Share on Facebook

Main News Page

 ਸ਼ਹੀਦਾਂ ਦੀ ਯਾਦਗਾਰ ਨੂੰ ਵਿਵਾਦ ਦਾ ਵਿਸ਼ਾ ਨਾ ਬਣਾਇਆ ਜਾਵੇ, ਸਗੋਂ ਫੈਸਲਾ ਸੰਗਤੀ ਰੂਪ ਵਿੱਚ ਲਿਆ ਜਾਵੇ
- ਜਸਬੀਰ ਸਿੰਘ ਪੱਟੀ 09356024684
Email:
patti.jasbir@gmail.com

ਸਿੱਖ ਦੀ ਜਿੰਦਗੀ ਇਬਾਦਤ ਤੋਂ ਸ਼ੁਰੂ ਹੁੰਦੀ ਹੈ ਅਤੇ ਸ਼ਹਾਦਤ ‘ਤੇ ਖਤਮ ਹੁੰਦੀ ਹੈ। 1984 ਦਾ ਵਾਪਰਿਆ ਸਾਕਾ ਨੀਲਾ ਤਾਰਾ ਵੀ ਇਹਨਾਂ ਸ਼ਬਦਾ ਦਾ ਗਵਾਹੀ ਭਰਦਾ ਹੈ। ਸਾਕਾ ਨੀਲਾ ਤਾਰਾ ਭਾਂਵੇ ਕਿਸੇ ਵੀ ਸੰਦਰਭ ਵਿੱਚ ਵਾਪਰਿਆ ਹੋਵੇ ਸਿੱਖ ਪੰਥ ਲਈ ਇਹ ਘਟਨਾ ਅੱਤ ਮੰਦਭਾਗੀ ਦੁੱਖਦਾਈ ਸਿੱਧ ਹੋਈ ਹੈ। ਸਾਕਾ ਨੀਲਾ ਤਾਰਾ ਨੂੰ ਵਾਪਰੇ ਨੂੰ ਕਰੀਬ 28 ਸਾਲ ਦਾ ਸਮਾਂ ਬੀਤ ਗਿਆ ਹੈ ਅਤੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੀ ਚਿਰੋਕਣੀ ਮੰਗ ਨੂੰ ਵੀ ਬੂਰ ਪੈਣਾ ਸ਼ੁਰੂ ਹੋ ਗਿਆ ਹੈ।

ਬੀਤੀ 20 ਮਈ ਨੂੰ ਮੱਸਿਆ ਵਾਲੇ ਦਿਨ ਇਸ ਯਾਦਗਾਰ ਦਾ ਨੀੰਹ ਪੱਥਰ ਐਨ ਸ੍ਰੀ ਅਕਾਲ ਤਖਤ ਦੇ ਸਾਹਮਣੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਹੋਰ ਸੰਤਾਂ ਮਹਾਂਪੁਰਖਾਂ ਨੇ ਰੱਖ ਦਿੱਤਾ ਹੈ ਅਤੇ ਇਸ ਦੀ ਕਾਰ ਸੇਵਾ ਦੀ ਜਿੰਮੇਵਾਰੀ ਵੀ ਉਸੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਖਾਲਸਾ ਨੂੰ ਸੌਂਪੀ ਗਈ ਹੈ ਜਿਸ ਟਕਸਾਲ ‘ਤੇ ਇਸ ਅਕਾਲ ਤਖਤ ਨੂੰ ਦੋ ਵਾਰ ਢਾਹੁਣ ਦਾ ਦੋਸ਼ ਲੱਗਦਾ ਹੈ। ਭਾਰਤੀ ਹਕੂਮਤ ਵੱਲੋਂ ਇੱਕ ਸ਼ਾਜਿਸ਼ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਇਹ ਬਹਾਨਾ ਬਣਾ ਕੇ ਢਾਹਿਆ ਗਿਆ ਕਿ ਉਥੇ ਪਾਕਿਸਤਾਨੀ ਸਮੱਰਥੱਕ ਅੱਤਵਾਦੀ ਛੁੱਪੇ ਹੋਏ ਹਨ ਅਤੇ ਭਾਰਤੀ ਫੌਜ ਨੂੰ ਦੱਸਿਆ ਵੀ ਇਹੀ ਗਿਆ ਸੀ। ਜੇਕਰ ਭਾਰਤੀ ਫੌਜ ਦੇ ਜਵਾਨਾਂ ਨੂੰ ਇਸ ਦਾ ਪਤਾ ਹੁੰਦਾ ਕਿ ਉਹ ਸ੍ਰੀ ਅਕਾਲ ਤਖਤ ਤੇ ਹਮਲਾ ਕਰਕੇ ਗ੍ਰੰਥੀਆ ਤੇ ਸਿੱਖਾਂ ਦੇ ਧਾਰਮਿਕ ਆਗੂਆਂ ਨਾਲ ਲੜਨ ਜਾ ਰਹੇ ਸਨ, ਤਾਂ ਸ਼ਾਇਦ ਮੌਕੇ ਦੇ ਜਰਨੈਲ ਲੜਾਈ ਦੀ ਰੂਪ ਰੇਖਾ ਬਦਲ ਸਕਦੇ ਸਨ, ਜਿਸ ਨਾਲ ਨੁਕਸਾਨ ਵੀ ਘੱਟ ਤੋਂ ਘੱਟ ਹੁੰਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਨੂੰ ਵੀ ਕੋਈ ਆਂਚ ਨਾ ਆਉਦੀ, ਪਰ ਸਿਆਣਿਆ ਦਾ ਕਥਨ ਹੈ ਕਿ ‘‘ਹੋਣੀ’’ ਨੂੰ ਵਾਪਰਨ ਤੋਂ ਕੋਈ ਨਹੀਂ ਰੋਕ ਸਕਦਾ।

