Share on Facebook

Main News Page

ਸਿੱਖਾਂ ਦੀ ਪਲੇਠੀ ਪਾਰਲੀਮੈਂਟ ਨੂੰ ਕੌਮ ਕਿਉਂ ਭੁੱਲੀ…?
-
ਜਸਪਾਲ ਸਿੰਘ ਹੇਰਾਂ

ਅੱਜ ਦਾ ਦਿਨ ਸਿੱਖ ਇਤਿਹਾਸ ’ਚ ਹੀ ਨਹੀਂ, ਦੁਨੀਆ ’ਚ ਆਮ ਆਦਮੀ ਨੂੰ ਬਰਾਬਰੀ ਦਾ ਰੁਤਬਾ ਦੇਣ ਲਈ ਇਨਕਲਾਬੀ ਇਤਿਹਾਸਕ ਦਿਹਾੜਾ ਵੀ ਹੈ, ਪਰੰਤੂ ਅਫਸੋਸ ਦੀ ਗੱਲ ਇਹ ਹੈ ਕਿ ਸਿੱਖ ਕੌਮ ਨਾ ਤਾਂ ਖੁਦ ਹੀ ਅਤੇ ਨਾਂ ਹੀ ਦੁਨੀਆ ਨੂੰ ਇਸ ਦਿਹਾੜੇ ਦੀ ਮਹਾਨਤਾ ਤੋਂ ਜਾਣੂ ਕਰਵਾ ਸਕੀ ਹੈ, ਜਿਸ ਕਾਰਣ ਖਾਲਸਾ ਰਾਜ ਦੇ ਜਿਸ ਮਾਡਲ ਨੂੰ ਦੁਨੀਆ ਨੇ ਅਪਣਾਉਣਾ ਸੀ, ਉਹ ਹਨੇਰਿਆਂ ’ਚ ਗੁਆਚਿਆ ਹੋਇਆ ਹੈ। ਅੱਜ ਤੋਂ ਠੀਕ 302 ਵਰ੍ਹੇ ਪਹਿਲਾ ਦੁਨੀਆ ਦੇ ਇਤਿਹਾਸ ’ਚ ਦਰਬਾਰੇ ਖਾਲਸਾ ਦੀ ਪਹਿਲੀ ਪਾਰਲੀਮੈਂਟ ਦਾ ਗਠਨ ਹੋਇਆ ਸੀ ਅਤੇ ਇਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦੀ ਲੋਕਤੰਤਰੀ ਢੰਗ ਤਰੀਕੇ ਨਾਲ ਨੀਂਹ ਰੱਖੀ ਸੀ। ਖਾਲਸਾਈ ਝੰਡੇ ਥੱਲੇ, ਸਿੱਖੀ ਸਿਧਾਂਤਾਂ ਦੀ ਰੋਸ਼ਨੀ ’ਚ ਸਰਬੱਤ ਦੇ ਭਲੇ ਲਈ ਅਤੇ ਜ਼ੋਰ ਜ਼ਬਰ ਦੇ ਖਾਤਮੇ ਲਈ ਅੱਜ ਤੋਂ 302 ਸਾਲ ਪਹਿਲਾ ਲੋਹਗੜ੍ਹ ਦੀ ਧਰਤੀ ਤੇ ਜਿਸ ਦਰਬਾਰੇ ਖਾਲਸਾ ਦੀ ਪਹਿਲੀ ਪਾਰਲੀਮੈਂਟ ਨੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਸਿੱਕੇ ਹੀ ਨਹੀਂ, ਮਨੁੱਖਤਾ ’ਚ ਬਰਾਬਰੀ ਦਾ ਰਾਜ ਚਲਾਇਆ ਸੀ, ਉਸਦੀ ਉਦਾਹਰਣ ਅੱਜ ਦੀ ਦੁਨੀਆ ’ਚ ਕਿਤੇ ਨਹੀਂ ਮਿਲਦੀ।

