Share on Facebook

Main News Page

ਸ਼ਹੀਦੀ ਇਕ - ਦਿਹਾੜੇ ਦੋ
(ਹੱਡ-ਬੀਤੀ)

25 ਮਈ,2012 ਨੂੰ ਸ਼ੁਕਰਵਾਰ ਦਾ ਦਿਨ ਸੀ। ਨਿਤਨੇਮੀ ਸਾਧਾਰਨ ਸਿੱਖ ਦੀ ਤਰ੍ਹਾਂ ਗੁਰੂ ਸਾਹਿਬ ਜੀ ਦੇ ਨਤਮਸਤਕ ਹੋਣ ਲਈ ਘਰੋਂ ਨਿਕਲ ਪਿਆ। ਕੀ ਵੇਖਦਾ ਹਾਂ,ਕਿ ਗੁਰਦੁਆਰਾ ਸਾਹਿਬ ਦੇ ਬਾਹਰ ਕੋਈ 25/30 ਸਿੱਖ, ਸਿੱਖਣੀਆਂ, ਬੱਚੇ, ਬੱਚੀਆਂ ਗੁਰਦੁਆਰਾ ਸਾਹਿਬ ਦੀ ਸ਼ਸ਼ੋਬਤ ਇਮਾਰਤ ਦੇ ਬਾਹਰ ਠੰਡੇ-ਮਿੱਠੇ ਜਲ਼ ਦੀ ਸ਼ਬੀਲ ਲਾਈ ਬੈਠੈ ਹਨ। ਤੰਬੂ ਵਿੱਚ ਸਿਆਣੇ-ਬਿਆਣੇ ਕੁਰਸੀਆਂ ਡਾਹ ਕੇ ਇਸ਼ਾਰਿਆਂ ਨਾਲ ਹਦਾਇਤਾਂ ਕਰ ਰਹੇ ਹਨ। ਮਾਈਆਂ ਦੁੱਧ-ਪਾਣੀ ਦੇ ਮਿਸ਼ਰਣ ਵਿੱਚ ਸ਼ਰਬਤ ਘੋਲ ਰਹੀਆਂ ਹਨ। ਨੌ-ਜਵਾਨ ਤੇ ਬੱਚੇ ਹਰ ਲੰਘਦੇ-ਵੜ੍ਹਦੇ ਨੂੰ ਰੋਕ-ਰੋਕ ਕੇ ਗੁਲਾਬੀ ਰੰਗ ਦਾ ਜਲ਼ ਛਕਾ ਰਹੇ ਹਨ। ਇਕ ਗਲਾਸ ਮੁੱਕਦਾ ਨਹੀਂ, ਬਦੋ-ਬਦੀ ਦੂਸਰਾ ਭਰਕੇ ਅੱਗੇ ਕਰ ਦਿੰਦੇ ਹਨ। ਰਾਗੀਆਂ, ਢਾਡੀਆਂ ਦਾ ਵੀ ਚੋਖੀ ਭੀੜ ਵੱਖਰੀ ਹੈ।

ਅਸਾਨੂੰ ਗੁਰਦੁਆਰਾ ਸਾਹਿਬ ਦੇ ਦਰਬਾਰ ਵਿੱਚ ਜਾਣ ਤੋਂ ਪਹਿਲਾਂ ਹੀ ਰੋਕ ਲਿਆ। ਕੰਢਿਆਂ ਤੋਂ ੳਛਲਦੇ ਸ਼ਰਬਤ ਦੇ ਗਲਾਸ ਫੜ੍ਹੀ ਤਿੰਂਨ-ਚਾਰ ਜੁਵਾਨ ਸਾਡੇ ਉਦਾਲੇ ਹੋ ਗਏ। ਅਸਾਂ ਦਰਬਾਰ ਦੀ ਹਾਜ਼ਰੀ ਭਰ ਨੂੰ ਪਹਿਲ ਦੇਣ ਦੀ ਗੱਲ ਆਖੀ ਤਾਂ ‘ਰਾਗੀ ਸਿੰਘ’ ਜੀ ਕਹਿਣ ਲਗੇ, ‘ਗੁਰਮੁੱਖੋ! ਗੁਰੂ ਜੀ ਦਾ ਇਲਾਹੀ ਹੁਕਮ ਹੈ “ਪਹਿਲਾਂ ਪੰਗਤ, ਪਾਛੇ ਸੰਗਤ”- ਗੁਰੂ ਬਖ਼ਸ਼ਿਸ਼ ਜਲ਼ ਛਕ ਕੇ ਨਿਹਾਲ ਹੋਵੋ ਤੇ ‘ਗੁਰੂ ਦੀਆਂ ਖ਼ੁਸ਼ੀਆਂ’ ਪ੍ਰਾਪਤ ਕਰੋ, ਵਡ-ਭਾਗੀਓ’!