ਸਾਕਾ ਨੀਲਾ ਤਾਰਾ ਦੌਰਾਨ ਢਾਹੇ ਗਏ ਸ੍ਰੀ ਅਕਾਲ ਤਖਤ ਦੀ ਕਾਰ ਸੇਵਾ ਕਰਾਉਣ ਲਈ ਕੋਈ ਵੀ ਕਾਰ ਸੇਵਾ ਵਾਲਾ ਮਹਾਂਪੁਰਖ ਇਸ ਕਰਕੇ ਤਿਆਰ ਨਹੀਂ ਸੀ ਕਿਉਕਿ ਸ੍ਰੋਮਣੀ ਕਮੇਟੀ ਨਹੀਂ ਚਾਹੁੰਦੀ ਸੀ ਕਿ ਉਹਨਾਂ ਦੀ ਮਰਜੀ ਦੇ ਬਗੈਰ ਕੋਈ ਇਸ ਦੀ ਸੇਵਾ ਕਰੇ। ਤੱਤਕਾਲੀ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਬੂਟਾ ਸਿੰਘ ਨੂੰ ਮਰਹੂਮ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਖੜਕ ਸਿੰਘ ਨੇ ਵੀ ਇਹ ਕਹਿ ਕੇ ਨਾਂਹ ਕਰ ਦਿੱਤੀ ਸੀ, ਕਿ ਪਹਿਲਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਫੌਜ ਨੂੰ ਬਾਹਰ ਕੱਢਿਆ ਜਾਵੇ ਫਿਰ ਉਹ ਸੇਵਾ ਕਰਾਉਣ ਬਾਰੇ ਸੋਚ ਸਕਦੇ ਹਨ ਜਦ ਕਿ ਸਰਕਾਰ ਤੁਰੰਤ ਅਜਿਹਾ ਕਦਮ ਚੁੱਕ ਕੇ ਕੋਈ ਨਵੀ ਸਿਰਦਰਦੀ ਨਹੀਂ ਪੈਦਾ ਕਰਨੀ ਚਾਹੁੰਦੀ ਹੀ।

ਅਖੀਰ ਜਦੋਂ ਸਾਰੇ ਕਾਰ ਸੇਵਾ ਵਾਲੇ ਬਾਬੇ ਸ੍ਰੋਮਣੀ ਕਮੇਟੀ ਨਾਲ ਵਿਗਾੜਣ ਤੋਂ ਜਰਕ ਗਏ ਤਾਂ ਸਿੱਖ ਪੰਥ ਵਿੱਚ ਸਭ ਤੋਂ ਵੱਧ ਸਤਿਕਾਰਤ ਗਿਣੀ ਜਾਂਦੀ ਜਥੇਬੰਦੀ ਬੁੱਢਾ ਦਲ ਦੇ ਮੁੱਖੀ ਬਾਬਾ ਸੰਤਾ ਸਿੰਘ ਨੇ ‘‘ਕਾਰ ਸੇਵਾ’’ ਦੀ ਬਜਾਏ ਸ੍ਰੀ ਅਕਾਲ ਤਖਤ ਦੀ ‘‘ਸਰਕਾਰ ਸੇਵਾ’’ ਕਰਾਉਣ ਦਾ ਬੀੜਾ ਚੁੱਕ ਲਿਆ। ਬਾਬਾ ਸੰਤਾ ਸਿੰਘ ਨੂੰ ਤੱਤਕਾਲੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਨੇ ਪੰਥ ਵਿੱਚੋਂ ਛੇਕ ਦਿੱਤਾ ਅਤੇ ਸਿੱਖ ਪੰਥ ਦੇ ਨਾਮ ਫੱਤਵਾ ਜਾਰੀ ਕਰ ਦਿੱਤਾ ਕਿ ਇਸ ਵਿਅਕਤੀ ਨਾਲ ਕੋਈ ਵੀ ਰੋਟੀ ਬੇਟੀ ਦੀ ਸਾਂਝ ਨਾ ਰੱਖੇ। ਖੱਬੀ ਵਿਚਾਰਧਾਰਾ ਨਾਲ ਸੰਬਧ ਰੱਖਣ ਵਾਲੇ ਤੇ ਕੁਝ ਕਾਂਗਰਸੀ ਸਿੱਖ ਲੀਡਰਾਂ ਨੇ ਇਸ ਫਤਵੇ ਨੂੰ ਨਾ ਮੰਨਿਆ ਤੇ ਉਹ ਅਕਸਰ ਹੀ ਬਾਬਾ ਸੰਤਾ ਸਿੰਘ ਨੂੰ ਮਿਲਦੇ ਰਹੇ ਪਰ ਸ੍ਰੀ ਅਕਾਲ ਤਖਤ ਵੱਲੋਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਹੋ ਸਕੀ। ਬਾਬਾ ਸੰਤਾ ਸਿੰਘ ਤੇ ਸ੍ਰੋਮਣੀ ਕਮੇਟੀ ਵਿਚਕਾਰ ਚੂਹੇ ਤੇ ਬਿੱਲੀ ਵਾਲਾਂ ਖੇਲ ਕਰੀਬ 17 ਸਾਲ ਚੱਲਦਾ ਰਿਹਾ ਤੇ ਅਖੀਰ ਆਪਣੇ ਅਕਾਲ ਚਲਾਣੇ ਤੋਂ ਕੁਝ ਸਮਾਂ ਪਹਿਲਾਂ ਬਾਬਾ ਸੰਤਾ ਸਿੰਘ ਨੂੰ ਸ੍ਰੀ ਅਕਾਲ ਤਖਤ ਦੀ ਸ਼ਰਨ ਵਿੱਚ ਆਉਣਾ ਪਿਆ ਤੇ ਉਹਨਾਂ ਨੇ ਆਪਣੀ ਗਲਤੀ ਦੀ ਖਿਮਾ ਜਾਚਨਾ ਕਰਕੇ ਪੰਥ ਵਿੱਚ ਮੁੜ ਸ਼ਮੂਲੀਅਤ ਕਰਵਾਈ।

