Share on Facebook

Main News Page

ਦੋ ਬਾਬੇ ਵਿਵਾਦਾਂ ਵਿੱਚ

ਭਾਰਤ ਵਿੱਚ ਆਏ ਦਿਨ ਕੋਈ ਨਾ ਕੋਈ ਨਵਾਂ ਬਾਬਾ ਚਰਚਾ ਵਿੱਚ ਆਉਂਦਾ ਰਹਿੰਦਾ ਹੈ। ਇਹ ਬਾਬਾ ਬੜੀ ਛੇਤੀ ਮਸ਼ਹੂਰ ਹੋ ਜਾਂਦਾ ਹੈ, ਲੱਖਾਂ ਲੋਕ ਉਸ ਦੇ ਪਿੱਛੇ ਲੱਗ ਜਾਂਦੇ ਹਨ ਅਤੇ ਫਿਰ ਪਤਾ ਲੱਗਦਾ ਹੈ ਕਿ ਅਸਲ ਵਿੱਚ ਇਹ ਬਾਬਾ ਵੀ ਬਾਕੀ ਬਾਬਿਆਂ ਵਾਂਗ ਫਰਾਡ ਹੀ ਹੈ। ਪਰੰਤੂ ਉਸ ਸਮੇਂ ਤੱਕ ਇਹ ਬਾਬਾ ਆਪਣਾ ਕੰਮ ਕਰ ਚੁੱਕਿਆ ਹੁੰਦਾ ਹੈ ਅਤੇ ਲੱਖਾਂ ਲੋਕਾਂ ਨੂੰ ਮੂਰਖ ਬਣਾ ਕੇ, ਕਰੋੜਾਂ ਰੁਪਏ ਆਪਣੀ ਜੇਬ ਵਿੱਚ ਪਾ ਕੇ ਸਾਰੀ ਜਿੰਦਗੀ ਐਸ਼ ਕਰਨ ਲਈ ਇੱਕਠੇ ਕਰ ਚੁੱਕਿਆ ਹੁੰਦਾ ਹੈ।

ਅਜੇ ਕੁਝ ਮਹੀਨੇ ਪੁਰਾਣੀ ਗੱਲ ਹੈ, ਜਦੋਂ ਸਾਈਂ ਬਾਬੇ ਦੇ ਮਰਨ ਪਿੱਛੋਂ ਉਸ ਦੇ ਸੌਣ ਵਾਲੇ ਕਮਰੇ ਚੋਂ ਕਰੋੜਾਂ ਰੁਪਏ ਨਗਦ, ਕਈ ਕਿੱਲੋ ਸੋਨਾ, ਚਾਂਦੀ ਅਤੇ ਅਤੇ ਹੋਰ ਪਤਾ ਨਹੀਂ ਕਿੰਨੀ ਕੁ ਜਾਇਦਾਦ ਮਿਲੀ ਸੀ। ਪੁਲਿਸ ਨੂੰ ਇਹ ਪੈਸਾ ਗਿਨਣ ਲਈ ਮਸ਼ੀਨਾਂ ਦਾ ਸਹਾਰਾ ਲੈਣਾ ਪਿਆ ਸੀ। ਹੁਣ ਸਵਾਲ ਇਸ ਗੱਲ ਦਾ ਹੈ ਕਿ ਸਾਰੀ ਦੁਨੀਆ ਨੂੰ ਮਾਇਆ ਤੋਂ ਦੂਰ ਰਹਿਣ ਅਤੇ ਮਾਇਆ ਨਾਲ ਮੋਹ ਨਾ ਰੱਖਣ ਦਾ ਸੰਦੇਸ਼ ਦੇਣ ਵਾਲੇ ਇਸ ਬਾਬੇ ਨੂੰ ਖੁਦ ਪੈਸੇ ਨਾਲ ਇੰਨਾ ਪਿਆਰ ਕਿਉਂ ਸੀ? ਹੋਰ ਵੀ ਹੈਰਾਨੀ ਇਸ ਗੱਲ ਦੀ ਹੈ ਕਿ ਘਟੀਆ ਕਿਸਮ ਦੇ ਜਾਦੂ ਦਿਖਾ ਕੇ ਲੋਕਾਂ ਨੂੰ ਭਰਮਾਉਣ ਵਾਲੇ ਇਸ ਬਾਬੇ ਬਾਰੇ ਇੰਨਾ ਕੁਝ ਸਾਹਮਣੇ ਆਉਣ ਦੇ ਬਾਵਜੂਦ ਵੀ ਕੀ ਇਸ ਦੇ ਸ਼ਰਧਾਲੂ ਫਿਰ ਵੀ ਜਾਗਰੂਕ ਹੋਏ?