ਬਾਬਾ ਬੰਦਾ ਸਿੰਘ ਬਹਾਦਰ ਵਲੋਂ ਪਹਿਲੀ ਖਾਲਸਾ ਪਾਰਲੀਮੈਂਟ ਦਾ ਗਠਨ, ਦੁਨੀਆ ’ਚ ਪਹਿਲਾ ਲੋਕਤੰਤਰੀ ਨਿਜ਼ਾਮ ਸੀ, ਜਿਸ ’ਚ ਆਮ ਲੋਕਾਂ ਨੂੰ ਸੱਤਾ ਸੌਂਪੀ ਗਈ ਸੀ, ਜਿਸ ਰਾਜ ਨੇ ਹਰ ਗਰੀਬ, ਦਲਿਤ ਤੇ ਮੁਜ਼ਾਰੇ ਕਿਸਾਨ ਨੂੰ ਜਗੀਰਦਾਰਾਂ ਤੇ ਸਰਮਾਏਦਾਰਾਂ ਦੀ ਗੁਲਾਮੀ ਦੀ ਥਾਂ ਸਰਦਾਰੀ ਦਿੱਤੀ ਸੀ ਅਤੇ ਜਗੀਰਦਾਰਾਂ ਨੂੰ ਉਨ੍ਹਾਂ ਅੱਗੇ ਝੁੱਕ-ਝੁੱਕ ਸਲਾਮ ਕਰਨ ਲਈ ਮਜ਼ਬੂਰ ਕੀਤਾ ਗਿਆ, ਉਸ ਰਾਜ ’ਚ ਧਰਮ ਨਿਰਲੇਪਤਾ ਨੂੰ ਉਚਤਾ ਦਿੱਤੀ ਗਈ, ਨਿਰਪੱਖਤਾ ਨੂੰ ਯਕੀਨੀ ਬਣਾਇਆ ਗਿਆ, ਮਨੁੱਖੀ ਭੇਦਭਾਵ ਨੂੰ ਜੜੋ ਪੁੱਟਿਆ ਗਿਆ, ਮਨੁੱਖੀ ਬਾਰਬਰਤਾ, ਸਮਾਨਤਾ ਦੇ ਆਰਥਿਕ ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਅਧਿਕਾਰ ਸੰਪੂਰਨ ਬਣਾਕੇ ਦੁਨੀਆ ’ਚ ਪਹਿਲੀ ਵਾਰ ਸਿੱਖਾਂ ਦਾ ਰਾਜ ਸਥਾਪਿਤ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਦਸ਼ਮੇਸ਼ ਪਿਤਾ ਨੇ ਆਪਣਾ ਥਾਪੜਾ ਦੇ ਕੇ ਜਿਸ ਮਿਸ਼ਨ ਦੀ ਪੂਰਤੀ ਲਈ ਭੇਜਿਆ ਸੀ ਉਸਨੂੰ ਉਨ੍ਹਾਂ ਮੂਰਤੀਮਾਨ ਕੀਤਾ। ਸਰਹਿੰਦ ਫਤਿਹ ਇਸ ਮਿਸ਼ਨ ਦਾ ਸਿਖ਼ਰ ਨਹੀਂ ਸਗੋਂ ਮੁਢਲਾ ਪੜਾਅ ਸੀ, ਇਸ ਲਈ ਖਾਲਸਾ ਰਾਜ ਦੀ ਸਥਾਪਨਾ ਅਤੇ ਉਸਦੀ ਬਣਤਰ, ਜਿਸਨੇ ਦੁਨੀਆ ’ਚ ਪਹਿਲੀ ਵਾਰ ਮਨੁੱਖੀ ਬਰਾਬਰਤਾ ਦੀ ਗੱਲ ਹੀ ਨਹੀਂ ਕੀਤੀ, ਉਸਨੂੰ ਲਾਗੂ ਕਰਕੇ ਵਿਖਾਇਆ, ਉਹ ਦਰਬਾਰੇ ਖਾਲਸਾ, ਦੁਨੀਆ ’ਚ ਆਰਥਿਕਤਾ ਬਰਾਬਰੀ ਦਾ ਹੀ ਨਹੀਂ, ਸਗੋਂ ਮਨੁੱਖੀ ਹੱਕਾਂ ਦੀ ਬਰਾਬਰੀ ਦਾ ਸਹੀ ਅਰਥ ’ਚ ਪਹਿਲਾ ਝੰਡਾ ਬਰਦਾਰ ਬਣਿਆ।