ਇਸ ਤੋਂ ਪਹਿਲਾਂ ਬਾਬਾ ਸੰਤਾਂ ਸਿੰਘ ਨੂੰ ਜਦੋਂ ਵੀ ਮੀਡੀਆ ਵਾਲੇ ਸ੍ਰੀ ਅਕਾਲ ਤਖਤ ਦੀ ਉਸਾਰੀ ਕਰਨ ਦਾ ਸਵਾਲ ਕਰਦੇ ਤਾਂ ਅਕਸਰ ਉਹ ਕਿਹਾ ਕਰਦੇ ਸਨ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਦੀ ਉਸਾਰੀ ਕਰਕੇ ਕੋਈ ਗੁਨਾਹ ਨਹੀਂ ਕੀਤਾ ਸਗੋਂ ਉਹਨਾਂ ਲੋਕਾਂ ਨੂੰ ਪੁੱਛੋ ਜਿਹਨਾਂ ਦੀ ਵਜਾ ਕਰਕੇ ਭਾਰਤੀ ਫੌਜ ਨੇ ਸ੍ਰੀ ਅਕਾਲ ਤਖਤ ‘ਤੇ ਹਮਲਾ ਕੀਤਾ ਅਤੇ ਫਿਰ ਬਣੇ ਹੋਏ ਸ੍ਰੀ ਅਕਾਲ ਤਖਤ ਨੂੰ 1986 ਵਿੱਚ ਤੱਤਕਾਲੀ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਗੁਰਚਰਨ ਸਿੰਘ ਟੌਹੜਾ ਦੇ ਕਹਿਣ ਤੇ ਗੈਂਤੀਆ, ਹੱਥਉੜਿਆ ਅਤੇ ਵਦਾਨਾਂ ਨਾਲ ਤੋਪ ਦੇ ਗੋਲਿਆ ਨਾਲੋ ਵੀ ਵੱਧ ਬੇਕਿਰਕੀ ਨਾਲ ਨੂੰ ਢਾਹਿਆ ਸੀ ਜਦ ਕਿ ਬੁੱਢਾ ਦਲ ਸ੍ਰੀ ਅਕਾਲ ਤਖਤ ਦੀ ਅਜ਼ਮਤ ਦੀ ਰਾਖੀੇ ਲਈ ਹਮੇਸ਼ਾਂ ਹੀ ਵਚਨਬੱਧ ਰਿਹਾ ਹੈ ਅਤੇ ਉਹ ਕਦੀ ਵੀ ਢਾਹੁਣ ਵਾਲਿਆ ਵਿੱਚ ਨਹੀਂ ਸਗੋਂ ਬਣਾਉਣ ਵਾਲਿਆ ਵਿੱਚ ਸ਼ਾਮਲ ਰਹੇ ਹਨ । ਬਾਬਾ ਸੰਤਾ ਸਿੰਘ ਇਹ ਵੀ ਸਪੱਸ਼ਟ ਕਰਿਆ ਕਰਦੇ ਸਨ ਕਿ ਸ੍ਰੀ ਅਕਾਲ ਤਖਤ ਦੇ ਪਹਿਲੇ ਜਥੇਦਾਰ ਬੁੱਢਾ ਦਲ ਦੇ ਮੁੱਖੀ ਅਕਾਲੀ ਫੂਲਾ ਸਿੰਘ ਸਨ ਅਤੇ ਉਸ ਸਮੇਂ ਤੋਂ ਹੀ ਇਹ ਪਰੰਪਰਾ ਚਲਦੀ ਆ ਰਹੀ ਹੈ ਕਿ ਬੁੱਢਾ ਦਲ ਦਾ ਮੁੱਖੀ ਹੀ ਅਕਾਲ ਤਖਤ ਦਾ ਜਥੇਦਾਰ ਹੋਵੇਗਾ ਅਤੇ ਪਰੰਪਰਾ ਮੁਤਾਬਕ ਉਹ ਹੀ ਜਥੇਦਾਰ ਹਨ ਅਤੇ ਇਸ ਲਈ ਹੋਰ ਕੋਈ ਜਥੇਦਾਰ ਉਹਨਾਂ ਨੂੰ ਪੰਥ ਵਿੱਚੋਂ ਖਾਰਜ ਨਹੀਂ ਕਰ ਸਕਦਾ।

ਸਾਕਾ ਨੀਲਾ ਤਾਰਾ ਦੌਰਾਨ ਸ਼ਹੀਦ ਹੋਏ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਤਾਂ ਭਾਂਵੇ ਸਮੁੱਚਾ ਪੰਥ ਇੱਕ ਮੁੱਠ ਹੈ ਪਰ ਇਸ ਯਾਦਗਾਰ ਦਾ ਸਰੂਪ ਕਿਸ ਪ੍ਰਕਾਰ ਦਾ ਹੋਵੇ ਅਤੇ ਇਹ ਕਿਸ ਜਗ•ਾ ਤੇ ਬਣਾਈ ਜਾਵੇ ਇਹ ਮਾਮਲਾ ਕਾਫੀ ਵਿਵਾਦ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਸ੍ਰੀ ਅਕਾਲ ਤਖਤ ਦੇ ਸਾਹਮਣੇ ਕਿਸੇ ਵੀ ਵਿਅਕਤੀਗਤ ਜਾਂ ਸਮੂਹਿਕ ਯਾਦਗਾਰ ਨਹੀਂ ਬਣਾਈ ਜਾ ਸਕਦੀ ਕਿਉਕਿ ਸਿੱਖੀ ਸਿਧਾਂਤ ਅਨੁਸਾਰ ਸ੍ਰੀ ਦਰਾਬਰ ਸਾਹਿਬ ਕੰਪਲੈਕਸ ਵਿੱਚ ਕੇਵਲ ਦੋ ਹੀ ਪਵਿੱਤਰ ਅਸਥਾਨ ਹਨ ਜਿਹਨਾਂ ਵਿੱਚ ਸ੍ਰੀ ਦਰਬਾਰ ਸਾਹਿਬ ਸਿੱਖਾਂ ਲਈ ਅਧਿਆਤਕਮਤਾ ਦੇ ਕੇਂਦਰ ਹੈ ਜਦ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਲਈ ਰਾਜਸੀ ਸਰਗਰਮੀਆ ਨੂੰ ਜਾਰੀ ਰੱਖਣ ਦੇ ਪਵਿੱਤਰ ਅਸਥਾਨ ਹੈ। ਸਮੇਂ ਦੀ ਨਜ਼ਾਕਤ ਨੂੰ ਦੇਖਦਿਆ ਸ੍ਰੀ ਗੁਰੂ ਰਾਮਦਾਸ ਜੀ ਨੇ ਪਵਿੱਤਰ ਸਰੋਵਰ ਦੀ ਨੀਹ ਅਤੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾ ਕੇ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਵਾਇਆ। ਸ੍ਰੀ ਅਕਾਲ ਤਖਤ ਦੀ ਉਸਾਰੀ ਛੇਵੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਦ ਆਪਣੇ ਕਰ ਕਮਲਾਂ ਨਾਲ ਉਸ ਵੇਲੇ ਕੀਤੀ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇ ਪਾਤਸ਼ਾਹ ਨੇ ਇਹ ਮਹਿਸੂਸ ਕਰ ਲਿਆ ਸੀ ਕਿ ਸਿੱਖ ਧਰਮ ਨੂੰ ਜਿੰਦਾ ਰੱਖਣ ਲਈ ਇਕੱਲੀ ਭਗਤੀ ਦੀ ਹੀ ਨਹੀਂ ਸਗੋਂ ਭਗਉਤੀ ਦੀ ਵੀ ਲੋੜ ਹੈ ਅਤੇ ਦੋ ਤਲਵਾਰਾਂ ਮੀਰੀ ਤੇ ਪੀਰੀ ਦੀਆ ਪਹਿਨਣ ਤੋਂ ਇਲਾਵਾ ਦੋ ਨਿਸ਼ਾਨ ਸਾਹਿਬ ਪੀਰੀ ਤੇ ਮੀਰੀ ਦੇ ਖੜੇ ਕੀਤੇ ਸਨ।