ਹੁਣ ਗੱਲ ਕਰਦੇ ਹਾਂ, ਨਿਰਮਲ ਬਾਬੇ ਦੀ। ਪਿਛਲੇ ਕੁਝ ਮਹੀਨਿਆਂ ਤੋਂ ਇਹ ਨਵਾਂ ਬਾਬਾ ਵੀ ਚਰਚਾ ਵਿੱਚ ਹੈ। ਇਹ ਬਾਬਾ ਵੀ ਕਮਾਲ ਦਾ ਹੈ। ਖੱਦਰ ਦਾ ਕੁੜਤਾ-ਪਜਾਮਾ ਪਾ ਕੇ ਸਿੰਘਾਸਨ ਵਰਗੀ ਕੁਰਸੀ 'ਤੇ ਬੈਠ ਕੇ ਉਹ ਲੋਕਾਂ ਦੀ ਹਰ ਇਕ ਦੁੱਖ ਤਕਲੀਫ ਸੁਣਦਾ ਹੈ ਅਤੇ ਫਿਰ ਮਾਮੂਲੀ ਜਿਹਾ ਹੱਥ ਹਿਲਾ ਕੇ, ਕੋਈ ਟੋਟਕਾ ਦੱਸ ਕੇ ਉਨ੍ਹਾਂ ਨੂੰ ਹਰ ਇਕ ਕੰਮ ਠੀਕ ਹੋਣ ਜਾਣ ਦੀ ਤੱਸਲੀ ਦੇ ਦਿੰਦਾ ਹੈ। ਹੈਰਾਨਗੀ ਦੀ ਗੱਲ ਹੈ ਕਿ ਲੋਕਾਂ ਦੀਆਂ ਛੋਟੀਆਂ-ਛੋਟੀਆਂ ਰੋਜ਼ਾਨਾ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਇਸ ਬਾਬੇ ਕੋਲ ਕੋਈ ਨਾ ਕੋਈ ਹੱਲ ਜ਼ਰੂਰ ਹੈ।

ਆਪਣੇ ਸਿੰਘਾਸਨ 'ਤੇ ਬੈਠਾ ਉਹ ਕੋਈ ਧਰਮ ਗੁਰੂ ਨਹੀਂ ਲਗਦਾ, ਬਲਕਿ ਕਿਸੇ ਕੱਪੜੇ ਦੀ ਦੁਕਾਨ ਦਾ ਵਪਾਰੀ ਜ਼ਰੂਰ ਲਗਦਾ ਹੈ। ਇਸ ਬਾਬੇ ਦੇ ਇਸ ਸ਼ੋਅ ਵਿੱਚ ਜਾਣ ਲਈ 2000 ਰੁਪਏ ਦੀ ਟਿਕਟ ਖਰੀਦਣੀ ਪੈਂਦੀ ਹੈ। ਇੰਜ ਜੇਕਰ ਪੰਜ ਹਜ਼ਾਰ ਲੋਕ ਵੀ ਇਕ ਸ਼ੋਅ ਵਿੱਚ ਜਾਂਦੇ ਹਨ ਤਾਂ ਔਸਤਨ ਇਕ ਸ਼ੋਅ ਦਾ ਇਹ ਬਾਬਾ ਇਕ ਕਰੋੜ ਰੁਪਿਆ ਬਣਾ ਰਿਹਾ ਹੈ। ਹੁਣ ਤੱਕ ਉਹ 450 ਕਰੋੜ ਰੁਪਏ ਬਣਾ ਚੁੱਕਾ ਹੈ। ਇਸ ਵਿੱਚ ਸੱਭ ਤੋਂ ਵੱਡਾ ਕਸੂਰ ਟੈਲੀਵੀਜ਼ਨ ਚੈਨਲਾਂ ਦਾ ਹੈ, ਜੋ ਕਰੋੜਾਂ ਰੁਪਏ ਲੈ ਕੇ ਇਸ ਬਾਬੇ ਨੂੰ ਪ੍ਰਮੋਟ ਕਰ ਰਹੇ ਹਨ ਅਤੇ ਨਾ-ਸਮਝ ਲੋਕਾਂ ਦੀ ਹੋ ਰਹੀ ਲੁੱਟ ਵਿੱਚ ਵੱਡਾ ਰੋਲ ਨਿਭਾ ਰਹੇ ਹਨ।