ਅੱਜ ਜਦੋਂ ਦੁਨੀਆ ਦੇ ਸਾਮਰਾਜਵਾਦੀ ਮੁਲਕ ਮਨੁੱਖੀ ਅਧਿਕਾਰਾਂ ਦੀ ਰਾਖੀ ਨੂੰ ਅਤੇ ਸਮਾਜਵਾਦੀ ਮੁਲਕ ਆਰਥਿਕ ਬਰਾਬਰੀ ਨੂੰ ਪਹਿਲ ਦਿੰਦੇ ਹਨ, ਉਸ ਸਮੇਂ ਅਸੀਂ ਦਰਬਾਰੇ ਖਾਲਸਾ ਦੇ ਉਨ੍ਹਾਂ ਮਹਾਨ ਸਿਧਾਂਤਾਂ ਦੀਆਂ ਉਹ ਗੱਲ੍ਹਾਂ ਛੁਪਾਈ ਬੈਠੇ ਹਾਂ, ਜਿਹੜੀਆਂ ਅੱਜ ਤੋਂ 302 ਸਾਲ ਪਹਿਲਾਂ ਇਨ੍ਹਾਂ ਦੋਵਾਂ ਸਿਧਾਂਤਾਂ ਨੂੰ ਇਕੋ ਸਮੇਂ ਪੂਰਾ ਕਰਨ ਦੇ ਸਮਰਥ ਸਨ। ਸਿੱਖ ਇਸ ਸਮੇਂ ਦੁਨੀਆ ਦੇ ਹਰ ਕੋਨੇ ’ਚ ਵਸੇ ਹੋਏ ਹਨ, ਇਸ ਲਈ ਜੇ ਅਸੀਂ ਆਪਣੇ ਸ਼ਾਨਮੱਤੇ ਵਿਰਸੇ ਦੀ ਦੁਨੀਆ ਨੂੰ ਜਾਣਕਾਰੀ ਦੇ ਕੇ, ਸਿੱਖ ਧਰਮ ਦੀ ਮਹਾਨਤਾ ਦਾ ਅਹਿਸਾਸ ਕਰਵਾਉਣ ਦੇ ਸਮਰਥ ਨਹੀਂ ਹਾਂ, ਤਾਂ ਇਸ ਕੰਮਜ਼ੋਰੀ ਪ੍ਰਤੀ ਸਾਨੂੰ ਆਪਣੇ ਮਨਾਂ ’ਚ ਝਾਤੀ ਮਾਰਨੀ ਹੋਵੇਗੀ ਅਤੇ ਉਸ ਲੀਡਰਸ਼ਿਪ ਦਾ ਸਹਾਰਾ ਤੱਕਣਾ ਛੱਡਣਾ ਹੋਵੇਗਾ, ਜਿਹੜੀ ਲੀਡਰਸ਼ਿਪ ਸਿੱਖ ਦੋਖੀ ਤਾਕਤਾਂ ਦੇ ਹੱਥਾਂ ਦਾ ਖਿਡੌਣਾ ਬਣ ਚੁੱਕੀ ਹੈ। 27 ਮਈ ਸਿੱਖ ਇਤਿਹਾਸ ਦਾ ਸੁਨਹਿਰਾ ਪੰਨਾ ਹੈ, ਇਸ ਲਈ ਇਸਦੀ ਰੋਸ਼ਨੀ ਵੰਡਣ ਦੀ ਵੱਡੀ ਲੋੜ ਹੈ।

ਅਸੀਂ ਸਰਹਿੰਦ ਫ਼ਤਿਹ ਦਿਵਸ ਦੀ ਤੀਜੀ ਸ਼ਤਾਬਦੀ ਮਨਾਉਣ ਤੋਂ ਬਾਅਦ ਦਰਬਾਰੇ ਖਾਲਸਾ ਦੀ ਪਹਿਲੀ ਪਾਰਲੀਮੈਂਟ ਦੇ ਗਠਨ ਦੀ ਤੀਜੀ ਸ਼ਤਾਬਦੀ ਕਿਉਂ ਨਹੀਂ ਮਨਾਈ ? ਇਸ ਸੁਆਲ ਦਾ ਜੁਆਬ ਅੱਜ ਨਹੀਂ ਤਾਂ ਕੱਲ੍ਹ ਜਰੂਰ ਦੇਣਾ ਪਵੇਗਾ। ਪ੍ਰੰਤੂ ਸਾਡੇ ਧਾਰਮਿਕ ਤੇ ਰਾਜਸੀ ਆਗੂਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਿਤ ਸਿੱਖਾਂ ਦੀ ਪਹਿਲੀ ਪਾਰਲੀਮੈਂਟ ਨੂੰ ਅਤੇ ਪਹਿਲੀ ਰਾਜਧਾਨੀ ਨੂੰ ਵੀ ਵਿਸਾਰਿਆ ਹੋਇਆ ਹੈ। ਸਿਰਫ਼ ਫੋਕੀ ਬਿਆਨਬਾਜ਼ੀ ਨਾਲ ਜ਼ਰੂਰ ਸ਼ੋਹਰਤ ਖੱਟਣ ਦੇ ਉਪਰਾਲੇ ਕੀਤੇ ਜਾਂਦੇ ਹਨ, ਪ੍ਰੰਤੂ ਸ਼੍ਰੋਮਣੀ ਕਮੇਟੀ ਜਾਂ ਕਿਸੇ ਹੋਰ ਸਿੱਖ ਸੰਸਥਾ ਜਾਂ ਜਥੇਬੰਦੀ ਨੇ ਸਿੱਖਾਂ ਦੇ ਦਰਬਾਰ-ਏ-ਖਾਲਸਾ ਦੀ ਸਮੁੱਚੀ ਤਸਵੀਰ, ਦੁਨੀਆ ਨੂੰ ਵਿਖਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ। ਜਦੋਂ ਸਾਡੀਆਂ ਯਾਦਾਂ ’ਚ 27 ਮਈ ਕੋਈ ਨਵਾਂ ਉਤਸ਼ਾਹ, ਵਲਵਲਾ, ਜੋਸ਼ ਹੀ ਪੈਦਾ ਨਹੀਂ ਕਰਦੀ ਫਿਰ ਅਸੀਂ ਇਸ ਦਿਨ ਦੀ ਮਹਾਨਤਾ ਨੂੰ ਦੁਨੀਆ ਅੱਗੇ ਕਿਵੇਂ ਬਿਆਨ ਕਰ ਸਕਦੇ ਹਾਂ। ਕੌਮ ਦੇ ਦਾਨਿਸ਼ਵਰਾਂ, ਪੰਥ ਦਰਦੀਆਂ ਨੂੰ ਅਜਿਹੇ ਦਿਹਾੜੇ ਕੌਮੀ ਜਾਗਰੂਕਤਾ ਜਾਂ ਕੌਮੀ ਸਵੈਮਾਣ ਦੇ ਦਿਹਾੜਿਆਂ ਵਜੋਂ ਮਨਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਅਸੀਂ ਜਿੱਥੇ ਆਪਣੇ ਸ਼ਾਨਾਮੱਤੇ ਵਿਰਸੇ ਤੇ ਇਤਿਹਾਸ ਤੋਂ ਦੁਨੀਆ ਨੂੰ ਜਾਣੂ ਕਰਵਾ ਸਕੀਏ, ਉਥੇ ਨਵੀਂ ਪੀੜ੍ਹੀ ’ਚ ਸਿੱਖ ਹੋਣ ਦਾ ਮਾਣ ਕਰਨ ਵਾਲਾ ਜਜ਼ਬਾ ਵੀ ਪੈਦਾ ਕਰ ਸਕੀਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top