ਸਿੱਖ ਪੰਥ ਦੀ ਬਨਿਆਦ ਹੀ ਕੁਰਬਾਨੀਆ ਤੇ ਰੱਖੀ ਗਈ ਸੀ ਅਤੇ ਕੁਰਬਾਨੀ ਸਿੱਖਾਂ ਨੂੰ ਵਿਰਸੇ ਵਿੱਚ ਮਿਲਿਆ ਗਹਿਣਾ ਹੈ। ਸਿੱਖ ਪੰਥ ਵਿੱਚ ਬਾਬਾ ਦੀਪ ਸਿੰਘ ਨੂੰ ਅਨੋਖੇ ਸ਼ਹੀਦ ਦਾ ਦਰਜਾ ਮਿਲਿਆ ਹੋਇਆ ਹੈ ਅਤੇ ਉਹਨਾਂ ਦੀ ਕੁਰਬਾਨੀ ਸਮੁੱਚੀ ਦੁਨੀਆ ਦੇ ਇਤਿਹਾਸ ਵਿੱਚ ਵਿਖੱਲਣ ਸ਼ਹਾਦਤ ਹੈ ਜਿਸਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਭਾਂਵੇ ਉਹਨਾਂ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਰਤਤਾ ਨੂੰ ਬਹਾਲ ਰੱਖਦਿਆ ਆਪਣੀ ਕੁਰਬਾਨੀ ਦਿੱਤੀ ਸੀ ਅਤੇ ਅੰਤਿਮ ਸਵਾਸ ਵੀ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀਆ ਪ੍ਰਕਰਰਮਾ ਵਿੱਚ ਲਏ ਸਨ ਪਰ ਉਹਨਾਂ ਦੀ ਵੀ ਯਾਦਗਾਰ ਪਰਕਰਮਾ ਨਹੀਂ ਬਣਾਈ ਗਈ ਸੀ। ਲਾਲਚੀ ਸ੍ਰੋਮਣੀ ਕਮੇਟੀ ਦੇ ਅਧਿਕਾਰੀ ਜਿਥੇ ਉਹਨਾਂ ਦੀ ਤਸਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਰੱਖ ਕੇ ਗੋਲਕ ਨੂੰ ਭਰ ਰਹੇ ਹਨ ਉਥੇ ਸ੍ਰੀ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇ ਮੜ•ੀਆ ਮਸਾਣਾ ਨੂੰ ਪੂਜਣ ਦੀ ਮਨਾਹੀ ਦੀ ਵੀ ਉਲੰਘਣਾ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਜਗ•ਾ ਅੱਜ ਕਲ ਅਖੰਡ ਪਾਠ ਰੱਖ ਕੇ ਬਾਬਾ ਦੀਪ ਸਿੰਘ ਸ਼ਹੀਦ ਦੀ ਫੋਟੋ ਲਗਾਈ ਗਈ ਹੈ ਉਸ ਜਗ•ਾ ਪਹਿਲਾਂ ਇੱਕ ਮੱਮਟੀ ਹੁੰਦੀ ਸੀ ਜਿਹੜੀ ਜਥੇਦਾਰ ਰੁਰਚਰਨ ਸਿੰਘ ਟੌਹੜਾ ਦੇ ਹੱਟਵਾ ਦਿੱਤੀ ਸੀ ਪਰ ਕੁਝ ਸਮੇਂ ਬਾਅਦ ਕਾਰ ਸੇਵਾ ਵਾਲੇ ਬਾਬਿਆ ਨੇ ਉਸ ਜਗ•ਾ ਤੇ ਇੱਕ ਗੋਲ ਦਾਇਰਾ ਬਣਾ ਦਿੱਤਾ ਸੀ ਉਸ ਨੂੰ ਜਥੇਦਾਰ ਟੌਹੜਾ ਨੇ ਹਟਵਾ ਦਿੱਤਾ ਸੀ ਪਰ ਅੱਜ ਬਾਬਾ ਦੀਪ ਸਿੰਘ ਸ਼ਹੀਦ ਦੀ ਤਸਵੀਰ ਤੇ ਗੋਲ ਦਾਇਰਾ ਫਿਰ ਬਣਾ ਦਿੱਤੇ ਗਏ ਹਨ।

ਇਸੇ ਤਰ੍ਹਾਂ ਕਈ ਲੋਕ 30 ਸਿੰਘਾਂ ਨਾਲ ਅਬਦਾਲੀ ਦੀ ਲੱਖਾਂ ਦੀ ਫੌਜ ਦਾ ਟਾਕਰਾ ਕਰਨ ਵਾਲੇ ਬਾਬਾ ਗੁਰਬਖਸ਼ ਸਿੰਘ ਦੀ ਸ੍ਰੀ ਅਕਾਲ ਤਖਤ ਦੇ ਪਿਛਲੇ ਪਾਸੇ ਬਣੀ ਯਾਦਗਾਰ ਦਾ ਹਵਾਲਾ ਦਿੰਦੇ ਹਨ ਉਸ ਦੀ ਸੱਚਾਈ ਵੀ ਵੱਖਰੀ ਹੈ ਕਿਉਕਿ ਇਹ ਯਾਦਗਾਰੀ ਗੁਰੂਦੁਆਰਾ ਪਹਿਲਾਂ ਸ੍ਰੀ ਅਕਾਲ ਤਖਤ ਦੇ ਪਿਛਵਾੜੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਸੀ ਅਤੇ ਅਕਾਲ ਤਖਤ ਤੇ ਇਸ ਗੁਰੂਦੁਆਰੇ ਵੱਖ ਵੱਖ ਕਰਦੀ ਵਿਚਾਲੇ ਇੱਕ ਗਲੀ ਹੁੰਦੀ ਸੀ। ਸਾਕਾ ਨੀਲਾ ਤਾਰਾ ਤੋਂ ਬਾਅਦ ਜਦੋਂ ਅਕਾਲ ਤਖਤ ਸਾਹਿਬ ਦੀ ਨਵੀ ਇਮਾਰਤ ਦੀ ਉਸਾਰੀ ਕੀਤੀ ਗਈ ਤਾਂ ਪਿਛਲੇ ਪਾਸਿਉ ਕਾਫੀ ਜਗ•ਾ ਨਾਲ ਰਲਾ ਲਈ ਗਈ ਤਾਂ ਇਹ ਗੁਰੂਦੁਆਰਾ ਵੀ ਕੰਪਲੈਕਸ ਦੇ ਵਿੱਚ ਆ ਗਿਆ ਸੀ ਪਰ ਕੁਝ ਸਾਲ ਪਹਿਲਾਂ ਜਦੋਂ ਇੱਕ ਬਹੁਤ ਹੀ ਸੁੰਦਰ ਤੇ ਰਮਣੀਕ ਪਾਰਕ ਨੂੰ ਹੱਟਾ ਕੇ ਅਖੰਡ ਪਾਠਾ ਲਈ ਕਮਰਿਆ ਦੀ ਉਸਾਰੀ ਕੀਤੀ ਗਈ ਸੀ ਤਾਂ ਉਸ ਸਮੇਂ ਬਾਬਾ ਗੁਰਬਖਸ਼ ਸਿੰਘ ਦਾ ਗੁਰੂਦੁਆਰਾ ਵੀ ਢਾਹ ਦਿੱਤਾ ਗਿਆ ਸੀ ਅਤੇ ਉਹਨਾਂ ਕਮਰਿਆ ਦੇ ਨਾਲ ਹੀ ਰਲਾ ਦਿੱਤਾ ਗਿਆ। ਅੱਜ ਇੱਕ ਕਮਰੇ ਦੇ ਬਾਹਰ ਭਾਂਵੇ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹਦਾਤ ਦੇ ਇਤਿਹਾਸ ਦੇ ਬਿਰਤਾਂਤ ਤਾਂ ਕੀਤਾ ਗਿਆ ਹੈ ਪਰ ਯਾਦਗਾਰ ਕਿਸਮ ਦੀ ਕੋਈ ਵੱਖਰੀ ਇਮਾਰਤ ਨਹੀਂ ਹੈ।

