Share on Facebook

Main News Page

ਅਨੰਦ ਮੈਰਿਜ (ਸੋਧ) ਐਕਟ, 2012 - ਕੀ ਖੱਟਿਆ ਕੀ ਗਵਾਇਆ?

18 ਮਈ, 2012 ਦੀਆਂ ਅਖਬਾਰਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਇਹ ਆਦੇਸ਼ ਆਏ ਕਿ ਅਨੰਦ ਮੈਰਿਜ (ਸੋਧ) ਐਕਟ, 2012 ਜੋ ਰਾਜ ਸਭਾ ਵਿਚ ਪਾਸ ਹੋਣ ਜਾ ਰਿਹਾ ਹੈ ਉਸ ਬਾਰੇ ਕੋਈ ਬਿਆਨਬਾਜੀ ਨਹੀਂ ਕਰਨੀ ਚਾਹੀਦੀ, ਤਾਂ ਮੈਂ ਇਕ ਨਿਮਾਣਾ ਸਿੱਖ ਹੋਣ ਨਾਤੇ ਰਾਜ ਸਭਾ ਅਤੇ ਲੋਕ ਸਭਾ ਵਿਚ ਇਸ ਬਿੱਲ ਦੇ ਪਾਸ ਹੋਣ ਤੱਕ ਬਿਆਨਬਾਜੀ ਨਾ ਕਰਨਾ ਹੀ ਠੀਕ ਸਮਝਿਆ । ਇਸ ਦੇ ਬਾਵਜੂਦ ਕਿ ਮੇਰੇ 21 ਅਤੇ 23 ਅਪ੍ਰੈਲ, 2012 ਨੂੰ ਅਖ਼ਬਾਰਾਂ ਵਿਚ ਛਪੇ 'ਅਨੰਦ ਮੈਰਿਜ ਐਕਟ ਦਾ ਸੱਚ" ਅਤੇ ਚੀਫ਼ ਖ਼ਾਲਸਾ ਦੀਵਾਨ ਨੂੰ ਪੇਸ਼ ਕੀਤੇ "ਸਿੱਖ ਵਿਆਹ ਐਕਟ" ਦੇ ਖਰੜੇ ਬਾਰੇ ਬੇਬੁਨਿਆਦ ਅਤੇ ਬੇਵਜ੍ਹਾ ਸ਼ਬਦ ਵਰਤੇ ਗਏ। ਹੁਣ ਅਨੰਦ ਮੈਰਿਜ (ਸੋਧ) ਬਿੱਲ, 2012, 21 ਮਈ ਨੂੰ ਰਾਜ ਸਭਾ ਅਤੇ 22 ਮਈ, 2012 ਨੂੰ ਲੋਕ ਸਭਾ ਵਿਚ ਸਾਰੀਆ ਪਾਰਟੀਆਂ ਦੀ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ। ਕੁਝ ਰਾਜਨੀਤਕ ਪਾਰਟੀਆਂ ਦੇ ਮੈਂਬਰਾਂ ਨੇ ਦੋਨਾ ਸਦਨਾਂ ਵਿਚ ਬਹਿਸ ਵਿਚ ਹਿੱਸਾ ਲਿਆ ਅਤੇ ਕੁਝ ਪ੍ਰਮੁਖ ਰਾਜਸੀ ਪਾਰਟੀਆਂ ਨੇ ਬਿਲਕੁਲ ਚੁੱਪੀ ਧਾਰਨਾ ਹੀ ਸਿਆਣਪ ਸਮਝਿਆ ਤੇ ਇਕ ਸ਼ਬਦ ਵੀ ਮੂਹੋਂ ਨਹੀਂ ਕਢਿਆ। ਪਰ ਇਹ ਵੀ ਸੱਚ ਹੈ ਕਿ ਭਾਰਤ ਅਤੇ ਸੂਬੇ ਦੀਆਂ ਰਾਜਸੀ ਸ਼ਖ਼ਸੀਅਤਾਂ ਨੇ ਇਸ ਬਿਲ ਦੇ ਪਾਸ ਕਰਵਾਉਣ ਦਾ ਸਿਹਰਾ ਆਪਣੀ ਆਪਣੀ ਪਾਰਟੀ ਦੇ ਨੇਤਾਵਾਂ ਜਾਂ ਕਿਸੇ ਖਾਸ ਵਿਅਕਤੀ ਦੇ ਸਿਰ ਬੰਨ੍ਹਣ ਵਿਚ ਕੋਈ ਕਸਰ ਨਹੀਂ ਛੱਡੀ।

ਹੁਣ ਸਮਾਂ ਆ ਗਿਆ ਹੈ, ਕਿ ਅਸੀਂ ਜੋ ਅਨੰਦ ਮੈਰਿਜ (ਸੋਧ) ਬਿਲ, 2012 ਪਾਸ ਹੋਇਆ, ਹੈ ਉਸ ਦੀ ਕਾਨੂੰਨਾਤਮਿਕ ਅਤੇ ਸਿੱਖੀ ਮਰਿਯਾਦਾ ਪੱਖੋਂ ਸਮੀਖਿਆ ਕਰੀਏ। ਇਸ ਦੇ ਪਾਸ ਹੋਣ ਨਾਲ ਸਿੱਖ ਭਾਈਚਾਰੇ ਤੇ' ਪੈਣ ਵਾਲੇ ਪ੍ਰਭਾਵ ਬਾਰੇ ਪੜਚੋਲ ਕਰੀਏ ਅਤੇ ਪੂਰੀ ਸੱਚਾਈ ਜਾਨਣ ਦਾ ਯਤਨ ਕਰੀਏ। ਹੁਣ ਸਾਡੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਸੋਧ ਨਾਲ ਸਿਖਾਂ ਨੇ ਕੀ ਕੁਝ ਖੱਟਿਆ ਜਾਂ ਕੀ ਕੁਝ ਗਵਾਇਆ ਹੈ ? ਵੈਸੇ ਤਾਂ ਇਸ ਸੋਧ ਨੂੰ ਕੁਝ ਵਿਅਕਤੀਗਤ ਲਾਹਾ ਲੈਣ ਵਾਲੇ ਟੋਲੇ ਵਲੋਂ ਇਹ ਪ੍ਰਚਾਰ ਬੜੇ ਜੋਰ ਸ਼ੋਰ ਨਾਲ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਸਿੱਖ ਕੌਮ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਸਿੱਖਾਂ ਦੀ ਵੱਖਰੀ ਪਹਿਚਾਣ ਬਣੀ ਹੈ। ਬਾਹਰਲੇ ਮੁਲਕਾਂ ਵਿਚ ਇਸ ਸੋਧ ਨਾਲ ਸਿੱਖਾਂ ਨੂੰ ਵਿਆਹ ਰਜਿਸਟਰੇਸ਼ਨ ਸਮੇਂ ਸਿੱਖਾਂ ਦੇ ਵੱਖਰੇ ਵਿਆਹ ਦਾ ਪਰਮਾਣ ਪੱਤਰ ਮਿਲਿਆ ਕਰੇਗਾ। ਉਹਨਾਂ ਵਲੋਂ ਬਹੁਤ ਹੀ ਪੁਰਜੋਰ ਪ੍ਰਚਾਰ ਇਹ ਵੀ ਕੀਤਾ ਗਿਆ ਕਿ ਸਿੱਖਾਂ ਵਿਚ ਤਲਾਕ ਦੀ ਪ੍ਰਥਾ ਨਹੀਂ ਹੈ ਤੇ ਇਸ ਕਰਕੇ ਇਸ ਸੋਧ ਰਾਹੀਂ ਅਨੰਦ ਮੈਰਿਜ ਐਕਟ ਵਿਚ ਜਾਣਬੁਝ ਕੇ ਇਹ ਗੱਲ ਨਹੀਂ ਲਿਆਂਦੀ ਗਈ।