ਦੂਜੇ ਪਾਸੇ ਇਸ ਮਾਮਲੇ ਵਿੱਚ ਫਿਲਮ ਸਟਾਰ ਅਮੀਰ ਖਾਨ ਦੀ ਤਾਰੀਫ ਕਰਨ ਵੀ ਬਣਦੀ ਹੈ, ਜਿਸ ਨੇ ਬੀਤੇ ਐਤਵਾਰ ਨੂੰ ਸਟਾਰ ਟੈਲੀਵੀਜ਼ਨ ਉਪਰ 'ਸੱਤਿਆਮੇਵ ਜਯਤੇ' ਨਾਮਕ ਸ਼ੋਅ ਵਿੱਚ ਗਰਭ ਵਿੱਚ ਹੀ ਧੀਆਂ ਨੂੰ ਮਾਰ ਦੇਣ ਦੇ ਮਾਮਲੇ ਨੂੰ ਇਸ ਕਦਰ ਬਾਖੂਬੀ ਉਭਾਰਿਆ ਕਿ ਇਸ ਦੀ ਗੂੰਜ ਸਾਰੇ ਦੇਸ਼ ਵਿੱਚ ਸੁਣਾਈ ਦਿੱਤੀ। ਹੁਣ ਰਾਜਸਥਾਨ ਦੀ ਸਰਕਾਰ ਸਮੇਤ ਕਈ ਸਰਕਾਰਾਂ ਇਸ ਅਪਰਾਧ ਦੇ ਖਿਲਾਫ ਸਖ਼ਤ ਕਾਨੂੰਨ ਬਣਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀਆਂ ਹਨ। ਇਸ ਦੋ ਥਾਈਂ ਤਾਂ ਸਟਿੰਗ ਆਪ੍ਰੇਸ਼ਨਾਂ ਰਾਹੀਂ ਕੁਝ ਅਜਿਹੇ ਹਸਪਤਾਲਾਂ ਦਾ ਪਰਦਾਫਾਸ਼ ਵੀ ਕੀਤਾ ਗਿਆ ਹੈ। ਇੰਜ ਟੀਵੀ 'ਤੇ ਇਸ ਪ੍ਰੋਗਰਾਮ ਦੀ ਆਈ ਸਿਰਫ਼ ਇਕ ਕਿਸ਼ਤ ਨਾਲ ਹੀ ਪੂਰੇ ਦੇਸ਼ ਵਿੱਚ ਇਸ ਬੁਰਾਈ ਦੇ ਖਿਲਾਫ ਹਨੇਰੀ ਚਲ ਪਈ ਲਗਦੀ ਹੈ।

ਇਹ ਹੈ ਪਾਵਰ ਮੀਡੀਏ ਦੀ। ਇਸ ਨੂੰ ਬੁਰੇ ਕੰਮਾਂ ਲਈ ਵਰਤਣਾ ਹੈ ਜਾਂ ਚੰਗੇ ਕੰਮਾਂ ਲਈ ਇਹ ਫੈਸਲਾ ਲੋਕਾਂ ਨੇ ਖੁਦ ਕਰਨਾ ਹੈ।