ਜੇਕਰ ਯਾਦਗਾਰਾਂ ਬਣਾਉਣ ਦੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਰੰਪਰਾ ਹੁੰਦੀ ਤਾਂ ਹੁਣ ਤੱਕ ਉਹਨਾਂ ਬਹੁਤ ਸਾਰੇ ਮਹਾਂਪੁਰਖਾਂ ਦੀਆ ਯਾਦਗਾਰਾਂ ਬਣ ਜਾਦੀਆ ਜਿਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਦੀ ਕਾਰ ਸੇਵਾ ਵਿੱਚ ਮਹੱਤਵਪੂਰਣ ਰੋਲ ਅਦਾ ਕੀਤਾ। ਇਹਨਾਂ ਮਹਾਂਪੁਰਖਾਂ ਵਿੱਚ ਬਾਬਾ ਬੁੱਢਾ ਜੀ, ਭਾਈ ਸਾਲੋ ਜੀ, ਭਾਈ ਗੁਰਦਾਸ ਜੀ ਦਾ ਨਾਮ ਸ਼ਾਮਲ ਹੋਣ ਦੇ ਨਾਲ ਨਾਲ ਬੰਦ ਬੰਦ ਕੱਟਵਾਉਣ ਵਾਲੇ ਭਾਈ ਮਨੀ ਸਿੰਘ, ਮੱਸੇ ਰੰਘੜ ਦਾ ਸਿਰ ਲਾਹੁਣ ਵਾਲੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦਾ ਵੀ ਸ੍ਰੀ ਦਰਬਾਰ ਸਾਹਿਬ ਦੀ ਪਵਿੱਰਤਤਾ ਨੂੰ ਕਾਇਮ ਰੱਖਣ ਦੀ ਵੀ ਅਹਿਮ ਭੂਮਿਕਾ ਰਹੀ ਹੈ ਪਰ ਉਹਨਾਂ ਦੀਆ ਯਾਦਗਾਰਾਂ ਤਾਂ ਕੰਪਲੈਕਸ ਦੇ ਅੰਦਰ ਨਹੀਂ ਉਸਾਰੀਆ ਗਈਆ ਹਨ। ਇਥੋ ਤੱਕ ਗੁਰੂ ਸਾਹਿਬ ਨਾਲ ਸਬੰਧਿਤ ਵੀ ਕੋਈ ਯਾਦਗਾਰ ਕੰਪਲੈਕਸ ਵਿੱਚ ਨਹੀਂ ਹੈ ਸਗੋਂ ਸ਼ਹਿਰ ਦੇ ਹੋਰ ਹਿੱਸਿਆ ਵਿੱਚ ਗੁਰੂ ਸਾਹਿਬ ਦੇ ਨਾਵਾਂ ਨਾਲ ਵੱਖ ਵੱਖ ਉਸਰੇ ਗੁਰੂਦੁਆਰੇ ਵੇਖੇ ਜਾ ਸਕਦੇ ਹਨ।

