Share on Facebook

Main News Page

ਸਿੱਖੀ ਵਿੱਚ ਧਰਮ ਪਹਿਲਾਂ ਹੈ ਜਾਂ ਰਾਜਸੱਤਾ?
- ਜਸਵੰਤ ਸਿੰਘ ‘ਅਜੀਤ’ 98689 17731

ਕੁਝ ਹੀ ਸਮਾਂ ਹੋਇਐ ਦਿੱਲੀ ਦੇ ਕੁਝ ਪਤਵੰਤੇ ਸਜਣਾਂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਲੜਨ, ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਦੇ ਹਿਤਾਂ-ਅਧਿਕਾਰਾਂ ਦੀ ਰਖਿਆ ਕਰਨ ਅਤੇ ਸਮੇਂ-ਸਮੇਂ ਧਾਰਮਕ ਮਾਨਤਾਵਾਂ ਦੇ ਪਾਲਣ ਵਿਚ ਆਉਣ ਵਾਲੀਆਂ ਮੁਸ਼ਕਲਾਂ ’ਤੇ ਰੁਕਾਵਟਾਂ ਹਲ ਕਰਨ ਲਈ, ਉਨ੍ਹਾਂ ਨੂੰ ਸਹਿਯੋਗ ਅਤੇ ਸੇਧ ਦੇਣ ਦੇ ਉਦੇਸ਼ ਨਾਲ ਇਕ ਅੰਤ੍ਰਰਾਸ਼ਟਰੀ ਜਥੇਬੰਦੀ ਕਾਇਮ ਕਰਨ ਦੇ ਸੰਬੰਧ ਵਿਚ ਵਿਚਾਰ-ਵਟਾਂਦਰਾ ਕਰਨ ਦੇ ਉਦੇਸ਼ ਨਾਲ ਦੇਸ਼ ਭਰ ਦੇ ਸਿਖ ਪਤਵੰਤਿਆਂ ਅਤੇ ਪ੍ਰਤੀਨਿਧਾਂ ਦੀ ਇਕ ਇਕਤ੍ਰਤਾ ਦਾ ਆਯੋਜਨ ਕੀਤਾ ਗਿਆ।

ਇਸ ਇਕਤ੍ਰਤਾ ਵਿਚ ਕਈ ਬੁਲਾਰਿਆਂ ਨੇ, ਆਪਣੇ ਵਿਚਾਰ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਪੁਰ ਆਪਣੀ ਸੱਤਾ-ਲਾਲਸਾ ਨੂੰ ਪੂਰਿਆਂ ਕਰਨ ਲਈ, ਅਕਾਲੀ ਦਲ ਦੇ ਸਿੱਖਾਂ ਦੇ ਪ੍ਰਤੀਨਿਧੀ ਹੋਣ ਦੇ ਦਾਅਵੇ ਨਾਲੋਂ ਤੋੜ-ਵਿਛੋੜਾ ਕਰ, ਸਮੁਚੇ ਪੰਜਾਬੀਆਂ ਦੇ ਪ੍ਰਤੀਨਿਧੀ ਹੋਣ ਦੇ ਦਾਅਵੇ ਨੂੰ ਅਪਨਾ, ਸਰਬ-ਸਾਂਝੀਵਾਲਤਾ ਦੇ ਧਾਰਨੀ ਹੋਣ ਦਾ ਰੂਪ ਧਾਰ ਲਏ ਜਾਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਪੁਰ ਆਪਣੇ ਆਕਾਵਾਂ (ਸ਼੍ਰੋਮਣੀ ਅਕਾਲੀ ਦਲ – ਬਾਦਲ ਦੇ ਮੁੱਖੀਆਂ) ਦੇ ਰਾਜਸੀ ਹਿਤਾਂ ਨੂੰ ਪੂਰਿਆਂ ਕਰਨ ਦੇ ਉਦੇਸ਼ ਨੂੰ ਮੁੱਖ ਰਖਦਿਆਂ ਸ਼੍ਰੋਮਣੀ ਕਮੇਟੀ ਨੂੰ ਪੰਜਾਬ ਤਕ ਹੀ ਸੀਮਤ ਕਰ ਲਏ ਜਾਣ ਦਾ ਦੋਸ਼ ਲਾਂਦਿਆਂ, ਪੰਜਾਬ ਤੋਂ ਬਾਹਰ, ਦੇਸ਼ ਅਤੇ ਵਿਦੇਸ਼ ਵਿੱਚ ਵਸਦੇ ਸਿਖਾਂ ਦੇ ਹਿਤਾਂ-ਅਧਿਕਾਰਾਂ ਦੀ ਰਖਿਆ ਕਰਨ ਲਈ ਇਕ ਅੰਤ੍ਰਰਾਸ਼ਟਰੀ ਜਥੇਬੰਦੀ ਕਾਇਮ ਕਰਨ ਨੂੰ ਸਮੇਂ ਦੀ ਜ਼ਰੂਰੀ ਲੋੜ ਕਰਾਰ ਦਿਤਾ।

ਕਾਇਮ ਕੀਤੀ ਜਾਣ ਵਾਲੀ ਨਵੀਂ ਜਥੇਬੰਦੀ ਦੇ ਉਦੇਸ਼ਾਂ ਨੂੰ ਲੈ ਕੇ, ਵਿਦਵਾਨ ਬੁਲਾਰਿਆਂ ਵਲੋਂ ਪ੍ਰਗਟ ਕੀਤੇ ਗਏ ਵਿਚਾਰਾਂ ਵਿਚ ਸਪਸ਼ਟ ਰੂਪ ਵਿੱਚ ਵਿਰੋਧਾਭਾਸ ਵਿਖਾਈ ਦਿੱਤਾ। ਜਿਥੇ ਕਈ-ਇੱਕ ਬੁਲਾਰਿਆਂ ਦਾ ਇਹ ਵਿਚਾਰ ਸੀ, ਕਿ ਨਵੀਂ ਕਾਇਮ ਕੀਤੀ ਜਾਣ ਵਾਲੀ ਜਥੇਬੰਦੀ, ਰਾਜਸੀ ਪ੍ਰਭਾਵ ਤੋਂ ਮੁਕਤ ਹੋਣੀ ਚਾਹੀਦੀ ਹੈ, ਕਿਉਂਕਿ ਜੇ ਸਿੱਖ ਧਾਰਮਕ ਤੋਰ ਤੇ ਮਜ਼ਬੂਤ ਹੋਣਗੇ ਤਾਂ ਹੀ ਉਹ ਰਾਜਸੀ ਤੋਰ ਤੇ ਵੀ ਮਜ਼ਬੂਤ ਹੋ ਸਕਣਗੇ। ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਪਹਿਲਾਂ ਧਰਮ ਬਚਾਣਾ ਚਾਹੀਦਾ ਹੈ, ’ਤੇ ਉਸਤੋਂ ਬਾਅਦ ਰਾਜਨੀਤੀ ਕਰਨੀ ਚਾਹੀਦੀ ਹੈ। ਜਦਕਿ ਇਸਦੇ ਵਿਰੁਧ ਕੁਝ ਬੁਲਾਰਿਆਂ ਦਾ ਇਹ ਕਹਿਣਾ ਸੀ ਕਿ ਰਾਜਸੱਤਾ ਤੋਂ ਬਿਨਾਂ ਧਰਮ ਨਹੀਂ ਚਲ ਸਕਦਾ। ਇਸਲਈ ਨਵੀਂ ਜਥੇਬੰਦੀ ਅਜਿਹੀ ਹੋਣੀ ਚਾਹੀਦੀ ਹੈ, ਜਿਸ ਪਾਸ ਧਾਰਮਕ ਏਜੰਡੇ ਨੂੰ ਲਾਗੂ ਕਰਨ ਲਈ ਰਾਜ-ਸ਼ਕਤੀ ਵੀ ਹੋਵੇ।

ਇਸ ਸੋਚ ਦੇ ਧਾਰਨੀ ਸਜਣਾ ਨੇ ਜਿਸਤਰ੍ਹਾਂ ਆਪਣੀ ਇਸ ਗਲ ਤੇ ਜ਼ੋਰ ਦਿਤਾ ਕਿ ਰਾਜਸੀ ਸ਼ਕਤੀ ਤੋਂ ਬਿਨਾਂ ਤਾਂ ਧਰਮ ਚਲ ਹੀ ਨਹੀਂ ਸਕਦਾ, ਉਸਤੋਂ ਇਹੀ ਸੰਕੇਤ ਮਿਲਦਾ ਹੈ ਕਿ ਇਨ੍ਹਾਂ ਸਜਣਾ ਦੀ ਸੋਚ ‘ਰਾਜ ਬਿਨਾ ਨਹਿ ਧਰਮ ਚਲੈ ਹੈਂ’ ਦੇ ਕਥਨ ਪੁਰ ਹੀ ਟਿੱਕੀ ਹੋਈ ਹੈ, ਉਨ੍ਹਾਂ ਸ਼ਾਇਦ ਇਤਿਹਾਸ ਅਤੇ ਸਿੱਖ ਧਰਮ ਦੇ ਮੂਲ ਉਦੇਸ਼ਾਂ ਨੂੰ ਜਾਂ ਤਾਂ ਡੂੰਘਿਆਈ ਨਾਲ ਵਿਚਾਰਿਆ ਅਤੇ ਸਮਝਿਆ ਨਹੀਂ ਜਾਂ ਫਿਰ ਉਹ ਉਸਦੀ ਘੋਖ ਕਰਨ ਦੀ ਮੇਹਨਤ ਕਰਨਾ ਜ਼ਰੂਰੀ ਨਹੀਂ ਸਮਝਦੇ। ਉਹ ਭੁਲ ਜਾਂਦੇ ਹਨ ਕਿ ਸਿੱਖੀ ਦੇ ਮੂਲ ਉਦੇਸ਼ਾਂ ਵਿਚ ਗ਼ਰੀਬ-ਮਜ਼ਲੂਮ ਦੀ ਰਖਿਆ ਅਤੇ ਟਹਿਲ-ਸੇਵਾ ਕਰਨ ਦੇ ਨਾਲ ਹੀ ਜ਼ਬਰ-ਜ਼ੁਲਮ ਦਾ ਨਾਸ਼ ਕਰਨ ਨੂੰ ਵੀ ਸਿੱਖੀ ਜੀਵਨ ਦੇ ਨਾਲ ਇਕ ਜ਼ਰੂਰੀ ਅੰਗ ਵਜੋਂ ਸੰਬੰਧਤ ਕੀਤਾ ਗਿਆ ਹੋਇਆ ਹੈ। ਸੁਆਲ ਉਠਦਾ ਹੈ ਕਿ ਕੀ ਇਨ੍ਹਾਂ ਸਥਾਪਤ ਆਦਰਸ਼ਾਂ ਪੁਰ ਦ੍ਰਿੜਤਾ ਅਤੇ ਈਮਾਨਦਾਰੀ ਨਾਲ ਪਹਿਰਾ ਦਿੰਦਿਆਂ ਰਾਜਸੱਤਾ ਹਾਸਲ ਕੀਤੀ ਜਾ ਸਕਦੀ ਹੈ ਜਾਂ ਉਸਨੂੰ ਕਾਇਮ ਰਖਿਆ ਜਾ ਸਕਦਾ ਹੈ?

ਇਹ ਗਲ ਧਿਆਨ ਮੰਗਦੀ ਹੈ ਕਿ ਗੁਰੂ ਸਹਿਬਾਨ ਨੇ ਆਪਣੇ ਜਿਸ ਸਮੇਂ ਵਿਚ ਸਿੱਖੀ ਦਾ ਜੋ ਪ੍ਰਚਾਰ-ਪ੍ਰਸਾਰ ਕੀਤਾ ਅਤੇ ਆਪਣੇ ਇਸ ਉਦੇਸ਼ ਵਿੱਚ ਉਨ੍ਹਾਂ ਨੂੰ ਸਫਲਤਾ ਮਿਲੀ, ਉਸ ਸਮੇਂ ਉਨ੍ਹਾਂ ਪਾਸ ਨਾ ਤਾਂ ਕੋਈ ਰਾਜਸੱਤਾ ਸੀ ਅਤੇ ਨਾ ਹੀ ਕੋਈ ਰਾਜ-ਸ਼ਕਤੀ ਸੀ। ਉਸ ਸਮੇਂ ਸਿੱਖੀ ਦਾ ਜਿਤਨਾ ਪ੍ਰਚਾਰ ਅਤੇ ਪ੍ਰਸਾਰ ਹੋਇਆ, ਉਤਨਾ ਸ਼ਾਇਦ ਉਨ੍ਹਾਂ ਤੋਂ ਬਾਅਦ ਕਦੀ ਵੀ ਨਹੀਂ ਹੋ ਸਕਿਆ। ਇਤਿਹਾਸ ਇਸ ਗਲ ਦਾ ਗੁਆਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਦੌਰਾਨ ਜਿਨ੍ਹਾਂ ਲੋਕਾਂ ਨੇ ਸਤਾ-ਸੁਖ ਭੋਗਣ ਲਈ ਸਿੱਖੀ ਸਰੂਪ ਅਪਨਾਇਆ, ਉਨ੍ਹਾਂ ਨੇ ਪੰਜਾਬ ਰਾਜ ਦੇ ਅੰਤ ਦੇ ਨਾਲ ਹੀ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ, ਆਪਣੀ ਅਸਲੀਅਤ ਵਿਖਾ ਦਿਤੀ ਸੀ। ਸ੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵੀ ਕਈ ਵਰ੍ਹੇ ਪੰਜਾਬ ਪੁਰ ਰਾਜ ਕੀਤਾ ਹੈ ਅਤੇ ਹੁਣ ਵੀ ਪਿਛਲੇ ਛੇ ਵਰ੍ਹਿਆਂ ਤੋਂ ਉਹ ਪੰਜਾਬ ਦੀ ਸੱਤਾ ਪੁਰ ਕਾਬਜ਼ ਚਲਿਆ ਆ ਰਿਹਾ ਹੈ। ਸੁਆਲ ਉਠਦਾ ਹੈ ਕਿ ਕੀ ਇਸ ਸਮੇਂ ਦੌਰਾਨ ਸਿੱਖੀ ਵਿੱਚ ਵਾਧਾ ਹੋਇਆ ਹੈ ਜਾਂ ਲਗਾਤਾਰ ਹੀ ਉਸਦਾ ਘਾਣ ਹੁੰਦਾ ਚਲਿਆ ਆ ਰਿਹਾ ਹੈ? ਜੇ ਇਹ ਕਿਹਾ ਜਾਏ ਕਿ ਹੁਣ ਤਾਂ ਸਿੱਖਾਂ ਦੀ ਸਰਵੁੱਚ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰੀ ਸ਼ਕਤੀ ਅਤ ਸਾਧਨਾਂ ਦੀ ਵਰਤੋਂ, ਕਮੇਟੀ ਦੇ ਸੱਤਾਧਾਰੀਆਂ ਦੀ ਰਾਜਸੀ ਲਾਲਸਾ ’ਤੇ ਉਨ੍ਹਾਂ ਦੇ ਨਿਜ-ਹਿਤਾਂ ਦੀ ਪੂਰਤੀ ਕਰਨ ਦੇ ਉਦੇਸ਼ ਨਾਲ, ਸਿੱਖੀ ਦੇ ਘੇਰੇ ਨੂੰ ਸੌੜਿਆਂ ਕਰਨ ਵਿਚ ਹੀ ਵਰਤੀ ਜਾ ਰਹੀ ਹੈ, ਤਾਂ ਕੋਈ ਗ਼ਲਤ ਗਲ ਨਹੀਂ ਹੋਵੇਗੀ।