ਦੂਜਾ ਬਾਬਾ, ਜਿਹੜਾ ਮੁੜ ਚਰਚਾ ਵਿੱਚ ਆਇਆ ਹੈ, ਉਹ ਰਣਜੀਤ ਸਿੰਘ ਢੱਡਰੀਆਂ ਵਾਲਾ। ਇਸ ਨੌਜਵਾਨ ਬਾਬੇ ਕੋਲ ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਹੈ ਕਿ ਇਸ ਨੇ ਪਿਛਲੇ ਕਈ ਸਾਲਾਂ ਤੋਂ ਦੇਸ਼-ਵਿਦੇਸ਼ ਵਿੱਚ ਲੱਖਾਂ ਲੋਕਾਂ ਨੂੰ ਆਪਣੇ ਪਿੱਛੇ ਲਗਾਇਆ ਹੋਇਆ ਹੈ। ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ ਜਦੋਂ ਇਸ ਦੇ ਪੈਰਾਂ ਨੂੰ ਹੱਥ ਲਗਾਉਂਦੇ ਹਨ ਤਾਂ ਸ਼ਰਮ ਆਉਂਦੀ ਹੈ ਕਿ ਲੋਕ ਸ਼ਰਧਾ ਵਿੱਚ ਇਸ ਕਦਰ ਅੰਨ੍ਹੇ ਵੀ ਹੋ ਸਕਦੇ ਹਨ?

ਬੀਤੇ ਮੰਗਲਵਾਰ ਨੂੰ ਸੁਖਵਿੰਦਰ ਸਿੰਘ ਨਾਮਕ ਇਕ ਨੌਜਵਾਨ, ਜੋ ਕਿ ਕਈ ਸਾਲ ਇਸ ਬਾਬੇ ਨਾਲ ਢੋਲਕ ਵਜਾ ਚੁੱਕਾ ਹੈ, ਨੇ ਜਦੋਂ ਬਾਬੇ ਵੱਲੋਂ ਕੀਤੀ ਕਥਿਤ ਵਧੀਕੀ ਦੀ ਦਾਸਤਾਨ 'ਪਰਵਾਸੀ' ਰੇਡਿਓ 'ਤੇ ਸੁਣਾਈ ਤਾਂ ਲੋਕਾਂ ਦੀ ਹੈਰਾਨਗੀ ਦੀ ਕੋਈ ਹੱਦ ਨਹੀਂ ਸੀ।

ਇਸ ਨੌਜਵਾਨ ਦੇ ਵਕੀਲ ਆਰ ਐਸ ਬੈਂਸ ਹੋਰਾਂ ਦੱਸਿਆ ਕਿ ਅਸਲ ਵਿੱਚ ਬਾਬੇ ਦੇ ਡੇਰੇ ਚੋਂ ਦੋ ਕਰੋੜ ਰੁਪਏ ਚੋਰੀ ਹੋਰ ਗਏ ਸਨ ਅਤੇ ਬਾਬੇ ਨੂੰ ਇਸ ਲੜਕੇ ਸਮੇਤ ਪੰਜ ਬੰਦਿਆਂ 'ਤੇ ਸ਼ੱਕ ਸੀ। ਪਰੰਤੂ ਬਿਨ੍ਹਾਂ ਕਿਸੇ ਸਬੂਤ ਦੇ ਇਸ ਲੜਕੇ ਉਪਰ ਬਾਬੇ ਦੀ ਸ਼ਹਿ 'ਤੇ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਨੇ ਜਿਸ ਕਦਰ ਤਸ਼ਦਦ ਕੀਤਾ, ਉਹ ਰੌਂਗਟੇ ਖੜ੍ਹੇ ਕਰਨ ਵਾਲਾ ਸੀ। ਇਸ ਲੜਕੇ ਨੂੰ ਕਈ ਦਿਨਾਂ ਤੱਕ ਗੈਰ ਕਾਨੂੰਨੀ ਢੰਗ ਨਾਲ ਪੁਲਿਸ ਹਿਰਾਸਤ ਵਿੱਚ ਭੁੱਖਿਆਂ ਰੱਖਿਆ ਗਿਆ, ਕੁਟਾਪਾ ਕੀਤਾ ਗਿਆ, ਇਸ ਅੰਮ੍ਰਿਤਧਾਰੀ ਸਿੰਘ ਦੇ ਕੇਸ ਕਤਲ ਕੀਤੇ ਗਏ, ਮਾਰ-ਮਾਰ ਕੇ ਅੱਧਮੋਇਆ ਕਰ ਦਿੱਤਾ ਗਿਆ ਅਤੇ ਫਿਰ ਬਿਨ੍ਹਾਂ ਕਿਸੇ ਅਪਰਾਧ ਤੋਂ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਇਹ ਤਾਂ ਉਸਦੀ ਕਿਸਮਤ ਚੰਗੀ ਸੀ ਕਿ ਉਸਦੇ ਪਰਿਵਾਰ ਵਾਲਿਆਂ ਨੇ ਆਰ ਐਸ ਬੈਂਸ ਵਰਗੇ ਮਾਨਵੀ ਹੱਕਾਂ ਲਈ ਲੜਣ ਵਾਲੇ ਵਕੀਲ ਰਾਹੀਂ ਹਾਈਕੋਰਟ ਤੱਕ ਪਹੁੰਚ ਕਰਕੇ ਵਾਰੰਟ ਔਸਰ ਰਾਹੀਂ ਇਸ ਲੜਕੇ ਨੂੰ ਲੱਭ ਲਿਆ। ਵਰਨਾ! ਪੁਲਿਸ ਉਸਦਾ ਹੋਰ ਕੀ ਹਸ਼ਰ ਕਰਦੀ?- ਸਮਝਿਆ ਜਾ ਸਕਦਾ ਹੈ।