ਜਦੋਂ ਸਿੰਘ ਜੰਗਲਾਂ ਬੇਲਿਆ ਵਿੱਚ ਰਹਿ ਕੇ ਅਣਖ ਤੇ ਅਕੀਦੇ ਦੀ ਖਾਤਰ ਲੜਦੇ ਸਨ ਤਾਂ ਕੁਝ ਹਾਕਮ ਧਿਰ ਨਾਲ ਸਬੰਧਿਤ ਹਿੰਦੂ ਪੰਡਤਾਂ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਰਕਰਮਾ ਦੇ ਨਾਲ ਨਾਲ ਹਿੰਦੂ ਦੇਵੀ ਦੇਵਤਿਆ ਦੇ ਸ਼ਿਵਾਲੇ ਬਣਾ ਲਏ ਸਨ ਤਾਂ ਕਿ ਉਹ ਵੀ ਦੱਸ ਸਕਣ ਕਿ ਸ੍ਰੀ ਦਰਬਾਰ ਇਕੱਲੇ ਕੇਸਾਧਾਰੀ ਹਿੰਦੂ ਸਿੱਖਾਂ ਦਾ ਹੀ ਨਹੀਂ ਸਗੋਂ ਇਸ ਵਿੱਚ ਗੈਰ ਸਿੱਖਾਂ ਦਾ ਵੀ ਬਰਾਬਰ ਦਾ ਹਿੱਸਾ ਹੈ। ਮਨੁੱਖਤਾ ਦੀ ਬਰਬਾਦੀ ਦਾ ਪ੍ਰਤੀਕ 1905 ਵਿੱਚ ਆਇਆ ਭੁਚਾਲ ਸਿੱਖਾਂ ਲਈ ਇਸ ਕਰਕੇ ਵਰਦਾਨ ਸਾਬਤ ਹੋਇਆ ਕਿਉਕਿ ਤੱਤਕਾਲੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਅਰੂੜ ਸਿੰਘ ਜੋ ਕਿ ਅੰਗਰੇਜਾਂ ਦਾ ਬਣਾਇਆ ਹੋਇਆ ਜਥੇਦਾਰ ਸੀ ( ਜਿਸ ਨੇ ਬਾਅਦ ਵਿੱਚ ਜਲਿ•ਆ ਵਾਲੇ ਬਾਗ ਵਿਖੇ ਨਿਹੱਥੇ ਲੋਕਾਂ ਤੇ ਗੋÑ੍ਰਲੀਆ ਦੀ ਬਾਛੜ ਕਰਕੇ ਮਾਰਨ ਵਾਲੇ ਜਨਰਲ ਡਾਇਰ ਨੂੰ ਸਨਮਾਨਿਤ ਕੀਤਾ ਸੀ) ਨੇ ਅੰਗਰੇਜਾਂ ਨਾਲ ਗੁਪਤਗੂ ਕਰਕੇ ਭੁਚਾਲ ਨਾਲ ਹੋਏ ਨੁਕਸਾਨ ਦੀ ਮੁਰੰਮਤ ਲਈ ਪਰਕਰਮਾ ਵਾਲੇ ਸ਼ਿਵਾਲਿਆ ਨੂੰ ਬਾਹਰ ਕੱਢਣ ਦੀ ਚਾਲ ਚਲੀ। ਅੰਗਰੇਜਾਂ ਦੇ ਕਹਿਣ ਤੇ ਸ਼ਿਵਾਲੇ ਬਾਹਰ ਚਲੇ ਗਏ ਤੇ ਮੁਰੰਮਤ ਤੋ ਬਾਅਦ ਵੀ ਕਿਸੇ ਵੀ ਸ਼ਿਵਾਲੇ ਨੂੰ ਅੰਦਰ ਨਾ ਆਉਣ ਦਿੱਤਾ ਗਿਆ ਤੇ ਗੁਰੂ ਸਾਹਿਬ ਦੁਆਰਾ ਉਸਾਰੇ ਸ੍ਰੀ ਦਰਬਾਰ ਸਾਹਿਬ ਦਾ ਅਸਲੀ ਸਰੂਪ ਬਹਾਲ ਹੋ ਗਿਆ ਸੀ। ਇਸ ਭੁਚਾਲ ਨਾਲ ਬੁੰਗਾ ਰਾਮਗੜ•ੀਆ ਦੇ ਦੋ ਮਿਨਾਰਾਂ ਦੇ ਉਪਰਲੇ ਗੁੰਬਦ ਵੀ ਡਿੱਗ ਪਏ ਸਨ ਜਿਹਨਾਂ ਨੂੰ ਵੀ ਸ੍ਰੋਮਣੀ ਕਮੇਟੀ ਦੇ ਮਦਦ ਨਾਲ ਰਾਮਗੜ•ੀਆ ਭਾਈਚਾਰੇ ਨੇ ਕੁਝ ਸਾਲ ਪਹਿਲਾਂ ਹੀ ਲੁਧਿਆਣੇ ਵਾਲੇ ਸ੍ਰ. ਭਗਤ ਸਿੰਘ ਤੇ ਅੰਮ੍ਰਿਤਸਰ ਵਾਲੇ ਸ੍ਰੀ ਭਗਵੰਤ ਸਿੰਘ ਸੰਧੂ ਤੇ ਹੋਰ ਭਾਈਚਾਰੇ ਦੇ ਸਹਿਯੋਗ ਨਾਲ ਦੁਬਾਰਾ ਬਣਾ ਦਿੱਤਾ।

ਖਾਲਸਾ ਅਮਰ ਵੇਲ ਦੀ ਤਰਾਂ ਹੈ । ਅਮਰਵੇਲ ਜਿਸ ਦਰਖਤ ਉਤੇ ਚੜਦੀ ਹੈ ਅਤੇ ਉਸੇ ਦਰਖਤ ਦਾ ਰਸ ਚੂਸ ਕੇ ਉਹ ਪ੍ਰਫੁੱਲਤ ਹੁੰਦੀ ਹੈ ਉਸ ਦੀ ਵੀ ਜੜ ਧਰਤੀ ਵਿੱਚ ਨਹੀਂ ਹੈ। ਖਾਲਸੇ ਦਾ ਵੀ ਕੋਈ ਜਨਮ ਨਹੀਂ ਖਾਲਸੇ ਦੀ ਸਾਜਨਾ ਹੈ ਜਿਸ ਦਾ ਜਨਮ ਨਹੀਂ ਹੁੰਦਾ ਉਹ ਵਸਤੂ ਕਦੇ ਵੀ ਖਤਮ ਨਹੀਂ ਹੁੰਦੀ ਸਗੋਂ ਅਮਰ ਹੋ ਜਾਂਦੀ ਹੈ ਭਾਂਵੇ ਸ਼ਹੀਦਾਂ ਦੀਆ ਜਿੰਨੀਆ ਮਰਜ਼ੀ ਲੰਮੀਆ ਲਾਈਨਾਂ ਲੱਗ ਜਾਣ। ਸਾਕਾ ਨਾਲਾ ਤਾਰਾ ਦੇ ਸ਼ਹੀਦਾ ਦੀ ਯਾਦਗਾਰ ਜਰੂਰ ਬਣਾਈ ਜਾਣੀ ਚਾਹੀਦੀ ਹੈ ਅਤੇ ਇਹ ਕੌਮ ਦੀ ਬਹੁਤ ਚਿਰੋਕਣੀ ਮੰਗ ਹੈ। ਯਾਦਗਾਰ ਦੀ ਉਸਾਰੀ ਕਰਨ ਤੋਂ ਪਹਿਲਾਂ ਸ਼ਹੀਦਾਂ ਦੀ ਪਹਿਚਾਣ ਕਰਨੀ ਵੀ ਬਹੁਤ ਜ਼ਰੂਰੀ ਹੈ। ਸਾਕਾ ਨੀਲਾ ਤਾਰਾ ਦੇ ਪਹਿਲੇ ਸ਼ਹੀਦ ਉਹ ਹਨ ਜਿਹੜੇ ਸੰਤ ਭਿੰਡਰਾਵਾਲਿਆ ਨਾਲ ਭਾਰਤੀ ਫੌਜ ਨਾਲ ਲੜਦੇ ਹੋਏ ਸ਼ਹੀਦ ਹੋਏ ਹਨ, ਦੂਸਰੇ ਸ਼ਹੀਦ ਉਹ ਹਨ ਜਿਹੜੇ ਹਰ ਰੋਜ ਦੀ ਤਰ੍ਹਾਂ ਆਪਣੀ ਡਿਊਟੀ ਕਰਨ ਲਈ ਸ੍ਰੋਮਣੀ ਕਮੇਟੀ ਦੇ ਮੁਲਾਜਮ ਅੰਦਰ ਆਏ ਸਨ, ਤੀਸਰੇ ਸ਼ਹੀਦ ਉਹ ਹਨ ਜਿਹੜੇ ਪ੍ਰੇਮੀ ਹਰ ਰੋਜ਼ ਦੀ ਤਰ੍ਹਾਂ ਨਿਸ਼ਕਾਮ ਸੇਵਾ ਕਰਨ ਲਈ ਮਰਿਆਦਾ ਅਨੁਸਾਰ ਸੇਵਾ ਕਰਨ ਲਈ ਆਉਦੇ ਸਨ, ਚੌਥੇ ਸ਼ਹੀਦ ਉਹ ਹਨ ਜਿਹੜੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜਾ ਮਨਾਉਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਆਏ ਸਨ, ਪੰਜਵੇ ਸ਼ਹੀਦ ਉਹ ‘‘ਫੌਜੀ’’ ਵੀ ਕਹਿ ਜਾਂਦੇ ਹਨ ਜਿਹਨਾਂ ਨੂੰ ਅਸੀ ਮਾਰੇ ਗਏ ਕਹਿੰਦੇ ਹਾਂ ਪਰ ਉਹ ਆਪਣੇ ਪਰਿਵਾਰਾਂ ਦੇ ਪਾਲਣ ਪੋਸ਼ਣ ਲਈ ਭਾਰਤੀ ਫੌਜ ਵਿੱਚ ਭਰਤੀ ਹੋਏ ਅਤੇ ਆਪਣੇ ‘‘ਫੌਜੀ’’ ਕਨੂੰਨਾਂ ਅਨੁਸਾਰ ਆਪਣੇ ਆਹਲਾ ਅਫਸਰਾਂ ਦਾ ਹੁਕਮ ਮੰਨ ਕੇ ਹਮਲਾ ਕਰਨ ਲਈ ਆਏ ਸਨ ਜਦ ਕਿ ਸਿੱਖ ਯੋਧਿਆ ਨੇ ਹਮਲਾਂ ਕਰਨ ਦੇ ਹੁਕਮ ਸੁਨਾਉਣ ਵਾਲੀ ਇੰਦਰਾ ਗਾਂਧੀ ਤੇ ਹੁਕਮਾਂ ਨੂੰ ਅਮਲੀਜਾਮਾ ਪਹਿਨਾਉਣ ਵਾਲੇ ਜਰਨਲ ਵੈਦਿਆ ਨੂੰ ਸੋਧ ਦਿੱਤਾ ਸੀ, ਛੇਵੇ ਸ਼ਹੀਦ ਉਹ ਹਨ ਜਿਹਨਾਂ ਸਿੱਖ ਫੌਜੀਆ ਨੂੰ ਬੈਰਕਾਂ ਛੱਡ ਕੇ ਸ੍ਰੀ ਦਰਬਾਰ ਸਾਹਿਬ ਵੱਲ ਆਉਣ ਲਈ ਮੁੱਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ ਨੇ ਬੀ.ਬੀ.ਸੀ ਨੂੰ ਇੰਟਰਵਿਊ ਦੇ ਕੇ ਅਪੀਲ ਕੀਤੀ ਸੀ ਅਤੇ ਉਹਨਾਂ ਦੀ ਗਿਣਤੀ ਵੀ ਕਰੀਬ 3800 ਤੋ ਵੀ ਵਧੇਰੇ ਦੱਸੀ ਜਾਂਦੀ ਹੈ।

ਇਹਨਾਂ ਵਿੱਚੋਂ ਕਈਆ ਨੂੰ ਇੱਕ ਲਾਈਨ ਵਿੱਚ ਖੜਾ ਕਰਕੇ ਗੋਲੀਆ ਮਾਰ ਦਿੱਤੀਆ ਗਈਆ ਸਨ। ਇਹਨਾਂ ਧਰਮੀ ਫੌਜੀਆ ਦੀ ਜਥੇਬੰਦੀ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਨੇ ਵੀ ਮੰਗ ਕੀਤੀ ਕਿ ਇਸ ਯਾਦਗਾਰ ਦੇ ਨਾਲ ਧਰਮੀ ਫੌਜੀਆ ਦੀ ਯਾਦਗਾਰ ਵੀ ਬਣਾਈ ਜਾਵੇ ਅਤੇ ਸੱਤਵੇ ਉਹਨਾਂ ਨੂੰ ਵੀ ਸ਼ਹੀਦ ਹੀ ਕਿਹਾ ਜਾ ਸਕਦਾ ਹੈ ਜਿਹਨਾਂ ਅਣਪਛਾਤੇ 36 ਵਿਅਕਤੀਆ ਦੀਆ ਲਾਸ਼ਾਂ ਸ੍ਰੀ ਅਕਾਲ ਤਖਤ ਦੇ ਮਲਬੇ ਵਿੱਚੋਂ ਨਿਕਲੀਆ ਸਨ। ਇਹ ਕੌਣ ਸਨ ਇਹਨਾਂ ਬਾਰੇ ਸਪੱਸ਼ਟ ਭਾਂਵੇ ਪਤਾ ਨਹੀਂ ਪਰ ਕੁਝ ਪੁਰਾਣੇ ਪੱਤਰਕਾਰਾਂ ਤੋਂ ਸੂਚਨਾ ਮਿਲੀ ਹੈ ਜਿਹੜੇ ਲੋਕ ਫਿਰੌਤੀ ਦੇਣ ਵਿੱਚ ਨਾਕਾਮ ਰਹਿੰਦੇ ਸਨ ਉਹਨਾਂ ਦੀ ਬਲੀ ਦੇ ਕੇ ਇਥੇ ਦਫਨਾ ਦਿੱਤਾ ਜਾਂਦਾ ਸੀ। ਸਭ ਤੋਂ ਪਹਿਲਾਂ ਸ੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਨੂੰ ਮਿਲ ਕੇ ਦਮਦਮੀ ਟਕਸਾਲ ਦੇ ਸਹਿਯੋਗ ਨਾਲ ਸ਼ਹੀਦਾਂ ਦੀ ਪਛਾਣ ਕਰਨੀ ਚਾਹੀਦੀ ਹੈ ਕਿ ਕਿਹੜੇ ਸ਼ਹੀਦਾਂ ਦੀ ਯਾਦਗਾਰ ਬਣਾਈ ਜਾ ਰਹੀ ਹੈ। ਇਹਨਾਂ ਸੱਤ ਪ੍ਰਕਾਰ ਦੇ ਸ਼ਹੀਦਾਂ ਵਿੱਚੋਂ ਜੇਕਰ ਕਿਸੇ ਨੂੰ ਵੀ ਵਿਸਾਰਿਆ ਜਾਂਦਾ ਹੈ ਤਾਂ ਭਾਈ ਘਨਈਆ ਦੇ ਸੰਕਲਪ ਨਾਲ ਜਿਆਦਤੀ ਹੋਵੇਗੀ ਜਿਹਨਾਂ ਨੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਣ ਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਜਖਮੀਆ ਨੂੰ ਮਲਮ ਪੱਟੀ ਕਰਨ ਕਰਕੇ --