ਜੇ ਅਸੀਂ ਭਾਰਤੀ ਮੰਤਰੀ ਮੰਡਲ ਵਲੋਂ 12 ਅਪ੍ਰੈਲ, 2012 ਨੂੰ ਇਸ ਸੋਧ ਬਿਲ ਦੀ ਮਨਜੂਰੀ ਤੋਂ ਬਾਅਦ ਦਾ ਸਮਾਂ ਦੇਖੀਏ ਤਾਂ ਇਹ ਤੱਥ ਬਿਲਕੁਲ ਸਪਸ਼ਟ ਹਨ ਕਿ ਪਹਿਲਾਂ ਇਸ ਸੋਧ ਦੇ ਹਮਾਇਤੀਆਂ ਨੇ ਸਿੱਖਾਂ ਵਿਚ ਇਹ ਆਮ ਪ੍ਰਭਾਵ ਦੇਣ ਦੀ ਸਿਰਤੋੜ ਕੋਸ਼ਿਸ਼ ਕੀਤੀ ਕਿ ਉਹ 'ਅਨੰਦ ਵਿਆਹ ਐਕਟ, 1909' ਲਾਗੂ ਕਰਵਾ ਰਹੇ ਹਨ। ਸਿਖਾਂ ਦੀ ਨਵੀਂ ਪਹਿਚਾਣ ਬਣਾਈ ਜਾ ਰਹੀ ਹੈ। ਪਰ 21 ਅਤੇ 23 ਅਪ੍ਰੈਲ, 2012 ਨੂੰ ਲਗਭਗ ਸਾਰੇ ਪ੍ਰਮੁਖ ਅਖ਼ਬਾਰਾਂ ਵਿਚ ਮੇਰਾ ਲੇਖ, (ਬਿਨਾ ਜਲੰਧਰ ਤੋਂ ਛਪਦੇ ਉਸ ਪ੍ਰਮੁਖ ਅਖ਼ਬਾਰ ਤੋਂ ਜਿਸ ਨੇ ਮੇਰਾ ਲੇਖ ਛਾਪਣ ਤੋਂ ਇਹ ਕਹਿਕੇ ਨਾਂਹ ਕਰ ਦਿੱਤੀ ਸੀ ਕਿ ਤੁਹਾਡੇ ਵਿਚਾਰ ਵੱਖਰੇ ਹਨ), 'ਅਨੰਦ ਮੈਰਿਜ ਐਕਟ ਦਾ ਸੱਚ' ਸਿਰਲੇਖ ਹੇਠ ਛਪਿਆ। ਉਸ ਨੂੰ ਪੜ੍ਹਨ ਤੋਂ ਬਾਅਦ ਹਰ ਪਾਠਕ ਸੁਚੇਤ ਹੋ ਗਿਆ ਕਿ ਅਨੰਦ ਮੈਰਿਜ ਐਕਟ ਕਿਸੇ ਤਰੀਕੇ ਨਾਲ ਲਾਗੂ ਹੋਣ ਨਹੀਂ ਜਾ ਰਿਹਾ, ਬਲਕਿ ਇਹ 1909 ਤੋਂ ਲਾਗੂ ਚਲਿਆ ਆ ਰਿਹਾ ਹੈ।ਸਿੱਖਾਂ ਦੀ ਵਖਰੀ ਹੋਂਦ ਜੋ ਅਨੰਦ ਮੈਰਿਜ ਐਕਟ ਦੇ 1909 ਵਿਚ ਪਾਸ ਹੋਣ ਨਾਲ ਬਣੀ ਸੀ, ਉਹ ਹਮੇਸ਼ਾ ਬਰਕਰਾਰ ਹੈ। ਜਾਗਰੁਕ ਹੋਣ ਕਰਕੇ ਇਹ ਵੀ ਗੱਲ ਸਾਹਮਣੇ ਆ ਗਈ ਕਿ ਅਸਲ ਵਿਚ ਇਹ ਕੋਈ ਵਖਰਾ ਵਿਆਹ ਦਾ ਕਾਨੂੰਨ ਨਹੀਂ ਬਨਣ ਜਾ ਰਿਹਾ ਬਲਕਿ ਅਨੰਦ ਕਾਰਜ ਰੀਤੀ ਰਾਹੀਂ ਸਿੱਖਾਂ ਵਿਚ ਵਿਆਹ ਨੂੰ ਕਾਨੂੰਨੀ ਮਾਨਤਾ, ਜੋ 1909 ਵਿਚ ਪ੍ਰਦਾਨ ਕੀਤੀ ਗਈ ਸੀ, ਉਸ ਵਿਚ ਸਿਰਫ ਵਿਆਹ ਦੀ ਰਜਿਸਟਰੇਸ਼ਨ ਕਰਾਉਣ ਦੀ ਹੀ ਮੱਦ ਜੋੜੀ ਜਾ ਰਹੀ ਹੈ। ਇਸ ਸੋਧ ਦੇ ਹਮਾਇਤੀਆਂ ਵਲੋਂ ਆਪਣੇ ਝੂਠ ਦਾ ਪਾਜ ਖੁਲਦਾ ਦੇਖ ਕੇ ਸਿੱਖ ਜਗਤ ਨੂੰ ਭੰਬਲਭੂਸੇ ਵਿਚ ਪਾਉਣ ਲਈ ਇਕ ਨਵਾਂ ਮੁੱਦਾ ਉਠਾਇਆ ਗਿਆ ਕਿ ਸਿੱਖਾਂ ਮਰਿਆਦਾ ਅਨੁਸਾਰ ਤਲਾਕ ਦੀ ਵਿਵਸਥਾ ਨਹੀਂ ਹੈ। ਜੇ ਇਸ ਨੂੰ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਹੀਏ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ।

ਸਿੱਖ ਭਾਈਚਾਰੇ ਸਾਹਮਣੇ ਇਕ ਵੱਡਾ ਸਵਾਲ ਇਹ ਉਠਦਾ ਹੈ ਕਿ 60-62 ਸਾਲਾਂ ਤੋਂ ਕੀ ਸਿੱਖਾਂ ਦੀ ਮੰਗ ਕਿ ਉਹਨਾਂ ਦਾ ਆਪਣਾ ਪਰਸਨਲ ਲਾਅ ਹੋਵੇ ਅਤੇ ਇਕ ਸਵਤੰਤਰ ਸੰਪੂਰਣ 'ਸਿੱਖ ਵਿਆਹ ਐਕਟ' ਹੋਣਾ ਸੀ ਜਾਂ ਸਿੱਖ ਵਿਆਹ ਦੀ ਮਰਿਆਦਾ ਅਨੰਦ ਕਾਰਜ ਨੂੰ ਕਾਨੂੰਨੀ ਮਾਨਤਾ ਦੇਣ ਵਾਲੇ ਸਿੱਖ ਅਨੰਦ ਮੈਰਿਜ ਐਕਟ, 1909 ਵਿਚ ਸਿਰਫ ਵਿਆਹ ਦੀ ਰਜਿਸਟਰੇਸ਼ਨ ਦੀ ਮੱਦ ਹੀ ਸ਼ਾਮਿਲ ਕਰਨਾ ਸੀ ? ਜਿਵੇਂ ਕਿ ਸੋਧ ਪੱਖੀਆਂ੍‍ ਵਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਇਸ ਸੋਧ ਨਾਲ ਸਿੱਖਾਂ ਦੀ ਮੂਲ ਮੰਗ ਪੂਰੀ ਹੋਈ ਹੈ, ਕੀ ਸਿੱਖਾਂ ਦੀ ਇਹੋ ਮੰਗ ਸੀ? ਕੀ ਸਚਾਈ ਇਹ ਨਹੀਂ ਹੈ ਕਿ ਪਿਛਲੇ 60-62 ਸਾਲਾਂ ਤੋਂ ਸਿੱਖਾਂ ਦੀ ਅਸਲੀ ਮੰਗ ਤਾਂ ਉਹਨਾ ਦਾ ਆਪਣਾ ਸਵਤੰਤਰ ਪਰਸਨਲ ਕਾਨੂੰਨ ਅਤੇ ਆਪਣਾ ਸੰਪੂਰਨ ਸਿੱਖ ਵਿਆਹ ਐਕਟ ਸੀ ? ਕੀ ਉਹਨਾਂ ਦੀ ਮੂਲ ਮੰਗ ਇਹ ਨਹੀਂ ਸੀ ਕਿ ਸਿੱਖਾਂ ਨੂੰ ਹਿੰਦੂ ਵਿਆਹ ਐਕਟ, 1955 ਵਿਚੋਂ ਕੱਢ ਕੇ ਸਵਤੰਤਰ ਬਣਾਇਆ ਜਾਵੇ ? ਹੁਣ ਜਦੋਂ ਇਹ ਸੋਧ ਬਿਲ ਰਾਜ ਸਭਾ ਤੇ ਲੋਕ ਸਭਾ ਵਿਚ ਪਾਸ ਹੋ ਗਿਆ ਹੈ ਅਤੇ ਇਸ ਦੀ ਕਾਪੀ ਇੰਟਰਨੈਟ ਤੇ' ਵੀ ਮਿਲ ਰਹੀ ਹੈ ਤਾਂ ਬਿੱਲੀ ਥੈਲਿਉਂ ਬਾਹਰ ਆ ਗਈ ਹੈ। ਇਸ ਪਾਸ ਹੋਏ ਬਿਲ ਨੂੰ ਜੇਕਰ ਗਹਿਰਾਈ ਨਾਲ ਘੋਖਿਆ ਜਾਵੇ ਤਾਂ ਅਨੰਦ ਮੈਰਿਜ ਐਕਟ 1909 ਵਿਚ ਇਕ ਨਵੀਂ ਧਾਰਾ 6 ਜੋੜੀ ਗਈ ਹੈ ਜੋ ਵਿਆਹ ਦੀ ਰਜਿਸਟਰੇਸ਼ਨ ਤੱਕ ਹੀ ਸੀਮਿਤ ਹੈ, ਤੇ ਜਦੋਂ ਅਸੀਂ ਨਵੀਂ ਧਾਰਾ 6 ਨੂੰ ਡੂੰਘਾਈ ਨਾਲ ਵਾਚਦੇ ਹਾਂ ਤਾਂ ਹੇਠ ਲਿਖੇ ਹੈਰਾਨੀਜਨਕ ਤੱਥ ਸਾਹਮਣੇ ਆਂਉਦੇ ਹਨ।