ਕੋਈ ਪੰਦਰ੍ਹਾਂ / ਸੋਲਾਂ ਸਾਲਾਂ ਦੇ ਲੜਕੇ ਕੋਲੋਂ ਸ਼ਰਬਤ ਦਾ (ਢਿਲਕੂ ਜਿਹਾ ਫੌਮ ਦਾ) ਗਿਲਾਸ ਪਕੜਦਿਆਂ ਪੁੱਛ ਲਿਆ, ‘ਸ਼ੇਰਾ! ਇਹ ਜਲ਼ ਦੀ ਸੇਵਾ ਕਿਉਂ ਕਰ ਰਹੇ ਹੋ?’ “ਪਤਾ ਨਹੀਂ……ਸ਼ਾਇਦ ਕੋਈ ਦਿਨ ਹੈ ਗੁਰੂ ਦਾ”। ‘ਸਟੂਪਿਡ’ ਕੋਲ ਖਲੋਤੀ ਇਕ ਨੌ-ਜੁਵਾਨ ਲੜਕੀ ਬੋਲੀ, ‘ਗੁਰੂ ਅਰਜੁਨ ਸਾਹਿਬ’।‘ (ਗੁਰੂ) ਅਰਜੁਨ ਸਾਹਿਬ ਕੀ?’ ਮੇਰਾ ਮੋੜਵਾਂ ਸੁਵਾਲ ਸੀ ।‘ਇਹ ਨਹੀਂ ਪਤਾ …’ ਸਾਰੇ ਫਿਰ ਕੋਲੋ ਲੰਘਣ ਵਾਲੀ ਬੀਬੀ ਨੂੰ ਜਲ਼ ਦਾ ਗਿਲਾਸ ਦੇਣ ਚਲੇ ਗਏ।

ਰਾਗੀਆਂ ਸਮੇਤ ਬੈਠੇ ਬਜੁਰਗਾਂ ਨੂੰ ਸੰਬੋਧਨ ਹੁੰਦਿਆਂ ਕਿਹਾ ‘ਕਿ ਨਾਨਕਸ਼ਾਹੀ ਕੈਲੰਡਰ-2003 ਮੁਤਾਬਿਕ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਨ 16 ਜੂੰਨ-2012 ਨੂੰ ਅਜੇ ਆਉਂਣਾ ਹੈ। ‘ਵੇਖੋ ਜੀ! ਓਦਣ ਫਿਰ ਸ਼ਬੀਲ਼ ਲਾ ਦਿਆਂਗੇ। ਗੁਰੂ ਦਾ ਘਰ ਹੈ, ਕੋਈ ਥੁੜ-ਥੋੜੀ ਐ’।ਇਕ ਬਾਬਾ ਬੋਲਿਆ ‘ਸੇਵਾ ਹੈ ਜਲ-ਪਾਣੀ ਦੀ, ਜਿਤਨੀ ਹੋ ਜਾਵੇ ਉਤਨੀ ਥੋੜੀ-ਸੇਵਾ ਥੋੜੀ ਮਾਗਨ ਬਹੁਤਾ-ਬਾਣੀ ਵਿੱਚ ਲਿਖਿਆ ਹੈ’। ਮੈਨੂੰ ਸਮਝਾਵਣੀ ਦੇਂਦਿਆਂ ਕਹਿ ਰਿਹਾ ਸੀ।

‘ਪਰ ਪਿਆਰਿਉ! ਆਹ ਬੱਚਿਆਂ ਨੂੰ ਤਾਂ ਦਸ ਦੇਂਦੇ ਕਿ ਜਲ਼ ਵਰਤਾਇਆ ਕਿਉਂ ਜਾ ਰਿਹਾ ਹੈ? ਸ਼ਬੀਲ ਲਾਉਂਣ ਦਾ ਮੰਤਵ ਕੀ ਹੈ? ਮੇਰਾ ਪ੍ਰਸ਼ਨ ਸੀ। ‘ਇਹ ਬੱਚੇ ਵੀ ਤਾਂ ਤੁਹਾਡੇ ਹੀ ਹਨ? ਤੁਸੀਂ ਦਸ ਦਿਓ? ਅਸੀਂ ਤਾਂ ਸਟੇਜ਼ਾਂ ਤੋਂ ਬੋਲ-ਬੋਲ ਕੇ ਕਮਲੇ ਹੋ ਗਏ ਹਾਂ?’ ਮਗਰੋਂ ਪਤਾ ਚਲਿਆ ਕਿ ਇਹ ਭਾਈ ਸਾਹਿਬ ਗੁਰਦੁਆਰੇ ਦੇ ਕਥਾ ਵਾਚਕ ਸਨ।

ਮੱਥੇ ਤੇ ਹੱਥ ਮਾਰ ਕੇ ਤੁਰਨ ਤੋਂ ਬਿਨ੍ਹਾਂ ਭਲਾ ਦਸੋ!ਚਮੇਰੇ ਕੋਲ ਕਿਹੜਾ ਚਾਰ੍ਹਾ ਬਚਿਆ ਸੀ? ਭੁਲੇਖਾ ਨਾ ਖਾ ਜਾਇਓ! ਇਹ ਘਟਨਾ ਟੋਰਾਂਟੋ ਦੀ ਹੈ।

ਤਰਲੋਕ ਸਿੰਘ 'ਹੁੰਦਲ'
ਬਰੈਮਟਨ-ਟੋਰਾਂਟੋ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top