‘‘ਮਾਨਸਿ ਕੀ ਜਾਤਿ ਸਭੈ ਏਕ ਪਹਿਚਾਨਬੋ’’ ਦਾ ਖਿਤਾਬ ਹਾਸਲ ਕੀਤਾ ਸੀ ।

ਇਹਨਾਂ ਹਾਲਾਤਾਂ ਵਿੱਚ ਜੇਕਰ ਯਾਦਗਾਰ ਇੱਕ ਗੁਰੂਦੁਆਰੇ ਦੇ ਰੂਪ ਵਿੱਚ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਨਜਦੀਕ ਖੜੀ ਕੀਤੀ ਜਾਂਦੀ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖਤ ਦੇ ਬਰਾਬਰ ਇੱਕ ‘‘ਸਰੀਕ’’ ਪੈਦਾ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਕਈ ਜ਼ੋਰਾਵਾਰ ਸ਼ਰੋਮਣੀ ਕਮੇਟੀ ਮੈਂਬਰਾਂ, ਪ੍ਰਧਾਨਾਂ ਤੇ ਅਕਾਲੀ ਆਗੂਆ ਦੀ ਯਾਦ ਵਿੱਚ ਪਰਕਰਮਾ ਵਿੱਚ ਬਣੇ ਕਮਰਿਆ ਵਿੱਚ ਯਾਦਗਾਰਾਂ ਉਸਾਰੀਆ ਜਾਣਗੀਆ ਅਤੇ ਅਜਿਹੀ ਹਾਲਤ ਵਿੱਚ ਸ੍ਰੀ ਦਰਬਾਰ ਸਾਹਿਬ ਇੱਕ ਵਾਰੀ ਫਿਰ ਸ਼ਿਵਾਲਿਆ ਦਾ ਰੂਪ ਧਾਰਨ ਕਰ ਜਾਵੇਗਾ। ਇਥੇ ਹੀ ਇਹਨਾਂ ਯਾਦਗਾਰਾਂ ਵਾਲੇ ਆਗੂਆ ਦੀਆ ਬਰਸੀਆ ਮਨਾਈਆ ਜਾਣਗੀਆ ਜੋ ਗੁਰੂ ਸਾਹਿਬ ਦੇ ਸੰਕਲਪ ਤੇ ਰਹਿਤ ਮਰਿਆਦਾ ਦੇ ਬਿਲਕੁਲ ਉਲਟ ਹੋਵੇਗਾ। ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਕੋਈ ਵੀ ਸਮਝਦਾਰ ਸਿੱਖ ਵਿਰੋਧ ਨਹੀਂ ਕਰਦਾ ਸਗੋਂ ਜਿਹੜੀਆ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆ ਹਨ ਉਹ ਜਿਆਦਾ ਦੇਰ ਜਿੰਦਾ ਨਹੀਂ ਰਹਿੰਦੀਆ।

ਆਮ ਸੂਝਵਾਨ ਸਿੱਖਾਂ ਦਾ ਮੰਨਣਾ ਹੈ ਕਿ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਅਜਿਹੀ ਯਾਦਗਾਰ ਬਣੇ ਜਿਸ ਨੂੰ ਲੋਕ ਦੁਨੀਆ ਭਰ ਤੋਂ ਵੇਖਣ ਲਈ ਆਉਣ ਅਤੇ ਇਹ ਯਾਦਗਾਰ ਗੁਰੂਦੁਆਰੇ ਦੀ ਬਜਾਏ ਸ੍ਰੀ ਦਰਬਾਰ ਸਾਹਿਬ ਕੰਪਸੈਕਸ ਤੋਂ ਬਾਹਰ ‘‘ਜਲਿਆਵਾਲਾ ਬਾਗ’’ ਜਾਂ ਫਿਰ ‘‘ਵਿਰਾਸਤ ਏ ਖਾਲਸਾ’’ ਦੇ ਪੈਟਰਨ ‘ਤੇ ਕਿਸੇ ਨਿਵੇਕਲੀ ਜਗ੍ਹਾ 'ਤੇ ਬਣਾਈ ਜਾਵੇ । ਸ਼੍ਰੋਮਣੀ ਕਮੇਟੀ ਦੀ ਸਾਬਕਾ ਬੀਬੀ ਜਗੀਰ ਕੌਰ ਨੇ ਵੀ ਆਪਣੇ ਪ੍ਰਧਾਨਗੀ ਕਾਲ ਦੌਰਾਨ ਯਾਦਗਾਰ ਬਣਾਉਣ ਦਾ ਸੁਫਨਾ ਲਿਆ ਸੀ ਅਤੇ ਉਹਨਾਂ ਗੁਰੂ ਰਾਮਦਾਸ ਲੰਗਰ ਦੇ ਸਾਹਮਣੇ ਪਾਰਕ ਵਿੱਚ ਯਾਦਗਾਰ ਦਾ ਨੀਹ ਪੱਥਰ ਰੱਖਣ ਲਈ ਦਿਨ ਵੀ ਮੁਕੱਰਰ ਕਰ ਦਿੱਤਾ ਸੀ ਪਰ ਐਨ ਮੌਕੇ ਤੇ ਆ ਕੇ ਕਿਸੇ ਅਗਿਆਤ ਵਿਅਕਤੀ ਦੇ ਫੋਨ ਆਉਣ ਤੋਂ ਉਪਰੰਤ ਉਹਨਾਂ ਨੂੰ ਇਹ ਪ੍ਰਾਜੈਕਟ ਮੁਲਤਵੀ ਕਰਨਾ ਪਿਆ ਸੀ। ਸ਼ਹੀਦਾਂ ਦਾ ਸਿੱਖ ਪੰਥ ਵਿੱਚ ਵਿਸ਼ੇਸ਼ ਸਥਾਨ ਹੈ ਅਤੇ ਸ਼ਹੀਦਾਂ ਦੀ ਯਾਦਗਾਰ ਜਰੂਰ ਬਣੇ ਪਰ ਵਿਵਾਦਤ ਯਾਦਗਾਰ ਕਈ ਹੋਰ ਵਿਵਾਦਾਂ ਨੂੰ ਜਨਮ ਦੇ ਸਕਦੀ ਹੈ। ਇਸ ਲਈ ਨਿਰਵਿਵਾਦ ਯਾਦਗਾਰ ਬਣਾਉਣ ਲਈ ਸਮੂਹ ਧਿਰਾਂ ਦੀ ਰਾਇ ਲਈ ਜਾਵੇ ਤੇ ਇਹ ਪਹਿਲ ਕਦਮੀ ਵੀ ਸਭ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮੁੱਖੀ ਤੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਚੇਅਰਮੈਨ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਯਾਦਗਾਰ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਤੇ ਹੋਰ ਤਖਤਾਂ ਦੇ ਜਥੇਦਾਰਾਂ, ਸ਼ੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ, ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਤੇ ਬੁੱਧੀਜੀਵੀ ਵਰਗ ਨੂੰ ਨਾਲ ਲੈ ਕੇ ਕਰਨੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top