ਜੋ 'ਵਿਆਹ' ਸਿੱਖਾਂ ਵਿਚ ਅਨੰਦ ਕਾਰਜ ਰਾਹੀਂ ਸੰਪੂਰਨ ਹੋਵੇਗਾ ਉਸ ਨੂੰ ਕਿਤੇ ਵੀ "ਸਿੱਖ ਵਿਆਹ" ਦਾ ਨਾਉਂ ਨਹੀਂ ਦਿੱਤਾ ਗਿਆ। ਜਿਸ ਰਜਿਸਟਰ ਵਿਚ ਵਿਆਹ ਰਜਿਸਟਰ ਹੋਵੇਗਾ ਉਸਨੂੰ 'ਸਿੱਖ ਵਿਆਹ ਰਜਿਸਟਰ' ਨਹੀਂ ਬਲਕਿ 'ਵਿਆਹ ਰਜਿਸਟਰ' ਦਾ ਨਾਉਂ ਦਿੱਤਾ ਗਿਆ ਹੈ। ਅਨੰਦ ਕਾਰਜ ਦੀ ਮਰਿਆਦਾ ਜਾਂ ਰੀਤੀ ਜਿਸ ਨੂੰ ਸਿੱਖਾਂ ਵਿਚ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਸਮਝਿਆ ਜਾਂਦਾ ਹੈ, ਅਤੇ ਜਿਸ ਨੂੰ ਅੰਗਰੇਜਾਂ ਨੇ ਵੀ 1909 ਵਿਚ ਅਨੰਦ ਮੈਰਿਜ ਐਕਟ ਪਾਸ ਕਰਨ ਵੇਲੇ ਸਵੀਕਾਰਿਆ ਸੀ, ਉਹ ਇਸ ਨਵੀਂ ਜੋੜੀ ਧਾਰਾ 6 ਅਧੀਨ ਸਿਰਫ ਸਿੱਖਾਂ ਵਿਚ 'ਰਿਵਾਜ' (Custom) ਬਣਾ ਦਿੱਤੀ ਗਈ ਹੈ। ਹਿੰਦੂ ਵਿਆਹ ਐਕਟ ਵਿਚ ਜੋ ਰਜਿਸਟਰੇਸ਼ਨ ਦੀ ਧਾਰਾ 8 ਹੈ, ਜੇ ਉਸ ਦੀ ਅਨੰਦ ਮੈਰਿਜ ਐਕਟ ਦੀ ਸੋਧ ਨਾਲ ਜੋੜੀ ਗਈ ਨਵੀਂ ਧਾਰਾ 6 ਨਾਲ ਤੁਲਨਾ ਕਰੀਏ, ਤਾਂ ਸਪਸ਼ਟ ਹੋ ਜਾਂਦਾ ਹੈ ਕਿ ਹਿੰਦੂ ਵਿਆਹ ਐਕਟ 1955 ਅਧੀਨ ਹੋਈ ਰਜਿਸਟਰੇਸ਼ਨ 'ਹਿੰਦੂ ਵਿਆਹ ਦਾ ਪ੍ਰਮਾਣ' ਹੈ (For the purpose of facilitating the proof of Hindu Marriage), ਜਦ ਕਿ ਅਨੰਦ ਮੈਰਿਜ ਐਕਟ ਦੀ ਧਾਰਾ 6 ਅਨੁਸਾਰ ਇਹ ਪ੍ਰਮਾਣ 'ਸਿੱਖ ਵਿਆਹ' ਦਾ ਨਹੀਂ ਬਲਕਿ ਸਿਰਫ ਵਿਆਹ ਦੀ ਰਸਮ (ਆਮ ਤੌਰ ਤੇ ਅਨੰਦ ਕਾਰਜ ਨਾਲ ਜਾਣਿਆ) ਸਿੱਖਾਂ ਵਿਚ ਪ੍ਰਚਲਿਤ 'ਰਿਵਾਜ' ਦਾ ਹੋਵੇਗਾ। (For the purpose of facilitating proof of marriage ceremony (commonly known as Anand Karaj) customary among the Sikhs). ਇਥੇ ਇਹ ਵੀ ਜਾਨਣਾ ਬਹੁਤ ਮਹੱਤਵ ਰਖਦਾ ਹੈ ਕਿ 1909 ਵਿਚ ਜਦੋਂ ਅਨੰਦ ਮੈਰਿਜ ਐਕਟ ਬਣਾਇਆ ਗਿਆ ਤਾਂ ਉਸ ਵਿਚ ਕਿਤੇ ਵੀ ਹਿੰਦੂ ਸ਼ਬਦ ਜਾਂ ਹਿੰਦੂਆਂ ਨਾਲ ਸਬੰਧਤ ਕਿਸੇ ਕਾਨੂੰਨ ਦਾ ਜਿਕਰ ਨਹੀਂ ਕੀਤਾ ਗਿਆ, ਬਲਕਿ ਸਿੱਖਾਂ ਦੀ ਵੱਖਰੀ ਹੋਂਦ ਨੂੰ ਪ੍ਰਮਾਣਤ ਕਰਦੇ ਹੋਏ ਸਿਰਫ ਸਿੱਖਾਂ ਲਈ ਹੀ ਬਣਾਇਆ ਗਿਆ। ਪਰ ਹੁਣ ਨਵੀਂ ਸੋਧ ਨਾਲ ਜੋੜੀ ਗਈ ਧਾਰਾ 6 ਵਿਚ ਸਪਸ਼ਟ ਲਿਖ ਦਿੱਤਾ ਗਿਆ ਹੈ ਕਿ ਜੋ ਧਿਰਾਂ ਦੇ ਵਿਆਹ ਦੀ ਰਜਿਸਟਰੇਸ਼ਨ ਹੋਣੀ ਹੈ, ਇਹ 'ਹਿੰਦੂ ਵਿਆਹ ਐਕਟ 1955' ਵਿਚ ਦਰਜ ਕੋਈ ਵੀ ਚੀਜ ਦੇ ਉਲਟ ਜਾਂ ਵਿਪਰੀਤ ਪਾਏ ਬਿਨਾਂ ਹੋਵੇਗੀ (Without prejudice to anything contained in the Hindu Marriage Act, 1955) । ਕੀ ਇਹ ਨਿਰੋਲ ਸਿੱਖਾਂ ਨਾਲ ਸਬੰਧਤ 'ਅਨੰਦ ਮੈਰਿਜ ਐਕਟ' ਵਿਚ 'ਹਿੰਦੂ ਵਿਆਹ ਐਕਟ' ਦਾ ਦਰਜ ਕਰਨਾ ਹੀ ਸਿੱਖਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ?

ਵਿਚਾਰਨ ਵਾਲੀ ਗੱਲ ਇਹ ਹੈ ਕਿ ਹਿੰਦੂਆਂ ਲਈ ਹਿੰਦੂ ਵਿਆਹ ਐਕਟ ਦੀ ਧਾਰਾ 8 ਵਿਚ 'ਹਿੰਦੂ ਵਿਆਹ ਰਜਿਸਟਰ' ਦੀ ਵਿਵਸਥਾ ਅਤੇ ਸਿੱਖਾਂ ਲਈ ਅਨੰਦ ਮੈਰਿਜ ਐਕਟ ਦੀ ਨਵੀਂ ਧਾਰਾ 6 ਵਿਚ ਸਿਰਫ 'ਵਿਆਹ ਰਜਿਸਟਰ' ਸ਼ਬਦ ਵਰਤਣਾ, ਕੀ ਸਿੱਖਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ?

ਹਿੰਦੂ ਵਿਆਹ ਐਕਟ ਦੀ ਧਾਰਾ 7 ਵਿਚ ਹਿੰਦੂਆਂ ਦੇ ਵਿਆਹ ਦੀ ਪ੍ਰਕਿਰਿਆ (ਸਪਤਪਦੀ) ਨੂੰ ਤਾਂ 'ਰੀਤੀ' ਦਾ ਦਰਜ਼ਾ ਦੇਣਾ, ਪਰ ਸਿੱਖਾਂ ਨੂੰ ਹੁਣ ਸੋਧ ਤੋਂ ਬਾਅਦ ਆਨੰਦ ਕਾਰਜ ਦੀ ਮਰਿਆਦਾ ਨੂੰ 'ਰਿਵਾਜ' ਦਾ ਦਰਜਾ ਦੇਣਾ, ਕਿੰਨੀ ਕੁ ਵੱਡੀ ਪ੍ਰਾਪਤੀ ਹੈ?

