹਿਬ ਸਿੰਘ ਨੇ ਦੋਸ਼ ਲਗਾਏ ਸਨ ਕਿ ਸੰਤ ਪਿਹੋਵਾ ਨੇ ਆਪਣੇ ਨਜ਼ਦੀਕੀ ਪੁਲਿਸ ਅਫ਼ਸਰਾਂ ਨਾਲ ਮਿਲ ਕੇ ਉਸ ਨੂੰ ਸਾਜ਼ਿਸ਼ ਤਹਿਤ ਫ਼ਸਾਇਆ ਹੈ। ਪਿਛਲੇ ਮਹੀਨੇ ਹੀ ਫ਼ਤਿਹਗੜ੍ਹ ਸਾਹਿਬ ਅਦਾਲਤ ਨੇ ਸਾਹਿਬ ਸਿੰਘ ਨੂੰ ਖਾੜਕੂ ਸਰਗਰਮੀਆਂ ਦੇ ਮਾਮਲੇ ਵਿਚੋਂ ਬਰੀ ਕਰ ਦਿੱਤਾ ਸੀ। ਜਦੋਂ ਮਾਨ ਸਿੰਘ ਪਿਹੋਵਾ ਵਾਲਾ ਚਰਿੱਤਰਹੀਣਤਾ ਦੇ ਦੋਸ਼ਾਂ 'ਚ ਘਿਰਿਆ ਸੀ ਤਾਂ ਵਿਦੇਸ਼ਾਂ ਵਿਚ ਉਸ ਦੀ ਆਮਦ 'ਤੇ ਸਿੱਖ ਸੰਗਤਾਂ ਨੇ ਜ਼ਬਰਦਸਤ ਰੋਸ-ਮੁਜ਼ਾਹਰੇ ਕੀਤੇ ਸਨ। ਸਿੱਖ ਸੰਗਤਾਂ ਨੇ ਜੁੱਤੀਆਂ ਦੇ ਹਾਰ ਲੈ ਕੇ ਕਈ ਦੇਸ਼ਾਂ ਦੇ ਹਵਾਈ ਅੱਡਿਆਂ ਦੇ ਬਾਹਰ ਮਾਨ ਸਿੰਘ ਪਿਹੋਵਾ ਦੇ ਆਉਣ ਦਾ ਵਿਰੋਧ ਕੀਤਾ ਸੀ ਤੇ ਇਸੇ ਕਰਕੇ ਕਈ ਦੇਸ਼ਾਂ ਦੇ ਹਵਾਈ ਅੱਡਿਆਂ ਤੋਂ ਹੀ ਉਸ ਨੂੰ ਬੇਰੰਗ ਵਾਪਸ ਪਰਤਣਾ ਪਿਆ ਸੀ।

ਧਨਵੰਤ ਸਿੰਘ - ਬਲਾਤਕਾਰ ਮਾਮਲਾ

ਬਾਬਾ ਧਨਵੰਤ ਸਿੰਘ 'ਵਿਸ਼ਵ ਨੂਰ ਰੂਹਾਨੀ ਚੈਰੀਟੇਬਲ ਟਰੱਸਟ' ਨਾਂਅ ਦੀ ਸੰਸਥਾ ਦਾ ਮੁਖੀ ਸੀ, ਜਿਸ ਦਾ ਮੁੱਖ ਕੇਂਦਰ ਗੁਰਦਾਸਪੁਰ ਨੇੜੇ ਅੰਮ੍ਰਿਤਸਰ ਜੀ.ਟੀ. ਰੋਡ 'ਤੇ ਪਿੰਡ ਜੀਵਨਵਾਲ-ਬੱਬਰੀ ਕੋਲ ਸੀ। ਬਾਬਾ ਧਨਵੰਤ ਸਿੰਘ ਦਾ ਪਿੰਡ ਨਵਾਂਸ਼ਹਿਰ ਨੇੜੇ ਪੱਲੀ ਝਿੱਕੀ ਸੀ। ਇਹ ਬਾਬਾ ਸਾਲ 2002 ਵਿਚ ਨਵਾਂਸ਼ਹਿਰ ਨੇੜੇ ਆਪਣੇ ਇਕ ਸ਼ਰਧਾਲੂ ਪਰਿਵਾਰ ਦੀ ਕੁੜੀ ਨਾਲ ਬਲਾਤਕਾਰ ਦੇ ਮਾਮਲੇ 'ਚ ਫ਼ਸ ਗਿਆ। ਧਨਵੰਤ ਸਿੰਘ ਨੇ ਆਪਣੇ ਸ਼ਰਧਾਲੂ ਪਰਿਵਾਰ ਦੀ ਮਾਨਸਿਕ ਤੌਰ 'ਤੇ ਬਿਮਾਰ ਧੀ ਨੂੰ ਇਲਾਜ ਦੇ ਬਹਾਨੇ ਡੇਰੇ ਵਿਚ ਰੱਖ ਲਿਆ। ਉਹ ਉਸ ਨੂੰ ਭੋਜਨ ਵਿਚ ਨਸ਼ੇ ਦੀਆਂ ਗੋਲੀਆਂ ਦੇ ਕੇ ਨੀਮ-ਬੇਹੋਸ਼ੀ ਵਿਚ ਰੱਖ ਕੇ ਲਗਾਤਾਰ ਇਕ ਹਫ਼ਤਾ ਜ਼ਬਰ-ਜਿਨਾਹ ਕਰਦਾ ਰਿਹਾ। ਹਫ਼ਤੇ ਬਾਅਦ ਜਦੋਂ ਲੜਕੀ ਨੇ ਆਪਣੇ ਮਾਂ-ਬਾਪ ਨੂੰ ਕਹਾਣੀ ਦੱਸੀ ਤਾਂ ਕੁੜੀ ਦੇ ਮਾਪਿਆਂ ਨੇ ਕੁਝ ਸਿੱਖ ਜਥੇਬੰਦੀਆਂ ਕੋਲ ਜਾ ਕੇ ਫ਼ਰਿਆਦ ਕੀਤੀ। ਖ਼ਾਲਸਾ ਪੰਚਾਇਤ ਜਥੇਬੰਦੀ ਇਸ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਗਈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਪਹਿਲਾਂ ਤਾਂ ਉਸ ਕੁੜੀ ਦੇ ਸਿਰ 'ਤੇ ਹੱਥ ਰੱਖ ਕੇ ਉਸ ਨੂੰ ਇਨਸਾਫ਼ ਦੇਣ ਦਾ ਵਾਅਦਾ ਕੀਤਾ ਪਰ ਮਗਰੋਂ ਧਨਵੰਤ ਸਿੰਘ ਨੂੰ ਬਚਾਉਣ ਦੇ ਪੈਂਤੜੇ 'ਤੇ ਆ ਗਏ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨ ਨੇ ਇਕੱਤਰ ਹੋ ਕੇ ਮਾਮਲਾ ਪੰਜ ਪਿਆਰਿਆਂ ਦੇ ਹਵਾਲੇ ਕਰ ਦਿੱਤਾ। ਬਾਬੇ ਧਨਵੰਤ ਸਿੰਘ ਨੇ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਲਿਖਤੀ ਤੌਰ 'ਤੇ ਆਖਿਆ ਕਿ ਉਸ ਨੇ ਅਜਿਹਾ ਕੁਕਰਮ ਜ਼ਿੰਦਗੀ ਵਿਚ ਕਦੇ ਵੀ ਨਹੀਂ ਕੀਤਾ। ਜਦੋਂ ਖ਼ਾਲਸਾ ਪੰਚਾਇਤ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਧਨਵੰਤ ਸਿੰਘ ਦੇ ਦੋਹਰੇ ਝੂਠ ਦਾ ਪਰਦਾਫਾਸ਼ ਕਰਦਿਆਂ ਇਸ ਤੋਂ ਪਹਿਲਾਂ ਵੀ ਨਵਾਂਸ਼ਹਿਰ ਨੇੜੇ ਦੇ ਇਕ ਪਰਿਵਾਰ ਦੀ ਕੁੜੀ ਨਾਲ ਬਲਾਤਕਾਰ ਮਾਮਲੇ ਵਿਚ ਧਨਵੰਤ ਸਿੰਘ ਵਲੋਂ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੂੰ ਦਿੱਤੇ ਲਿਖਤੀ ਮੁਆਫ਼ੀਨਾਮੇ ਨੂੰ ਲਿਆ ਕੇ ਪੇਸ਼ ਕਰ ਦਿੱਤਾ। ਇਸ ਤੋਂ ਬਾਅਦ ਵੀ ਸਿੰਘ ਸਾਹਿਬਾਨ ਨੇ ਧਨਵੰਤ ਸਿੰਘ ਦੇ ਬਚਾਅ ਦਾ ਪੈਂਤੜਾ ਨਾ ਤਿਆਗਿਆ ਅਤੇ 10 ਮਈ 2002 ਨੂੰ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਧਨਵੰਤ ਸਿੰਘ ਨੂੰ ਮਾਮੂਲੀ ਜਿਹੀ ਸਜ਼ਾ ਲਗਾ ਕੇ ਨਾਲ ਹੀ ਸ਼ਿਕਾਇਤਕਰਤਾ ਧਿਰ ਨੂੰ ਵੀ ਸਜ਼ਾ ਲਗਾ ਦਿੱਤੀ ।

ਧਰਮ ਦੀ ਅਦਾਲਤ ਤੋਂ ਇਨਸਾਫ਼ ਨਾ ਮਿਲਣ ਤੋਂ ਨਿਰਾਸ਼ ਹੋਈ ਪੀੜਤ ਧਿਰ ਮਗਰੋਂ ਦੁਨਿਆਵੀ ਅਦਾਲਤ ਵਿਚ ਜਾ ਪੇਸ਼ ਹੋਈ। ਪੀੜਤ ਧਿਰ ਐਸ.ਐਸ.ਪੀ. ਨਵਾਂਸ਼ਹਿਰ, ਜੋ ਖੁਦ ਇਕ ਔਰਤ ਸੀ, ਕੋਲ ਫ਼ਰਿਆਦ ਲੈ ਕੇ ਪੁੱਜੀ। ਐਸ.ਐਸ. ਪੀ. ਨੇ ਪੀੜਤ ਧਿਰ ਦੀ ਸ਼ਿਕਾਇਤ ਦੀ ਪੂਰੀ ਜਾਂਚ ਕਰਵਾਈ। ਇਸੇ ਦੌਰਾਨ ਖ਼ਾਲਸਾ ਪੰਚਾਇਤ ਨੇ ਧਨਵੰਤ ਸਿੰਘ ਦੀ ਹਵਸ਼ ਦਾ ਸ਼ਿਕਾਰ ਬਣੀਆਂ ਹੋਰ 7 ਬੀਬੀਆਂ ਨੂੰ ਵੀ ਐਸ.ਐਸ.ਪੀ. ਕੋਲ ਪੇਸ਼ ਕੀਤਾ, ਜਿਹੜੀਆਂ ਆਪਣੇ ਘਰ ਉਜੜ ਜਾਣ ਅਤੇ ਬਦਨਾਮੀ ਦੇ ਡਰ ਕਾਰਨ ਸਾਹਮਣੇ ਆਉਣ ਤੋਂ ਡਰਦੀਆਂ ਸਨ। ਪੁਲਿਸ ਨੇ 29 ਅਗਸਤ 2002 ਨੂੰ ਧਨਵੰਤ ਸਿੰਘ ਨੂੰ ਬਲਾਤਕਾਰ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ। ਖ਼ਾਲਸਾ ਪੰਚਾਇਤ ਨੇ ਦੋਸ਼ ਲਗਾਇਆ ਸੀ ਕਿ ਜਥੇਦਾਰ ਵੇਦਾਂਤੀ ਦੇ ਪੀ.