ਗਲ ਨੀਲਾਤਾਰਾ ਸਾਕੇ ਦੀ ਯਾਦਗਾਰ ਕਾਇਮ ਕਰਨ ਦੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ੍ਰੀ ਅਕਾਲ ਤਖ਼ਤ ਦੇ ਨੇੜੇ ਹੀ ਜੂਨ-1984 ਵਿੱਚ ਵਾਪਰੇ ਨੀਲਾਤਾਰਾ ਸਾਕੇ ਦੀ ਯਾਦਗਾਰ ਬਣਾਏ ਜਾਣ ਦੇ ਲਈ ਕਾਰਸੇਵਾ ਆਰੰਭ ਕਰਵਾ ਦਿੱਤੀ ਗਈ ਹੈ। ਇਹ ਸੇਵਾ ਕਿਸ ਨੂੰ ਦਿੱਤੀ ਗਈ ਹੈ, ਇਹ ਇੱਕ ਵਖਰਾ ਸੂਆਲ ਹੈ। ਪ੍ਰੰਤੂ ਇਸ ਸਮੇਂ ਜੋ ਇਹ ਦਸਿਆ ਜਾ ਰਿਹਾ ਹੈ ਕਿ ਇਹ ਯਾਦਗਾਰ ਗੁਰਦੁਆਰੇ ਦੇ ਰੂਪ ਵਿੱਚ ਹੋਵੇਗੀ, ਉਸ ਬਾਰੇ ਸਿੱਖ ਬੁਧੀਜੀਵੀ ਵਰਗ ਦਾ ਕਹਿਣਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾਂ ਵਿੱਚ ਨੀਲਾਤਾਰਾ ਸਾਕੇ ਦੀ ਯਾਦ ਇੱਕ ਗੁਰਦੁਆਰੇ ਦੇ ਰੂਪ ਵਿੱਚ ਸਥਾਪਤ ਕੀਤਾ ਜਾਣਾ ਕਿਸੇ ਵੀ ਤਰ੍ਹਾਂ ਮੁਨਾਸਿਬ ਨਹੀਂ ਹੋਵੇਗਾ। ਉਨ੍ਹਾਂ ਅਨੁਸਾਰ ਇਹ ਯਾਦਗਾਰ ਸਿੱਖ ਅਜਾਇਬਘਰ ਵਿੱਚ ਇੱਕ ਗੈਲਰੀ ਦੇ ਰੂਪ ਵਿੱਚ ਕਾਇਮ ਕੀਤੀ ਜਾਣੀ ਚਾਹੀਦੀ ਹੈ। ਜਿਸ ਵਿੱਚ ਇਸ ਸਾਕੇ ਦਾ ਵਿਸਤ੍ਰਿਤ ਇਤਿਹਾਸ, ਸ੍ਰੀ ਹਰਿਮੰਦਿਰ ਸਾਹਿਬ ਕੰਪਲੈਕਸ ਪੁਰ ਹੋਏ ਫੌਜੀ ਹਮਲੇ, ਹਮਲੇ ਵਿੱਚ ਹੋਏ ਨੁਕਸਾਨ ਅਤੇ ਹੋਏ ਸ਼ਹੀਦਾਂ ਦੀਆਂ ਉਪਬੱਧ ਹੋ ਸਕਦੀਆਂ ਫੋਟੋਆਂ ਦੇ ਨਾਲ ਸੰਭਾਲਿਆ ਜਾਣਾ ਚਾਹੀਦਾ ਹੈ। ਗੁਰਦੁਆਰੇ ਦੇ ਰੂਪ ਵਿੱਚ ਸਥਾਪਿਤ ਯਾਦਗਾਰ ਦੇ ਸੰਬੰਧ ਵਿੱਚ ਤਾਂ ਇਹੀ ਸੰਦੇਸ਼ ਜਾਇਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਭੇਂਟ ਕਰਨ ਦੇ ਉਦੇਸ਼ ਨਾਲ ਨਹੀਂ, ਸਗੋਂ ਉਨ੍ਹਾਂ ਦੇ ਨਾਂ ਤੇ ਆਮਦਨ ਵਧਾਣ ਦੇ ਸਾਧਨ ਦੇ ਰੂਪ ਵਿੱਚ ਇਸਨੂੰ ਸਥਾਪਿਤ ਕੀਤਾ ਹੈ।

ਸਿੱਖਾਂ ਨਾਲ ਸਿੱਧਾ ਸੰਪਰਕ ਬਣਾਉਣ ਦੀ ਸੋਚ : ਰਾਜਧਾਨੀ ਦੇ ਰਾਜਸੀ ਗਲਿਆਰਿਆਂ ਵਿਚੋਂ ਆ ਰਹੀਆਂ ਕਨਸੌਆਂ ਤੋਂ ਇਉਂ ਜਾਪਦਾ ਹੈ ਜਿਵੇਂ ਕਾਂਗ੍ਰਸ ਅਤੇ ਭਾਜਪਾ ਤੋਂ ਬਿਨਾਂ ਦੂਸਰੀਆਂ ਰਾਸ਼ਟਰੀ ਅਤੇ ਇਲਾਕਾਈ ਪਾਰਟੀਆਂ ਦੇ ਮੁੱਖੀ ਵੀ ਘਟਗਿਣਤੀ ਸਿੱਖਾਂ ਨੂੰ ਆਪਣੇ ਨਾਲ ਜੋੜਨ ਦੇ ਉਦੇਸ਼ ਨਾਲ, ਉਨ੍ਹਾਂ ਨਾਲ ਸਿੱਧਾ ਸੰਵਾਦ ਕਰਨਾ ਅਤੇ ਉਨ੍ਹਾਂ ਨਾਲ ਸੰਪਰਕ ਕਾਇਮ ਕਰੀ ਰਖਣਾ ਚਾਹੁੰਦੇ ਹਨ। ਇਸੇ ਉਦੇਸ਼ ਨਾਲ ਉਹ ਆਪੋ-ਆਪਣੀਆਂ ਪਾਰਟੀਆਂ ਨਾਲ ਸਿੱਖ ਸੈੱਲ ਕਾਇਮ ਕਰਨ ਦੇ ਸੰਬੰਧ ਵਿੱਚ ਗੰਭੀਰਤਾ ਨਾਲ ਵਿਚਾਰ ਕਰ ਰਹੇ ਦਸੇ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਦੇਸ਼ ਦੇ ਕਈ ਰਾਜ ਅਜਿਹੇ ਹਨ ਜਿਨ੍ਹਾਂ ਦੀ ਰਾਜਨੀਤੀ ਵਿੱਚ ਸਿੱਖ ਮਹਤਵਪੂਰਣ ਭੂਮਿਕਾ ਨਿਭਾਂਦੇ ਚਲੇ ਆ ਰਹੇ ਹਨ। ਇਨ੍ਹਾਂ ਪਾਰਟੀਆਂ ਵਿੱਚ ਕਈ ਪਾਰਟੀਆਂ ਦੇ ਨਾਂ ਲਏ ਜਾ ਰਹੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੁਝ ਇਲਾਕਾਈ ਪਾਰਟੀਆਂ ਇਸ ਪਾਸੇ ਛੇਤੀ ਹੀ ਕਦਮ ਵਧਾਉਣ ਵਿੱਚ ਪਹਿਲ ਕਰ ਸਕਦੀਆਂ ਹਨ।

...ਅਤੇ ਅੰਤ ਵਿੱਚ : ਇਨ੍ਹਾਂ ਹੀ ਦਿਨਾਂ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਇੱਕ ਅਜਿਹੀ ਬੈਠਕ ਵਿੱਚ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਇੱਕ ਸੀਨੀਅਰ ਮੁੱਖੀ ਦੀ ਸਟੇਜ ਪੁਰ ਮੌਜੂਦਗੀ ਰਾਜਧਾਨੀ ਦੇ ਸਿੱਖਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿੱਚ ਬੁਲਾਰਿਆਂ ਵਲੋਂ ਦੇਸ਼ ਦੀਆਂ ਘਟ-ਗਿਣਤੀਆਂ ਦੇ ਵਿਰੁਧ ਖੂਬ ਭੜਾਸ ਕਢੀ ਗਈ ਹੈ। ਸੁਆਲ ਉਠਾਇਆ ਜਾ ਰਿਹਾ ਹੈ ਕਿ ਕੀ ਬਾਦਲ ਅਕਾਲੀ ਦਲ ਦੇ ਪ੍ਰਤੀਨਿਧੀ ਦੀ ਅਜਿਹੀ ਬੈਠਕ ਵਿੱਚ ਮੌਜੂਦਗੀ ਤੋਂ ਇਹ ਸੰਦੇਸ਼ ਨਹੀਂ ਮਿਲਦਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁੱਖੀਆਂ ਨੇ ਘਟ-ਗਿਣਤੀਆਂ ਦੈ ਵਿਰੁਧ ਜੋ ਵਿਚਾਰ ਪ੍ਰਗਟ ਕੀਤੇ ਉਨ੍ਹਾਂ ਨਾਲ ਬਾਦਲ ਅਕਾਲੀ ਦਲ ਦੇ ਮੁੱਖੀਆਂ ਦੀ ਪੂਰੀ ਸਹਿਮਤੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top