ਆਮ ਪਾਠਕਾਂ ਨੂੰ ਤਾਂ ਇਹ ਲੱਗੇਗਾ ਕਿ ਸ਼ਾਇਦ ਇਹ ਛੋਟੀਆਂ ਜਿਹੀਆਂ ਊਣਤਾਈਆਂ ਹੋਣਗੀਆਂ।ਪਰ ਕਾਨੂੰਨ ਨੂੰ ਜਾਨਣ ਵਾਲੇ ਇਸ ਗੱਲ ਦੀ ਮਹੱਤਤਾ ਨੂੰ ਜਰੂਰ ਸਮਝ ਲੈਣਗੇ ਕਿ ਹੁਣ ਰਜਿਸ਼ਟਰੇਸਨ ਦੀ ਨਵੀਂ ਧਾਰਾ 6 ਜੋੜਨ ਨਾਲ ਸਿੱਖਾਂ ਨੂੰ ਅਨੰਦ ਮੈਰਿਜ ਐਕਟ, 1909 ਵਿਚ ਅਨੰਦ ਕਾਰਜ ਦੀ 'ਮਰਿਯਾਦਾ' (ਸੰਸਕਾਰ) ਨੂੰ ਇਕ 'ਰੀਤੀ' ਦੀ ਪ੍ਰਮਾਣਿਕਤਾ ਨੂੰ ਖਤਮ ਕਰਦੇ ਹੋਏ ਉਸ ਦਾ ਸਰੂਪ ਬਦਲਕੇ ਸਿਰਫ 'ਰਿਵਾਜ' ਕਹਿਣਾ ਕਿੰਨਾਂ ਨੁਕਸਾਨਦੇਹ ਹੈ।


ਇੱਥੇ ਇਕ ਹੋਰ ਵੀ ਤੱਥ ਬਹੁਤ ਮਹੱਤਵਪੂਰਨ ਹੈ ਕਿ ਜੋ ਇਸ ਸੋਧ ਬਾਰੇ ਕੁਝ ਨਿਜੀ ਸੁਆਰਥੀ ਹਮਾਇਤੀਆਂ ਵਲੋਂ ਪ੍ਰਚਾਰ ਕੀਤਾ ਗਿਆ ਕਿ ਜੋ ਇਹ ਅਨੰਦ ਮੈਰਿਜ ਸੋਧ ਬਿਲ, 2012 ਪਾਸ ਹੋਇਆ ਹੈ, ਉਹ ਉਨ੍ਹਾਂ ਦੁਆਰਾ 2007 ਵਿਚ ਆਰੰਭੇ ਯਤਨਾ ਸਦਕਾ ਰਾਜ ਸਭਾ ਵਿਚ ਇਕ ਪ੍ਰਾਈਵੇਟ ਬਿਲ ਪੇਸ਼ ਕਰਨ ਕਰਕੇ ਹੋਇਆ ਹੈ।

ਸਿੱਖ ਵੀਰੋ ਅਤੇ ਭੈਣੋ! ਤੁਸੀਂ ਇਹ ਜਾਣਕੇ ਹੈਰਾਨ ਹੋਵੋਗੇ ਕਿ ਜੋ ਇਹ ਸੋਧ ਬਿਲ 2012 ਹੁਣ ਰਾਜ ਸਭਾ ਤੇ ਲੋਕ ਸਭਾ ਵਿਚ ਪਾਸ ਹੋਇਆ ਹੈ ਉਸ ਦਾ ਸਰੂਪ 2007 ਵਾਲੇ ਖਰੜੇ ਤੋ' ਵੀ ਬਿਲਕੁਲ ਵੱਖਰਾ ਹੈ। ਜੇ 2007 ਦੇ ਸੋਧ ਬਿਲ ਨੂੰ ਗਹੁ ਨਾਲ ਵੇਖੀਏ ਤਾਂ ਉਸ ਵਿਚ ਲਿਖਿਆ ਸੀ ਕਿ "ਕੋਈ ਹੋਰ ਕਾਨੂੰਨ ਹੋਣ ਦੇ ਬਾਵਜੂਦ ਵੀ ਆਨੰਦ ਵਿਆਹ ਦੇ ਪ੍ਰਮਾਣ ਵਜੋਂ" ਆਨੰਦ ਮੈਰਿਜ ਐਕਟ 1909 ਅਧੀਨ ਅਨੰਦ ਵਿਆਹ ਦੀ ਰਜਿਸ਼ਟਰੇਸ਼ਨ ਦਾ ਪ੍ਰਬੰਧ ਹੋਣਾ ਸੀ। (Notwithstanding anything in any law, for the purpose of facilitating the proof of Anand Marriage) (ਭਾਂਵੇ ਕਿ ਉਸ ਵਕਤ ਵੀ ਇਸ ਬਿਲ ਵਿਚ ਪਤਾ ਨਹੀ' ਕਿੰਨ੍ਹਾ ਕਾਰਨਾਂ ਕਰਕੇ 'ਸਿੱਖ' ਸ਼ਬਦ ਵਰਤਣ ਤੋ' ਗੁਰੇਜ ਕੀਤਾ ਗਿਆ) ਅਤੇ ਹੁਣ ਹੋਈ ਸੋਧ ਰਾਹੀਂ ਤਾਂ ਹਿੰਦੂ ਵਿਆਹ ਐਕਟ 1955 ਦੇ ਕਿਸੇ ਵੀ ਪਰਾਵਧਾਨ ਦੇ ਉਲਟ ਅਸਰ ਪਾਏ ਬਿਨਾਂ (Without prejudice to anything contained in the Hindu Marriage Act, 1955) ਜਾਂ ਸਰਲ ਸ਼ਬਦਾਂ ਵਿਚ ਕਹਿ ਲਈਏ ਕਿ ਹਿੰਦੂ ਵਿਆਹ ਐਕਟ 1955 ਦੇ ਸਾਰੇ ਪਰਾਵਧਾਨ ਮੰਨਦੇ ਹੋਏ ਜਾਂ ਉਨ੍ਹਾਂ ਅਧੀਨ ਰਹਿੰਦੇ ਹੋਏ, ਕੀ ਇਸ ਗੱਲ ਦਾ ਪ੍ਰਮਾਣ ਨਹੀਂ ਕਿ ਸਿੱਖਾਂ ਨੂੰ ਹਮੇਸ਼ਾਂ ਲਈ ਹਿੰਦੂ ਕਾਨੂੰਨ ਅਧੀਨ ਕਰ ਦੇਣ ਵਾਲਾ ਕਾਨੂੰਨ ਪਾਸ ਹੋਇਆ ਹੈ।