ਇਸ ਲੜਕੇ ਨੇ ਬਾਬੇ ਅਤੇ ਉਸਦੇ ਡੇਰੇ 'ਤੇ ਹੋਣ ਵਾਲੇ ਗੈਰ ਕਾਨੂੰਨੀ ਕੰਮਾਂ ਦਾ ਜੋ ਵੇਰਵਾ ਦਿੱਤਾ, ਉਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਬਾਬਾ ਵੀ ਬਾਕੀ ਬਾਬਿਆਂ ਨਾਲੋਂ ਕਿਸੇ ਪਾਸਿਓਂ ਵੀ ਘੱਟ ਨਹੀਂ ਹੈ।

ਸਵਾਲ ਇਹ ਹੈ ਕਿ ਜਿਹੜਾ ਦੋ ਕਰੋੜ ਰੁਪਿਆ ਬਾਬੇ ਦਾ ਚੋਰੀ ਹੋਇਆ ਸੀ, ਉਹ ਆਇਆ ਕਿੱਥੋਂ? ਕੀ ਬਾਬੇ ਨੇ ਉਸਦਾ ਹਿਸਾਬ ਕਿਤਾਬ ਇਨਕਮ ਟੈਕਸ ਵਿਭਾਗ ਨੂੰ ਦਿੱਤਾ ਸੀ। ਬਾਬੇ ਲੋਕ ਕਿੰਨੀਆਂ ਕੋਠੀਆਂ ਹਨ, ਕਿੰਨੀਆਂ ਕਾਰਾਂ ਹਨ, ਕਿੰਨੀ ਜਾਇਦਾਦ ਹੈ, ਕੀ ਬਾਬਾ ਇਸ ਦੀ ਰਿਪੋਰਟ ਆਮਦਨ ਕਰ ਵਿਭਾਗ ਨੂੰ ਹਰ ਸਾਲ ਕਰਦਾ ਹੈ? ਲੋਕਾਂ ਦੀ ਮਿਹਨਤ ਦੀ ਕਮਾਈ 'ਤੇ ਇਹ ਬਾਬੇ ਐਸ਼ ਕਰਦੇ ਹਨ, ਜਦਕਿ ਇਨ੍ਹਾਂ ਲੋਕਾਂ ਦੇ ਆਪਣੇ ਬੱਚੇ ਭੁੱਖੇ ਰਹਿੰਦੇ ਹਨ।

ਸਵਾਲ ਇਹ ਹੈ ਕਿ ਕਸੂਰ ਕਿਸਦਾ ਹੈ? ਇਨ੍ਹਾਂ ਬਾਬਿਆਂ ਦਾ ਜਾਂ ਫਿਰ ਖੁਦ ਲੋਕਾਂ ਦਾ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top