ਏ. ਪ੍ਰਿਥੀਪਾਲ ਸਿੰਘ ਨੇ ਧਨਵੰਤ ਸਿੰਘ ਤੋਂ 70 ਹਜ਼ਾਰ ਰੁਪਏ ਰਿਸ਼ਵਤ ਲਈ ਸੀ, ਜਿਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਇਸ ਤੋਂ ਖਿੱਝ ਕੇ ਜਥੇਦਾਰ ਵੇਦਾਂਤੀ ਨੇ ਖ਼ਾਲਸਾ ਪੰਚਾਇਤ ਦੇ ਪੰਜ ਮੈਂਬਰ ਵੀ ਤਲਬ ਕਰ ਲਏ। ਖਾਲਸਾ ਪੰਚਾਇਤ ਨੇ ਜਥੇਦਾਰ ਵੇਦਾਂਤੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਧਰਨੇ-ਮੁਜ਼ਾਹਰੇ ਵੀ ਕੀਤੇ ਸਨ। ਮਗਰੋਂ 29 ਜਨਵਰੀ 2004 ਨੂੰ ਧਨਵੰਤ ਸਿੰਘ ਨੂੰ ਆਪਣੀ ਸ਼ਰਧਾਲੂ ਕੁੜੀ ਨਾਲ ਬਲਾਤਕਾਰ ਦੇ ਦੋਸ਼ ਵਿਚ ਅਦਾਲਤ ਨੇ 10 ਸਾਲ ਕੈਦ ਤੇ ਜ਼ੁਰਮਾਨੇ ਦੀ ਸਜ਼ਾ ਦਿੱਤੀ ਸੀ।

ਸੰਤ ਦਲਜੀਤ ਸਿੰਘ ਸ਼ਿਕਾਗੋ ਤੇ ਵੋਕਾਂਡਾ ਮੋਟਲ ਕਾਂਡ

ਸੰਤ ਦਲਜੀਤ ਸਿੰਘ ਸ਼ਿਕਾਗੋ ਦੀ ਜ਼ਿੰਦਗੀ ਦਾ ਵਿਵਾਦਾਂ ਨੇ ਕਦੇ ਵੀ ਪੱਲਾ ਨਹੀਂ ਛੱਡਿਆ। ਸੰਤ ਦਲਜੀਤ ਸਿੰਘ ਸ਼ਿਕਾਗੋ ਖਾੜਕੂ ਲਹਿਰ ਦੀ ਪਤਨ ਤੋਂ ਥੋੜ੍ਹਾ ਸਮਾਂ ਪਹਿਲਾਂ ਦਲਜੀਤ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗ੍ਰੰਥੀ ਵਜੋਂ ਤਾਇਨਾਤ ਰਿਹਾ ਹੈ ਤੇ ਦੋ ਮਹੀਨਿਆਂ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਕਾਰਜਕਾਰੀ ਜਥੇਦਾਰ ਵੀ ਰਿਹਾ। ਇਸੇ ਦੌਰਾਨ ਉਹ ਅਮਰੀਕਾ ਦਾ ਵੀਜ਼ਾ ਲੈਣ ਵਿਚ ਸਫ਼ਲ ਹੋ ਗਿਆ। ਉਹ ਅਮਰੀਕਾ ਜਾ ਕੇ ਧਰਮ ਪ੍ਰਚਾਰ ਕਰਨ ਲੱਗ ਪਿਆ। ਰਿਚਮੁੰਡ ਹਿਲ (ਨਿਊਯਾਰਕ) ਗੁਰਦੁਆਰਾ ਸਾਹਿਬ ਵਿਚ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਭਿਣਕ ਪੈਣ 'ਤੇ ਗੁਰਦੁਆਰੇ ਦੇ ਕਮਰੇ ਵਿਚ ਹੀ ਦਲਜੀਤ ਸਿੰਘ ਨੂੰ ਇਕ ਪਰਾਈ ਔਰਤ ਦੇ ਨਾਲ ਰੰਗੇ ਹੱਥੀ ਫੜ ਲਿਆ। ਇਸ ਤੋਂ ਬਾਅਦ ਸੰਤ ਸ਼ਿਕਾਗੋ ਦੋ ਸਾਲ ਲਈ ਵੱਖ-ਵੱਖ ਦੇਸ਼ਾਂ ਵਿਚ ਅਗਿਆਤਵਾਸ ਘੁੰਮਦੇ ਰਹੇ।

ਫਿਰ ਇਨ੍ਹਾਂ ਨੂੰ ਸ਼ਿਕਾਗੋ ਵਿਚ ਦੋ ਸਕੀਆਂ ਭੈਣਾਂ ਮਿਲ ਗਈਆਂ, ਜਿਨ੍ਹਾਂ ਨੇ ਸੰਤ ਸ਼ਿਕਾਗੋ ਨੂੰ ਇਕ ਚਰਚ ਦੀ ਇਮਾਰਤ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਲੈ ਕੇ ਦਿੱਤੀ। ਇਨ੍ਹਾਂ ਦੋਹਾਂ ਬੀਬੀਆਂ ਨਾਲ ਵੀ ਸੰਤ ਸ਼ਿਕਾਗੋ ਦੇ ਸਬੰਧਾਂ ਨੂੰ ਲੈ ਕੇ ਚਰਚਾ ਚਲਦੀ ਰਹੀ। ਇਸ ਦੌਰਾਨ ਸੰਤ ਸ਼ਿਕਾਗੋ ਨੇ ਆਪਣੀ ਭਾਰਤ ਰਹਿੰਦੀ ਪਤਨੀ ਨੂੰ ਛੱਡ ਕੇ ਇਕ ਅਮਰੀਕਾ ਦੀ ਸਿੱਖ ਔਰਤ ਨਾਲ ਵਿਆਹ ਕਰਵਾ ਲਿਆ। ਉਸ ਦੀ ਭਾਰਤ ਰਹਿੰਦੀ ਪਤਨੀ ਖ਼ਾਲਸਾ ਪੰਚਾਇਤ ਸਮੇਤ ਕਈ ਸਿੱਖ ਜਥੇਬੰਦੀਆਂ ਰਾਹੀਂ ਆਪਣੀ ਫ਼ਰਿਆਦ ਕਰਦੀ ਰਹੀ, ਪਰ ਸੰਤ ਸ਼ਿਕਾਗੋ ਨੂੰ ਪੰਜਾਬ ਵਿਚ ਰਹਿੰਦੀ ਆਪਣੀ ਪਤਨੀ ਤੇ ਬੱਚਿਆਂ ਦਾ ਕੋਈ ਮੋਹ ਨਹੀਂ ਆਇਆ।

ਸੰਤ ਸ਼ਿਕਾਗੋ ਸਭ ਤੋਂ ਕਸੂਤੀ ਸਥਿਤੀ ਵਿਚ ਵੋਕਾਂਡਾ ਦੇ ਮੋਟਲ ਵਿਚ ਇਕ ਪਰਾਈ ਔਰਤ ਨਾਲ ਫੜੇ ਜਾਣ ਵਾਲੇ ਫ਼ਸਿਆ। ਨਿਊਯਾਰਕ ਦੀ ਰਹਿਣ ਵਾਲੀ ਮੀਨਾ ਸਿੰਘ ਨਾਂਅ ਦੀ 43 ਸਾਲਾ ਔਰਤ ਨਾਲ ਸੰਤ ਦਲਜੀਤ ਸਿੰਘ ਸ਼ਿਕਾਗੋ ਨੂੰ ਵੋਕਾਂਡਾ ਦੇ ਇਕ ਮੋਟਲ ਵਿਚ ਸੈਂਕੜੇ ਸਿੱਖ ਸੰਗਤਾਂ ਨੇ ਰੰਗੇ ਹੱਥੀ ਫੜ ਲਿਆ ਸੀ। ਉਸ ਵੇਲੇ ਸੰਤ ਸ਼ਿਕਾਗੋ ਪੁਲਿਸ ਦੀ ਮਦਦ ਨਾਲ ਮੋਟਲ ਵਿਚੋਂ ਫ਼ਰਾਰ ਹੋਇਆ ਸੀ। ਉਸ ਨੂੰ ਮੋਟਲ ਦੇ ਕਮਰਾ ਨੰਬਰ 5 ਵਿਚੋਂ ਪੁਲਿਸ ਦੀ ਮੌਜੂਦਗੀ ਵਿਚ ਪਰਾਈ ਔਰਤ ਨਾਲ ਫ਼ੜਿਆ ਗਿਆ ਸੀ ਪਰ ਸ਼ਿਕਾਗੋ ਪੁਲਿਸ ਉਸ ਦੇ ਖਿਲਾਫ਼ ਕੋਈ ਕੇਸ ਦਰਜ ਨਹੀਂ ਕਰ ਸਕੀ, ਕਿਉਂਕਿ ਸੰਤ ਸ਼ਿਕਾਗੋ ਅਤੇ ਉਸ ਦੇ ਨਾਲ ਫੜੀ ਜਾਣ ਵਾਲੀ ਔਰਤ ਬਾਲਗ ਸਨ ਅਤੇ ਕਾਨੂੰਨ ਅਨੁਸਾਰ ਉਹ ਦੋਸ਼ੀ ਨਹੀਂ ਸਨ, ਪਰ ਸਿੱਖ ਸਦਾਚਾਰ ਅਤੇ ਭਾਈਚਾਰਕ ਤੌਰ 'ਤੇ ਉਹ ਬੱਜ਼ਰ ਕੁਤਾਹੀ ਕਰਨ ਦਾ ਭਾਗੀ ਪਾਇਆ ਗਿਆ, ਜਿਸ ਤੋਂ ਬਾਅਦ ਉਸ ਦੇ ਖਿਲਾਫ਼ ਸੰਸਾਰ ਭਰ ਦੀਆਂ ਸਿੱਖ ਜਥੇਬੰਦੀਆਂ ਦੇ ਵੱਧਦੇ ਰੋਹ ਨੂੰ ਦੇਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੰਤ ਸ਼ਿਕਾਗੋ ਨੂੰ ਧਾਰਮਿਕ ਸਜ਼ਾ ਲਗਾਉਣੀ ਪਈ ਸੀ। ਸੰਤ ਸ਼ਿਕਾਗੋ ਵਲੋਂ ਧਾਰਮਿਕ ਸਜ਼ਾ ਨੂੰ ਚੁੱਪ-ਚਪੀਤੇ ਭੁਗਤਣ ਦਾ ਮਾਮਲਾ ਵੀ ਚਰਚਾ ਵਿਚ ਰਿਹਾ ਸੀ। ਕਈ ਸਿੱਖ ਜਥੇਬੰਦੀਆਂ ਨੇ ਇਹ ਵੀ ਸ਼ੰਕਾ ਖੜ੍ਹਾ ਕੀਤਾ ਸੀ ਕਿ ਸੰਤ ਸ਼ਿਕਾਗੋ ਨੇ ਸਜ਼ਾ ਨਹੀਂ ਭੁਗਤੀ। ਸੰਤ ਸ਼ਿਕਾਗੋ ਤੋਂ ਸੰਤ ਸਮਾਜ ਦਾ ਮੁੱਖ ਧੜ੍ਹਾ ਵੀ ਦੂਰੀ ਹੀ ਬਣਾ ਕੇ ਰੱਖਦਾ ਆਇਆ ਹੈ।

Source: http://parvasi.com/index.php?option=com_content&task=view&id=11990&Itemid=118


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top