ਹੁਣ ਇਸ ਨਵੀਂ ਸੋਧ ਨਾਲ ਅਨੰਦ ਮੈਰਿਜ ਐਕਟ ਵਿਚ ਹਿੰਦੂ ਮੈਰਿਜ ਐਕਟ ਦਾ ਉਲੇਖ ਕਰਨਾ ਕੀ ਹਮੇਸ਼ਾ ਲਈ ਸਿੱਖਾਂ ਨੂੰ ਹਿੰਦੂਆਂ ਦੇ ਵਿਆਹ ਐਕਟ ਅਧੀਨ ਰੱਖਣਾ ਨਹੀਂ ਹੋਵੇਗਾ ? ਅਨੰਦ ਕਾਰਜ 'ਰਿਵਾਜ' ਰਾਹੀਂ ਸਿੱਖਾਂ ਵਿਚ ਵਿਆਹ ਦੀ ਰਜਿਸਟਰੇਸ਼ਨ ਅਨੰਦ ਮੈਰਿਜ ਐਕਟ ਦੀ ਧਾਰਾ 6 ਅਧੀਨ, ਪਰ ਵਿਆਹ ਦੀਆਂ ਸ਼ਰਤਾਂ, ਨਿਆਂਇਕ ਅਲਹਿਦਗੀ, ਵਿਆਹ ਦਾ ਮੁੜ ਸਥਾਪਨ, ਸੁੰਨ ਕਰਣ ਯੋਗ ਵਿਆਹ, ਤਲਾਕ, ਜਾਇਜ-ਨਾਜਾਇਜ ਬੱਚਿਆਂ ਦੀ ਸਥਿਤੀ, ਗੁਜਾਰਾ ਤੇ ਸਥਾਈ ਵਿਆਹ ਗੁਜਾਰਾ, ਬੱਚਿਆਂ ਦੀ ਸਿੱਖਿਆ, ਸੰਭਾਲ ਅਤੇ ਦੇਖਭਾਲ, ਅਤੇ ਵਿਆਹੁਤਾ ਧਿਰਾਂ ਦੀ ਸੰਪਤੀ ਦਾ ਨਿਬੇੜਾ ਸਭ ਕੁਝ ਹਿੰਦੂ ਵਿਆਹ ਐਕਟ 1955 ਅਧੀਨ ਰਖਣਾ, ਕੀ ਇਹੀ ਸਿੱਖਾਂ ਦੀ ਲੰਮੇ ਸਮੇਂ ਤੋਂ ਆ ਰਹੀ ਮੰਗ ਸੀ ਜੋ ਹੁਣ ਮੰਨੀ ਗਈ ਹੈ ? ਸੱਚ ਤਾਂ ਇਹ ਹੈ ਕਿ ਸਿੱਖਾਂ ਦੀ ਮੰਗ ਤਾਂ ਹਮੇਸ਼ਾਂ ਸਿੱਖਾਂ ਲਈ ਵੱਖਰਾ ਸਿੱਖ ਵਿਆਹ ਕਾਨੂੰਨ ਦੀ ਰਹੀ ਹੈ।

ਜਦੋ' ਨਵੀਂ ਸੋਧ ਦੀ ਮੱਦ 6 ਅਧੀਨ ਸਿੱਖ ਹੁਣ 'ਸਿੱਖ ਵਿਆਹ' ਨਹੀ' ਲਿਖਵਾ ਸਕਦੇ, ਵਿਆਹ ਰਜਿਸਟਰ ਨੂੰ 'ਸਿੱਖ ਵਿਆਹ ਰਜਿਸਟਰ' ਹੀ ਨਹੀ' ਕਹਿ ਸਕਦੇ ਤਾਂ ਕਿਸ ਆਧਾਰ ਤੇ ਅਸੀਂ ਸਿੱਖਾਂ ਲਈ ਵੱਖਰੀ ਹੋਂਦ ਦੀ ਪ੍ਰਾਪਤੀ ਦੀ ਗੱਲ ਕਰ ਰਹੇ ਹਾਂ ? ਸੱਚ ਤਾਂ ਇਹ ਹੈ ਕਿ ਨਵੀਂ ਸੋਧ ਦੁਆਰਾ ਜੋੜੀ ਗਈ ਧਾਰਾ 6 ਨੂੰ ਜੇ ਪੂਰਨ ਤੌਰ ਤੇ ਵੇਖੀਏ ਤਾਂ ਸਿੱਖ ਵਿਆਹ ਦੀ ਮਰਿਯਾਦਾ ਨੂੰ ਹਿੰਦੂ ਮੈਰਿਜ ਐਕਟ ਦੇ ਮਾਤਹਿਤ ਬਣਾ ਦਿੱਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਦੇ ਇਕ ਉਚ ਅਧਿਕਾਰੀ ਵੱਲੋ' ਜਦੋ' 8 ਮਈ, 2012 ਨੂੰ ਦਾਸ ਨੂੰ ਇਸ ਨਵੀ' ਸੋਧ ਦੀ ਮੱਦ 6 ਬਾਰੇ ਘੋਖਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੂੰ ਅਸਾਂ ਇਹ ਬੇਨਤੀ ਕੀਤੀ ਕਿ ਅਸੀਂ ਤਾਂ ਹਮੇਸ਼ਾਂ ਇਸ ਵਿਚਾਰਧਾਰਾ ਦੇ ਰਹੇ ਹਾਂ ਕਿ ਸਿੱਖਾਂ ਦਾ ਆਪਣਾ ਸਵਤੰਤਰ ਸੰਪੂਰਣ 'ਸਿੱਖ ਵਿਆਹ ਐਕਟ' ਹੋਣਾ ਚਾਹੀਦਾ ਹੈ ਜੋ ਸਿੱਖਾਂ ਨੂੰ ਹਿੰਦੂ ਵਿਆਹ ਐਕਟ ਚੋਂ' ਬਾਹਰ ਕੱਢ ਸਕੇ, ਨਾ ਕਿ ਆਨੰਦ ਮੈਰਿਜ ਐਕਟ, 1909 ਵਿਚ ਸਿਰਫ਼ ਰਜਿਸਟਰੇਸ਼ਨ ਦੀ ਧਾਰਾ ਜੋੜ ਕੇ ਸਿੱਖਾਂ ਨੂੰ ਹੋਰ ਉਲਝਣਾਂ ਵਿਚ ਫਸਾਇਆ ਜਾਵੇ।

ਸਭ ਤੋਂ ਵੱਧ ਹੈਰਾਨੀਜਨਕ ਤੱਥ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੋ ਰਾਜ ਸਭਾ ਵਿਚ ਬਿਲ ਦੇ ਖਰੜੇ ਨੂੰ ਪੇਸ਼ ਹੋਣ ਤੋਂ ਪਹਿਲਾਂ ਤਰਮੀਮਾਂ ਸੁਝਾਈਆਂ ਗਈਆਂ ਕਿ ਵਿਆਹ ਸ਼ਬਦ ਦੀ ਬਜਾਏ 'ਸਿੱਖ ਵਿਆਹ' ਅਤੇ ਵਿਆਹ ਰਜਿਸਟਰ ਦੀ ਥਾਂ 'ਸਿੱਖ ਵਿਆਹ ਰਜਿਸਟਰ', ਦੂਸਰੀ ਮਹੱਤਵਪੂਰਣ ਸੋਧ ਕਰਵਾਉਣ ਦੀ ਸਿਫਾਰਸ਼ ਕਿ "Without prejudice to anything contained in the Hindu Marriage Act, 1955" ਦੀ ਥਾਂ "Notwithstanding anything contained in the Hindu Marriage Act" ਸ਼ਬਦਾਂ ਦੀ ਵਰਤੋ' ਕੀਤੀ ਜਾਵੇ, ਵੀ ਨਹੀਂ ਮੰਨੀਆਂ ਗਈਆਂ, ਜਿਨ੍ਹਾਂ ਨੂੰ ਕਰਵਾਉਣ ਦਾ ਭਰੋਸਾ ਇਹਨਾਂ ਸਵਾਰਥੀ ਹਮਾਇਤੀਆਂ ਵਲੋਂ ਦਿੱਤਾ ਗਿਆ ਸੀ। ਭਾਰਤ ਦੀ ਪਾਰਲੀਮੈਂਟ ਵਿਚ ਕੋਈ ਵੀ ਕਾਨੂੰਨ ਪਾਸ ਕਰਵਾਉਣਾ ਜਾਂ ਤਰਮੀਮ ਕਰਵਾਉਣੀ ਕੋਈ ਬੱਚਿਆਂ ਦਾ ਖੇਲ ਨਹੀਂ। ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਸਿੱਖਾਂ ਨੂੰ ਆਪਣਾ ਵਖਰਾ ਸਿੱਖ ਮੈਰਿਜ ਐਕਟ ਬਨਵਾਉਣ ਦਾ ਸੁਨਹਿਰੀ ਮੌਕਾ ਮਿਲਿਆ, ਜਿਸ ਨੂੰ ਬਦਕਿਸਮਤੀ ਨਾਲ ਅਸੀਂ ਗਵਾ ਦਿੱਤਾ। ਭਾਰਤੀ ਕਾਨੂੰਨ ਮੰਤਰੀ ਵਲੋਂ ਇਹ ਕਹਿਣਾ ਬਿਲਕੁਲ ਉਚਿਤ ਸੀ ਕਿ ਸਿੱਖਾਂ ਨੇ ਤਾਂ ਉਹਨਾਂ ਦੀ ਸਰਕਾਰ ਕੋਲੋਂ ਸਵਤੰਤਰ ਸਿੱਖ ਵਿਆਹ ਐਕਟ ਬਨਾਉਣ ਦੀ ਮੰਗ ਹੀ ਨਹੀਂ ਕੀਤੀ ਤਾਂ ਅਸੀਂ ਕਿਸ ਤਰ੍ਹਾਂ ਵਿਚਾਰ ਸਕਦੇ ਹਾਂ। ਸੱਚਾਈ ਸਾਹਮਣੇ ਆਉਣ ਵਿਚ ਦੇਰੀ ਤਾਂ ਹੋ ਸਕਦੀ ਹੈ ਪਰ ਇਕ ਦਿਨ ਸਾਹਮਣੇ ਜਰੂਰ ਆਵੇਗੀ । ਫਿਰ ਇਤਿਹਾਸ ਇਹਨਾਂ ਸੋਧਪੱਖੀ ਸੁਆਰਥੀਆਂ ਨੂੰ ਕਦੇ ਨਹੀਂ ਬਖਸ਼ੇਗਾ।

ਸਤੰਬਰ 2011 ਨੂੰ ਚੀਫ ਖ਼ਾਲਸਾ ਦੀਵਾਨ ਵਿੱਚ ਹੋਏ ਇਕ ਪ੍ਰਭਾਵਸ਼ਾਲੀ ਸੈਮੀਨਾਰ ਤੋ' ਬਾਅਦ ਦਾਸ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਸੀ ਕਿ ਉਹ ਸੰਪੂਰਨ ਸਿੱਖ ਵਿਆਹ ਦਾ ਖਰੜਾ ਤਿਆਰ ਕਰੇ। ਪਰਵਾਰਿਕ ਕਾਨੂੰਨ ਪੜ੍ਹਾਉਣ ਦੇ 26 ਸਾਲ ਦੇ ਤਜ਼ਰਬੇ ਤੇ 1989 ਵਿਚ ਮੇਰੀ ਪੰਜਾਬੀ ਵਿਚ ਪ੍ਰਕਾਸ਼ਤ ਕਿਤਾਬ 'ਹਿੰਦੂ ਵਿਆਹ ਅਤੇ ਤਲਾਕ ਦਾ ਕਾਨੂੰਨ' ਜਿਸ ਤੇ ਅਨੈਕਸਰ ਵਜੋ' ਆਨੰਦ ਮੈਰਿਜ ਐਕਟ ਵੀ ਜੋੜਿਆ ਗਿਆ ਸੀ ਤੇ ਵਾਹਿਗੁਰੂ ਦੀ ਬਖਸ਼ਸ ਸਦਕਾ ਇਹ ਖਰੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ, ਸ. ਸੰਤੋਖ ਸਿੰਘ ਸੇਠੀ, ਆਨਰੇਰੀ ਸਕੱਤਰ, ਵੱਖ-ਵੱਖ ਅਹੁਦੇਦਾਰ, ਖ਼ਾਲਸਾ ਕਾਲਜ ਗਵਰਨਿੰਗ ਕੌ'ਸਲ ਦੇ ਪ੍ਰਧਾਨ ਸ. ਸੱਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਸ. ਰਜਿੰਦਰਮੋਹਨ ਸਿੰਘ ਛੀਨਾ ਅਤੇ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ 15 ਮਈ 2012 ਨੂੰ ਪੇਸ਼ ਕੀਤਾ, ਜਿਸ ਬਾਰੇ 16 ਮਈ ਦੀਆਂ ਅਖਬਾਰਾਂ ਵਿਚ ਉਸ ਸਮੇ' ਬਣੀ ਰਾਇ ਬਾਰੇ ਲਿਖਿਆ ਗਿਆ। ਮੈ' ਖਰੜਾ ਪੇਸ਼ ਕਰਨ ਸਮੇ' ਸਭ ਨੂੰ ਬੇਨਤੀ ਕੀਤੀ ਸੀ ਕਿ ਮੇਰੇ ਵੱਲੋਂ ਤਿਆਰ ਕੀਤਾ ਖਰੜਾ ਅੰਤਿਮ ਨਾ ਸਮਝਿਆ ਜਾਵੇ ਬਲਕਿ ਸਿੱਖ ਵਿਦਵਾਨਾਂ, ਕਾਨੂੰਨਦਾਨਾ, ਧਾਰਮਿਕ ਸ਼ਖਸੀਅਤਾਂ ਤੇ ਬਾਕੀ ਉੱਘੇ ਵਿਦਵਾਨਾਂ ਵੱਲੋਂ ਨੁਕਤਾ-ਬਰ-ਨੁਕਤਾ ਵਿਚਾਰਿਆ ਜਾਵੇ ਅਤੇ ਜੋ ਸਹਿਮਤੀ ਬਣੇ ਉਸ ਤੇ ਅਧਾਰਿਤ ਸੰਪੂਰਨ ਸਿੱਖ ਮੈਰਿਜ ਐਕਟ, ਜਿਸ ਵਿੱਚ ਸਿੱਖਾਂ ਨੂੰ ਹਿੰਦੂ ਮੈਰਿਜ ਐਕਟ ਤੋਂ ਬਾਹਰ ਕੱਢਦੇ ਹੋਏ, ਖਰੜਾ ਤਿਆਰ ਕਰਕੇ ਉਸ ਨੂੰ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ।

ਇੱਥੇ ਇਕ ਗੱਲ ਹੋਰ ਵੀ ਮਹੱਤਵਪੂਰਨ ਹੈ ਕਿ ਸਿੱਖਾਂ ਨੂੰ ਸਿਰਫ ਹਿੰਦੂ ਮੈਰਿਜ਼ ਐਕਟ ਵਿੱਚੋ' ਬਾਹਰ ਨਿਕਲ ਕੇ ਆਪਣਾ ਸੁਤੰਤਰ 'ਸਿੱਖ ਵਿਆਹ ਐਕਟ' ਤੱਕ ਹੀ ਸੀਮਤ ਨਹੀ' ਰਹਿਣਾ, ਬਲਕਿ ਪਰਸਨਲ ਲਾਅ ਅਧੀਨ ਹਿੰਦੂ ਗੋਦ ਲੈਣ ਤੇ ਗੁਜਾਰਾ ਐਕਟ 1956, ਹਿੰਦੂ ਨਾਬਾਲਗੀ ਅਤੇ ਸਰਪ੍ਰਸਤੀ ਐਕਟ 1956 ਅਤੇ ਹਿੰਦੂ ਉਤਰਾਧਿਕਾਰੀ ਐਕਟ 1956 ਜੋ ਸਿੱਖਾਂ ਤੇ ਵੀ ਲਾਗੂ ਹੁੰਦੇ ਹਨ, ਉਹਨਾਂ ਵਿਚੋਂ ਵੀ ਬਾਹਰ ਨਿਕਲ ਕੇ ਆਪਣਾ ਸਵਤੰਤਰ ਕਾਨੂੰਨ ਬਨਾਉਣਾ ਹੈ।

ਆਖਿਰ ਵਿਚ ਸਿੱਖਾਂ ਲਈ ਜੋ ਇਕੋ ਇਕ ਮਹਤੱਵਪੂਰਨ ਪ੍ਰਾਪਤੀ ਹੋਈ ਹੈ ਉਹ ਸਿੱਖਾਂ ਲਈ ਇਕ ਚੰਗਾ ਸੰਕੇਤ ਹੈ। ਇਸ ਨਵੇਂ ਸੋਧ ਬਿਲ ਤੇ' ਬਹਿਸ ਦੌਰਾਨ ਰਾਜ ਸਭਾ ਅਤੇ ਲੋਕ ਸਭਾ ਵਿਚ ਸ. ਸੁਖਦੇਵ ਸਿੰਘ ਢੀਂਡਸਾ, ਸ. ਬਲਵਿੰਦਰ ਸਿੰਘ ਭੂੰਦੜ, ਅਤੇ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਜੋ ਸੰਵਿਧਾਨ ਦੀ ਧਾਰਾ 25 ਵਿਚ ਤਰਮੀਮ ਦੀ ਮੰਗ ਕੀਤੀ ਗਈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਦਾਸ ਨੇ ਵੀ ਆਪਣੇ ਆਰਟੀਕਲ 'ਆਨੰਦ ਮੈਰਿਜ ਐਕਟ ਦਾ ਸੱਚ' ਦੇ ਅਖੀਰ ਵਿਚ ਇਹ ਸਪੱਸ਼ਟ ਕੀਤਾ ਸੀ ਕਿ ਸੰਵਿਧਾਨ ਨੂੰ ਮੁੜ ਘੋਖਣ ਲਈ ਬਣਾਏ ਗਏ ਵੈਂਕਟਚਲਈਆ ਕਮਿਸ਼ਨ ਵੱਲੋਂ ਜਦੋਂ ਇਸ ਧਾਰਾ ਨੂੰ ਹਟਾਉਣ ਦੀ ਤਜਵੀਜ਼ ਕੀਤੀ ਗਈ ਹੈ ਤਾਂ ਇਹ ਦੇਸ਼ ਧਰੋਹੀ ਨਹੀ' ਰਹੀ ਹੈ ਤੇ ਇਸ ਦੀ ਤਰਮੀਮ ਦੀ ਪੁਰਜੋਰ ਮੰਗ ਮੰਨਵਾਉਣਾ ਸਿੱਖਾਂ ਲਈ ਇਕ ਵੱਡੀ ਜਿੱਤ ਹੋਵੇਗੀ।

ਉਪਰੋਕਤ ਸਾਰੇ ਤੱਥਾਂ ਨੂੰ ਮੈਂ ਦੇਸ਼ ਅਤੇ ਵਿਦੇਸ਼ ਵਿਚ ਰਹਿਣ ਵਾਲੇ ਸਿੱਖਾਂ ਦੀ ਕਚਹਿਰੀ ਵਿੱਚ ਇਸ ਸਨਿਮਰ ਬੇਨਤੀ ਨਾਲ ਰੱਖ ਰਿਹਾਂ ਹਾਂ ਕਿ ਉਹ ਕਾਨੂੰਨ ਦੀ ਜਾਣਕਾਰੀ ਰੱਖਣ ਵਾਲੇ ਦੋਸਤਾਂ ਮਿੱਤਰਾਂ ਨਾਲ ਵਿਚਾਰ ਕਰਨ ਤੇ ਫੈਸਲਾ ਕਰਨ ਕਿ ਆਨੰਦ ਮੈਰਿਜ ਐਕਟ, 1909 ਵਿਚ ਨਵੀਂ ਜੋੜੀ ਗਈ ਵਿਆਹ ਦੀ ਰਜਿਸਟਰੇਸ਼ਨ ਵਾਲੀ ਧਾਰਾ 6 ਨਾਲ ਸਿੱਖਾਂ ਨੇ ਕੀ ਖੱਟਿਆ ਤੇ ਕੀ ਗਵਾਇਆ ਹੈ? ਇਹ ਫੈਸਲਾ ਮੈਂ ਤੁਹਾਡੇ 'ਤੇ ਛੱਡ ਰਿਹਾ ਹਾਂ।

ਪ੍ਰੋਫੈਸਰ ਡਾ. ਦਲਜੀਤ ਸਿੰਘ
ਪ੍ਰਿੰਸੀਪਲ, ਖਾਲਸਾ ਕਾਲਜ
ਅੰਮ੍ਰਿਤਸਰ
98145 18877


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top